ਖ਼ਬਰਾਂ |

ਤਾਜ਼ਾ |

ਪੰਜਾਬ ਵਿੱਚ ਵਿਸ਼ਵ ਪੱਧਰੀ ਸੜਕਾਂ ਦਾ ਮਜ਼ਬੂਤ ਨੈੱਟਵਰਕ ਕਾਇਮ ਕਰ ਰਹੀ ਹੈ ਆਪ ਸਰਕਾਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
Published : Mar 22, 2026, 9:20 pm IST
Updated : Mar 22, 2026, 9:20 pm IST
SHARE ARTICLE
AAP government is establishing a strong network of world-class roads in Punjab: Chief Minister Bhagwant Singh Mann
AAP government is establishing a strong network of world-class roads in Punjab: Chief Minister Bhagwant Singh Mann

CM ਭਗਵੰਤ ਸਿੰਘ ਮਾਨ ਨੇ 300 ਕਿਲੋਮੀਟਰ ਨਵੀਆਂ ਸੜਕਾਂ ਦਾ ਨੀਂਹ ਪੱਥਰ ਰੱਖਿਆ

ਫਾਜ਼ਿਲਕਾ: ਪੰਜਾਬ ਭਰ ਵਿੱਚ ਵਿਸ਼ਵ ਪੱਧਰੀ ਸੜਕਾਂ ਦਾ ਵਿਸ਼ਾਲ ਨੈੱਟਵਰਕ ਕਾਇਮ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਤੇਜ਼ੀ ਲਿਆਂਦੀ ਹੈ, ਜਿਸ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿੱਚ 300 ਕਿਲੋਮੀਟਰ ਨਵੀਆਂ ਸੜਕਾਂ ਦਾ ਨੀਂਹ ਪੱਥਰ ਰੱਖਿਆ ਅਤੇ 350 ਕਿਲੋਮੀਟਰ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰੀ ਦੀ ਆੜ ਵਿੱਚ ਬਣਦੀਆਂ ਘਟੀਆ-ਮਿਆਰ ਵਾਲੀਆਂ ਸੜਕਾਂ ਦੇ ਨਿਰਮਾਣ ਦਾ ਯੁੱਗ ਹੁਣ ਖਤਮ ਹੋ ਚੁੱਕਾ ਹੈ।

ਅੱਜ ਦੇ ਸੜਕੀ ਪ੍ਰਾਜੈਕਟ ਨੂੰ ਪੰਜਾਬ ਭਰ ਵਿੱਚ ਬਣਾਏ ਜਾ ਰਹੇ 43,000 ਕਿਲੋਮੀਟਰ ਦੇ ਵਿਸ਼ਾਲ ਸੜਕੀ ਨੈੱਟਵਰਕ ਦਾ ਹਿੱਸਾ ਦੱਸਿਦਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਸਖ਼ਤ ਜਵਾਬਦੇਹੀ ਨਾਲ ਸੜਕਾਂ ਚੰਗੀਆਂ ਬਣਨਗੀਆਂ, ਜ਼ਮੀਨਦੋਜ਼ ਤਾਰਾਂ ਰਾਹੀਂ ਬਿਜਲੀ ਦੇ ਖੰਭੇ ਹਟਾਉਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ  ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਵੋਟਰ ਮੁੜ ਫਤਵਾ ਦੇ ਕੇ ਸਰਕਾਰ ਨੂੰ ਵਾਪਸ ਲਿਆਉਣਗੇ।

ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪਿਛਲੇ ਚਾਰ ਸਾਲਾਂ ਵਿੱਚ ਸੂਬਾ ਸਰਕਾਰ ਨੇ ਰਵਾਇਤੀ ਪਾਰਟੀਆਂ ਦੇ 70 ਸਾਲਾਂ ਦੇ ਕਾਰਜਕਾਲ ਨਾਲੋਂ ਵੱਧ ਕੰਮ ਕੀਤਾ ਹੈ। ਸੂਬਾ ਸਰਕਾਰ ਤੇਜ਼ ਗਤੀ ਨਾਲ ਅੱਗੇ ਵਧ ਰਹੀ ਹੈ ਅਤੇ ਸਾਲ 2027 ਵਿੱਚ ਸੂਬਾ ਇਸ ਵਿਕਾਸ ਨੂੰ ਅਗਲੇ ਪੱਧਰ 'ਤੇ ਲੈ ਜਾਵੇਗਾ। ਇਹ ਵਿਕਾਸ ਆਮ ਆਦਮੀ ਦੀ ਭਲਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਕਈ ਲੋਕ-ਪੱਖੀ ਨੀਤੀਆਂ ਨਾਲ ਜੁੜਿਆ ਹੋਇਆ ਹੈ।”
ਉਨ੍ਹਾਂ ਅੱਗੇ ਕਿਹਾ, “ਇਹ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਆਮ ਲੋਕਾਂ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਸਾਲ 2027 ਵਿੱਚ ਦੁਬਾਰਾ ਸਰਕਾਰ ਬਣਾਏਗੀ। ਸੂਬਾ ਸਰਕਾਰ ਦੀਆਂ ਲੋਕ-ਪੱਖੀ ਅਤੇ ਵਿਕਾਸ-ਮੁਖੀ ਨੀਤੀਆਂ ਕਾਰਨ ਅਸੀਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ 100 ਤੋਂ ਵੱਧ ਸੀਟਾਂ ਜਿੱਤਾਂਗੇ। ਲੋਕਾਂ ਦੁਆਰਾ ਦਿਖਾਇਆ ਗਿਆ ਭਾਰੀ ਸਮਰਥਨ ਇਸ ਤੱਥ ਦਾ ਪ੍ਰਮਾਣ ਹੈ ਕਿ ਲੋਕ ਰਵਾਇਤੀ ਪਾਰਟੀਆਂ ਨੂੰ ਮੁੜ ਸਬਕ ਸਿਖਾਉਣ ਦੀ ਉਡੀਕ ਕਰ ਰਹੇ ਹਨ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਆਪ ਸਰਕਾਰ ਲੋਕਾਂ ਦੀ ਭਲਾਈ ਲਈ ਅਣਥੱਕ ਮਿਹਨਤ ਕਰ ਰਹੀ ਹੈ ਜਦੋਂ ਕਿ ਵਿਰੋਧੀ ਧਿਰ ਸੱਤਾ ਵਿੱਚ ਹੁੰਦੀ ਹੋਈ ਕਾਰੋਬਾਰ ਵਿੱਚੋਂ ਹਿੱਸਾ ਮੰਗਦੀ ਰਹੀ ਹੈ।”

ਉਨ੍ਹਾਂ ਅੱਗੇ ਕਿਹਾ, “ਇਹ ਆਗੂ ਨਸ਼ਿਆਂ ਅਤੇ ਅਪਰਾਧੀਆਂ ਦੀ ਸਰਪ੍ਰਸਤੀ ਕਰਕੇ ਸੂਬੇ ਨੂੰ ਬਰਬਾਦ ਕਰਨਾ ਚਾਹੁੰਦੇ ਹਨ ਜਿਸ ਕਾਰਨ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕੀਤਾ ਸੀ। ਹੁਣ ਇਹ ਸਾਰੀਆਂ ਪੰਜਾਬ ਵਿਰੋਧੀ ਤਾਕਤਾਂ ਪੰਜਾਬ ਨੂੰ ਬਰਬਾਦ ਕਰਨ ਲਈ ਹੱਥ ਮਿਲਾ ਚੁੱਕੀਆਂ ਹਨ ਅਤੇ ਸਮਾਂ ਆ ਗਿਆ ਹੈ ਜਦੋਂ ਪੰਜਾਬੀਆਂ ਨੂੰ ਵੀ ਹੱਥ ਮਿਲਾ ਕੇ ਉਨ੍ਹਾਂ ਨੂੰ ਬਾਹਰ ਦਾ ਰਾਹ ਦਿਖਾਉਣਾ ਚਾਹੀਦਾ ਹੈ।”

ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ, “ਅਕਾਲੀ ਦਲ ਦੇ ਇਸ ਡਰਾਮੇ ਦਾ ਅਸਲੀ ਨਾਮ 'ਪਰਿਵਾਰ ਬਚਾਓ ਯਾਤਰਾ' ਹੈ। 15 ਸਾਲ ਸੂਬੇ ਨੂੰ ਲੁੱਟਣ ਤੋਂ ਬਾਅਦ ਇਹ ਕਿਸ ਤੋਂ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ? ਅਕਾਲੀਆਂ ਨੇ ਸੂਬੇ ਨੂੰ ਬੇਰਹਿਮੀ ਨਾਲ ਲੁੱਟਿਆ ਹੈ, ਪੰਜਾਬੀਆਂ ਦੇ ਹਿਰਦਿਆਂ ਨੂੰ ਵਲੂੰਧਰਿਆ ਅਤੇ ਮਾਫੀਏ ਨੂੰ ਸਰਪ੍ਰਸਤੀ ਦਿੱਤੀ ਹੈ।” ਉਨ੍ਹਾਂ ਅੱਗੇ ਕਿਹਾ, “ਲੋਕ ਅਕਾਲੀਆਂ ਅਤੇ ਬਾਦਲ ਪਰਿਵਾਰ ਦੇ ਸ਼ੱਕੀ ਕਿਰਾਦਰ ਤੋਂ ਚੰਗੀ ਤਰ੍ਹਾਂ ਜਾਣੂ ਹਨ ਜਿਸ ਕਾਰਨ ਉਨ੍ਹਾਂ ਦੀਆਂ ਨੌਟੰਕੀਆਂ ਹੁਣ ਨਹੀਂ ਚੱਲਣਗੀਆਂ।”

ਮੁੱਖ ਮੰਤਰੀ ਨੇ ਅੱਗੇ ਕਿਹਾ, “ਇਨ੍ਹਾਂ ਆਗੂਆਂ ਨੇ ਸੂਬੇ ਵਿੱਚ ਗੈਂਗਸਟਰਾਂ ਨੂੰ ਸਰਪ੍ਰਸਤੀ ਦਿੱਤੀ ਅਤੇ ਨਸ਼ਾ ਤਸਕਰਾਂ ਨੂੰ ਦੀ ਪੁਸ਼ਤਪਨਾਹੀ ਕਰਕੇ ਨੌਜਵਾਨਾਂ ਦੀਆਂ ਨਸਾਂ ਵਿੱਚ ਨਸ਼ਾ ਭਰਿਆ। ਅਕਾਲੀ ਦਲ ਨੇ ਹਮੇਸ਼ਾ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਧਰਮ ਦੀ ਦੁਰਵਰਤੋਂ ਕੀਤੀ ਹੈ ਪਰ ਇਸ ਵਾਰ ਲੋਕ ਇਨ੍ਹਾਂ ਦੇ ਝਾਂਸੇ ਨਹੀਂ ਆਉਣਗੇ। ਅਕਾਲੀ ਲੀਡਰਸ਼ਿਪ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਹਵਾਈ ਮਹਿਲ ਉਸਾਰ ਰਹੀ ਹੈ, ਪਰ ਪੰਜਾਬੀ ਇਸ ’ਤੇ ਵਿਸ਼ਵਾਸ ਨਹੀਂ ਕਰਨਗੇ।” 

ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਕਾਂਗਰਸੀ ਆਗੂ ਸੂਬੇ ਵਿੱਚ ਸੱਤਾ ਸੰਭਾਲਣ ਦੇ ਸੁਪਨੇ ਦੇਖ ਰਹੇ ਹਨ। ਕਾਂਗਰਸ ਪਾਰਟੀ ਆਪਸੀ ਕਾਟੋ-ਕਲੇਸ਼ ਕਾਰਨ ਮੂਧੇ ਮੂੰਹ ਡਿੱਗੇਗੀ। ਇਹ ਦੁੱਖ ਦੀ ਗੱਲ ਹੈ ਕਿ ਕਾਂਗਰਸ ਦੇ ਚੋਟੀ ਦੇ ਆਗੂ ਸੱਤਾ ਲਈ ਲੜ ਰਹੇ ਹਨ ਅਤੇ ਸੂਬੇ ਲਈ ਉਨ੍ਹਾਂ ਕੋਲ ਕੋਈ ਏਜੰਡਾ ਨਹੀਂ। ਉਨ੍ਹਾਂ ਦਾ ਇੱਕੋ ਇੱਕ ਉਦੇਸ਼ ਸੱਤਾ ਸੰਭਾਲ ਕੇ ਪੰਜਾਬ ਦੇ ਸਰਮਾਏ ਨੂੰ ਲੁੱਟਣਾ ਹੈ, ਪਰ ਉਨ੍ਹਾਂ ਦੇ ਸੁਪਨੇ ਕਦੇ ਵੀ ਪੂਰੇ ਨਹੀਂ ਹੋਣਗੇ।" ਉਨ੍ਹਾਂ ਅੱਗੇ ਕਿਹਾ, "ਪਹਿਲਾਂ ਇਹ ਰਵਾਇਤੀ ਪਾਰਟੀਆਂ ਸੱਤਾ ਹਾਸਲ ਕਰਨ ਲਈ ਆਪਣੀ ਵਾਰੀ ਦੀ ਉਡੀਕ ਕਰਦੀਆਂ ਸਨ ਪਰ ਹੁਣ ਇਨ੍ਹਾਂ ਪਾਰਟੀਆਂ ਦੁਆਰਾ ਪੈਦਾ ਕੀਤੀ ਗਈ ਗੰਦਗੀ ਨੂੰ ਸਾਫ਼ ਕਰਨ ਲਈ ਝਾੜੂ ਮੌਜੂਦ ਹੈ।"

ਇੱਕ ਵੱਡੀ ਭਲਾਈ ਯੋਜਨਾ ਦਾ ਐਲਾਨ ਕਰਦਿਆਂ, ਉਨ੍ਹਾਂ ਕਿਹਾ, “ਪੰਜਾਬ ਸਰਕਾਰ ਨੇ ਮਾਵਾਂ-ਧੀਆਂ ਸਤਿਕਾਰ ਯੋਜਨਾ ਸ਼ੁਰੂ ਕੀਤੀ ਹੈ ਜਿਸ ਤਹਿਤ ਹਰ ਔਰਤ ਨੂੰ ਪ੍ਰਤੀ ਮਹੀਨਾ 1,000 ਰੁਪਏ ਅਤੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਔਰਤਾਂ ਨੂੰ ਪ੍ਰਤੀ ਮਹੀਨਾ 1,500 ਰੁਪਏ ਮਿਲਣਗੇ ਅਤੇ ਇਹ ਪੈਸੇ ਸਿੱਧੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਜਾਣਗੇ ਅਤੇ ਪਹਿਲਾਂ ਹੀ ਸਮਾਜਿਕ ਸੁਰੱਖਿਆ ਪੈਨਸ਼ਨ ਪ੍ਰਾਪਤ ਕਰ ਰਹੀਆਂ ਔਰਤਾਂ ਵੀ ਯੋਗ ਹੋਣਗੀਆਂ। ਪੰਜਾਬ ਵਿੱਚ ਲਗਭਗ 97 ਫੀਸਦੀ ਔਰਤਾਂ ਨੂੰ ਲਾਭ ਹੋਣ ਦੀ ਉਮੀਦ ਹੈ ਅਤੇ ਸੂਬਾ ਸਰਕਾਰ ਨੇ ਬਜਟ ਵਿੱਚ 9,300 ਕਰੋੜ ਅਲਾਟ ਕੀਤੇ ਹਨ। ਇਸ ਦੀ ਰਜਿਸਟ੍ਰੇਸ਼ਨ 13 ਅਪ੍ਰੈਲ ਤੋਂ ਸ਼ੁਰੂ ਹੋਵੇਗੀ।”

ਇਸ ਯੋਜਨਾ ਦੀ ਆਲੋਚਨਾ ਦਾ ਜਵਾਬ ਦਿੰਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਜੋ ਲੋਕ ਇਸ ਯੋਜਨਾ ਦੀ ਸ਼ੁਰੂਆਤ ਨੂੰ ਲੈ ਕੇ ਸੂਬਾ ਸਰਕਾਰ ਦਾ ਮਜ਼ਾਕ ਉਡਾ ਰਹੇ ਹਨ ਜਾਂ ਬੇਬੁਨਿਆਦ ਸਵਾਲ ਉਠਾ ਰਹੇ ਹਨ, ਉਹ ਆਮ ਵਿਅਕਤੀ ਲਈ 1,000 ਰੁਪਏ ਦੀ ਕੀਮਤ ਨਹੀਂ ਜਾਣਦੇ। ਇਹ ਲੋਕ ਜੋ ਗੈਰ-ਕਾਨੂੰਨੀ ਢੰਗ ਨਾਲ ਕਮਾਏ ਪੈਸੇ ਨਾਲ ਇਕ ਵੇਲੇ ਦੇ ਭੋਜਨ ’ਤੇ 5,000 ਰੁਪਏ ਤੋਂ ਵੱਧ ਖਰਚ ਕਰਦੇ ਹਨ, ਉਹ ਇਸ ਯੋਜਨਾ ਦੀ ਕਦਰ ਨਹੀਂ ਕਰਦੇ ਪਰ ਇਹ ਉਨ੍ਹਾਂ ਲੋਕਾਂ ਲਈ ਵੱਡੀ ਵਿੱਤੀ ਸਹਾਇਤਾ ਹੈ ਜਿਨ੍ਹਾਂ ਨੂੰ ਤਿਉਹਾਰਾਂ 'ਤੇ ਵੀ ਦਿਹਾੜੀਆਂ ਕਰਨੀਆਂ ਪੈਂਦੀਆਂ ਹਨ। ਇਨ੍ਹਾਂ ਅਮੀਰ ਨੇਤਾਵਾਂ ਦੀਆਂ ਪਤਨੀਆਂ ਨੂੰ 1,000 ਰੁਪਏ ਦੀ ਲੋੜ ਨਹੀਂ ਹੈ ਕਿਉਂਕਿ ਉਹ ਮੇਕਅੱਪ 'ਤੇ ਵੱਧ ਖਰਚ ਕਰਦੀਆਂ ਹਨ।"

ਬੁਨਿਆਦੀ ਢਾਂਚੇ ਬਾਰੇ ਉਨ੍ਹਾਂ ਕਿਹਾ, “ਆਪ ਸਰਕਾਰ ਨੇ ਸੂਬੇ ਭਰ ਵਿੱਚ ਸੰਪਰਕ ਸੜਕਾਂ ਦੀ ਮੁਰੰਮਤ ਲਈ ਇੱਕ ਵੱਡਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਸੂਬੇ ਵਿੱਚ ਕੁੱਲ 43000 ਕਿਲੋਮੀਟਰ ਸੰਪਰਕ ਸੜਕਾਂ ਹਨ ਅਤੇ ਸੂਬਾ ਸਰਕਾਰ ਨੇ ਇਨ੍ਹਾਂ ਦੀ ਮੁਰੰਮਤ ਅਤੇ ਅਪਗ੍ਰੇਡੇਸ਼ਨ ਲਈ ਪ੍ਰਾਜੈਕਟ ਸ਼ੁਰੂ ਕੀਤਾ ਹੈ। ਇਨ੍ਹਾਂ ਸੜਕਾਂ ਦੀ ਮੁਰੰਮਤ ਦੇ ਨਾਲ-ਨਾਲ ਅਗਲੇ ਪੰਜ ਸਾਲਾਂ ਲਈ ਇਨ੍ਹਾਂ ਦਾ ਰੱਖ-ਰਖਾਵ ਵੀ ਕੀਤਾ ਜਾਵੇਗਾ।”

ਖੇਤਰੀ ਵਿਕਾਸ ਬਾਰੇ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਬਹੁਤ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਇਹ ਵਿਕਾਸ ਮਿਲਣੀ ਇੱਕ ਵਿਸ਼ਾਲ ਰੈਲੀ ਵਿੱਚ ਬਦਲ ਗਈ ਹੈ। ਪੰਜਾਬ ਨੇ ਪਿਛਲੇ ਚਾਰ ਸਾਲਾਂ ਵਿੱਚ ਵੱਡਾ ਬਦਲਾਅ ਦੇਖਿਆ ਹੈ ਕਿਉਂਕਿ ਨਹਿਰੀ ਪਾਣੀ ਹੁਣ ਉਨ੍ਹਾਂ ਖੇਤਰਾਂ ਵਿੱਚ ਪਹੁੰਚ ਗਿਆ ਹੈ ਜਿੱਥੇ ਪਿਛਲੇ 50-60 ਸਾਲਾਂ ਤੋਂ ਨਹੀਂ ਸੀ ਪਹੁੰਚ ਰਿਹਾ।” ਉਨ੍ਹਾਂ ਅੱਗੇ ਕਿਹਾ, “ਇਹ ਇੱਕ ਸਰਹੱਦੀ ਖੇਤਰ ਹੈ ਜਿੱਥੇ ਡਾਕਟਰ ਜਾਂ ਅਧਿਆਪਕ ਡਿਊਟੀ ਕਰਨ ਤੋਂ ਝਿਜਕਦੇ ਹਨ, ਜਿਸ ਕਾਰਨ ਸੂਬਾ ਸਰਕਾਰ ਨੇ ਉਨ੍ਹਾਂ ਲਈ ਸਰਹੱਦੀ ਖੇਤਰਾਂ ਵਿੱਚ ਘੱਟੋ-ਘੱਟ ਦੋ ਸਾਲ ਸੇਵਾ ਨਿਭਾਉਣਾ ਲਾਜ਼ਮੀ ਕਰ ਦਿੱਤਾ ਹੈ।”
ਉਨ੍ਹਾਂ ਅੱਗੇ ਕਿਹਾ, “ਇਨ੍ਹਾਂ ਅਧਿਆਪਕਾਂ ਅਤੇ ਡਾਕਟਰਾਂ ਨੂੰ ਇਸ ਸੇਵਾ ਬਦਲੇ ਤਰੱਕੀਆਂ ਲੈਣ ਦੌਰਾਨ ਵਾਧੂ ਭੱਤਾ ਅਤੇ ਵਾਧੂ ਅੰਕ ਮਿਲਣਗੇ। ਇਸ ਖੇਤਰ ਦੇ ਬੱਚੇ ਬਹੁਤ ਪ੍ਰਤਿਭਾਸ਼ਾਲੀ ਹਨ।” ਇੱਕ ਕਿੱਸਾ ਸਾਂਝਾ ਕਰਦਿਆਂ ਉਨ੍ਹਾਂ ਦੱਸਿਆ , “ਸਾਲ 2008-09 ਵਿੱਚ, ਮੈਂ ਦੋਨਾ ਨਾਨਕਾ ਪਿੰਡ ਗਿਆ ਜਿੱਥੇ ਇੱਕ ਕੁੜੀ ਨੇ 5ਵੀਂ ਜਮਾਤ ਵਿੱਚ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਉਸਦਾ ਪਰਿਵਾਰ ਅਗਲੇਰੀ ਪੜ੍ਹਾਈ ਦਾ ਖਰਚਾ ਨਹੀਂ ਚੁੱਕ ਸਕਦਾ ਸੀ, ਇਸ ਲਈ ਮੈਂ ਖਰਚਾ ਚੁੱਕਣ ਦਾ ਪ੍ਰਬੰਧ ਕੀਤਾ ਅਤੇ ਉਸਨੂੰ ਬੜੂ ਸਾਹਿਬ ਅਕੈਡਮੀ ਵਿੱਚ ਦਾਖਲ ਕਰਵਾਇਆ। ਜਦੋਂ ਵੈਟਰਨਰੀ ਡਾਕਟਰ ਨਿਯੁਕਤ ਕੀਤੇ ਗਏ ਸਨ ਤਾਂ ਉਹ ਮਿਹਨਤੀ ਲੜਕੀ ਵੀ ਉਨ੍ਹਾਂ ਵਿੱਚੋਂ ਇੱਕ ਸੀ।”

ਤਰੱਕੀ ਦੇ ਮੌਕੇ ਸਿਰਜਣ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਬੱਚਿਆਂ ਵਿੱਚ ਕੋਈ ਘਾਟ ਨਹੀਂ ਹੈ, ਪਰ ਸਾਡੇ ਨੌਜਵਾਨਾਂ ਨੂੰ ਢੁਕਵੇਂ ਮੌਕਿਆਂ ਦੀ ਘਾਟ ਜ਼ਰੂਰ ਰਹੀ ਹੈ । ਇਸੇ ਲਈ ਸੂਬਾ ਸਰਕਾਰ ਹੁਣ ਇਹ ਮੌਕੇ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ, “ਪਹਿਲਾਂ ਸੁਖਬੀਰ ਬਾਦਲ ਵਰਗੇ ਆਗੂ ਇਸ ਖੇਤਰ ਦੇ ਨਾ ਸਿਰਫ਼ ਵਿਧਾਇਕ ਬਲਕਿ ਉਪ-ਮੁੱਖ ਮੰਤਰੀ ਤੱਕ ਰਹੇ ,ਪਰ ਸੁਹਿਰਦਤਾ ਨਾਲ ਕੋਈ ਕੰਮ ਨਹੀਂ ਕੀਤਾ ਗਿਆ। ਉਨ੍ਹਾਂ ਨੇ ਜਾਣਬੁੱਝ ਕੇ ਲੋਕਾਂ ਨੂੰ ਗਰੀਬ ਰੱਖਿਆ ਤਾਂ ਜੋ ਵੋਟਰ ਚੋਣਾਂ ਦੌਰਾਨ ਸਿਰਫ਼ ਛੋਟੀਆਂ-ਮੋਟੀਆਂ ਮੰਗਾਂ ਪੂਰੀ ਕਰਾਉਣ ਵਿੱਚ ਉਲਝੇ ਰਹਿਣ। ਉਨ੍ਹਾਂ ਨੇ ਇਸ ਖੇਤਰ ਨੂੰ ਸੂਬੇ ਦਾ ਅਖੀਰ ਤੇ ਪੈਂਦਾ ਇਲਾਕਾ ਸਮਝਿਆ, ਪਰ ਮੈਂ ਇਸਨੂੰ ‘ਫਰੰਟਲਾਈਨ’ ਮੰਨਦਾ ਹਾਂ।”

ਪਿਛਲੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਇਲਾਕੇ ਵਿੱਚ ਛੋਟੇ ਦੁਕਾਨਦਾਰ, ਵਪਾਰੀ ਅਤੇ ਕਿਸਾਨ ਹਨ। ਲੋਕਾਂ ਨੇ ਪਹਿਲਾਂ ਰਵਾਇਤੀ ਪਾਰਟੀਆਂ ਨੂੰ ਵੱਡੇ ਪੱਧਰ ’ਤੇ ਵੋਟ ਦਿੱਤੀ ਸੀ, ਪਰ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ। ਇਨ੍ਹਾਂ ਆਗੂਆਂ ਨੇ ਸਰੋਤਾਂ ਨੂੰ ਨਿੱਜੀ ਮੁਫਾਦਾਂ ਲਈ ਵਰਤਿਆ ਅਤੇ ਅੱਜ ਵੀ ਉਨ੍ਹਾਂ ਕੋਲ ਕੋਈ ਏਜੰਡਾ ਨਹੀਂ ਹੈ, ਸਿਰਫ਼ ਸੱਤਾ ਦੀ ਭੁੱਖ ਹੈ। ਉਹ ਇੱਕ ਦੂਜੇ ਤੋਂ ਮੂਹਰੇ ਹੋ ਕੇ ਮੈਨੂੰ ਗਾਲ੍ਹਾਂ ਕੱਢਦੇ ਹਨ।”

‘ਆਪ’ ਸਰਕਾਰੀ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਉਨ੍ਹਾਂ ਕਿਹਾ, “ਸੂਬਾ ਸਰਕਾਰ ਨੇ 90 ਫੀਸਦੀ ਘਰਾਂ ਨੂੰ ਮੁਫ਼ਤ ਬਿਜਲੀ, ਰਿਸ਼ਵਤ ਤੋਂ ਬਗੈਰ 65000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ, ਬਿਹਤਰ ਸੜਕਾਂ, ਟੋਲ ਪਲਾਜ਼ੇ ਬੰਦ ਕਰਨ ਨਾਲ ਰੋਜ਼ਾਨਾ 70 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ ਅਤੇ ਬੁਨਿਆਦੀ ਢਾਂਚੇ ਵਿੱਚ ਨਿਰੰਤਰ ਵਿਕਾਸ ਕੀਤਾ ਜਾ ਰਿਹਾ ਹੈ। ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦਾ ਹੈ ਅਤੇ ਅਸੀਂ ਇਸਨੂੰ ਸਮਝਦਾਰੀ ਅਤੇ ਸਲੀਕੇ ਨਾਲ ਉਨ੍ਹਾਂ ਦੀ ਭਲਾਈ ’ਤੇ ਖਰਚ ਕਰ ਰਹੇ ਹਾਂ। ਲੋਕਾਂ ਦਾ ਪੈਸਾ ਵਿਕਾਸ, ਸਕੂਲਾਂ, ਹਸਪਤਾਲਾਂ ਅਤੇ ਸੜਕਾਂ ਰਾਹੀਂ ਉਨ੍ਹਾਂ ਕੋਲ ਵਾਪਸ ਆ ਰਿਹਾ ਹੈ।”

ਉਨ੍ਹਾਂ ਅੱਗੇ ਕਿਹਾ, “ਪਹਿਲਾਂ ਭ੍ਰਿਸ਼ਟਾਚਾਰ ਕਾਰਨ ਇਸ ਪੈਸੇ ਦੀ ਦੁਰਵਰਤੋਂ ਹੁੰਦੀ ਸੀ, ਪਰ ਹੁਣ ਅਸੀਂ ਲੋਕਾਂ ਅਤੇ ਰਾਜ ਦੀ ਭਲਾਈ ਲਈ ਇਨ੍ਹਾਂ ਚੋਰ-ਮੋਰੀਆਂ ਨੂੰ ਰੋਕਿਆ ਹੈ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਰਾਜ ਸਰਕਾਰ ਨੇ ਮਾਝਾ ਖੇਤਰ ਵਿੱਚ 22 ਕਿਲੋਮੀਟਰ ਲੰਬੀ ਸਰਹਾਲੀ ਨਹਿਰ ਦਾ ਪਤਾ ਲਾ ਲਿਆ ਹੈ ਜੋ ਕਿ ਜ਼ਮੀਨ ਹੇਠ ਦੱਬ ਗਈ ਸੀ। ਇਹ ਨਹਿਰ ਹੁਣ ਸੂਬਾ ਸਰਕਾਰ ਦੇ ਠੋਸ ਯਤਨਾਂ ਕਾਰਨ ਚਾਲੂ ਹੈ।"

ਸਿੰਚਾਈ ਸੁਧਾਰਾਂ ਬਾਰੇ ਉਨ੍ਹਾਂ ਕਿਹਾ, ‘‘ਭਾਖੜਾ ਨਹਿਰ ਦੀ ਸਮਰੱਥਾ 9500 ਕਿਊਸਿਕ ਹੈ, ਪਰ ਅਸੀਂ ਆਪਣੇ ਯਤਨਾਂ ਨਾਲ 10000 ਕਿਊਸਿਕ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਈ ਅਤੇ ਇਸ ਮਤਲਬ ਇਹ ਹੈ ਕਿ ਸੂਬੇ ਨੇ ਇੱਕ ਇੰਚ ਜ਼ਮੀਨ ਐਕੁਆਇਰ ਕੀਤੇ ਬਿਨਾਂ ਹੀ ਇੱਕ ਨਵੀਂ ਭਾਖੜਾ ਨਹਿਰ ਬਣਾ ਛੱਡੀ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਦਹਾਕਿਆਂ ਤੋਂ ਕਿਸਾਨ ਫਿਰੋਜ਼ਪੁਰ ਅਤੇ ਸਰਹਿੰਦ ਨਹਿਰਾਂ ਤੋਂ ਰੋਟੇਸ਼ਨ ਵਿੱਚ ਪਾਣੀ ਲੈਂਦੇ ਆ ਰਹੇ ਸਨ, ਪਰ ਪਹਿਲੀ ਵਾਰ ਇਹ ਪ੍ਰਣਾਲੀ ਖਤਮ ਹੋਈ ਹੈ, ਜਿਸ ਨਾਲ ਵੱਡੀ ਰਾਹਤ ਮਿਲੀ ਹੈ।’‘

ਧਰਤੀ ਹੇਠਲੇ ਪਾਣੀ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਧਰਤੀ ਹੇਠੋਂ ਪਾਣੀ ਕੱਢਣ ਦੀ ਦਰ 2022 ਵਿੱਚ 61.49 ਫੀਸਦੀ ਤੋਂ ਘਟ ਕੇ 2025 ਵਿੱਚ 31.6 ਫੀਸਦੀ ਹੋ ਗਈ ਹੈ। ਕਈ ਪਿੰਡਾਂ ਵਿੱਚ ਧਰਤੀ ਹੇਠਲਾ ਪਾਣੀ 4 ਮੀਟਰ ਤੱਕ ਰੀਚਾਰਜ ਹੋ ਗਿਆ ਹੈ, ਜੋ ਦਿਲ ਨੂੰ ਸੁਕੂਨ ਦੇਣ ਵਾਲੀ ਗੱਲ ਹੈ।’’

ਭਵਿੱਖੀ ਸਰਗਰਮੀਆਂ ਬਾਰੇ  ਉਨ੍ਹਾਂ ਕਿਹਾ, “ਇਹ ਸਭ ਇਮਾਨਦਾਰ ਸ਼ਾਸਨ ਦਾ ਨਤੀਜਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਟੀਚਾ ਪੰਜਾਬ ਭਰ ਵਿੱਚ ਜ਼ਮੀਨਦੋਜ਼ ਬਿਜਲੀ ਲਾਈਨਾਂ ਨੂੰ ਲਾਗੂ ਕਰਨਾ ਹੈ। ਇਸ ਨਾਲ ਖੇਤ ਸਾਫ਼ ਹੋਣਗੇ, ਹਾਦਸਿਆਂ ਨੂੰ ਰੋਕਿਆ ਜਾਵੇਗਾ ਅਤੇ ਬਿਹਤਰ ਸਪਲਾਈ ਯਕੀਨੀ ਬਣਾਈ ਜਾਵੇਗੀ। ਜੇਕਰ ਪਾਇਲਟ ਪ੍ਰੋਜੈਕਟ ਸਫਲ ਹੁੰਦਾ ਹੈ ਤਾਂ ਇਸਦਾ ਵਿਸਥਾਰ ਕੀਤਾ ਜਾਵੇਗਾ।”

ਆਪਣੀ ਸਰਕਾਰ ਦੀ ਪਹੁੰਚ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਲੋਕ ਕਹਿੰਦੇ ਸਨ ਕਿ ਕੁਝ ਨਹੀਂ ਬਦਲੇਗਾ, ਨਾ ਨੌਕਰੀਆਂ , ਨਾ ਸੜਕਾਂ , ਨਾ ਵਿਕਾਸ , ਪਰ ਅਸੀਂ ਉਨ੍ਹਾਂ ਨੂੰ ਗਲਤ ਸਾਬਤ ਕਰ ਦਿੱਤਾ ਹੈ।” ਇਸ ਮੌਕੇ ਕੈਬਨਿਟ ਮੰਤਰੀ, ਵਿਧਾਇਕ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement