1979 ਦੀ ਇਰਾਨ ਕ੍ਰਾਂਤੀ ਤੋਂ ਬਾਅਦ ਬਹੁਤੇ ਸਿੱਖ ਭਾਰਤ ਜਾਂ ਯੂਰਪ ਵਲ ਹਿਜ਼ਰਤ ਕਰ ਗਏ
ਚੰਡੀਗੜ੍ਹ: ਅਸੀਂ ਇਹ ਕਲਪਨਾ ਪੰਜਾਬ ਬਾਰੇ ਵੀ ਨਹੀਂ ਕਰ ਸਕਦੇ ਕਿ ਕਿਸੇ ਇਕ ਸ਼ਹਿਰ ਵਿਚ ਸਿੱਖ ਬਹੁਗਿਣਤੀ ਵਿਚ ਹੋਣਗੇ ਪਰ ਜ਼ਾਹਿਦਾਨ ਇਕੋ-ਇਕ ਅਜਿਹਾ ਸ਼ਹਿਰ ਹੈ, ਜਿਸ ਅੰਦਰ ਕਦੇ ਸਿੱਖ ਬਹੁਗਿਣਤੀ ਵਿਚ ਹੁੰਦੇ ਸਨ ਜਾਂ ਇਹ ਕਹਿ ਲਵੋ ਕਿ ਇਸ ਨੂੰ ਸਿੱਖਾਂ ਦਾ ਸ਼ਹਿਰ ਕਿਹਾ ਜਾਂਦਾ ਸੀ। ਇਹ ਸ਼ਹਿਰ ਭਾਰਤ ਵਿਚ ਨਹੀਂ ਬਲਕਿ ਇਰਾਨ ’ਚ ਸਥਿਤ ਹੈ।
ਜ਼ਾਹਿਦਾਨ ਇਰਾਨ ਦੇ ਦੱਖਣ-ਪੂਰਬੀ ਸੂਬੇ ‘ਸਿਸਤਾਨ ਅਤੇ ਬਲੋਚਿਸਤਾਨ’ ਦੀ ਰਾਜਧਾਨੀ ਹੈ। ਇਹ ਸ਼ਹਿਰ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਦੀ ਸਰਹੱਦ ਦੇ ਨੇੜੇ ਸਥਿਤ ਹੈ, ਜੋ ਇਸ ਨੂੰ ਇਕ ਮਹੱਤਵਪੂਰਨ ਵਪਾਰਕ ਕੇਂਦਰ ਬਣਾਉਂਦਾ ਹੈ। ਜੇਕਰ ਇਸ ਸ਼ਹਿਰ ਦੇ ਇਤਿਹਾਸ ਅਤੇ ਸਿੱਖ ਭਾਈਚਾਰੇ ਬਾਰੇ ਝਾਤ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ 20ਵੀਂ ਸਦੀ ਦੇ ਸ਼ੁਰੂ ਵਿਚ (1910-1920 ਦੇ ਦਹਾਕੇ) ਜਦੋਂ ਬ੍ਰਿਟਿਸ਼ ਇੰਡੀਆ ਨੇ ਕੁਇੱਟਾ (ਪਾਕਿਸਤਾਨ) ਨੂੰ ਇਰਾਨ ਨਾਲ ਰੇਲਵੇ ਰਾਹੀਂ ਜੋੜਿਆ ਤਾਂ ਬਹੁਤ ਸਾਰੇ ਸਿੱਖ ਵਪਾਰੀ ਅਤੇ ਕਾਰੀਗਰ ਇਥੇ ਆ ਕੇ ਵਸ ਗਏ।
ਦਰਅਸਲ ਇਸ ਸ਼ਹਿਰ ਦਾ ਮੂਲ ਨਾਮ ‘ਦੋਜ਼ਦਾਬ’ ਸੀ ਜਿਸ ਦਾ ਅਰਥ ‘ਚੋਰਾਂ ਦਾ ਸ਼ਹਿਰ’ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਜਦੋਂ ਇਰਾਨ ਦੇ ਸ਼ਾਹ ਨੇ ਇਥੇ ਸਿੱਖਾਂ ਨੂੰ ਚਿੱਟੇ ਕਪੜਿਆਂ ਵਿਚ ਦੇਖਿਆ ਤਾਂ ਉਨ੍ਹਾਂ ਨੇ ਸ਼ਹਿਰ ਦਾ ਨਾਂ ‘ਦੋਜ਼ਦਾਬ’ (ਚੋਰਾਂ ਦਾ ਸ਼ਹਿਰ) ਤੋਂ ਬਦਲ ਕੇ ‘ਜ਼ਾਹਿਦਾਨ’ (ਪਵਿੱਤਰ ਲੋਕਾਂ ਦਾ ਸ਼ਹਿਰ) ਰੱਖ ਦਿਤਾ। ਜਿਵੇਂ ਕਿਹਾ ਜਾਂਦਾ ਹੈ ਕਿ ਜਿਥੇ ਚਾਰ ਸਿੱਖ ਇਕੱਠੇ ਹੋ ਜਾਣ ਉਥੇ ਪਹਿਲਾਂ ਗੁਰਦਵਾਰਾ ਸਾਹਿਬ ਸਥਾਪਤ ਕਰਨ ਦੀ ਰਾਇ ਕਰਦੇ ਹਨ। ਇਥੇ ਵੀ ਕੁੱਝ ਇਸੇ ਤਰ੍ਹਾਂ ਹੋਇਆ। ਜ਼ਾਹਿਦਾਨ ਵਿਚ ਇਤਿਹਾਸਕ ਗੁਰਦੁਆਰਾ ਸਾਹਿਬ 1921 ਵਿਚ ਸਥਾਪਤ ਕੀਤਾ ਗਿਆ ਸੀ।
ਇਹ ਪੱਛਮੀ ਏਸ਼ੀਆ ਦੇ ਸੱਭ ਤੋਂ ਪੁਰਾਣੇ ਗੁਰਦੁਆਰਿਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਥੋਂ ਦੇ ਸਿੱਖਾਂ ਨੇ ਆਟੋ ਪਾਰਟਸ, ਮਸਾਲਿਆਂ ਅਤੇ ਵਪਾਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਇਕ ਸਮੇਂ ਸ਼ਹਿਰ ਵਿਚ ‘ਸਿੱਖ ਬਾਜ਼ਾਰ’ ਵੀ ਮਸ਼ਹੂਰ ਸੀ। 1979 ਦੀ ਇਰਾਨੀ ਕ੍ਰਾਂਤੀ ਤੋਂ ਬਾਅਦ ਬਹੁਤ ਸਾਰੇ ਸਿੱਖ ਭਾਰਤ ਜਾਂ ਯੂਰਪ ਚਲੇ ਗਏ। ਹੁਣ ਜ਼ਾਹਿਦਾਨ ਵਿਚ ਸਿਰਫ਼ 15-20 ਸਿੱਖ ਪ੍ਰਵਾਰ ਹੀ ਰਹਿ ਗਏ ਹਨ, ਜੋ ਸਿੱਖ ਵਿਰਾਸਤ ਨੂੰ ਸੰਭਾਲ ਰਹੇ ਹਨ। ਇਥੋਂ ਦੇ ਸਿੱਖ ਪ੍ਰਵਾਰ ਫ਼ਾਰਸੀ, ਬਲੋਚੀ ਦੇ ਨਾਲ-ਨਾਲ ਪੰਜਾਬੀ ਭਾਸ਼ਾ ਵੀ ਬੋਲਦੇ ਹਨ ਜਿਸ ’ਤੇ ਸਥਾਨਕ ਭਾਸ਼ਾਵਾਂ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਜ਼ਾਹਿਦਾਨ ਇਰਾਨ ਵਿਚ ਪੰਜਾਬੀ ਸਿੱਖਾਂ ਦੀ ਸੌ ਸਾਲ ਤੋਂ ਵੱਧ ਪੁਰਾਣੀ ਹੋਂਦ ਅਤੇ ਸਭਿਆਚਾਰਕ ਮਿਸ਼ਰਣ ਦੀ ਇਕ ਵਿਲੱਖਣ ਮਿਸਾਲ ਹੈ।
