Editorial: ਪੰਜਾਬੀਆਂ ਵਾਸਤੇ ਅਹਿਮ ਹੈ ਮਾਰਕ ਕਾਰਨੀ ਦੀ ਹਿੰਦ ਫੇਰੀ
Published : Feb 25, 2026, 6:33 am IST
Updated : Feb 25, 2026, 8:11 am IST
SHARE ARTICLE
Mark Carney's visit to India is important for Punjabis
Mark Carney's visit to India is important for Punjabis

ਮੀਡੀਆ ਰਿਪੋਰਟਾਂ ਅਨੁਸਾਰ ਕਾਰਨੀ 26 ਫ਼ਰਵਰੀ ਨੂੰ ਸਿੱਧੇ ਮੁੰਬਈ ਪੁੱਜਣਗੇ

ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਭਲ੍ਹਕ (26 ਫ਼ਰਵਰੀ) ਤੋਂ ਸ਼ੁਰੂ ਹੋਣ ਵਾਲੀ ਭਾਰਤ ਫੇਰੀ ਨੂੰ ਦੁਵੱਲੇ ਸਬੰਧਾਂ ਵਿਚ ਸੁਧਾਰ ਦੇ ਅਮਲ ਦੀ ਅਹਿਮ ਕੜੀ ਮੰਨਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕਾਰਨੀ 26 ਫ਼ਰਵਰੀ ਨੂੰ ਸਿੱਧੇ ਮੁੰਬਈ ਪੁੱਜਣਗੇ। ਅਗਲੇ ਦਿਨ ਉੱਥੇ ਵਣਜ ਤੇ ਉਦਯੋਗਾਂ ਦੇ ਪ੍ਰਤੀਨਿਧਾਂ ਨੂੰ ਮਿਲਣ ਤੋਂ ਬਾਅਦ ਉਹ ਦਿੱਲੀ ਜਾਣਗੇ। ਦਿੱਲੀ ਤੋਂ 2 ਮਾਰਚ ਨੂੰ ਉਨ੍ਹਾਂ ਨੇ ਆਸਟ੍ਰੇਲੀਆ ਚਾਰ ਦਿਨਾਂ ਲਈ ਜਾਣਾ ਹੈ। ਉਥੋਂ ਫਿਰ ਉਹ ਭਾਰਤ ਆ ਕੇ 7 ਮਾਰਚ ਨੂੰ ਜਾਪਾਨ ਦੌਰੇ ’ਤੇ ਜਾਣਗੇ। ਕੈਨੇਡੀਅਨ ਵਿਦੇਸ਼ ਦਫ਼ਤਰ ਦੀ ਪ੍ਰੈੱਸ ਰਿਲੀਜ਼ ਮੁਤਾਬਿਕ ਸ੍ਰੀ ਕਾਰਨੀ ਦੀ ਭਾਰਤ ਫੇਰੀ ਦਾ ਮਨੋਰਥ ਵਪਾਰ, ਊਰਜਾ ਤੇ ਆਰਟੀਫ਼ੀਸ਼ਿਅਲ ਇੰਟੈਲੀਜੈਂਸ (ਏ.ਆਈ.) ਦੇ ਖੇਤਰਾਂ ਵਿਚ ਭਾਰਤ ਨਾਲ ਭਾਈਵਾਲੀ ਨੂੰ ਨਵੇਂ ਪੱਧਰ ’ਤੇ ਲਿਜਾਣਾ ਹੈ।

ਇਸੇ ਰਿਲੀਜ਼ ਵਿਚ ਭਾਰਤ ਨੂੰ ਏਸ਼ੀਆ-ਪ੍ਰਸ਼ਾਂਤ ਖ਼ਿੱਤੇ ਵਿਚ ‘ਕੈਨੇਡਾ ਦਾ ਪਰਮ ਮਿੱਤਰ’ ਦਸਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਾਰਨੀ ਦੀ ਵਾਰਤਾਲਾਪ ਦੁਵੱਲੀ ਸੁਰੱਖਿਆ ਤੇ ਖ਼ੁਸ਼ਹਾਲੀ ਨੂੰ ਹੁਲਾਰਾ ਦੇਣ ਵਿਚ ਸਾਜ਼ਗਾਰ ਹੋਵੇਗੀ। ਦੋ ਸਾਲ ਪਹਿਲਾਂ ਭਾਰਤ-ਕੈਨੇਡਾ ਸਬੰਧ ਜਿਸ ਰਸਾਤਲ ’ਤੇ ਪਹੁੰਚੇ ਹੋਏ ਸਨ, ਉਨ੍ਹਾਂ ਦੇ ਮੱਦੇਨਜ਼ਰ ਹੁਣ ਵਾਲੀ ਸਫ਼ਾਰਤੀ ਭਾਸ਼ਾ ਇਸ ਹਕੀਕਤ ਦਾ ਪ੍ਰਤੀਬਿੰਬ ਹੈ ਕਿ ਦੋਵੇਂ ਮੁਲਕ ਆਪਸੀ ਰਿਸ਼ਤੇ ਨੂੰ ਲੀਹ ’ਤੇ ਲਿਆਉਣ ਦੇ ਉਚੇਚੇ ਯਤਨ ਕਰ ਰਹੇ ਹਨ।  ਕਾਰਨੀ ਤੋਂ ਪਹਿਲਾਂ ਉਨ੍ਹਾਂ ਵਾਲੀ ਹੀ ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟਰੂਡੋ ਨੇ ਭਾਰਤ-ਕੈਨੇਡਾ ਸਬੰਧਾਂ ਨੂੰ ‘ਖ਼ਾਲਿਸਤਾਨੀ ਮੁੱਦੇ’ ਦਾ ਬੰਧਕ ਬਣਾ ਦਿਤਾ ਸੀ ਅਤੇ ਦੋਵਾਂ ਦੇਸ਼ਾਂ ਨੂੰ ਦੁਸ਼ਮਣੀ ਦੀ ਕਗਾਰ ’ਤੇ ਲਿਆ ਖੜ੍ਹਾ ਕੀਤਾ ਸੀ।

ਕੂਟਨੀਤਕ ਪੱਧਰ ’ਤੇ ਤਣਾਅ ਇਸ ਹੱਦ ਤਕ ਪਹੁੰਚ ਗਿਆ ਸੀ ਕਿ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਵਿਚ ਭਾਰਤ ਸਰਕਾਰ ਉੱਤੇ ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਕਰਵਾਉਣ ਦਾ ਦੋਸ਼ ਲਾਇਆ ਸੀ। ਭਾਵੇਂ ਉਨ੍ਹਾਂ ਨੇ ਇਸ ਦੋਸ਼ ਦੇ ਹੱਕ ਵਿਚ ਕੋਈ ਸਬੂਤ ਪੇਸ਼ ਨਹੀਂ ਸੀ ਕੀਤਾ, ਫਿਰ ਵੀ ਇਹ ਘਟਨਾਕ੍ਰਮ ਅਪਣੇ ਆਪ ਵਿਚ ਏਨਾ ਸਨਸਨੀਖੇਜ਼ ਸੀ ਕਿ ਇਸ ਦਾ ਪਰਛਾਵਾਂ ਕਿਸੇ ਨਾ ਕਿਸੇ ਰੂਪ ਵਿਚ ਭਾਰਤ-ਕੈਨੇਡਾ ਸਬੰਧਾਂ ਉੱਤੇ ਅਜੇ ਵੀ ਮੌਜੂਦ ਹੈ। 

 ਕਾਰਨੀ, ਜੋ ਬੁਨਿਆਦੀ ਤੌਰ ’ਤੇ ਟੈਕਨੋਕਰੈਟ ਤੇ ਅਰਥ ਸ਼ਾਸਤਰੀ ਹਨ, ਨੂੰ ਟਰੂਡੋ ਦੀ ਥਾਂ ਲਿਬਰਲ ਪਾਰਟੀ ਦੀ ਕਮਾਨ ਕੈਨੇਡੀਅਨ ਅਰਥਚਾਰੇ ਨੂੰ ਲੀਹ ’ਤੇ ਲਿਆਉਣ ਲਈ ਸੌਂਪੀ ਗਈ ਸੀ। ਰਵਾਇਤੀ ਸਿਆਸਤਦਾਨ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਲਿਬਰਲ ਪਾਰਟੀ ਦੀ ਸਿਆਸੀ ਸਾਖ਼ ਨੂੰ ਹੋਰ ਖੁਰਨ ਤੋਂ ਬਚਾਇਆ ਅਤੇ ਫਿਰ ਸਿਆਸੀ ਪੰਡਿਤਾਂ ਦੀਆਂ ਭਵਿੱਖਬਾਣੀਆਂ ਤੋਂ ਉਲਟ ਪਾਰਲੀਮਾਨੀ ਚੋਣਾਂ ਵਿਚ ਇਸ ਪਾਰਟੀ ਦੀ ਜਿੱਤ ਅਤੇ ਸੱਤਾ ਉੱਤੇ ਬਰਕਰਾਰੀ ਸੰਭਵ ਬਣਾਈ। ਭਾਰਤ ਵਾਂਗ ਕੈਨੇਡਾ ਨੂੰ ਵੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਧਮਕੀਆਂ ਤੇ ਆਰਥਿਕ ਬੰਦਸ਼ਾਂ ਨਾਲ ਜੂਝਣਾ ਪੈ ਰਿਹਾ ਹੈ। ਇਸ ਹਕੀਕਤ ਨੇ ਵੀ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਭਾਰਤ ਪ੍ਰਤੀ ਅਪਣੀ ਸਰਕਾਰ ਦੀ ਪਹੁੰਚ ਬਦਲਣ ਦੇ ਰਾਹ ਪਾਇਆ।

ਇਸ ਬਦਲਵੀਂ ਪਹੁੰਚ ਦੇ ਸੁਖਾਵੇਂ ਨਤੀਜੇ ਹੁਣ ਸਪਸ਼ਟ ਹਨ। ਸਾਲ 2024 ਦੌਰਾਨ ਭਾਰਤ ਵਸਤਾਂ ਤੇ ਸੇਵਾਵਾਂ ਦੀ ਸਪਲਾਈ ਪੱਖੋਂ ਭਾਰਤ, ਕੈਨੇਡਾ ਦਾ ਸਤਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ ਅਤੇ ਦੁਵੱਲਾ ਵਪਾਰ 30.8 ਅਰਬ ਕੈਨੇਡੀਅਨ ਡਾਲਰ ’ਤੇ ਜਾ ਪੁੱਜਾ ਸੀ। 2025 ਦੇ ਅੰਕੜੇ ਭਾਵੇਂ ਅਜੇ ਅਧਿਕਾਰਤ ਤੌਰ ’ਤੇ ਜਾਰੀ ਹੋਣੇ ਹਨ, ਫਿਰ ਵੀ ਸਰਕਾਰੀ ਅਨੁਮਾਨ ਇਨ੍ਹਾਂ ਨੂੰ 50 ਅਰਬ ਕੈਨੇਡੀਅਨ ਡਾਲਰਾਂ ਦੇ ਆਸ-ਪਾਸ ਦਸਦੇ ਹਨ। ਦੋਵਾਂ ਮੁਲਕਾਂ ਦਾ ਸਫ਼ਾਰਤੀ ਸਬੰਧ ਹੁਣ ਹਾਈ ਕਮਿਸ਼ਨਰਾਂ ਦੀ ਤਾਇਨਾਤੀ ਦੇ ਪੱਧਰ ’ਤੇ ਪਰਤ ਚੁੱਕੇ ਹਨ ਅਤੇ ਟਰੂਡੋ-ਕਾਲ ਦੌਰਾਨ ਬੰਦ ਹੋਏ ਕੌਂਸੁਲੇਟ ਨਵੇਂ ਸਿਰਿਉਂ ਖੋਲ੍ਹਣ ਦੀਆਂ ਤਜਵੀਜ਼ਾਂ ਦੋਵਾਂ ਦੇਸ਼ਾਂ ਦੇ ਵਿਚਾਰ-ਅਧੀਨ ਹਨ।

ਕੈਨੇਡਾ ਤੇ ਭਾਰਤ ਦੇ ਸਬੰਧ ਨਾ ਸਿਰਫ਼ ਆਰਥਿਕ ਬਲਕਿ ਸਮਾਜਿਕ ਤੇ ਸਭਿਆਚਾਰਕ ਪੱਖੋਂ ਵੀ ਇਸ ਕਰ ਕੇ ਅਹਿਮ ਹਨ ਕਿ ਭਾਰਤੀ ਭਾਈਚਾਰਾ ਕੁਲ ਕੈਨੇਡੀਅਨ ਵਸੋਂ ਦਾ 5.1 ਫ਼ੀਸਦੀ ਹੈ। ਇਸ ਅੰਕੜੇ ਵਿਚ ਪੰਜਾਬੀਆਂ, ਖ਼ਾਸ ਕਰ ਕੇ ਸਿੱਖਾਂ ਦੀ ਫ਼ੀਸਦ 2.1 (7.72 ਲੱਖ) ਦੱਸੀ ਜਾਂਦੀ ਹੈ। ‘ਖ਼ਾਲਿਸਤਾਨ’ ਹੁਣ ਭਾਰਤੀ ਪੰਜਾਬ ਦੀ ਸੋਚ-ਸੁਹਜ ਦਾ ਹਿੱਸਾ ਨਹੀਂ, ਪਰ ਕੈਨੇਡਾ ਵਿਚ ਇਸ ਨੂੰ ਜਜ਼ਬਾਤੀ ਮੁੱਦੇ ਵਜੋਂ ਭੁਨਾਉਣ ਅਤੇ ਭਾਰਤ-ਵਿਰੋਧੀ ਪ੍ਰਚਾਰ ਦੇ ਅਹਿਮ ਔਜ਼ਾਰ ਵਜੋਂ ਵਰਤਣ ਵਾਲਿਆਂ ਦੀ ਤਾਦਾਦ ਹੁਣ ਵੀ ਮੌਜੂਦ ਹੈ।

ਟਰੂਡੋ ਦੇ ਰਾਜ-ਕਾਲ ਦੌਰਾਨ ਵੋਟ-ਬੈਂਕ ਰਾਜਨੀਤੀ ਦੀ ਆੜ ਹੇਠ ਖ਼ਾਲਿਸਤਾਨੀ ਅਨਸਰਾਂ ਨੂੰ ਥਾਪੜਾ ਦੇਣ ਵਾਲੇ ਨੇਤਾਗਣਾਂ ਦੀਆਂ ਸਰਗਰਮੀਆਂ ਹੁਣ ਮੁਕਾਬਲਤਨ ਕਾਫ਼ੀ ਘੱਟ ਚੁੱਕੀਆਂ ਹਨ। ਇਨ੍ਹਾਂ ਦੀ ਥਾਂ ਜਬਰੀ ਵਸੂਲੀਆਂ, ਨਸ਼ਾ-ਤਸਕਰੀ ਤੇ ਗੈਂਗ-ਵਾਰਾਂ ਵਿਚ ਪੰਜਾਬੀਆਂ ਦੀ ਸ਼ਮੂਲੀਅਤ ਵਰਗੇ ਮਾਮਲੇ ਪੰਜਾਬੀ ਭਾਈਚਾਰੇ ਲਈ ਵੱਧ ਗੰਭੀਰ ਮੁੱਦੇ ਬਣ ਚੁੱਕੇ ਹਨ। ਉਪਰੋਂ ਪਰਵਾਸੀਆਂ ਦੇ ਦਾਖ਼ਲੇ ਉੱਤੇ ਕਟੌਤੀਆਂ ਅਤੇ ਸਥਾਈ ਆਵਾਸ (ਪੀ.ਆਰ.) ਦੇ ਪਰਮਿਟ ਜਾਰੀ ਕਰਨ ਵਿਚ ਸਖ਼ਤੀ ਨੇ ਭਾਰਤੀ ਪੰਜਾਬ ਤੇ ਹਰਿਆਣਾ ਦੇ ਵਸਨੀਕਾਂ ਦੇ ਕੈਨੇਡਾ ਜਾ ਵਸਣ ਦੇ ਸੁਪਨੇ ਨੂੰ ਕਾਫ਼ੀ ਹੱਦ ਤਕ ਮਟਮੈਲਾ ਬਣਾ ਦਿਤਾ ਹੈ। ਮਾਰਕ ਕਾਰਨੀ ਨੇ ਬਤੌਰ ਪ੍ਰਧਾਨ ਮੰਤਰੀ ਅਜਿਹੇ ਸਾਰੇ ਮਾਮਲਿਆਂ ਤੇ ਮਸਲਿਆਂ ਪ੍ਰਤੀ ਸੰਵੇਦਨਸ਼ੀਲ ਤੇ ਸੰਤੁਲਿਤ ਪਹੁੰਚ ਅਪਣਾਈ ਹੈ। ਉਨ੍ਹਾਂ ਨੇ ਖ਼ਾਲਿਸਤਾਨੀ ਅਨਸਰਾਂ ਦੇ ਨਾਗਰਿਕ ਹੱਕਾਂ ਵਿਚ ਕਟੌਤੀ ਕੀਤੇ ਬਿਨਾਂ ਉਨ੍ਹਾਂ ਦੀਆਂ ਸਰਗਰਮੀਆਂ ਦਾ ਦਾਇਰਾ ਸੁੰਗੇੜ ਦਿਤਾ ਹੈ। ਇਹੋ ਜਹੀ ਰਣਨੀਤੀ ਹੋਰਨਾਂ ਮੁਲਕਾਂ ਨਾਲ ਸਬੰਧਿਤ ਵੱਖਵਾਦੀਆਂ ਦੇ ਮਾਮਲੇ ਵਿਚ ਵੀ ਅਪਣਾਈ ਗਈ ਹੈ।

ਅਪਣੀ ਸਰਕਾਰ ਦਾ ਫੋਕਸ ਡੋਨਲਡ ਟਰੰਪ ਵਲੋਂ ਪੈਦਾ ਕੀਤੀਆਂ ਆਰਥਿਕ ਤੇ ਰਾਜਸੀ ਦੁਸ਼ਵਾਰੀਆਂ ਦੇ ਨਿਵਾਰਣ ਉੱਤੇ ਕੇਂਦ੍ਰਿਤ ਰੱਖ ਕੇ ਉਨ੍ਹਾਂ ਨੇ ਕੈਨੇਡੀਅਨ ਅਰਥਚਾਰੇ ਨੂੰ ਮਜ਼ਬੂਤੀ ਬਖ਼ਸ਼ਣ ਦੇ ਉਪਰਾਲੇ ਬਰਕਰਾਰ ਰੱਖੇ ਹੋਏ ਹਨ। ਇਨ੍ਹਾਂ ਉਪਰਾਲਿਆਂ ਵਿਚ ਭਾਰਤੀ ਭਾਈਵਾਲੀ ਨੂੰ ਪ੍ਰਮੁਖਤਾ ਦੇ ਕੇ ਉਨ੍ਹਾਂ ਨੇ ਟਰੂਡੋ ਸਰਕਾਰ ਵੇਲੇ ਦੀਆਂ ਬਹੁਤੀਆਂ ਤਲਖ਼ੀਆਂ ਨੂੰ ਮਿਟਾ ਦਿਤਾ ਹੈ ਜੋ ਭਾਰਤ-ਕੈਨੇਡਾ ਸਬੰਧਾਂ ਲਈ ਗ੍ਰਹਿਣ ਬਣੀਆਂ ਹੋਈਆਂ ਸਨ। ਇਹ ਅਪਣੇ ਆਪ ਵਿਚ ਕੋਈ ਛੋਟੀ ਪ੍ਰਾਪਤੀ ਨਹੀਂ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement