ਮੌਤ ਦੇ ਸਦਮੇ ਨਾਲ ਜੂਝ ਰਹੇ ਸੈਂਕੜੇ ਪਰਿਵਾਰਾਂ ਦੇ ਬਣੇ ਮਦਦਗਾਰ
ਚੰਡੀਗੜ੍ਹ : ਸਮਾਜ ਵਿਚ ਕੁੱਝ ਲੋਕ ਅਜਿਹੇ ਵੀ ਹਨ ਜੋ ਬਗ਼ੈਰ ਕਿਸੇ ਲੋਭ ਜਾਂ ਲਾਲਚ ਤੋਂ ਦੂਜਿਆਂ ਦੇ ਕੰਮ ਆਉਂਦੇ ਹਨ ਅਤੇ ਅਜਿਹੇ ਇਨਸਾਨਾਂ ਕਾਰਨ ਹੀ ਸਮਾਜ ਵਿਚ ਅਜੇ ਤਕ ਇਨਸਾਨੀਅਤ ਜ਼ਿੰਦਾ ਹੈ। ਅਜਿਹੇ ਹੀ ਇਕ ਸ਼ਖ਼ਸ ਹਨ ਫ਼ਰਾਂਸ ’ਚ ਰਹਿ ਰਹੇ ਭਾਰਤੀ ਮੂਲ ਦੇ ਪ੍ਰਸਿੱਧ ਸਮਾਜਸੇਵੀ ਇਕਬਾਲ ਸਿੰਘ ਭੱਟੀ, ਜੋ ਕਿ ਅਪਣੀ ਮਨੁੱਖਤਾ-ਪ੍ਰੇਰਿਤ ਸੇਵਾ ਕਾਰਜਾਂ ਲਈ ਵਿਸ਼ਵ ਪੱਧਰ ’ਤੇ ਜਾਣੇ ਜਾਂਦੇ ਹਨ।
ਇਕਬਾਲ ਸਿੰਘ ਭੱਟੀ ਨੇ ਅਪਣੀ ਸੰਸਥਾ ‘ਅਰੋਰੇ ਡਾਅਨ’ ਰਾਹੀਂ ਫ਼ਰਾਂਸ ’ਚ ਮਰਨ ਵਾਲੇ ਸੈਂਕੜੇ ਭਾਰਤੀ ਮੂਲ ਦੇ ਲੋਕਾਂ ਦੀਆਂ ਲਾਸ਼ਾਂ ਅਤੇ ਅਸਥੀਆਂ ਨੂੰ ਉਨ੍ਹਾਂ ਦੇ ਪ੍ਰਵਾਰਾਂ ਤਕ ਭਾਰਤ ਭੇਜਣ ਵਿਚ ਮਦਦ ਕੀਤੀ ਹੈ। ਜਿਥੇ ਪ੍ਰਵਾਰ ਖ਼ਰਚਾ ਨਹੀਂ ਝੱਲ ਸਕਦੇ ਜਾਂ ਪਛਾਣ ਨਹੀਂ ਹੋ ਸਕਦੀ, ਉਥੇ ਉਹ ਫ਼ਰਾਂਸ ’ਚ ਹੀ ਅੰਤਮ ਸਸਕਾਰ ਕਰਵਾਉਂਦੇ ਹਨ। 70 ਸਾਲ ਦੇ ਇਕਬਾਲ ਸਿੰਘ 40 ਸਾਲਾਂ ਤੋਂ ਫ਼ਰਾਂਸ ’ਚ ਰਹਿ ਰਹੇ ਹਨ ਅਤੇ ਹੁਣ ਤਕ ਉਹ 453 ਲੋਕਾਂ ਦੀਆਂ ਲਾਸ਼ਾਂ ਅਤੇ ਅਸਥੀਆਂ ਉਨ੍ਹਾਂ ਦੇ ਪ੍ਰਵਾਰਾਂ ਤਕ ਪਹੁੰਚਾ ਚੁਕੇ ਹਨ। ਇਸ ਵੇਲੇ ਉਹ ਸੱਤ ਅਸਥੀਆਂ ਲੈ ਕੇ ਫ਼ਰਾਂਸ ਤੋਂ ਭਾਰਤ ਆਏ ਹੋਏ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਇਕ ਪ੍ਰਵਾਰ ਨੂੰ ਅਸਥੀਆਂ ਦਿੱਲੀ ਹਵਾਈ ਅੱਡੇ ’ਤੇ ਹੀ ਸੌਂਪ ਦਿਤੀਆਂ ਅਤੇ ਬਾਕੀ ਛੇ ਪੰਜਾਬ ’ਚ ਉਨ੍ਹਾਂ ਦੇ ਪ੍ਰਵਾਰਕ ਜੀਆਂ ਨੂੰ ਸੌਂਪ ਦੇਣਗੇ।
