Editorial: ਬੇਵਕਤੀ ਨਹੀਂ ਨਿਤੀਸ਼ ਕੁਮਾਰ ਦਾ ਨਵਾਂ ਫ਼ੈਸਲਾ

By : NIMRAT

Published : Mar 7, 2026, 6:59 am IST
Updated : Mar 7, 2026, 6:59 am IST
SHARE ARTICLE
Editorial: Nitish Kumar's new decision is not untimely
Editorial: Nitish Kumar's new decision is not untimely

ਜਨਤਾ ਦਲ (ਯੂ) ਦੇ ਵਰਕਰਾਂ ਤੇ ਕਈ ਸੀਨੀਅਰ ਆਗੂਆਂ ਵਲੋਂ ਜਜ਼ਬਾਤੀ ਕਿਸਮ ਦੇ ਤੌਰ-ਤਰੀਕਿਆਂ ਨਾਲ ਨਿਤੀਸ਼ ਕੁਮਾਰ ਉੱਤੇ ਜ਼ੋਰ ਪਾਇਆ ਜਾ ਰਿਹਾ ਹੈ

Nitish Kumar's new decision is not untimely Editorial: ਜਨਤਾ ਦਲ (ਯੂਨਾਈÇਂਟਡ) ਦੇ ਸੁਪਰੀਮੋ ਨਿਤੀਸ਼ ਕੁਮਾਰ ਵਲੋਂ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣ ਤੋਂ ਰਾਜਸੀ ਅਟਕਲਬਾਜ਼ੀ ਦਾ ਦੌਰ ਜ਼ੋਰ-ਸ਼ੋਰ ਨਾਲ ਸ਼ੁਰੂ ਹੋਣਾ ਸੁਭਾਵਿਕ ਹੀ ਹੈ। ਅਜੇ ਢਾਈ ਮਹੀਨੇ ਪਹਿਲਾਂ (ਦਸੰਬਰ 2025 ਵਿਚ) ਉਨ੍ਹਾਂ ਦੀ ਅਗਵਾਈ ਹੇਠਲੇ ਜਨਤਾ ਦਲ (ਯੂ)+ਭਾਜਪਾ+ਲੋਕ ਜਨਸ਼ਕਤੀ ਪਾਰਟੀ ਦੇ ਗੱਠਜੋੜ ਨੇ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਧਮਾਕਾਖੇਜ਼ ਜਿੱਤ ਪ੍ਰਾਪਤ ਕੀਤੀ ਸੀ। ਇਸ ਗੱਠਜੋੜ ਨੂੰ 243 ਵਿਚੋਂ 202 ਸੀਟਾਂ ਮਿਲੀਆਂ ਸਨ। ਇਸ ਤੋਂ ਇਹ ਮੰਨਿਆ ਜਾਣ ਲੱਗਾ ਸੀ ਕਿ ਨਿਤੀਸ਼ ਕੁਮਾਰ ਮੁੱਖ ਮੰਤਰੀ ਵਾਲੀ ਪਾਰੀ ਖੇਡਣੀ ਜਾਰੀ ਰੱਖਣਗੇ। ਪਰ ਉਨ੍ਹਾਂ ਨੇ ਅਚਨਚੇਤੀ ਸੂਬਾਈ ਰਾਜਨੀਤੀ ਤੋਂ ਰੁਖ਼ਸਤ ਹੋ ਕੇ ਕੇਂਦਰ ਵਿਚ ਜਾਣ ਦਾ ਫ਼ੈਸਲਾ ਲੈ ਲਿਆ। ਜਿਵੇਂ ਕਿ ਉਨ੍ਹਾਂ ਦੀ ਹੁਣ ਤਕ ਦੀ ਰਣਨੀਤੀ ਰਹੀ ਹੈ, ਉਹ ਅਪਣੇ ਮਨ ਦੀ ਗੱਲ ਢੁਕਵੇਂ ਸਮੇਂ ਤੋਂ ਪਹਿਲਾਂ ਨਾ ਤਾਂ ਅਪਣੇ ਕਰੀਬੀ ਰਾਜਸੀ ਸਹਿਯੋਗੀਆਂ ਨਾਲ ਸਾਂਝੀ ਕਰਦੇ ਹਨ ਅਤੇ ਨਾ ਹੀ ਮੀਡੀਆ ਨੂੰ ਅਪਣੀ ਸੋਚ ਦੀ ਭਿਣਕ ਪੈਣ ਦਿੰਦੇ ਹਨ। ਹੁਣ ਵੀ ਉਨ੍ਹਾਂ ਨੇ ਅਜਿਹਾ ਹੀ ਕੀਤਾ ਹੈ। ਦਰਅਸਲ, ਰਾਜ ਸਭਾ ਸੀਟ ਲਈ ਅਪਣੇ ਕਾਗ਼ਜ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ ਵਿਚ ਦਾਖ਼ਲ ਕਰਨ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਅਪਣੀ ਗ਼ੁਫ਼ਤਗੂ ਨੂੰ ਚੰਦ ਸ਼ਬਦਾਂ ਤਕ ਸੀਮਤ ਰੱਖਣ ਅਤੇ ਅਪਣੇ ਪੱਤੇ ਕਿਸੇ ਅੱਗੇ ਵੀ ਨਾ ਖੋਲ੍ਹਣ ਵਾਲੀ ਰਵਾਇਤ ਬਰਕਰਾਰ ਰੱਖੀ। ਰਾਜ ਸਭਾ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਤਾਰੀਖ 9 ਮਾਰਚ ਹੈ। ਵੋਟਾਂ 16 ਮਾਰਚ ਨੂੰ ਪੈਣਗੀਆਂ। ਜ਼ਾਹਿਰ ਹੈ ਕਿ ਜੋ ਸਸਪੈਂਸ ਬਣਿਆ ਹੋਇਆ ਹੈ, ਉਹ ਛੇਤੀ ਛੇਤੀ ਦੂਰ ਹੋਣ ਵਾਲਾ ਨਹੀਂ।

ਜਨਤਾ ਦਲ (ਯੂ) ਦੇ ਵਰਕਰਾਂ ਤੇ ਕਈ ਸੀਨੀਅਰ ਆਗੂਆਂ ਵਲੋਂ ਜਜ਼ਬਾਤੀ ਕਿਸਮ ਦੇ ਤੌਰ-ਤਰੀਕਿਆਂ ਨਾਲ ਨਿਤੀਸ਼ ਕੁਮਾਰ ਉੱਤੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਉਹ ਮੁੱਖ ਮੰਤਰੀ ਦੀ ਗੱਦੀ ’ਤੇ ਘੱਟੋਘੱਟ ਸਾਲ-ਦੋ ਸਾਲ ਹੋਰ ਟਿਕੇ ਰਹਿਣ। ਪਰ ਨਿਤੀਸ਼ ਵਲੋਂ ਅਜਿਹਾ ਕੋਈ ਪੈਂਤੜਾ ਲਏ ਜਾਣ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ। ਕਿਆਸ-ਅਰਾਈਆਂ ਤਾਂ ਇਹ ਵੀ ਹਨ ਕਿ ਰਾਜ ਸਭਾ ਮੈਂਬਰ ਬਣਨ ਦੇ ਬਾਵਜੂਦ ਉਹ ਕੇਂਦਰ ਸਰਕਾਰ ਵਿਚ ਕੋਈ ਅਹੁਦਾ ਨਹੀਂ ਕਬੂਲਣਗੇ ਬਲਕਿ ਸਹਿਜੇ ਸਹਿਜੇ ਸਰਗਰਮ ਸਿਆਸਤ ਤੋਂ ਲਾਂਭੇ ਹੁੰਦੇ ਜਾਣਗੇ। ਇਸ ਸੋਚ ਦੀ ਇਕ ਵਜ੍ਹਾ ਇਹ ਹੈ ਕਿ ਪਿਛਲੇ ਕੁਝ ਵਰਿ੍ਹਆਂ ਤੋਂ ਉਹ ਨਾਸਾਜ਼ ਚਲੇ ਆ ਰਹੇ ਹਨ। 75 ਵਰਿ੍ਹਆਂ ਦੀ ਉਮਰ ਅੱਜ ਦੇ ਯੁਗ ਵਿਚ ਬਹੁਤ ਬਜ਼ੁਰਗੀ ਵਾਲੀ ਨਹੀਂ ਮੰਨੀ ਜਾਂਦੀ, ਪਰ ਨਿਤੀਸ਼ ਕੁਮਾਰ ਦੀ ਜ਼ਿਹਨੀ ਤੇ ਜਿਸਮਾਨੀ ਅਵਸਥਾ ਬਾਰੇ ਕਿਆਫ਼ੇ ਪਿਛਲੇ ਦੋ ਕੁ ਵਰਿ੍ਹਆਂ ਤੋਂ ਬਿਹਾਰ ਦੀ ਰਾਜਸੀ ਖੁੰਢ-ਚਰਚਾ ਦਾ ਚੰਗਾ-ਚੋਖ਼ਾ ਹਿੱਸਾ ਬਣੇ ਆ ਰਹੇ ਹਨ। ਅਪਣੇ ਬੇਟੇ ਨਿਸ਼ਾਂਤ ਕੁਮਾਰ (50) ਨੂੰ ਅਪਣੇ ਸਿਆਸੀ ਜਾਨਸ਼ੀਨ ਵਜੋਂ ਸਾਹਮਣੇ ਲਿਆ ਕੇ ਉਨ੍ਹਾਂ ਨੇ ‘ਵਾਰਿਸ ਕੌਣ’ ਵਾਲੀਆਂ ਅਟਕਲਾਂ ਦਾ ਤਾਂ ਅੰਤ ਕਰ ਦਿਤਾ ਹੈ, ਪਰ ਨਾਲ ਹੀ ‘ਕਥਨੀ ਤੇ ਕਰਨੀ’ ਵਿਚ ਵੱਡਾ ਅੰਤਰ ਹੋਣ ਵਾਲੀ ਆਲੋਚਨਾ ਨੂੰ ਇਕ ਵਾਰ ਫਿਰ ਹਵਾ ਦੇ ਦਿਤੀ ਹੈ। ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਦਾ ਸਵੱਛ ਪ੍ਰਸ਼ਾਸਕ ਵਾਲਾ ਅਕਸ ਹੁਣ ਤਕ ਇਸ ਆਧਾਰ ’ਤੇ ਬਰਕਰਾਰ ਸੀ ਕਿ ਉਨ੍ਹਾਂ ਨੇ ਅਪਣੇ ਪਰਿਵਾਰ ਜਾਂ ਰਿਸ਼ਤੇਦਾਰਾਂ ਨੂੰ ਸੱਤਾ ਦੇ ਗਲਿਆਰਿਆਂ ਦੇ ਨੇੜੇ ਨਹੀਂ ਸੀ ਢੁਕਣ ਦਿਤਾ। ਉਨ੍ਹਾਂ ਦੇ ਹਮਾਇਤੀਆਂ ਤੇ ਰਾਜਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜਨਤਾ ਦਲ (ਯੂ) ਵਿਚ ਇਕ ਵੀ ਆਗੂ ਅਜਿਹਾ ਨਹੀਂ ਜੋ ਸਿਆਸੀ ਹਵਾ ਦਾ ਰੁਖ਼ ਸਮਝਣ ਜਾਂ ਪ੍ਰਸ਼ਾਸਨਿਕ ਲਿਆਕਤ ਪੱਖੋਂ ਨਿਤੀਸ਼ ਕੁਮਾਰ ਦਾ ਸਾਨੀ ਹੋਵੇ। ਅਜਿਹੇ ਹਾਲਾਤ ਵਿਚ ਉਨ੍ਹਾਂ ਨੇ ਅਪਣੇ ਬੇਟੇ ਨੂੰ ਸਿਆਸੀ ਵਾਰਿਸ ਬਣਾ ਕੇ ਕੋਈ ‘ਗੁਨਾਹ’ ਨਹੀਂ ਕੀਤਾ; ਉਹ ਵੀ ਉਸ ਕੌਮੀ ਫ਼ਿਜ਼ਾ ਵਿਚ ਜਿੱਥੇ ਪਰਿਵਾਰਵਾਦ ਹੀ ਪਿਛਲੇ ਸੱਤ ਦਹਾਕਿਆਂ ਤੋਂ ਸਿਆਸੀ ਜਾਂਨਸ਼ੀਨੀ ਦਾ ਮੂਲ-ਮੰਤਰ ਰਿਹਾ ਹੋਵੇ।

ਜਿਸ ਸਿਆਸੀ ਆਗੂ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਤਕ ਅਪਣੇ ਸੂਬੇ ਦੀ ਹੁਕਮਰਾਨੀ ਕੀਤੀ ਹੋਵੇ, 10 ਵਾਰ ਮੁੱਖ ਮੰਤਰੀ ਵਜੋਂ ਹਲਫ਼ ਲਿਆ ਹੋਵੇ ਅਤੇ ਤਿੰਨ ਵਾਰ ਕੇਂਦਰੀ ਮੰਤਰੀ ਰਹਿ ਚੁੱਕਾ ਹੋਵੇ, ਉਸ ਵਲੋਂ ਰਾਜ-ਸੱਤਾ ਤੋਂ ਅਪਣੀ ਮਰਜ਼ੀ ਨਾਲ ਰੁਖ਼ਸਤ ਹੋਣਾ ਕੋਈ ਆਸਾਨ ਫ਼ੈਸਲਾ ਨਹੀਂ। ਦਰਅਸਲ, ਇਹ ਇਕ ਦਲੇਰਾਨਾ ਕਦਮ ਹੈ, ਖ਼ਾਸ ਤੌਰ ’ਤੇ ਇਹ ਦੇਖਦਿਆਂ ਕਿ ਬਿਹਾਰ ਦਾ ਅਗਲਾ ਮੁੱਖ ਮੰਤਰੀ ਜਨਤਾ ਦਲ (ਯੂ) ਤੋਂ ਨਹੀਂ, ਭਾਜਪਾ ਤੋਂ ਹੋਵੇਗਾ। ਇਹ ਤਾਂ ਸਾਫ਼ ਹੀ ਹੈ ਕਿ ਨਿਸ਼ਾਂਤ ਕੁਮਾਰ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ। ਅਜਿਹਾ ਉਸ ਨੂੰ ਪ੍ਰਸ਼ਾਸਨਿਕ ਤਜਰਬੇ ਨਾਲ ਲੈਸ ਕਰਨ ਹਿੱਤ ਕੀਤਾ ਜਾਵੇਗਾ। ਇਸ ਅਹੁਦੇ ’ਤੇ ਰਹਿੰਦਿਆਂ ਜੇ ਉਹ ਅਪਣੇ ਪਿਤਾ ਤੋਂ ਸੇਧ ਵੀ ਲੈਂਦਾ ਹੈ ਤਾਂ ਇਸ ਉੱਤੇ ਕਿਸੇ ਨੂੰ ਇਤਰਾਜ਼ ਨਹੀਂ ਹੋਵੇਗਾ। ਜਨਤਾ ਦਲ (ਯੂ) ਦੇ ਅੰਦਰੋਂ ਅਤੇ ਹੋਰਨਾਂ ਰਾਜਸੀ ਧਿਰਾਂ ਦੇ ਨੇਤਾਵਾਂ ਵਲੋਂ ਇਹ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜੋ ਰਾਜਸੀ ਹਾਲਾਤ ਬਿਹਾਰ ਵਿਚ ਵਿਕਸਿਤ ਹੋ ਰਹੇ ਹਨ, ਉਹ ਭਵਿੱਖ ਵਿਚ ਭਾਜਪਾ ਵਲੋਂ ਜਨਤਾ ਦਲ (ਯੂ) ਨੂੰ ‘ਹੜੱਪ’ ਲਏ ਜਾਣ ਵਲ ਸੈਨਤ ਕਰਦੇ ਹਨ। ਇਸ ਪ੍ਰਸੰਗ ਵਿਚ ਮਹਾਰਾਸ਼ਟਰ ਦੀ ਸਿਆਸਤ ਦਾ ਹਵਾਲਾ ਉਚੇਚੇ ਤੌਰ ’ਤੇ ਦਿਤਾ ਜਾ ਰਿਹਾ ਹੈ ਜਿੱਥੇ ਭਾਜਪਾ ਅਪਣੇ ਦੋਵਾਂ ਭਾਈਵਾਲਾਂ - ਸ਼ਿਵ ਸੈਨਾ (ਸ਼ਿੰਦੇ) ਤੇ ਐਨ.ਸੀ.ਪੀ. ਨੂੰ ਲਗਾਤਾਰ ਕਮਜ਼ੋਰ ਬਣਾਉਂਦੀ ਆ ਰਹੀ ਹੈ। ਅਜਿਹੇ ਤੋਖ਼ਲਿਆਂ ਦੇ ਬਾਵਜੂਦ ਇਹ ਹਕੀਕਤ ਵੀ ਨਜ਼ਰਅੰਦਾਜ਼ ਨਹੀਂ ਕੀਤੀ ਜਾ ਸਕਦੀ ਕਿ ਨਿਤੀਸ਼ ਕੁਮਾਰ ਬਿਹਾਰ ਦੀ ਰਾਜਸੀ ਬਿਸਾਤ ਵਿਚ ਨਾ ਸਿਰਫ਼ ਲਾਲੂ ਯਾਦਵ ਦੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਨੂੰ ਬਲਕਿ ਭਾਜਪਾ ਨੂੰ ਵੀ ਹੁਣ ਤਕ ਲਗਾਤਾਰ ਮਾਤ ਦਿੰਦੇ ਆਏ ਹਨ। ਲਿਹਾਜ਼ਾ, ਉਨ੍ਹਾਂ ਦੇ ਰਾਜਸੀ ਭਵਿੱਖ ਦਾ ਭੋਗ ਪੈਣ ਵਰਗੀ ਕੋਈ ਵੀ ਪੇਸ਼ੀਨਗੋਈ ਨਾ ਸਿਰਫ਼ ਨਾਵਾਜਬ ਹੋਵੇਗੀ, ਬਲਕਿ ਬਚਕਾਨਾ ਵੀ ਮੰਨੀ ਜਾਵੇਗੀ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement