ਖ਼ਬਰਾਂ |

ਤਾਜ਼ਾ |

Health News: ਜਿਮ ਛੱਡੋ, ਘਰੇਲੂ ਕੰਮਾਂ ਨੂੰ ਬਣਾਉ ਫ਼ਿਟਨੈਸ ਦਾ ਜ਼ਰੀਆ
Published : Mar 23, 2026, 6:36 am IST
Updated : Mar 23, 2026, 8:17 am IST
SHARE ARTICLE
Health News
Health News

ਘਰ ਦੇ ਨਿਯਮਤ ਕੰਮ ਸਾਨੂੰ ਵਿਅਸਤ ਵੀ ਰੱਖਦੇ ਹਨ ਤੇ ਸਰੀਰ ਦੀਆਂ ਵਾਧੂ ਕਲੋਰੀਆਂ ਭਾਵ ਵਾਧੂ ਊਰਜਾ ਵੀ ਖ਼ਤਮ ਕਰਦੇ ਹਨ।

ਅਜੋਕੇ ਸਮੇਂ ’ਚ ਸਰੀਰਕ ਫ਼ਿਟਨੈੱਸ ਨੂੰ ਲੈ ਕੇ ਲੋਕਾਂ ਖਾਸ ਕਰ ਕੇ ਨੌਜਵਾਨਾਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾਂਦਾ ਹੈ। ਇਸੇ ਲਈ ਜਿਮਾਂ ਦੀ ਗਿਣਤੀ ਕਾਫ਼ੀ ਵਧ ਗਈ ਹੈ। ਪਰ ਹਰ ਕਿਸੇ ਕੋਲ ਜਿਮ ਜਾਣ ਲਈ ਸਮਾਂ ਅਤੇ ਵਿੱਤੀ ਸਾਧਨ ਨਹੀਂ ਹੁੰਦੇ ਹਨ। ਪੁਰਾਣੇ ਸਮੇਂ ਦੇ ਉਲਟ ਅੱਜਕਲ ਜ਼ਿਆਦਾਤਰ ਲੋਕ ਘਰੇਲੂ ਕੰਮਾਂ ਨੂੰ ਬੋਝ ਹੀ ਸਮਝਦੇ ਹਨ ਜਦਕਿ ਸੱਚਾਈ ਇਹ ਹੈ ਕਿ ਛੋਟੇ-ਛੋਟੇ ਘਰੇਲੂ ਕੰਮ ਨਾ ਕੇਵਲ ਘਰ ਨੂੰ ਸਾਫ਼ ਰੱਖਦੇ ਹਨ ਸਗੋਂ ਸਰੀਰ ਨੂੰ ਤੰਦਰੁਸਤ ਬਣਾਉਣ ਵਿਚ ਮਦਦਗਾਰ ਵੀ ਹੁੰਦੇ ਹਨ।

ਘਰ ਦੇ ਨਿਯਮਤ ਕੰਮ ਸਾਨੂੰ ਵਿਅਸਤ ਵੀ ਰੱਖਦੇ ਹਨ ਤੇ ਸਰੀਰ ਦੀਆਂ ਵਾਧੂ ਕਲੋਰੀਆਂ ਭਾਵ ਵਾਧੂ ਊਰਜਾ ਵੀ ਖ਼ਤਮ ਕਰਦੇ ਹਨ। ਵਿਅਕਤੀ ਦੇ ਕੰਮ ਵਿਚ ਰੁੱਝੇ ਰਹਿਣ ਨਾਲ ਫਾਲਤੂ ਗੱਲਾਂ ਵਲ ਧਿਆਨ ਨਹੀਂ ਜਾਂਦਾ, ਜਿਸ ਨਾਲ ਜ਼ਿੰਦਗੀ ਵਿਚ ਤਣਾਅ ਪੈਦਾ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਜਾਂਦੀ ਹੈ। ਪਰ ਅਜੋਕੇ ਜੀਵਨ ਦੀ ਇਹ ਵੀ ਇਕ ਕੌੜੀ ਸੱਚਾਈ ਹੈ ਕਿ ਅੱਜਕਲ ਲੋਕਾਂ ਨੂੰ ਘਰ ਦੇ ਬਣੇ ਸੰਤੁਲਤ ਭੋਜਨ ਦੀ ਬਜਾਏ ਬਾਜ਼ਾਰੀ ਭੋਜਨ ਜ਼ਿਆਦਾ ਪਸੰਦ ਆਉਂਦਾ ਹੈ। ਇਸ ਭੋਜਨ ਨੂੰ ਤਿਆਰ ਕਰਨ ਵਿਚ ਮੈਦਾ, ਖੰਡ, ਮਸਾਲੇ ਅਤੇ ਘਿਉ ਆਦਿ ਵਸਤਾਂ ਦੀ ਵਰਤੋਂ ਜ਼ਿਆਦਾਤਰ ਕੀਤੀ ਜਾਂਦੀ ਹੈ।

ਇਨ੍ਹਾਂ ਨਾਲ ਤਿਆਰ ਕੀਤਾ ਗਿਆ ਭੋਜਨ ਆਮ ਤੌਰ ’ਤੇ ਗ਼ੈਰ-ਮਿਆਰੀ ਹੁੰਦਾ ਹੈ ਤੇ ਇਹ ਮੋਟਾਪਾ ਪੈਦਾ ਕਰਦਾ ਹੈ। ਅਜੋਕੇ ਮਸ਼ੀਨੀ ਯੁੱਗ ਵਿਚ ਆਦਮੀ ਨੂੰ ਰੋਜ਼ਾਨਾ ਜੀਵਨ ਦੇ ਜ਼ਿਆਦਾਤਰ ਕੰਮ ਮਸ਼ੀਨਾਂ ਤੋਂ ਲੈਣ ਦੀ ਆਦਤ ਬਣ ਚੁੱਕੀ ਹੈ ਜਿਸ ਕਾਰਨ ਸਰੀਰਕ ਸਰਗਰਮੀ ਵੀ ਕਾਫ਼ੀ ਘੱਟ ਚੁੱਕੀ ਹੈ। ਅਜਿਹੇ ਹਾਲਾਤਾਂ ਕਰ ਕੇ ਮੋਟਾਪਾ ਬਹੁਤ ਸਾਰੇ ਲੋਕਾਂ ਲਈ ਇਕ ਵੱਡੀ ਸਮੱਸਿਆ ਬਣਿਆ ਹੋਇਆ ਹੈ।

ਇਹ ਮਨੁੱਖ ਦੇ ਸਰੀਰ ਵਿਚ ਅਨੇਕਾਂ ਚਿਰਕਾਲੀਨ ਬਿਮਾਰੀਆਂ ਜਿਵੇਂ ਸ਼ੂਗਰ, ਦਿਲ ਦੇ ਰੋਗ, ਗੁਰਦਿਆਂ ਦੇ ਰੋਗ, ਕਲੈੱਸਟਰਾਲ ਦਾ ਵਧਣਾ, ਵੱਧ ਬਲੱਡ ਪ੍ਰੈਸ਼ਰ, ਜੋੜਾਂ ਦੀਆਂ ਦਰਦਾਂ ਆਦਿ ਪੈਦਾ ਕਰਨ ਦੇ ਨਾਲ-ਨਾਲ ਮਾਨਸਕ ਤਣਾਅ ਅਤੇ ਉਨੀਂਦਰੇ ਵਰਗੀਆਂ ਦਿਮਾਗੀ ਪ੍ਰੇਸ਼ਾਨੀਆਂ ਨੂੰ ਵੀ ਜਨਮ ਦਿੰਦਾ ਹੈ। ਮੋਟੇ ਆਦਮੀ ਨੂੰ ਚੁਸਤੀ ਫੁਰਤੀ ਨਾਲ ਤੁਰਨ-ਫਿਰਨ ਵਿਚ ਮੁਸ਼ਕਲ ਆਉਂਦੀ ਹੈ ਅਤੇ ਕਈ ਵਾਰ ਤਾਂ ਉਸ ਦਾ ਜੀਵਨ ਘਰ ਦੇ ਦੂਜੇ ਜੀਆਂ ਦਾ ਮੁਥਾਜ ਵੀ ਹੋ ਜਾਂਦਾ ਹੈ। ਮੋਟੇ ਲੋਕਾਂ ਵਿਚ ਬਿਮਾਰੀਆਂ ਦੀਆਂ ਸੰਭਾਵਨਾਵਾਂ ਵੀ ਆਮ ਲੋਕਾਂ ਨਾਲੋ ਜ਼ਿਆਦਾ ਹੁੰਦੀਆਂ ਹਨ।

ਮੋਟਾਪੇ ਦਾ ਇਲਾਜ ਕਰਵਾਉਣ ਲਈ ਲੋਕ ਕਈ ਵਾਰ ਡਾਕਟਰਾਂ-ਹਕੀਮਾਂ ਦੇ ਚੱਕਰ ਵੀ ਲਗਾਉਂਦੇ ਰਹਿੰਦੇ ਹਨ ਤੇ ਕਈ ਵਾਰ ਜਿਮ ਜਾਂਦੇ, ਯੋਗਾ ਕਰਦੇ ਤੇ ਤੈਰਾਕੀ ਕਰਨ ਵੀ ਜਾਂਦੇ ਹਨ, ਪਰ ਲੋਕ ਅਕਸਰ ਇਹ ਭੁੱਲ ਜਾਂਦੇ ਹਨ ਕਿ ਘਰੇਲੂ ਢੰਗਾਂ ਨਾਲ ਸਰੀਰ ਨੂੰ ਫਿੱਟ ਰੱਖਿਆ ਜਾ ਸਕਦਾ ਹੈ। ਘਰੇਲੂ ਕੰਮ-ਕਾਜ ਮੋਟਾਪੇ ਨੂੰ ਦੂਰ ਕਰ ਕੇ ਸਰੀਰ ਨੂੰ ਫਿੱਟ ਰੱਖਣ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸ ਲਈ ਜੇਕਰ ਅਸੀ ਫ਼ਿੱਟ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਘਰੇਲੂ ਕੰਮਾਂ ਵਿਚ ਜਿੰਨਾ ਹੋ ਸਕੇ ਸਰਗਰਮ ਰੱਖਣਾ ਚਾਹੀਦਾ ਹੈ।

ਆਓ ਜਾਣੀਏ ਕਿ ਕਿਵੇਂ ਅਸੀਂ ਦੇਸੀ ਢੰਗ-ਤਰੀਕਿਆਂ ਨਾਲ ਜਾਂ ਘਰੇਲੂ ਕੰਮਾਂ ਵਿਚ ਸਰਗਰਮ ਰਹਿ ਕੇ ਚੁਸਤ ਦਰੁਸਤ ਅਤੇ ਸਰੀਰਕ ਤੌਰ ’ਤੇ ਫ਼ਿਟ ਰਹਿ ਸਕਦੇ ਹਾਂ। ਘਰੇਲੂ ਕੰਮ-ਕਾਜ ਜਿਵੇਂ ਝਾੜੂ ਲਗਾਉਣਾ, ਪੋਚਾ ਫੇਰਨਾ, ਘਰ ਦੀ ਝਾੜ-ਪੂੰਝ ਕਰਨਾ, ਕਣਕ ਛੱਟਣਾ, ਆਟਾ ਗੁੰਨ੍ਹਣਾ ਤੇ ਕੱਪੜੇ ਧੋਣਾ ਆਦਿ ਅਨੇਕਾਂ ਕੰਮ ਹਨ ਜੋ ਸਰੀਰ ਦੀ ਚਰਬੀ ਨੂੰ ਘੱਟ ਕਰ ਸਕਦੇ ਹਨ। ਯੋਗਾ ਦੇ ਆਸਣ ਕਰਨ ਨਾਲ ਮੋਟਾਪਾ ਘੱਟ ਕੀਤਾ ਜਾ ਸਕਦਾ ਹੈ। ਸਵੇਰੇ-ਸ਼ਾਮ ਸੈਰ ਕਰਨ ਨਾਲ ਮੋਟਾਪੇ ਨੂੰ ਦੂਰ ਕਰਨ ਵਿਚ ਸਹਾਇਤਾ ਮਿਲਦੀ ਹੈ। ਨੇੜੇ ਤੇੜੇ ਕਿਸੇ ਰੂਟੀਨ ਦੇ ਕੰਮ ’ਤੇ ਜਾਣ ਲਗਿਆਂ ਪੈਦਲ ਜਾਣ ਦੀ ਆਦਤ ਪਾਉਣੀ ਚਾਹੀਦੀ ਹੈ। ਰੱਸੀ ਟੱਪਣ ਨਾਲ ਸਰੀਰ ਦਾ ਭਾਰ ਕਾਬੂ ਵਿਚ ਰਹਿੰਦਾ ਹੈ।

ਜੇਕਰ ਘਰ ਵਿਚ ਪਸ਼ੂ ਹਨ ਤਾਂ ਉਨ੍ਹਾਂ ਨੂੰ ਨਹਾਉਣ ਅਤੇ ਪੱਠੇ ਆਦਿ ਪਾਉਣ ਨਾਲ ਸਰੀਰਕ ਕਸਰਤ ਹੁੰਦੀ ਹੈ। ਸਾਈਕਲ ਚਲਾਉਣ ਨਾਲ ਸਰੀਰ ਦਾ ਭਾਰ ਘੱਟਦਾ ਹੈ। ਹਲਕੀਆਂ-ਫੁਲਕੀਆਂ ਰਵਾਇਤੀ ਖੇਡਾਂ ਸਰੀਰ ਨੂੰ ਚੁਸਤ ਰੱਖਦੀਆਂ, ਭਾਰ ਨੂੰ ਕਾਬੂ ਰੱਖਦੀਆਂ ਅਤੇ ਮਨ-ਚਿੱਤ ਨੂੰ ਤਰੋਤਾਜ਼ਾ ਰੱਖਦੀਆਂ ਹਨ। ਜੋਗਿੰਗ ਭਾਰ ਘੱਟ ਕਰਨ ਦਾ ਇਕ ਬੇਹਤਰੀਨ ਢੰਗ ਹੋ ਸਕਦਾ ਹੈ। ਭਰਪੂਰ ਨੀਂਦ ਦਾ ਆਨੰਦ ਲਓ। ਨੀਂਦ ਦੀ ਕਮੀ ਮੋਟਾਪੇ ਨੂੰ ਜਨਮ ਦਿੰਦੀ ਹੈ। ਇਸ ਨਾਲ ਆਦਮੀ ਦੀ ਸਰੀਰਕ ਅਤੇ ਮਾਨਸਿਕ ਕਾਰਜ ਸਮਰੱਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ।

ਜ਼ਿੰਦਗੀ ਨੂੰ ਤਣਾਅ-ਮੁਕਤ ਰੱਖੋ। ਤਣਾਅ ਵਿਚ ਅਕਸਰ ਜ਼ਿਆਦਾ ਭੁੱਖ ਲਗਦੀ ਹੈ ਅਤੇ ਜ਼ਰੂੁਰਤ ਤੋਂ ਵੱਧ ਖਾਣਾ ਖਾਧਾ ਜਾਂਦਾ ਹੈ ਜਿਸ ਨਾਲ ਮੋਟਾਪਾ ਵੱਧ ਜਾਂਦਾ ਹੈ। ਤਣਾਅ ਨੂੰ ਘੱਟ ਕਰਨ ਲਈ ਧਿਆਨ-ਸਿਮਰਨ ਵਿਚ ਅਪਣਾ ਮਨ ਲਗਾਉ ਤੇ ਸਵੇਰੇ ਸ਼ਾਮ ਮੈਡੀਟੇਸ਼ਨ ਭਾਵ ਮਨ ਨੂੰ ਇਕਾਗਰ ਚਿੱਤ ਕਰਨ ਦੀ ਕੋਸ਼ਿਸ਼ ਕਰੋ। ਲੰਮੇ-ਲੰਮੇ ਸਾਹ ਲੈਣ ਨਾਲ ਤਣਾਅ ਕੁਦਰਤੀ ਤੌਰ ’ਤੇ ਘੱਟ ਜਾਂਦਾ ਹੈ। ਅਪਣੇ ਭੋਜਨ ਵਿਚ ਜ਼ਿਆਦਾ ਤਲਿਆ ਮਿਲਿਆ ਭੋਜਨ ਖਾਣ ਦੀ ਬਜਾਏ ਘਰ ਦੇ ਸਾਦੇ ਭੋਜਨ ਨੂੰ ਪਹਿਲ ਦਿਉ। ਸਾਬਤ ਅਨਾਜ ਤੋਂ ਬਣੇ ਭੋਜਨ ਵਿਚ ਜ਼ਿਆਦਾ ਪੌਸ਼ਟਿਕ ਤੱਤ ਹੁੰਦੇ ਹਨ। ਜੰਕ ਫੂਡ ਜਿਵੇਂ ਪਿਜ਼ਾ, ਬਰਗਰ, ਫਰੈਂਚ ਫਰਾਈਜ਼, ਡੋਸਾ ਅਤੇ ਨੂਡਲਜ਼ ਆਦਿ ਨੂੰ ਅਪਣੀ ਜ਼ਿੰਦਗੀ ਤੋਂ ਦੂਰ ਰੱਖੋ।

ਜ਼ਿਆਦਾ ਚਰਬੀ ਵਾਲੇ ਭੋਜਨ ਨੂੰ ਅਪਣੇ ਭੋਜਨ ਵਿਚ ਸ਼ਾਮਲ ਨਾ ਕਰੋ। ਇਸੇ ਤਰ੍ਹਾਂ ਮਿੱਠੇ ਵਾਲੇ ਤਰਲ ਪਦਾਰਥਾਂ ਜਿਵੇਂ ਸਾਫ਼ਟ ਡਰਿੰਕਸ, ਫਰੂਟ ਜੂਸ ਅਤੇ ਸੋਡਾ ਬੋਤਲ ਵਰਗੇ ਪੀਣ ਵਾਲੇ ਤਰਲਾਂ ਨੂੰ ਅਪਣੇ ਭੋਜਨ ਵਿਚ ਸ਼ਾਮਲ ਨਾ ਕਰੋ। ਇਨ੍ਹਾਂ ਦੀ ਬਜਾਏ ਫਲਾਂ ਦੀ ਵਰਤੋਂ ਕਰੋ। ਫਲ ਸਾਨੂੰ ਵਧੇਰੇ ਪੌਸ਼ਟਿਕ ਤੱਤ ਦਿੰਦੇ ਹਨ ਅਤੇ ਨਾਲ ਦੀ ਨਾਲ ਰੇਸ਼ੇ ਵੀ ਪ੍ਰਦਾਨ ਕਰਦੇ ਹਨ। ਰੇਸ਼ੇ ਪੇਟ ਨੂੰ ਸਾਫ਼ ਕਰ ਕੇ ਕਬਜ਼ੀ ਨੂੰ ਦੂਰ ਕਰਦੇ ਹਨ।

ਸਮੇਂ-ਸਮੇਂ ’ਤੇ ਅਪਣਾ ਭਾਰ ਤੋਲ ਕੇ ਅਪਣੇ ਭਾਰ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕਰੋ। ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਨੂੰ ਆਪਣੀ ਨਿੱਤ ਦੀ ਆਦਤ ਬਣਾਉ। ਤਾਜ਼ੀਆਂ ਸਬਜ਼ੀਆਂ ਅਤੇ ਤਾਜ਼ੇ ਫਲ ਖਾਣ ਨੂੰ ਪਹਿਲ ਦਿਉ। ਕੱਚੀਆਂ ਸਬਜ਼ੀਆਂ ਸਾਨੂੰ ਰਿੱਝੀਆਂ ਸਬਜ਼ੀਆਂ ਨਾਲੋਂ ਜ਼ਿਆਦਾ ਪੌਸ਼ਕਾਂ ਦੀ ਪੂਰਤੀ ਕਰਦੀਆਂ ਹਨ, ਇਸ ਲਈ ਇਨ੍ਹਾਂ ਨੂੰ ਅਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉ।

ਪੁਰਾਣੀਆਂ ਕਹਾਵਤਾਂ ਮੁਤਾਬਕ ਜਲਦੀ ਸੌਣ ਦੀ ਅਤੇ ਸਵੇਰੇ ਜਲਦੀ ਉਠਣ ਦੀ ਕੋਸ਼ਿਸ਼ ਕਰੋ। ਵਿਟਾਮਿਨ-ਡੀ ਸਾਡੀਆਂ ਭੋਜਨ ਜ਼ਰੂਰਤਾਂ ਦਾ ਇਕ ਅਹਿਮ ਹਿੱਸਾ ਹੈ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ, ਮਾਨਸਿਕ ਤਣਾਅ ਨੂੰ ਘੱਟ ਕਰਦਾ ਹੈ ਅਤੇ ਸਰੀਰ ਦੀ ਰੋਗ ਰੋਕੂ ਸਮਰਥਾ ਨੂੰ ਮਜ਼ਬੂਤ ਕਰ ਕੇ ਬਿਮਾਰੀਆਂ ਤੋਂ ਬਚਾਅ ਕਰਦਾ ਹੈ। ਇਸ ਲਈ ਵਿਟਾਮਿਨ-ਡੀ ਪ੍ਰਾਪਤ ਕਰਨ ਲਈ ਰੋਜ਼ਾਨਾ 15-20 ਮਿੰਟਾਂ ਲਈ ਹਲਕੀ ਧੁੱਪ ਦਾ ਆਨੰਦ ਲਉ।

ਪ੍ਰੋਟੀਨ ਸਾਡੇ ਭੋਜਨ ਦਾ ਇਕ ਬੇਹੱਦ ਅਹਿਮ ਹਿੱਸਾ ਹਨ। ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਹਨ, ਬਿਮਾਰੀਆਂ ਤੋਂ ਬਚਾਉਂਦੇ ਹਨ ਅਤੇ ਸਰੀਰ ਦੇ ਨਵੇਂ ਸੈਲਾਂ ਦਾ ਨਿਰਮਾਣ ਕਰਦੇ ਹਨ। ਇਸ ਲਈ ਦੁੱਧ, ਦਹੀਂ, ਦਾਲਾਂ ਅਤੇ ਗਿਰੀ-ਮੇਵਿਆਂ ਨੂੰ ਰੋਜ਼ਾਨਾ ਦੀ ਖੁਰਾਕ ਵਿਚ ਸ਼ਾਮਲ ਕਰੋ।
- ਅਸ਼ਵਨੀ ਚਤਰਥ, ਸੇਵਾ ਮੁਕਤ ਲੈਕਚਰਾਰ 
ਮੋ. 6284220595  
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement