ਕੋਲਕਾਤਾ ਵਿਚ ਮੋਦੀ ਦੀ ਰੈਲੀ ਤੋਂ ਪਹਿਲਾਂ ਤ੍ਰਿਣਮੂਲ-ਭਾਜਪਾ ਵਰਕਰ ਭਿੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੰਤਰੀ ਦੇ ਘਰ ਉਤੇ ਪੱਥਰਬਾਜ਼ੀ

Trinamool-BJP workers clash before Modi's rally in Kolkata

ਕੋਲਕਾਤਾ : ਕੋਲਕਾਤਾ ਵਿਚ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਥੋੜ੍ਹੀ ਦੇਰ ਪਹਿਲਾਂ ਤਿ੍ਰਣਮੂਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਰਕਰਾਂ ਵਿਚਕਾਰ ਭਿਆਨਕ ਝੜਪ ਹੋਈ। ਇਹ ਹਿੰਸਾ ਬਿ੍ਰਗੇਡ ਪਰੇਡ ਗਰਾਊਂਡ ਤੋਂ ਲਗਭਗ 5 ਕਿਲੋਮੀਟਰ ਦੂਰ ਹੋਈ, ਜਿੱਥੇ ਭਾਜਪਾ ਸਮਰਥਕ ਰੈਲੀ ਵਲ ਜਾ ਰਹੇ ਸਨ। ਇਸ ਦੌਰਾਨ ਬੋਵਬਾਜ਼ਾਰ ਪੁਲਿਸ ਥਾਣੇ ਦੇ ਇੰਚਾਰਜ ਬੱਪਾਦਿੱਤਿਆ ਨਸਕਰ ਅਤੇ ਭਾਜਪਾ ਦੇ ਉੱਤਰੀ ਕੋਲਕਾਤਾ ਜ਼ਿਲ੍ਹਾ ਪ੍ਰਧਾਨ ਤਮਾਘਨੋ ਘੋਸ਼ ਵੀ ਜ਼ਖ਼ਮੀ ਹੋ ਗਏ।

ਹਿੰਸਾ ਦੇ ਦੌਰਾਨ ਪੱਥਰਬਾਜ਼ੀ ਮੰਤਰੀ ਸ਼ਸ਼ੀ ਪਾਂਜਾ ਦੇ ਘਰ ਤਕ ਪਹੁੰਚ ਗਈ। ਬਾਅਦ ’ਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪਾਂਜਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਉਤੇ ਇੱਟਾਂ ਨਾਲ ਵਾਰ ਕੀਤਾ ਗਿਆ। ਉਨ੍ਹਾਂ ਨੇ ਕਿਹਾ, ‘‘ਉਹ ਮੈਨੂੰ ਮਾਰਨਾ ਚਾਹੁੰਦੇ ਸਨ। ਕੀ ਇਹੀ ਭਾਜਪਾ ਦਾ ‘ਪਰਿਵਰਤਨ’ ਹੈ ਕਿ ਇਕ ਮਹਿਲਾ ਮੰਤਰੀ ਅਤੇ ਬਜ਼ੁਰਗ ਸਿਆਸਤਦਾਨ ਅਜੀਤ ਪਾਂਜਾ ਦੇ ਘਰ ਉਤੇ ਹਮਲਾ ਕੀਤਾ ਜਾਵੇ?’’ ਮੰਤਰੀ ਬਰਾਤਿਆ ਬਾਸੂ ਨੇ ਇਸ ਘਟਨਾ ਨੂੰ ਇਤਿਹਾਸਕ ਦੱਸਦਿਆਂ ਕਿਹਾ, ‘‘ਇਹ ਪਹਿਲੀ ਵਾਰ ਹੈ ਕਿ ਆਜ਼ਾਦ ਭਾਰਤ ਵਿਚ ਕਿਸੇ ਮੰਤਰੀ ਦੇ ਘਰ ਉਤੇ ਇਸ ਤਰ੍ਹਾਂ ਹਮਲਾ ਕੀਤਾ ਗਿਆ ਹੈ।’’

ਦੂਜੇ ਪਾਸੇ ਭਾਜਪਾ ਵਰਕਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਉਤੇ ਬਿਨਾਂ ਕਿਸੇ ਉਕਸਾਵੇ ਤੋਂ ਹਮਲਾ ਕੀਤਾ ਗਿਆ ਸੀ। ਇਕ ਕਾਰਕੁਨ ਨੇ ਕਿਹਾ, ‘‘ਸਾਡੇ ਉੱਤੇ ਬਿਨਾਂ ਕਿਸੇ ਕਾਰਨ ਪੱਥਰ ਸੁੱਟੇ ਗਏ ਅਤੇ ਗਾਲ੍ਹਾਂ ਕੱਢੀਆਂ ਗਈਆਂ।’’ਜਦਕਿ ਪਾਂਜਾ ਨੇ ਵਿਰੋਧੀ ਦਾਅਵਾ ਕੀਤਾ ਕਿ ਭਾਜਪਾ ਨੇ ਯੋਜਨਾਬੱਧ ਹਮਲਾ ਕੀਤਾ ਅਤੇ ਉਨ੍ਹਾਂ ਦੇ ਸਮਰਥਕ ਇੱਟਾਂ, ਬੋਤਲਾਂ ਅਤੇ ਬੰਬ ਲੈ ਕੇ ਆਏ ਸਨ।
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵੀ ਰੈਲੀ ਵਿਚ ਕਿਹਾ ਕਿ ਭਾਜਪਾ ਵਰਕਰਾਂ ਨੂੰ ਰੈਲੀ ਤਕ ਪਹੁੰਚਣ ਤੋਂ ਰੋਕਣ ਲਈ ਪੁਲਾਂ ਉਤੇ ਰੁਕਾਵਟਾਂ ਪਾਈਆਂ ਗਈਆਂ ਅਤੇ ਉਨ੍ਹਾਂ ਨੂੰ ਤੰਗ ਕੀਤਾ ਗਿਆ।ਪੁਲਿਸ ਨੇ ਅਪਣੀ ਵੱਡੀ ਟੁਕੜੀ ਭੇਜ ਕੇ ਸਥਿਤੀ ਉਤੇ ਕਾਬੂ ਪਾਇਆ। ਹਾਲਾਤ ਵੇਖ ਕੇ ਇਲਾਕੇ ਦੇ ਦੁਕਾਨਦਾਰਾਂ ਨੇ ਤੁਰਤ ਅਪਣੀਆਂ ਦੁਕਾਨਾਂ ਬੰਦ ਕਰ ਦਿਤੀਆਂ। 

ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ’ਤੇ ਦੇਸ਼ ਅੰਦਰ ਡਰ ਫੈਲਾਉਣ ਦਾ ਦੋਸ਼ ਲਗਾਇਆ
ਕਿਹਾ, ਸਰਕਾਰ ਵਿਸ਼ਵ ਜੰਗਾਂ ਦੇ ਦੇਸ਼ ’ਤੇ ਅਸਰ ਘੱਟ ਕਰਨ ’ਤੇ ਲੱਗੀ ਹੈ, ਪਰ ਕਾਂਗਰਸ ਡਰ ਫੈਲਾ ਰਹੀ ਹੈ
ਸਿਲਚਰ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਦੇਸ਼ ਵਿਚ ਘਬਰਾਹਟ ਪੈਦਾ ਕਰਨ ਦੇ ਦੋਸ਼ ਲਗਾਏ। ਅਸਾਮ ਦੇ ਸਿਲਚਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, “ਜਦੋਂ ਦੁਨੀਆਂ ਜੰਗਾਂ ਦਾ ਸਾਹਮਣਾ ਕਰ ਰਹੀ ਹੈ, ਸਾਡੀ ਕੋਸ਼ਿਸ਼ ਲੋਕਾਂ ‘ਤੇ ਇਸ ਦਾ ਪ੍ਰਭਾਵ ਘਟਾਉਣ ਦੀ ਹੈ। ਕਾਂਗਰਸ ਨੂੰ ਜ਼ਿੰਮੇਵਾਰ ਪਾਰਟੀ ਵਜੋਂ ਕੰਮ ਕਰਨਾ ਚਾਹੀਦਾ ਸੀ, ਪਰ ਇਸ ਨੇ ਸਿਰਫ਼ ਅਫ਼ਵਾਹਾਂ ਅਤੇ ਝੂਠ ਫੈਲਾਏ।’’ ਇਸ ਮੌਕੇ ‘ਤੇ ਉਨ੍ਹਾਂ ਨੇ ਸਿਲਚਰ ਵਿਚ 23,550 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਵੀ ਕੀਤਾ। 
ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਨੇ ਦਹਾਕਿਆਂ ਤਕ ਉੱਤਰ-ਪੂਰਬ ਦੇ ਵਿਕਾਸ ਨੂੰ ਨਜ਼ਰਅੰਦਾਜ਼ ਕੀਤਾ ਅਤੇ ਬਰਾਕ ਵੈਲੀ ਨੂੰ ਸਮੁੰਦਰ ਨਾਲੋਂ ਵੱਖ ਕਰ ਦਿਤਾ। “ਬਰਾਕ ਵੈਲੀ, ਜੋ ਇਕ ਉਦਯੋਗਿਕ ਕੇਂਦਰ ਸੀ, ਉਸ ਦੀ ਤਾਕਤ ਖਤਮ ਕਰ ਦਿਤੀ ਗਈ। ਅੱਜ ਬੀਜੇਪੀ ਸਰਕਾਰ ਇਸਨੂੰ ਵਪਾਰ ਅਤੇ ਲਾਜਿਸਟਿਕਸ ਹੱਬ ਵਜੋਂ ਵਿਕਸਤ ਕਰ ਰਹੀ ਹੈ,’’ ਮੋਦੀ ਨੇ ਕਿਹਾ।
ਪ੍ਰਧਾਨ ਮੰਤਰੀ ਨੇ ਕਾਂਗਰਸ ਦੇ “ਕਪੜੇ ਫਾੜ’’ ਪ੍ਰਦਰਸ਼ਨ ਦੀ ਵੀ ਆਲੋਚਨਾ ਕੀਤੀ। “ਪੂਰੀ ਦੁਨੀਆਂ ਏ.ਆਈ. ‘ਚ ਦਿਲਚਸਪੀ ਲੈ ਰਹੀ ਹੈ, ਪਰ ਕਾਂਗਰਸ ਨੇ ਦੇਸ਼ ਨੂੰ ਸ਼ਰਮਿੰਦਾ ਕਰਨ ਦੀ ਕੋਸ਼ਿਸ਼ ਕੀਤੀ,’’ ਉਨ੍ਹਾਂ ਨੇ ਕਿਹਾ।
ਮੋਦੀ ਨੇ ਐਲਾਨ ਕੀਤਾ ਕਿ ਸਿਲਚਰ-ਸ਼ਿਲੋਂਗ ਦਰਮਿਆਨ 166 ਕਿਮੀ ਲੰਬਾ ਐਕਸਪ੍ਰੈਸਵੇ ਬਣਾਇਆ ਜਾਵੇਗਾ, ਜਿਸ ਨਾਲ ਯਾਤਰਾ ਸਮਾਂ 8.5 ਘੰਟਿਆਂ ਤੋਂ ਘਟ ਕੇ 5 ਘੰਟੇ ਰਹਿ ਜਾਵੇਗਾ। ਇਸ ਤੋਂ ਇਲਾਵਾ, ਖੇਤੀਬਾੜੀ ਕਾਲਜ ਅਤੇ ਹੋਰ ਪ੍ਰਾਜੈਕਟਾਂ ਨਾਲ ਬਰਾਕ ਵੈਲੀ ਨੂੰ ਨਵੀਂ ਦਿਸ਼ਾ ਮਿਲੇਗੀ।     (ਪੀ.ਟੀ.ਆਈ.)
ਪਛਮੀ ਬੰਗਾਲ ’ਚ ਮੋਦੀ ਨੇ ਤਿ੍ਰਣਮੂਲ ਕਾਂਗਰਸ ’ਤੇ ਘੁਸਪੈਠੀਆਂ ਦੀ ਰੱਖਿਆ ਕਰਨ ਦਾ ਦੋਸ਼ ਲਾਇਆ
ਕੋਲਕਾਤਾ, 14 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਬਿ੍ਰਗੇਡ ਪਰੇਡ ਗਰਾਊਂਡ ਵਿਚ ਕੀਤੀ ਇਕ ਰੈਲੀ ਦੌਰਾਨ ਤਿੱਖਾ ਹਮਲਾ ਕਰਦਿਆਂ ਤਿ੍ਰਣਮੂਲ ਕਾਂਗਰਸ (ਟੀ.ਐਮ.ਸੀ.) ਉਤੇ ਘੁਸਪੈਠੀਆਂ ਦੀ ਰਾਖੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਟੀ.ਐਮ.ਸੀ. ਨੇ ਐੱਸ.ਆਈ.ਆਰ. ਪ੍ਰਕਿਰਿਆ ਦਾ ਵਿਰੋਧ ਕੀਤਾ ਤਾਂ ਜੋ ‘ਵੋਟਰ ਲਿਸਟ ਤੋਂ ਘੁਸਪੈਠੀਆਂ ਦੇ ਨਾਮ ਨਾ ਹਟਾਏ ਜਾਣ।’ ਮੋਦੀ ਨੇ ਦਾਅਵਾ ਕੀਤਾ ਕਿ ‘ਬੰਗਾਲ ਵਿਚ ਵਸੋਂ ਦਾ ਸੰਤੁਲਨ ਬਦਲ ਗਿਆ ਹੈ ਅਤੇ ਹਿੰਦੂਆਂ ਨੂੰ ਜਾਣ-ਬੁੱਝ ਕੇ ਘੱਟਗਿਣਤੀ ਬਣਾਇਆ ਜਾ ਰਿਹਾ ਹੈ।’ ਉਨ੍ਹਾਂ ਨੇ ਚੇਤਾਵਨੀ ਦਿਤੀ , ‘‘ਟੀ.ਐਮ.ਸੀ. ਦੇ ਗੁੰਡਿਆਂ ਦੇ ਦਿਨ ਹੁਣ ਗਿਣਤੀ ਦੇ ਰਹਿ ਗਏ ਹਨ ਅਤੇ ਉਨ੍ਹਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ।’’ ਮੋਦੀ ਨੇ ਦੋਹਰਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ‘ਸਬ ਕਾ ਸਾਥ, ਸਬ ਕਾ ਵਿਕਾਸ’ ਦੇ ਸਿਧਾਂਤ ’ਤੇ ਕੰਮ ਕਰੇਗੀ। ਮੋਦੀ ਦੀ ਇਸ ਰੈਲੀ ਨਾਲ 2026 ਦੀਆਂ ਵਿਧਾਨ ਸਭਾ ਚੋਣਾਂ ਲਈ ਪਛਮੀ ਬੰਗਾਲ ਵਿਚ ਸਿਆਸੀ ਗਰਮੀ ਹੋਰ ਤੇਜ਼ ਹੋ ਗਈ ਹੈ।