ਇਕਬਾਲ ਸਿੰਘ ਦਸਦੇ ਹਨ ਕਿ ਇਹ ਸੇਵਾ ਉਹ ਮਨੁੱਖਤਾ ਦੇ ਨਾਤੇ ਕਰਦੇ ਹਨ। ਜਿਹੜੇ ਪ੍ਰਵਾਰ ਅਪਣੇ ਪਿਆਰੇ ਦੀ ਮੌਤ ਤੋਂ ਬਾਅਦ ਵਿਦੇਸ਼ ਤੋਂ ਲਾਸ਼ ਭਾਰਤ ਅੰਦਰ ਲਿਆਉਣ ’ਚ ਅਸਮਰੱਥ ਹੁੰਦੇ ਹਨ, ਉਨ੍ਹਾਂ ਲਈ ਉਹ ਸਹਾਰਾ ਬਣਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮੇਰਾ ਫ਼ਰਜ਼ ਹੈ ਕਿ ਮਰਨ ਵਾਲੇ ਨੂੰ ਅਪਣੇ ਦੇਸ਼ ਦੀ ਮਿੱਟੀ ਮਿਲੇ। ਇਸ ਸਵਾਲ ’ਤੇ ਕਿ ਕੀ ਉਨ੍ਹਾਂ ਨੂੰ ਅਸਥੀਆਂ ਨਾਲ ਸਫ਼ਰ ਕਰਨ ’ਚ ਡਰ ਤਾਂ ਨਹੀਂ ਲਗਦਾ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ-ਪਹਿਲ ਲਗਦਾ ਸੀ, ਪਰ ਹੁਣ ਇਹ ਮੇਰੀ ਆਦਤ ’ਚ ਸ਼ੁਮਾਰ ਹੋ ਗਿਆ ਹੈ। ਫ਼ਰਾਂਸ ’ਚ ਰਹਿੰਦੇ ਪੰਜਾਬੀ ਭਾਈਚਾਰੇ ਨੇ ਇਕਬਾਲ ਸਿੰਘ ਦੀ ਇਸ ਸੇਵਾ ਨੂੰ ਬਹੁਤ ਸਿਰਾਹਿਆ ਹੈ। ਕਈ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀ ਇਹ ਸੇਵਾ ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ, ਸੇਵਾ, ਦਇਆ ਅਤੇ ਮਨੁੱਖਤਾ, ਨੂੰ ਜੀਵਤ ਕਰਦੀ ਹੈ।
ਇਕਬਾਲ ਸਿੰਘ ਦੀ ਸੇਵਾ ਸਿਰਫ਼ ਪੰਜਾਬੀਆਂ ਲਈ ਹੀ ਨਹੀਂ, ਸਗੋਂ ਸਮੂਹ ਭਾਰਤੀ ਭਾਈਚਾਰੇ ਲਈ ਰਹੀ ਹੈ। ਉਹ ਦਸਦੇ ਹਨ ਕਿ ਇਸ ਕੰਮ ਉਹ ਸਫ਼ਾਰਤਖ਼ਾਨੇ ਅਤੇ ਫ਼ਰਾਂਸ ਦੇ ਗੁਰਦਵਾਰਿਆਂ ਦੀ ਮਦਦ ਨਾਲ ਕਰਦੇ ਹਨ। ਪਰ ਕਈ ਵਾਰ ਉਨ੍ਹਾਂ ਨੇ ਕਈ ਵਾਰ ਅਪਣੇ ਖ਼ਰਚੇ ’ਤੇ ਵੀ ਇਹ ਕੰਮ ਕੀਤਾ ਹੈ। ਉਹ ਕਹਿੰਦੇ ਹਨ ਕਿ ਇਹ ਕੰਮ ਦੁਖਦਾਈ ਤਾਂ ਹੈ ਪਰ ਰਿਸ਼ਤਿਆਂ ਦੀ ਨਾਜ਼ੁਕ ਡੋਰ ਮੌਤ ਤੋਂ ਬਾਅਦ ਵੀ ਜੋੜੀ ਰੱਖਣ ਲਈ, ਜ਼ਰੂਰੀ ਹੈ। ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਵਿਦੇਸ਼ਾਂ ’ਚ ਰਹਿੰਦੇ ਪੰਜਾਬੀ ਅਪਣੇ ਧਰਮ ਅਤੇ ਸਸਕਾਰਾਂ ਨਾਲ ਕਿੰਨੇ ਜੁੜੇ ਹੋਏ ਹਨ। ਇਕਬਾਲ ਸਿੰਘ ਵਰਗੇ ਲੋਕ ਮਨੁੱਖਤਾ ਦੀ ਸੱਚੀ ਤਸਵੀਰ ਹਨ।
