ਪੰਜਾਬੀ ਗਾਇਕ ਮਨਕੀਰਤ ਔਲਖ ਦੇ ਨਾਮ ’ਤੇ ਠੱਗੀ ਮਾਰ ਰਹੇ ਨੇ ਸਾਈਬਰ ਠੱਗ
ਪਾਕਿਸਤਾਨੀ ਨੰਬਰਾਂ ਤੋਂ ਲੋਕਾਂ ਨੂੰ ਆ ਰਹੇ ਫ਼ੋਨ, ਮੰਗ ਰਹੇ ਪੈਸੇ ਅਤੇ ਓਟੀਪੀ
ਅੰਮ੍ਰਿਤਸਰ : ਪੰਜਾਬੀ ਗਾਇਕ ਮਨਕੀਰਤ ਔਲਖ ਦੇ ਨਾਂ ਤੇ ਲੋਕਾਂ ਨਾਲ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਖੁਦ ਮਨਕੀਰਤ ਔਲਖ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਸਾਵਧਾਨ ਕੀਤਾ ਹੈ । ਉਨ੍ਹਾਂ ਦੱਸਿਆ ਕਿ ਕੁਝ ਠੱਗ ਉਸ ਦੇ ਨਾਂ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਫੋਨ ਕਰ ਰਹੇ ਹਨ ਅਤੇ ਪੈਸੇ ਠੱਗਣ ਦੀ ਕੋਸ਼ਿਸ਼ ਕਰ ਰਹੇ ਹਨ।
ਮਨਕੀਰਤ ਔਲਖ ਨੇ ਕਿਹਾ ਕਿ ਕੁਝ ਲੋਕ ਪਾਕਿਸਤਾਨ ਦੇ ਨੰਬਰਾਂ ਤੋਂ ਕਾਲ ਕਰ ਰਹੇ ਹਨ ਅਤੇ ਆਪਣੇ ਆਪ ਨੂੰ ਮਨਕੀਰਤ ਔਲਖ ਜਾਂ ਉਸ ਦੀ ਟੀਮ ਦਾ ਮੈਂਬਰ ਦੱਸ ਰਹੇ ਹਨ । ਇਹ ਲੋਕ ਖਾਸ ਕਰਕੇ ਗਰੀਬ ਅਤੇ ਘੱਟ ਪੜ੍ਹੇ-ਲਿਖੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਠੱਗ ਪਹਿਲਾਂ ਮਿੱਠੀ-ਮਿੱਠੀ ਗੱਲਾਂ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਹ ਉਨ੍ਹਾਂ ਦੀ ਮਦਦ ਕਰਨਗੇ ਜਾਂ 10 ਲੱਖ ਰੁਪਏ ਤੱਕ ਦੀ ਸਹਾਇਤਾ ਦਿਵਾਉਣਗੇ । ਇਸ ਤੋਂ ਬਾਅਦ ਉਹ ਲੋਕਾਂ ਨੂੰ ਕਹਿੰਦੇ ਹਨ ਕਿ ਰਜਿਸਟ੍ਰੇਸ਼ਨ ਜਾਂ ਪ੍ਰੋਸੈੱਸ ਲਈ ਕੁਝ ਪੈਸੇ ਭੇਜਣੇ ਪੈਣਗੇ।
ਕਈ ਲੋਕ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ 2000, 5000 ਜਾਂ 10000 ਰੁਪਏ ਤੱਕ ਵੀ ਭੇਜ ਦਿੰਦੇ ਹਨ। ਇਸ ਤੋਂ ਇਲਾਵਾ ਕੁਝ ਮਾਮਲਿਆਂ ਵਿੱਚ ਲੋਕਾਂ ਤੋਂ ਓਟੀਪੀ ਵੀ ਮੰਗਿਆ ਜਾਂਦਾ ਹੈ। ਮਨਕੀਰਤ ਔਲਖ ਨੇ ਸਾਫ਼ ਕਿਹਾ ਹੈ ਕਿ ਕਿਸੇ ਵੀ ਹਾਲਤ ਵਿੱਚ ਆਪਣਾ ਓਟੀਪੀ ਕਿਸੇ ਨੂੰ ਨਾ ਦਿਓ ਅਤੇ ਕਿਸੇ ਵੀ ਅਣਜਾਣ ਨੰਬਰ ਤੇ ਪੈਸੇ ਟ੍ਰਾਂਸਫਰ ਨਾ ਕਰੋ। ਉਨ੍ਹਾਂ ਨੇ ਲੋਕਾਂ ਤੋਂ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਜੇ ਕੋਈ ਵਿਅਕਤੀ ਮਨਕੀਰਤ ਔਲਖ ਬਣ ਕੇ ਫੋਨ ਕਰੇ ਤਾਂ ਸਮਝ ਲਓ ਕਿ ਉਹ ਠੱਗ ਹੈ। ਉਨ੍ਹਾਂ ਕਿਹਾ ਅਸਲੀ ਮਨਕੀਰਤ ਔਲਖ ਜਾਂ ਉਸ ਦੀ ਟੀਮ ਇਸ ਤਰ੍ਹਾਂ ਕਿਸੇ ਤੋਂ ਪੈਸੇ ਨਹੀਂ ਮੰਗਦੀ।
ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਜੇ ਕਿਸੇ ਨੂੰ ਅਜਿਹੀ ਕਾਲ ਜਾਂ ਮੈਸੇਜ ਆਵੇ ਤਾਂ ਤੁਰੰਤ ਚੌਕਸ ਹੋ ਜਾਓ ਅਤੇ ਇਸ ਦੀ ਸ਼ਿਕਾਇਤ ਪੁਲਿਸ ਜਾਂ ਸਾਈਬਰ ਕ੍ਰਾਈਮ ਵਿਭਾਗ ਵਿੱਚ ਕਰੋ। ਮਿਹਨਤ ਨਾਲ ਕਮਾਏ ਹੋਏ ਪੈਸੇ ਨੂੰ ਇਸ ਤਰ੍ਹਾਂ ਦੇ ਧੋਖੇਬਾਜ਼ਾਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਸਾਰੇ ਲੋਕਾਂ ਨੂੰ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਵੀ ਇਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।