ਏਅਰ ਇੰਡੀਆ ਦੀ 'ਛੁੱਟੀ ਦੌਰਾਨ ਸਫ਼ਰ ਨੀਤੀ' ’ਚ ਵੱਡੇ ਪੱਧਰ ’ਤੇ ਗੜਬੜੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਿਸ਼ਤੇਦਾਰਾਂ ਦੀ ਥਾਂ ਹੋਰ ਲੋਕਾਂ ਨੂੰ ਵੇਚਦੇ ਰਹੇ ਟਿਕਟਾਂ

Air India's 'holiday travel policy' suffers from widespread irregularities

ਨਵੀਂ ਦਿੱਲੀ/ਮੁੰਬਈ: ਏਅਰ ਇੰਡੀਆ ਨੇ ਆਪਣੀ ਮੁਲਾਜ਼ਮਾਂ ਲਈ ਬਣਾਈ ਗਈ ਮੁਲਾਜ਼ਮ ਛੁੱਟੀ ਦੌਰਾਨ ਸਫ਼ਰ (ELT) ਨੀਤੀ ਵਿੱਚ ਵੱਡੇ ਪੱਧਰ ’ਤੇ ਗੜਬੜੀਆਂ ਦਾ ਪਤਾ ਲਗਾਇਆ ਹੈ। ਕੰਪਨੀ ਦੀ ਅੰਦਰੂਨੀ ਜਾਂਚ ’ਚ ਸਾਹਮਣੇ ਆਇਆ ਕਿ 4,000 ਤੋਂ ਵੱਧ ਕਰਮਚਾਰੀਆਂ ਨੇ ਇਸ ਸਕੀਮ ਦਾ ਗਲਤ ਫਾਇਦਾ ਚੁੱਕਿਆ।
ਇਸ ਨੀਤੀ ਅਧੀਨ ਮੁਲਾਜ਼ਮਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਲਈ ਮੁਫ਼ਤ ਟਿਕਟਾਂ ਮਿਲਦੀਆਂ ਹਨ। ਪਰ ਜਾਂਚ ’ਚ ਪਤਾ ਲੱਗਾ ਕਿ ਕਈ ਮੁਲਾਜ਼ਮ ਆਪਣੇ ਅਸਲੀ ਰਿਸ਼ਤੇਦਾਰਾਂ ਦੀ ਥਾਂ ਹੋਰ ਲੋਕਾਂ ਨੂੰ ਦਰਜ ਕਰ ਕੇ ਟਿਕਟਾਂ ਲੈ ਰਹੇ ਸਨ। ਕੁਝ ਨੇ ਤਾਂ ਇਹ ਟਿਕਟਾਂ ਵੇਚ ਕੇ ਪੈਸੇ ਵੀ ਕਮਾਏ।

ਇੱਕ ਅਧਿਕਾਰੀ ਨੇ ਦੱਸਿਆ, ‘‘ਇਹ ਸਿਰਫ਼ ਨਿਯਮਾਂ ਦੀ ਉਲੰਘਣਾ ਨਹੀਂ, ਸਗੋਂ ਨੈਤਿਕਤਾ ਦਾ ਵੀ ਸਵਾਲ ਹੈ। ਮੁਲਾਜ਼ਮਾਂ ਨੂੰ ਹੁਣ ਜ਼ਰੂਰੀ ਰਿਸ਼ਤੇਦਾਰੀ ਦੇ ਸਬੂਤ ਦੇਣੇ ਪੈਣਗੇ।’’ ਦੂਜੇ ਸੂਤਰ ਨੇ ਕਿਹਾ, ‘‘ਜ਼ਿਆਦਾਤਰ ਉਹ ਮੁਲਾਜ਼ਮ ਫਸੇ ਹਨ ਜੋ ਨਿਜੀਕਰਨ ਤੋਂ ਬਾਅਦ ਏਅਰ ਇੰਡੀਆ ’ਚ ਸ਼ਾਮਲ ਹੋਏ।’’

ਟਾਟਾ ਗਰੁੱਪ ਨੇ ਜਨਵਰੀ 2022 ’ਚ ਏਅਰ ਇੰਡੀਆ ਨੂੰ ਖਰੀਦਿਆ ਸੀ ਅਤੇ ਇਸ ਵੇਲੇ ਕੰਪਨੀ ਵੱਡੇ ਬਦਲਾਅ ਦੇ ਯੋਜਨਾ ’ਤੇ ਕੰਮ ਕਰ ਰਹੀ ਹੈ। ਮੁਲਾਜ਼ਮਾਂ ਨੂੰ ਹੁਣ ਗਲਤ ਤਰੀਕੇ ਨਾਲ ਲਏ ਗਏ ਪੈਸੇ ਵਾਪਸ ਕਰਨੇ ਪੈਣਗੇ ਅਤੇ ਕਈਆਂ ’ਤੇ ਭਾਰੀ ਜੁਰਮਾਨੇ ਵੀ ਲਗਾਏ ਗਏ ਹਨ। ਏਅਰ ਇੰਡੀਆ ਦੇ 24,000 ਕਰਮਚਾਰੀਆਂ ਵਿੱਚੋਂ ਹਰ ਇੱਕ ਨੂੰ ਸਾਲਾਨਾ 14 ਮੁਫ਼ਤ ਟਿਕਟਾਂ ਮਿਲਦੀਆਂ ਹਨ। ਹੁਣ ਕੰਪਨੀ ਨੇ ਨਿਯਮ ਹੋਰ ਸਖ਼ਤ ਕਰ ਦਿੱਤੇ ਹਨ ਤਾਂ ਜੋ ਭਵਿੱਖ ‘ਚ ਇਸ ਤਰ੍ਹਾਂ ਦੀ ਗੜਬੜ ਨਾ ਹੋਵੇ।