Punjab Weather Update: ਪੰਜਾਬ ਵਿਚ ਅੱਜ ਹਨੇਰੀ-ਤੂਫ਼ਾਨ ਤੇ ਮੀਂਹ ਦੀ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab Weather Update: ਚਾਰ ਦਿਨਾਂ ਲਈ ਗਰਜ ਦੇ ਨਾਲ ਮੀਂਹ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ

Punjab Weather Update news in punjabi

ਚੰਡੀਗੜ੍ਹ : ਪੰਜਾਬ ਅਤੇ ਚੰਡੀਗੜ੍ਹ ਵਿਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਵਿਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਮੌਸਮ ਵਿਭਾਗ ਵਲੋਂ ਅੱਜ ਸਨਿਚਰਵਾਰ (14 ਮਾਰਚ) ਤੋਂ ਲਗਾਤਾਰ ਚਾਰ ਦਿਨਾਂ ਲਈ ਗਰਜ ਦੇ ਨਾਲ ਮੀਂਹ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ, ਜਿਸ ਲਈ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ।

ਅੱਜ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਦੇ ਕੁਝ ਇਲਾਕਿਆਂ ਵਿਚ ਤੂਫ਼ਾਨੀ ਮੀਂਹ, ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। 15 ਮਾਰਚ ਤੋਂ ਮੀਂਹ ਦਾ ਘੇਰਾ ਵਧੇਗਾ। ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਫ਼ਤਹਿਗੜ੍ਹ ਸਾਹਿਬ, ਪਟਿਆਲਾ, ਮੋਹਾਲੀ ਅਤੇ ਸੰਗਰੂਰ ਵਿਚ ਕਿਤੇ-ਕਿਤੇ ਤੇਜ਼ ਹਵਾਵਾਂ ਨਾਲ ਮੀਂਹ ਅਤੇ ਬਿਜਲੀ ਚਮਕਣ ਦੇ ਪੇਸ਼ੀਨਗੋਈ ਕੀਤੀ ਗਈ ਹੈ।

ਇਸ ਤੋਂ ਬਾਅਦ 16 ਮਾਰਚ ਨੂੰ ਪਠਾਨਕੋਟ, ਹੁਸ਼ਿਆਰਪੁਰ, ਮੋਹਾਲੀ ਅਤੇ ਰੂਪਨਗਰ ਵਿਚ ਤੂਫ਼ਾਨ, ਮੀਂਹ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ਵਿਚ ਸਭ ਤੋਂ ਵੱਧ ਤਾਪਮਾਨ ਸ੍ਰੀ ਅਨੰਦਪੁਰ ਸਾਹਿਬ ਵਿਚ 33.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪੰਜਾਬ ਦੇ 7 ਜ਼ਿਲ੍ਹਿਆਂ ਵਿਚ ਤਾਪਮਾਨ 31 ਡਿਗਰੀ ਤੋਂ ਉੱਪਰ ਰਿਹਾ ਹੈ, ਜਿਨ੍ਹਾਂ ਵਿਚ ਰੂਪਨਗਰ 33.5 ਡਿਗਰੀ, ਮੋਹਾਲੀ 32.7 ਡਿਗਰੀ ਅਤੇ ਪਟਿਆਲਾ 32.2 ਡਿਗਰੀ ਰਿਹਾ ਹੈ।

ਜਦਕਿ ਚੰਡੀਗੜ੍ਹ ਵਿਚ ਤਾਪਮਾਨ 33.6 ਡਿਗਰੀ ਰਿਕਾਰਡ ਹੋਇਆ ਹੈ। ਮੌਸਮ ਵਿਭਾਗ ਅਨੁਸਾਰ 20 ਮਾਰਚ ਤੱਕ ਸੂਬੇ ਦੇ ਪੂਰਬੀ ਜ਼ਿਲ੍ਹਿਆਂ ਵਿਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਰਹੇਗੀ। ਇਸ ਹਫ਼ਤੇ ਦੌਰਾਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਵੱਖ-ਵੱਖ ਹਿੱਸਿਆਂ ਵਿਚ 26 ਤੋਂ 32 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ।