INS Imphal: ਸਮੁੰਦਰੀ ਜਹਾਜ਼ਾਂ ’ਤੇ ਹਮਲਾ ਕਰਨ ਵਾਲਿਆਂ ਨੂੰ ਸਮੁੰਦਰ ’ਚੋਂ ਵੀ ਲੱਭ ਲਿਆਵਾਂਗੇ : ਰਾਜਨਾਥ ਸਿੰਘ
Published : Dec 26, 2023, 8:00 pm IST
Updated : Dec 26, 2023, 8:00 pm IST
SHARE ARTICLE
Rajnath Singh
Rajnath Singh

‘ਆਈ.ਐਨ.ਐਸ. ਇੰਫਾਲ’ ਸਮੁੰਦਰੀ ਫ਼ੌਜ ’ਚ ਸ਼ਾਮਲ

INS Imphal ਰਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ’ਚ ਮੰਗਲਵਾਰ ਨੂੰ ਸਟੈਲਥ ਗਾਈਡੇਡ ਮਿਜ਼ਾਈਲ ਵਿਨਾਸ਼ਕ ਜਹਾਜ਼ ‘ਆਈ.ਐੱਨ.ਐੱਸ. ਇੰਫਾਲ’ ਨੂੰ ਭਾਰਤੀ ਸਮੁੰਦਰੀ ਫ਼ੌਜ ’ਚ ਸ਼ਾਮਲ ਕੀਤਾ ਗਿਆ। ਰਾਜਨਾਥ ਸਿੰਘ ਤੋਂ ਇਲਾਵਾ ਸਮੁੰਦਰੀ ਫ਼ੌਜ ਮੁਖੀ ਐਡਮਿਰਲ ਆਰ. ਹਰੀ ਕੁਮਾਰ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਵੀ ਰਸਮੀ ਤੌਰ ’ਤੇ ਸ਼ਾਮਲ ਹੋਣ ਦੇ ਸਮਾਰੋਹ ’ਚ ਮੌਜੂਦ ਸਨ।

‘ਆਈ.ਐੱਨ.ਐੱਸ. ਇੰਫਾਲ’ ਸਮੁੰਦਰੀ ਫ਼ੌਜ ਵਲੋਂ ਸਵਦੇਸ਼ੀ ਤੌਰ ’ਤੇ ਡਿਜ਼ਾਈਨ ਕੀਤੇ ਗਏ ਵਿਸ਼ਾਖਾਪਟਨਮ ਸ਼੍ਰੇਣੀ ਦੇ ਚਾਰ ਵਿਨਾਸ਼ਕਾਰੀ ਜਹਾਜ਼ਾਂ ’ਚੋਂ ਤੀਜਾ ਹੈ। ਇਸ ਨੂੰ ਸਮੁੰਦਰੀ ਫ਼ੌਜ ਦੇ ਜੰਗੀ ਜਹਾਜ਼ ਡਿਜ਼ਾਈਨ ਬਿਊਰੋ ਨੇ ਡਿਜ਼ਾਈਨ ਕੀਤਾ ਹੈ ਅਤੇ ਜਨਤਕ ਖੇਤਰ ਦੇ ਉੱਦਮ ਮਜ਼ਗਾਉਂ ਡਾਕ ਲਿਮਟਿਡ, ਮੁੰਬਈ ਵਲੋਂ ਬਣਾਇਆ ਗਿਆ ਹੈ।

ਇਹ ਪਹਿਲਾ ਜੰਗੀ ਜਹਾਜ਼ ਹੈ ਜਿਸ ਦਾ ਨਾਮ ਉੱਤਰ-ਪੂਰਬ ਦੇ ਕਿਸੇ ਸ਼ਹਿਰ ਦੇ ਨਾਮ ’ਤੇ ਰੱਖਿਆ ਗਿਆ ਹੈ। ‘ਆਈ.ਐੱਨ.ਐੱਸ. ਇੰਫਾਲ’ ਨੂੰ ਬੰਦਰਗਾਹ ਅਤੇ ਸਮੁੰਦਰ ’ਚ ਵਿਆਪਕ ਪਰਖ ਪ੍ਰੋਗਰਾਮ ਨੂੰ ਪੂਰਾ ਕਰਨ ਤੋਂ ਬਾਅਦ 20 ਅਕਤੂਬਰ ਨੂੰ ਭਾਰਤੀ ਸਮੁੰਦਰੀ ਫ਼ੌਜ ਨੂੰ ਸੌਂਪ ਦਿਤਾ ਗਿਆ ਸੀ। ਸਮੁੰਦਰੀ ਫ਼ੌਜ ਨੇ ਕਿਹਾ ਕਿ ਇਸ ਤੋਂ ਬਾਅਦ ਜਹਾਜ਼ ਨੇ ਨਵੰਬਰ 2023 ’ਚ ਸੁਪਰਸੋਨਿਕ ਬ੍ਰਾਹਮੋਸ ਮਿਜ਼ਾਈਲ ਦਾ ਸਫਲ ਤਜਰਬਾ ਕੀਤਾ ਸੀ। 163 ਮੀਟਰ ਲੰਬਾਈ, 7400 ਟਨ ਭਾਰ ਵਾਲਾ, ਇਹ 75 ਫ਼ੀ ਸਦੀ ਸਵਦੇਸ਼ੀ ਸਮੱਗਰੀ ਨਾਲ ਭਾਰਤ ’ਚ ਬਣੇ ਸੱਭ ਤੋਂ ਸ਼ਕਤੀਸ਼ਾਲੀ ਜੰਗੀ ਜਹਾਜ਼ਾਂ ’ਚੋਂ ਇਕ ਮੰਨਿਆ ਜਾਂਦਾ ਹੈ।

‘ਆਈ.ਐੱਨ.ਐੱਸ. ਇੰਫਾਲ’ 30 ਸਮੁੰਦਰੀ ਮੀਲ ਤੋਂ ਵੱਧ ਦੀ ਗਤੀ ਪ੍ਰਾਪਤ ਕਰਨ ਦੇ ਸਮਰੱਥ ਹੈ ਅਤੇ ਜ਼ਮੀਨ ਤੋਂ ਸਤਹ ’ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਅਤੇ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਵਰਗੇ ਅਤਿ ਆਧੁਨਿਕ ਹਥਿਆਰਾਂ ਅਤੇ ਸੈਂਸਰਾਂ ਨਾਲ ਲੈਸ ਹੈ। ਜਹਾਜ਼ ’ਚ ਇਕ ਉੱਨਤ ਨਿਗਰਾਨੀ ਰਾਡਾਰ ਲਗਾਇਆ ਗਿਆ ਹੈ ਜੋ ਇਸ ਦੇ ਹਥਿਆਰ ਪ੍ਰਣਾਲੀਆਂ ਨੂੰ ਨਿਸ਼ਾਨਾ ਡਾਟਾ ਪ੍ਰਦਾਨ ਕਰਦਾ ਹੈ।  ਸਮੁੰਦਰੀ ਫ਼ੌਜ ਮੁਤਾਬਕ ਇਹ ਜੰਗੀ ਜਹਾਜ਼ ਪ੍ਰਮਾਣੂ, ਜੈਵਿਕ ਅਤੇ ਰਸਾਇਣਕ (ਐਨ.ਬੀ.ਸੀ.) ਜੰਗੀ ਸਥਿਤੀਆਂ ’ਚ ਲੜਨ ਦੇ ਸਮਰੱਥ ਹੈ।

ਜੰਗੀ ਜਹਾਜ਼ ਦਾ ਨਿਰਮਾਣ 19 ਮਈ, 2017 ਨੂੰ ਸ਼ੁਰੂ ਹੋਇਆ ਸੀ ਅਤੇ ਇਸ ਨੂੰ 20 ਅਪ੍ਰੈਲ, 2019 ਨੂੰ ਲਾਂਚ ਕੀਤਾ ਗਿਆ ਸੀ। 28 ਅਪ੍ਰੈਲ 2023 ਨੂੰ, ਇਹ ਅਪਣੇ ਪਹਿਲੇ ਸਮੁੰਦਰੀ ਪਰਖ ਲਈ ਰਵਾਨਾ ਹੋਇਆ ਅਤੇ ਬੰਦਰਗਾਹ ਅਤੇ ਸਮੁੰਦਰ ਦੋਹਾਂ  ’ਚ ਪਰਖਾਂ ਦਾ ਇਕ ਵਿਆਪਕ ਪ੍ਰੋਗਰਾਮ ਪੂਰਾ ਕੀਤਾ। ਇਸ ਨੂੰ 20 ਅਕਤੂਬਰ 2023 ਨੂੰ ਛੇ ਮਹੀਨਿਆਂ ਦੇ ਰੀਕਾਰਡ ਸਮੇਂ ਦੇ ਅੰਦਰ ਸਮੁੰਦਰੀ ਫ਼ੌਜ ਨੂੰ ਸੌਂਪ ਦਿਤਾ ਗਿਆ ਸੀ, ਜੋ ਇਸ ਆਕਾਰ ਦੇ ਜਹਾਜ਼ ਲਈ ਸੱਭ ਤੋਂ ਤੇਜ਼ ਪ੍ਰਕਿਰਿਆ ਸੀ।

ਰਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਨੇ ਵਪਾਰਕ ਜਹਾਜ਼ਾਂ ‘ਐਮ.ਵੀ. ਕੇਮ ਪਲੂਟੋ’ ਅਤੇ ‘ਐਮ.ਵੀ. ਸਾਈਬਾਬਾ’ ’ਤੇ ਹਾਲ ਹੀ ’ਚ ਹੋਏ ਹਮਲਿਆਂ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਸਮੁੰਦਰ ਦੀ ਡੂੰਘਾਈ ਤੋਂ ਵੀ ਜ਼ਿੰਮੇਵਾਰ ਲੋਕਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ।

ਸਵਦੇਸ਼ੀ ਜੰਗੀ ਜਹਾਜ਼ ‘ਆਈ.ਐੱਨ.ਐੱਸ. ਇੰਫਾਲ’ ਨੂੰ ਸਮੁੰਦਰੀ ਫ਼ੌਜ ’ਚ ਸ਼ਾਮਲ ਕਰਨ ਤੋਂ ਬਾਅਦ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਵਪਾਰਕ ਜਹਾਜ਼ਾਂ ’ਤੇ ਹਾਲ ਹੀ ’ਚ ਹੋਏ ਹਮਲਿਆਂ ਤੋਂ ਬਾਅਦ ਭਾਰਤ ਨੇ ਸਮੁੰਦਰ ’ਚ ਗਸ਼ਤ ਵਧਾ ਦਿਤੀ ਹੈ। ਉਨ੍ਹਾਂ ਕਿਹਾ, ‘‘ਭਾਰਤ ਸਰਕਾਰ ਨੇ ‘ਐਮ.ਵੀ. ਕੇਮ ਪਲੂਟੋ’ ’ਤੇ ਡਰੋਨ ਹਮਲੇ ਅਤੇ ਲਾਲ ਸਾਗਰ ’ਚ ‘ਐਮ.ਵੀ. ਸਾਈਬਾਬਾ’ ’ਤੇ ਹੋਏ ਹਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਅਸੀਂ ਸਮੁੰਦਰ ਦੀ ਡੂੰਘਾਈ ਤੋਂ ਵਪਾਰੀ ਜਹਾਜ਼ਾਂ ’ਤੇ ਹਾਲ ਹੀ ’ਚ ਹੋਏ ਹਮਲਿਆਂ ਦੇ ਦੋਸ਼ੀਆਂ ਨੂੰ ਵੀ ਲੱਭਾਂਗੇ ਅਤੇ ਉਨ੍ਹਾਂ ਵਿਰੁਧ ਸਖਤ ਕਾਰਵਾਈ ਕਰਾਂਗੇ।’’

ਸਨਿਚਰਵਾਰ ਨੂੰ ਪੋਰਬੰਦਰ ਤੋਂ ਲਗਭਗ 217 ਸਮੁੰਦਰੀ ਮੀਲ ਦੀ ਦੂਰੀ ’ਤੇ 21 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੇ ਵਪਾਰਕ ਜਹਾਜ਼ ‘ਐਮ.ਵੀ. ਕੇਮ ਪਲੂਟੋ’ ’ਤੇ ਡਰੋਨ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਭਾਰਤੀ ਸਮੁੰਦਰੀ ਫ਼ੌਜ ਅਤੇ ਭਾਰਤੀ ਤੱਟ ਰੱਖਿਅਕ ਨੇ ਜਹਾਜ਼ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਕਈ ਜਹਾਜ਼ ਤਾਇਨਾਤ ਕੀਤੇ ਸਨ। ਜਹਾਜ਼ ਦੁਪਹਿਰ 3:30 ਵਜੇ ਮੁੰਬਈ ਤੱਟ ’ਤੇ ਪਹੁੰਚਿਆ। ਉਸ ਨੂੰ ਮੁੰਬਈ ਦੇ ਰਸਤੇ ’ਚ ਭਾਰਤੀ ਤੱਟ ਰੱਖਿਅਕ ਜਹਾਜ਼ ਆਈ.ਸੀ.ਜੀ.ਐਸ. ਵਿਕਰਮ ਵਲੋਂ ਸੁਰੱਖਿਆ ਦਿਤੀ ਗਈ ਸੀ। ਗੈਬੋਨ ਝੰਡੇ ਵਾਲੇ ਵਪਾਰਕ ਕੱਚੇ ਤੇਲ ਟੈਂਕਰ ’ਤੇ ਦਖਣੀ ਲਾਲ ਸਾਗਰ ’ਚ ਡਰੋਨ ਹਮਲਾ ਕੀਤਾ ਗਿਆ, ਜਿਸ ’ਚ ਚਾਲਕ ਦਲ ਦੇ 25 ਭਾਰਤੀ ਮੈਂਬਰ ਸਵਾਰ ਸਨ।

ਭਾਰਤੀ ਅਧਿਕਾਰੀਆਂ ਨੇ ਬਾਅਦ ’ਚ ਸਪੱਸ਼ਟ ਕੀਤਾ ਕਿ ਵਪਾਰਕ ਤੇਲ ਟੈਂਕਰ ਭਾਰਤੀ ਝੰਡੇ ਵਾਲਾ ਜਹਾਜ਼ ਨਹੀਂ ਸੀ। ਇਸ ਦੌਰਾਨ ਸਮੁੰਦਰੀ ਫ਼ੌਜ ਮੁਖੀ ਐਡਮਿਰਲ ਆਰ. ਹਰੀ ਕੁਮਾਰ ਨੇ ਕਿਹਾ ਕਿ ਵਪਾਰਕ ਜਹਾਜ਼ਾਂ ’ਤੇ ਡਕੈਤੀ ਅਤੇ ਡਰੋਨ ਹਮਲਿਆਂ ਨਾਲ ਨਜਿੱਠਣ ਲਈ ਚਾਰ ਜੰਗੀ ਜਹਾਜ਼ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੀ-8ਆਈ ਜਹਾਜ਼, ਡੋਰਨੀਅਰ, ਸੀ ਗਾਰਡੀਅਨ ਹੈਲੀਕਾਪਟਰ ਅਤੇ ਕੋਸਟ ਗਾਰਡ ਜਹਾਜ਼ ਸਾਂਝੇ ਤੌਰ ’ਤੇ ਡਕੈਤੀ ਅਤੇ ਡਰੋਨ ਹਮਲਿਆਂ ਦੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਤਾਇਨਾਤ ਕੀਤੇ ਗਏ ਹਨ।

(For more Punjabi news apart from INS Imphal now part of naval command, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement