ਬੈਂਕ ਖਾਤਿਆਂ ਵਿੱਚ ਕੁੱਲ 303 ਵਾਰ ਅਣਅਧਿਕਾਰਤ ਤਰੀਕੇ ਨਾਲ ਪੈਸੇ ਕਢਵਾਏ ਅਤੇ ਜਮ੍ਹਾਂ ਕੀਤੇ ਗਏ ਸਨ।
ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਦੀ ਸੰਸਥਾ CREST (Chandigarh Renewable Energy and Science & Technology Promotion Society) ਦੇ ਬੈਂਕ ਖਾਤਿਆਂ ਵਿੱਚੋਂ ਕਰੋੜਾਂ ਰੁਪਏ ਦੀ ਅਣਅਧਿਕਾਰਤ ਨਿਕਾਸੀ ਅਤੇ ਹੇਰਾਫੇਰੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਚੰਡੀਗੜ੍ਹ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ (EOPS), ਸੈਕਟਰ-17 ਵਿਖੇ IDFC ਫਰਸਟ ਬੈਂਕ ਦੇ ਮੁਲਾਜ਼ਮਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ।
ਕੁੱਲ ਘੁਟਾਲਾ: ਬੈਂਕ ਰਿਕਾਰਡਾਂ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਅਸਲ ਰਕਮ ਵਿੱਚ 75,16,04,293 ਰੁਪਏ (ਲਗਭਗ 75.16 ਕਰੋੜ) ਦੀ ਵੱਡੀ ਕਮੀ ਪਾਈ ਗਈ ਹੈ।
ਕਿਸ ਨੇ ਕੀਤੀ ਸ਼ਿਕਾਇਤ: ਇਹ ਮਾਮਲਾ CREST ਦੇ ਚੀਫ ਐਗਜ਼ੀਕਿਊਟਿਵ ਅਫਸਰ (CEO) ਦੀ ਤਰਫੋਂ ਪ੍ਰੋਜੈਕਟ ਡਾਇਰੈਕਟਰ ਦੁਆਰਾ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ।
ਕੌਣ ਹਨ ਮੁਲਜ਼ਮ: FIR ਵਿੱਚ IDFC ਫਰਸਟ ਬੈਂਕ (ਐਸ.ਸੀ.ਓ. ਨੰਬਰ 282, ਸੈਕਟਰ-32, ਚੰਡੀਗੜ੍ਹ) ਦੇ ਮੁਲਾਜ਼ਮਾਂ— ਅਭੈ ਕੁਮਾਰ, ਸੀਮਾ ਧੀਮਾਨ, ਰਿਭਵ ਰਿਸ਼ੀ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਕਿਵੇਂ ਹੋਇਆ ਖੁਲਾਸਾ?
ਜਦੋਂ CREST ਦੇ ਅਧਿਕਾਰੀਆਂ ਨੇ ਆਪਣੇ ਰਿਕਾਰਡ ਦਾ ਮਿਲਾਨ ਬੈਂਕ ਵੱਲੋਂ ਜਾਰੀ ਅਸਲ ਸਟੇਟਮੈਂਟਾਂ ਨਾਲ ਕੀਤਾ, ਤਾਂ ਪਤਾ ਲੱਗਾ ਕਿ ਬੈਂਕ ਖਾਤਿਆਂ ਵਿੱਚ ਕੁੱਲ 303 ਵਾਰ ਅਣਅਧਿਕਾਰਤ ਤਰੀਕੇ ਨਾਲ ਪੈਸੇ ਕਢਵਾਏ ਅਤੇ ਜਮ੍ਹਾਂ ਕੀਤੇ ਗਏ ਸਨ। ਇਹ ਲੈਣ-ਦੇਣ ਨਿਯਮਾਂ ਦੇ ਵਿਰੁੱਧ ਅਤੇ ਬਿਨਾਂ ਕਿਸੇ ਅਧਿਕਾਰਤ ਮਨਜ਼ੂਰੀ ਦੇ ਕੀਤੇ ਗਏ ਸਨ।
ਕਾਨੂੰਨੀ ਕਾਰਵਾਈ:
ਪੁਲਿਸ ਨੇ ਇਸ ਮਾਮਲੇ ਵਿੱਚ ਭਾਰਤੀ ਨਿਆ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ:
ਧਾਰਾਵਾਂ: 316(5), 318(4), 336(3), 338, 340(2) ਅਤੇ 61(2) BNS
ਜਾਂਚ ਜਾਰੀ: ਪੁਲਿਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਕੀ ਬੈਂਕ ਦੇ ਹੋਰ ਉੱਚ ਅਧਿਕਾਰੀ ਵੀ
ਇਸ ਸਾਜ਼ਿਸ਼ ਵਿੱਚ ਸ਼ਾਮਲ ਸਨ। ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਕੁਝ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ
