ਲੋਕ ਸਭਾ 'ਚ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਟਕਰਾਅ ਵਧਿਆ
ਕਾਗਜ਼ ਸੁੱਟਣ ਦੇ ਦੋਸ਼ 'ਚ ਵਿਰੋਧੀ ਧਿਰ ਦੇ ਅੱਠ ਸੰਸਦ ਮੈਂਬਰ ਮੁਅੱਤਲ
ਨਵੀਂ ਦਿੱਲੀ: ਸਾਬਕਾ ਫੌਜ ਮੁਖੀ ਐਮ.ਐਮ. ਨਰਵਣੇ ਦੀ ਅਣਪ੍ਰਕਾਸ਼ਿਤ ਕਿਤਾਬ ਦੇ ਮੁੱਦੇ ਨੂੰ ਲੈ ਕੇ ਲੋਕ ਸਭਾ ’ਚ ਰੇੜਕੇ ਦੇ ਵਿਚਕਾਰ ਮੰਗਲਵਾਰ ਨੂੰ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਟਕਰਾਅ ਦਾ ਨਵਾਂ ਮੋਰਚਾ ਸ਼ੁਰੂ ਹੋ ਗਿਆ, ਜਦੋਂ ਪੋਡੀਅਮ ਦੇ ਨੇੜੇ ਕਾਗ਼ਜ਼ ਉਛਾਲਣ ਦੇ ਦੋਸ਼ ’ਚ ਵਿਰੋਧੀ ਧਿਰ ਦੇ ਅੱਠ ਸੰਸਦ ਮੈਂਬਰਾਂ ਨੂੰ ਮੌਜੂਦਾ ਬਜਟ ਸੈਸ਼ਨ ਦੇ ਬਾਕੀ ਬਚੇ ਸਮੇਂ ਲਈ ਮੁਅੱਤਲ ਕਰ ਦਿਤਾ ਗਿਆ।
ਕਾਂਗਰਸ ਦੇ ਸੱਤ ਮੈਂਬਰਾਂ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਇਕ ਸੰਸਦ ਮੈਂਬਰ ਨੂੰ ਸਦਨ ਤੋਂ ਮੁਅੱਤਲ ਕਰ ਦਿਤਾ ਗਿਆ ਹੈ। ਸਦਨ ’ਚ ਰੇੜਕੇ ਵਿਚਕਾਰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਸਾਬਕਾ ਫੌਜ ਮੁਖੀ ਐਮ.ਐਮ. ਨਰਵਣੇ ਦੀਆਂ ਅਣਪ੍ਰਕਾਸ਼ਿਤ ਯਾਦਾਂ ਉਤੇ ਆਧਾਰਤ ਇਕ ਲੇਖ ਦਾ ਹਵਾਲਾ ਦੇ ਕੇ ਚੀਨ ਦਾ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ, ਪਰ ਸਦਨ ਨੇ ਇਸ ਦੀ ਇਜਾਜ਼ਤ ਨਹੀਂ ਦਿਤੀ। ਹਾਲਾਂਕਿ, ਉਨ੍ਹਾਂ ਨੇ ਲੇਖ ਦੀ ਪੁਸ਼ਟੀ ਕੀਤੀ ਅਤੇ ਇਸ ਨੂੰ ਸਦਨ ਦੇ ਮੇਜ਼ ਉਤੇ ਰੱਖਿਆ।
ਹੰਗਾਮੇ ਕਾਰਨ ਤਿੰਨ ਵਾਰੀ ਮੁਲਤਵੀ ਕਰਨ ਤੋਂ ਬਾਅਦ ਸਦਨ ਦੀ ਕਾਰਵਾਈ ਬੁਧਵਾਰ ਸਵੇਰੇ 11 ਵਜੇ ਤਕ ਮੁਲਤਵੀ ਕਰ ਦਿਤੀ ਗਈ।
ਸਦਨ ’ਚ ਰਾਸ਼ਟਰਪਤੀ ਦੇ ਭਾਸ਼ਣ ਉਤੇ ਧੰਨਵਾਦ ਮਤੇ ਉਤੇ ਚੱਲ ਰਹੀ ਚਰਚਾ ’ਚ ਰਾਹੁਲ ਗਾਂਧੀ ਵਲੋਂ ਨਰਵਣੇ ਦੀ ਅਣਪ੍ਰਕਾਸ਼ਿਤ ਯਾਦਾਂ ਦਾ ਹਵਾਲਾ ਦੇਣ ਦੀ ਕੋਸ਼ਿਸ਼ ਕਰਨ ਦੇ ਮੁੱਦੇ ਉਤੇ ਤਿੰਨ ਵਾਰ ਮੁਲਤਵੀ ਕਰਨ ਤੋਂ ਬਾਅਦ ਜਦੋਂ ਪੀਠਾਸੀਨ ਸਭਾਪਤੀ ਦਿਲੀਪ ਸੈਕੀਆ ਨੇ ਸਦਨ ਦੀ ਹੁਕਮਅਦੂਲੀ ਕਰਨ ਲਈ ਕਾਂਗਰਸੀ ਮੈਂਬਰਾਂ ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਦੀਪ ਸਿੰਘ ਔਜਲਾ, ਹਿਬੀ ਈਡਨ, ਡੀਨ ਕੁਰੀਆਕੋਸ, ਪ੍ਰਸ਼ਾਂਤ ਪਡੋਲੇ, ਕਿਰਨ ਕੁਮਾਰ ਰੈਡੀ ਅਤੇ ਮਣਿਕਮ ਟੈਗੋਰ ਅਤੇ ਸੀ.ਪੀ.ਆਈ. (ਐਮ) ਦੇ ਸੰਸਦ ਮੈਂਬਰ ਐਸ. ਵੈਂਕਟੇਸਨ ਦੇ ਨਾਂ ਲਏ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਅੱਠ ਮੈਂਬਰਾਂ ਦਾ ਨਾਮ ਲੈਂਦੇ ਹੋਏ ਸਦਨ ਵਿਚ ਇਕ ਮਤਾ ਪੇਸ਼ ਕੀਤਾ ਕਿ ਸਦਨ ਦਾ ਅਪਮਾਨ ਕਰਨ ਅਤੇ ਸਕੱਤਰ ਜਨਰਲ ਤੇ ਲੋਕ ਸਭਾ ਅਧਿਕਾਰੀਆਂ ਦੀ ਮੇਜ਼ ਉਤੇ ਕਾਗਜ਼ ਸੁੱਟ ਕੇ ਸਦਨ ਦੀ ਇੱਜ਼ਤ ਨੂੰ ਢਾਹ ਲਾਉਣ ਦੇ ਦੋਸ਼ ਵਿਚ ਨਿਯਮ 374 (2) ਦੇ ਤਹਿਤ ਸੰਸਦ ਦੇ ਮੌਜੂਦਾ ਸੈਸ਼ਨ ਦੇ ਬਾਕੀ ਬਚੇ ਸਮੇਂ ਲਈ ਸਾਰੇ ਮੈਂਬਰਾਂ ਨੂੰ ਮੁਅੱਤਲ ਕੀਤਾ ਜਾਵੇ। ਸਦਨ ਨੇ ਜ਼ੁਬਾਨੀ ਵੋਟ ਰਾਹੀਂ ਮਤੇ ਨੂੰ ਮਨਜ਼ੂਰੀ ਦੇ ਦਿਤੀ, ਜਿਸ ਤੋਂ ਬਾਅਦ ਸਦਨ ਨੂੰ ਦਿਨ ਲਈ ਮੁਲਤਵੀ ਕਰ ਦਿਤਾ ਗਿਆ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਵਲੋਂ ਚੀਨ ਦਾ ਮੁੱਦਾ ਉਠਾਉਣ ਦੀ ਕੋਸ਼ਿਸ਼, ਅਮਰੀਕਾ ਨਾਲ ਵਪਾਰ ਸਮਝੌਤੇ ਅਤੇ ਕੁੱਝ ਹੋਰ ਮੁੱਦਿਆਂ ਨੂੰ ਲੈ ਕੇ ਸਦਨ ਦੀ ਕਾਰਵਾਈ ਤਿੰਨ ਵਾਰ ਮੁਲਤਵੀ ਕਰਨੀ ਪਈ ਸੀ।
ਇਸ ਦੌਰਾਨ ਸਮਾਜਵਾਦੀ ਪਾਰਟੀ ਦੇ ਮੈਂਬਰਾਂ ਨੇ ਵਾਰਾਣਸੀ ਦੇ ਮਣੀਕਰਣਿਕਾ ਘਾਟ ਉਤੇ ਮਹਾਰਾਣੀ ਅਹਿਲਿਆਬਾਈ ਹੋਲਕਰ ਦੇ ਬੁੱਤ ਦੀ ਕਥਿਤ ਭੰਨਤੋੜ ਦਾ ਮੁੱਦਾ ਉਠਾਇਆ ਅਤੇ ‘ਅਹਿਲਿਆਬਾਈ ਦਾ ਅਪਮਾਨ, ਹਿੰਦੁਸਤਾਨ ਬਰਦਾਸ਼ਤ ਨਹੀਂ ਕਰੇਗਾ’ ਦੇ ਨਾਅਰੇ ਲਗਾਏ।
ਮੁਅੱਤਲ ਵਿਰੋਧੀ ਧਿਰ ਦੇ ਮੈਂਬਰਾਂ ਨੇ ਸੰਸਦ ਕੰਪਲੈਕਸ ਵਿਚ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨਾਲ ਰਾਹੁਲ ਗਾਂਧੀ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਕਈ ਹੋਰ ਵਿਰੋਧੀ ਧਿਰ ਦੇ ਸੰਸਦ ਮੈਂਬਰ ਵੀ ਮੌਜੂਦ ਸਨ।