ਘੁਟਾਲੇ ਦੇ ਪੈਸੇ ਨਾਲ ਬੈਂਕਾਕ ’ਚ ਮਸਤੀ ਕਰਦੇ ਹੋਏ ਨਜ਼ਰ ਆਏ ਰਿਭਵ, ਨਰੇਸ਼ ਅਤੇ ਅਭੈ
ਚੰਡੀਗੜ੍ਹ : ਹਰਿਆਣਾ ’ਚ ਹੋਏ 590 ਕਰੋੜ ਰੁਪਏ ਦਾ ਆਈ.ਡੀ.ਐਫ.ਸੀ. ਬੈਂਕ ਘੁਟਾਲਾ ਮਾਮਲੇ ’ਚ ਜਾਂਚ ਏਜੰਸੀ ਨੇ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਤੋਂ ਦੋ ਵੀਡੀਓ ਬਰਾਮਦ ਕੀਤੇ ਹਨ ਜਿਸ ਵਿੱਚ ਬੈਂਕਾਕ ਵਿੱਚ ਇੱਕ ਯਾਟ (ਲਗਜ਼ਰੀ ਕਿਸ਼ਤੀ ਜਾਂ ਛੋਟਾ ਜਹਾਜ਼) 'ਤੇ ਇੱਕ ਆਲੀਸ਼ਾਨ ਪਾਰਟੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਗ੍ਰਿਫ਼ਤਾਰ ਮੁਲਜ਼ਮ ਬੈਂਕ ਮੈਨੇਜਰ ਰਿਭਵ, ਉਸ ਦਾ ਸਾਥੀ ਅਭੈ ਅਤੇ ਪੰਚਾਇਤ ਵਿਭਾਗ ਦੇ ਸੁਪਰਡੈਂਟ ਨਰੇਸ਼ ਬੁਵਾਨੀ ਬੈਂਕਾਕ ਵਿੱਚ ਇੱਕ ਮਹਿੰਗੀ ਯਾਟ 'ਤੇ ਪਾਰਟੀ ਕਰਦੇ ਦਿਖਾਈ ਦੇ ਰਹੇ ਹਨ । ਕਿਹਾ ਜਾ ਰਿਹਾ ਹੈ ਕਿ ਇਹ ਯਾਟ ਲਗਭਗ 35 ਤੋਂ 40 ਲੱਖ ਰੁਪਏ ਵਿੱਚ ਬੁੱਕ ਕੀਤੀ ਗਈ ਸੀ । ਵੀਡੀਓ ਵਿੱਚ ਤਿੰਨੋਂ ਮੁਲਜ਼ਮ ਇੱਕ ਆਲੀਸ਼ਾਨ ਮਾਹੌਲ ਵਿੱਚ ਪਾਰਟੀ ਕਰਦੇ ਅਤੇ ਮਸਤੀ ਕਰਦੇ ਦਿਖਾਈ ਦੇ ਰਹੇ ਹਨ ।
ਵੀਡੀਓ ਵਿੱਚ ਰਿਭਵ ਦਾ ਇੱਕ ਰਿਸ਼ਤੇਦਾਰ ਵੀ ਦਿਖਾਈ ਦੇ ਰਿਹਾ ਹੈ । ਇੱਕ ਵਿਦੇਸ਼ੀ ਔਰਤ ਵੀ ਮੌਜੂਦ ਸੀ । ਸੂਤਰਾਂ ਅਨੁਸਾਰ ਜਾਂਚ ਦੌਰਾਨ, ਮੁਲਜ਼ਮ ਦੇ ਮੋਬਾਈਲ ਫੋਨਾਂ ਤੋਂ ਕਈ ਡਿਜੀਟਲ ਸਬੂਤ ਬਰਾਮਦ ਕੀਤੇ ਗਏ, ਜਿਨ੍ਹਾਂ ਵਿੱਚ ਇਹ ਵੀਡੀਓ ਵੀ ਸ਼ਾਮਲ ਸਨ। ਇਹ ਵੀਡੀਓ ਹੁਣ ਜਾਂਚ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਏ ਹਨ। ਆਪਣੀ ਗ੍ਰਿਫ਼ਤਾਰੀ ਤੋਂ ਬਾਅਦ, ਨਰੇਸ਼ ਭੁਵਾਨੀ ਨੇ ਅਦਾਲਤ ਵਿੱਚ ਦੱਸਿਆ ਕਿ ਉਸਨੇ ਆਪਣਾ ਫਲੈਟ ਮੁਲਜ਼ਮ ਅਭਿਸ਼ੇਕ ਸਿੰਗਲਾ ਨੂੰ ਵੇਚ ਦਿੱਤਾ ਸੀ ਅਤੇ ਉਸ ਸਮੇਂ ਦੌਰਾਨ ਉਹ ਰਿਭਵ ਨੂੰ ਮਿਲਿਆ ਸੀ। ਹਾਲਾਂਕਿ, ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਰਿਭਵ ਰਿਸ਼ੀ ਅਤੇ ਵਿਦੇਸ਼ੀ ਔਰਤ ਵਿਚਕਾਰ ਪਹਿਲਾਂ ਹੀ ਨਜ਼ਦੀਕੀ ਸਬੰਧ ਸਨ ।
ਸੂਤਰਾਂ ਅਨੁਸਾਰ, ਏਸੀਬੀ ਹੁਣ ਇਸ ਬੈਂਕਾਕ ਯਾਤਰਾ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ । ਇਹ ਜਾਂਚ ਕੀਤੀ ਜਾ ਰਹੀ ਹੈ ਕਿ ਹਵਾਈ ਟਿਕਟਾਂ ਕਿਸ ਨੇ ਬੁੱਕ ਕੀਤੀਆਂ, ਮੁਲਜ਼ਮ ਬੈਂਕਾਕ ਵਿੱਚ ਕਿੰਨੇ ਦਿਨ ਰਿਹਾ, ਅਤੇ ਖਰਚਿਆਂ ਦਾ ਭੁਗਤਾਨ ਕਿਸਨੇ ਕੀਤਾ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਕਿਸੇ ਅਧਿਕਾਰੀ ਜਾਂ ਹੋਰ ਵਿਅਕਤੀ ਨੇ ਇਸ ਵਿਦੇਸ਼ ਯਾਤਰਾ ਦਾ ਪ੍ਰਬੰਧ ਕੀਤਾ ਸੀ। ਫਿਲਹਾਲ ਦੋਸ਼ੀ ਦੇ ਮੋਬਾਇਲ ਫੋਨ ਤੋਂ ਬਰਾਮਦ ਹੋਏ ਦੂਜੇ ਵੀਡੀਓ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ, ਪਰ ਜਾਂਚ ਏਜੰਸੀ ਇਸਦੀ ਵੀ ਜਾਂਚ ਕਰ ਰਹੀ ਹੈ।
