ਅਮਰੀਕਾ ਦਾ ਦੂਜਾ ਜੰਗੀ ਬੇੜਾ ਪਛਮੀ ਏਸ਼ੀਆ ਭੇਜਿਆ ਜਾ ਰਿਹਾ: ਸੂਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

‘ਏਅਰਕਰਾਫ਼ਟ ਕੈਰੀਅਰ' ਨੂੰ ਕੈਰੇਬੀਅਨ ਸਾਗਰ ਤੋਂ ਪਛਮੀ ਏਸ਼ੀਆ ਵੱਲ ਰਵਾਨਾ ਹੋਣ ਦਾ ਹੁਕਮ

Second US warship being sent to West Asia: Source

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਰਾਨ ਉਤੇ ਦਬਾਅ ਬਣਾਉਣ ਅਤੇ ਸੰਭਾਵਤ ਫ਼ੌਜੀ ਕਾਰਵਾਈ ਉਤੇ ਵਿਚਾਰ ਕਰ ਰਹੇ ਹਨ। ਇਨ੍ਹਾਂ ਯੋਜਨਾਵਾਂ ਤੋਂ ਜਾਣੂ ਇਕ ਵਿਅਕਤੀ ਨੇ ਵੀਰਵਾਰ ਨੂੰ ਦਸਿਆ ਕਿ ਇਸੇ ਲੜੀ ’ਚ ਅਮਰੀਕਾ ਦੇ ਸਭ ਤੋਂ ਵੱਡੇ ‘ਏਅਰਕਰਾਫ਼ਟ ਕੈਰੀਅਰ’ ਨੂੰ ਕੈਰੇਬੀਅਨ ਸਾਗਰ ਤੋਂ ਪਛਮੀ ਏਸ਼ੀਆ ਵਲ ਰਵਾਨਾ ਹੋਣ ਦਾ ਹੁਕਮ ਦਿਤਾ ਗਿਆ ਹੈ।

ਫ਼ੌਜੀ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦਸਿਆ ਕਿ ਯੂ.ਐਸ.ਐਸ. ਗੇਰਾਲਡ ਆਰ. ਫ਼ੋਰਡ ਦੀ ਇਸ ਗਤੀਵਿਧੀ ਦੀ ਖ਼ਬਰ ਸਭ ਤੋਂ ਪਹਿਲਾਂ ‘ਨਿਊਯਾਰਕ ਟਾਈਮਜ਼’ ਨੇ ਦਿਤੀ ਸੀ। ਇਸ ਤਹਿਤ ਦੋ ‘ਏਅਰਕਰਾਫ਼ਟ ਕੈਰੀਅਰ’ ਅਤੇ ਉਨ੍ਹਾਂ ਨਾਲ ਮੌਜੂਦ ਜੰਗੀ ਬੇੜੇ ਇਸ ਖੇਤਰ ’ਚ ਤੈਨਾਤ ਹੋ ਜਾਣਗੇ। ਟਰੰਪ ਇਰਾਨ ਉਤੇ ਉਸ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਸਮਝੌਤਾ ਕਰਨ ਦਾ ਦਬਾਅ ਵਧਾ ਰਹੇ ਹਨ।

ਯੂ.ਐਸ.ਐਸ. ਅਬਰਾਹਮ ਲਿੰਕਨ ‘ਏਅਰਕਰਾਫ਼ਟ ਕੈਰੀਅਰ’ ਅਤੇ ਤਿੰਨ ਗਾਇਡੇਡ-ਮਿਜ਼ਾਈਲ ਵਿਰੋਧੀ ਬੇੜੇ ਦੋ ਹਫ਼ਤੇ ਤੋਂ ਵੱਧ ਸਮੇਂ ਪਹਿਲਾਂ ਪਛਮੀ ਏਸ਼ੀਆ ਪਹੁੰਚੇ ਸਨ।

ਇਹ ਯੂ.ਐਸ.ਐਸ. ਫ਼ੋਰਡ ਲਈ ਇਕ ਤੁਰਤ ਬਦਲਾਅ ਦਾ ਸੰਕੇਤ ਹੈ ਜਿਸ ਨੂੰ ਟਰੰਪ ਨੇ ਪਿਛਲੇ ਅਕਤੂਬਰ ’ਚ ਭੂਮੱਧ ਸਾਗਰ ਤੋਂ ਕੈਰੇਬੀਅਨ ਸਾਗਰ ’ਚ ਭੇਜ ਦਿਤਾ ਸੀ ਅਤੇ ਪ੍ਰਸ਼ਾਸਨ ਨੇ ਉਥੇ ਵਿਸ਼ਾਲ ਫ਼ੌਜ ਦੀ ਤੈਨਾਤੀ ਕੀਤੀ ਸੀ ਅਤੇ ਅਚਾਨਕ ਕਾਰਵਾਈ ਕਰ ਕੇ ਵੈਨੇਜ਼ੁਏਲਾ ਦੇ ਤਤਕਾਲੀ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਫੜ ਲਿਆ ਸੀ।

ਟਰੰਪ ਨੇ ਇਸ ਹਫ਼ਤੇ ਦੀ ਸ਼ੁਰੂਆਤ ’ਚ ਸਮਾਚਾਰ ਵੈੱਬਸਾਈਟ ‘ਐਕਸਯੋਸ’ ਨੂੰ ਦਸਿਆ ਸੀ ਕਿ ਉਹ ਪਛਮੀ ਏਸ਼ੀਆ ’ਚ ਦੂਜਾ ‘ਏਅਰਕਰਾਫ਼ਟ ਕੈਰੀਅਰ’ ਭੇਜਣ ਬਾਰੇ ਵਿਚਾਰ ਕਰ ਰਹੇ ਹਨ। ‘ਵਾਇਟ ਹਾਊਸ’ (ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ) ਨੇ ਟਿਪਣੀ ਦੀ ਅਪੀਲ ਉਤੇ ਤੁਰਤ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਹੈ।