ਕਾਕਿਆਂ ਨੂੰ ਭਵਿੱਖ ਦਾ ਚੰਗਾ ਸ਼ਹਿਰੀ ਬਣਾਉਣਾ ਹੈ ਤਾਂ ਪੁਲਿਸ ਨੂੰ ਆਜ਼ਾਦ ਹੋ ਕੇ ਕੰਮ ਕਰਨ ਦਿਉ
Published : Aug 7, 2017, 3:02 pm IST
Updated : Mar 29, 2018, 3:35 pm IST
SHARE ARTICLE
Vikas Barala
Vikas Barala

ਚੰਡੀਗੜ੍ਹ ਵਿਚ ਇਕ ਕੁੜੀ ਨਾਲ ਛੇੜਛਾੜ ਦਾ ਕੇਸ ਰਾਸ਼ਟਰੀ ਮੁੱਦਾ ਬਣ ਗਿਆ ਹੈ। ਇਸ ਕੇਸ ਨੇ 'ਬੇਟੀ ਬਚਾਉ' ਮੁਹਿੰਮ ਦਾ ਸੱਚ ਸੱਭ ਦੇ ਸਾਹਮਣੇ ਨੰਗਾ ਕਰ ਕੇ ਰੱਖ ਦਿਤਾ ਹੈ।

ਚੰਡੀਗੜ੍ਹ ਦੀ ਬਹਾਦਰ ਕੁੜੀ ਨੂੰ ਵੀ ਰਾਸ਼ਟਰੀ ਪੱਧਰ ਉਤੇ ਮਾਨਤਾ ਦੇਣੀ ਚਾਹੀਦੀ ਹੈ ਜਿਸ ਨੇ ਹੋਸ਼ ਹਵਾਸ ਕਾਇਮ ਰੱਖ ਕੇ ਕੁੜੀਆਂ ਦੇ ਸ਼ਿਕਾਰੀਆਂ ਨੂੰ ਪੁਲਿਸ ਦੇ ਹਵਾਲੇ ਕਰ ਕੇ ਹੀ ਸਾਹ ਲਿਆ
ਚੰਡੀਗੜ੍ਹ ਵਿਚ ਇਕ ਕੁੜੀ ਨਾਲ ਛੇੜਛਾੜ ਦਾ ਕੇਸ ਰਾਸ਼ਟਰੀ ਮੁੱਦਾ ਬਣ ਗਿਆ ਹੈ। ਇਸ ਕੇਸ ਨੇ 'ਬੇਟੀ ਬਚਾਉ' ਮੁਹਿੰਮ ਦਾ ਸੱਚ ਸੱਭ ਦੇ ਸਾਹਮਣੇ ਨੰਗਾ ਕਰ ਕੇ ਰੱਖ ਦਿਤਾ ਹੈ। ਚੰਡੀਗੜ੍ਹ ਪੁਲਿਸ ਭਾਵੇਂ ਕੁੜੀ ਦੇ ਬਚਾਅ ਵਿਚ ਸਾਹਮਣੇ ਆਈ ਪਰ ਸਿਆਸੀ ਦਬਾਅ ਹੇਠ ਉਨ੍ਹਾਂ ਨੇ ਕਾਨੂੰਨ ਦੀਆਂ ਧਾਰਾਵਾਂ ਨਰਮ ਕਰ ਦਿਤੀਆਂ ਤਾਕਿ ਮੁਲਜ਼ਮਾਂ ਦੀ ਜ਼ਮਾਨਤ ਹੋ ਜਾਵੇ। ਦੋਸ਼ੀ ਵਿਕਾਸ ਬਰਾਲਾ ਦੇ ਪਿਤਾ ਹਰਿਆਣਾ ਭਾਜਪਾ ਦੇ ਮੁਖੀ ਹਨ। ਉਸ ਲੜਕੇ ਵਲੋਂ ਕੁੜੀ ਦੀ ਗੱਡੀ ਨੂੰ ਦੇਰ ਰਾਤ ਪਿੱਛਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਉਤੇ 341, 365 ਧਾਰਾਵਾਂ ਲਗਣੀਆਂ ਚਾਹੀਦੀਆਂ ਸਨ ਕਿਉਂਕਿ ਇਹ ਤਾਂ ਸਾਫ਼ ਹੈ ਕਿ ਇਕ ਨਸ਼ੇ ਵਿਚ ਧੁੱਤ ਮੁੰਡਾ, ਅਣਜਾਣ ਕੁੜੀ ਦਾ ਪਿੱਛਾ ਕਰ ਕੇ ਉਸ ਨੂੰ ਰਖੜੀ ਬੰਨ੍ਹਣ ਦਾ ਇਰਾਦਾ ਤਾਂ ਰਖਦਾ ਨਹੀਂ ਸੀ। ਬੜਾ ਅਫ਼ਸੋਸ ਹੈ ਕਿ ਮੁੰਡੇ ਨੂੰ ਫੜ ਲੈਣ ਮਗਰੋਂ ਇਸ ਸੋਹਣੇ ਆਧੁਨਿਕ ਸ਼ਹਿਰ ਦੀ ਪੁਲਿਸ ਨੇ ਵੀ ਕਿਸੇ ਪਛੜੇ ਇਲਾਕੇ ਦੀ ਪੁਲੀਸ ਵਰਗਾ ਕਮਜ਼ੋਰ ਰਵਈਆ ਹੀ ਵਿਖਾਇਆ। ਪਰ ਉਨ੍ਹਾਂ ਦੀ ਟੱਕਰ ਭਾਰਤ ਦੇ ਉਸ ਨਵੀਂ ਸੋਚ ਵਾਲੀ ਪ੍ਰਵਾਰ ਨਾਲ ਹੋਈ ਜੋ ਇਸ ਮਾਮਲੇ ਨੂੰ ਚੁੱਪੀ ਨਾਲ ਖ਼ਤਮ ਨਹੀਂ ਹੋਣ ਦੇਵੇਗਾ। ਲੜਕੀ ਇਕ ਡਿਸਕੋ ਵਿਚ ਡੀ.ਜੇ. ਹੈ ਅਤੇ ਰਾਤ 12 ਵਜੇ ਘਰ ਆ ਰਹੀ ਸੀ। ਪਿਤਾ ਆਈ.ਏ.ਐਸ. ਅਫ਼ਸਰ ਹਨ ਜੋ ਅਪਣੀ ਬੇਟੀ ਨਾਲ ਖੜੇ ਹਨ ਅਤੇ ਸਿਆਸੀ ਰਸੂਖ਼ਦਾਰਾਂ ਦੀ ਛੋਟੀ ਸੋਚ ਦਾ ਸਾਹਮਣਾ ਕਰਨ ਵਾਸਤੇ ਖ਼ੁਦ ਵੀ ਤਿਆਰ ਹਨ ਤੇ ਬੇਟੀ ਨੂੰ ਵੀ ਤਿਆਰ ਕਰ ਰਹੇ ਹਨ। ਜਦੋਂ ਪਿਤਾ ਅਪਣੀ ਬੇਟੀ ਨਾਲ ਖੜਾ ਹੋਵੇ ਤਾਂ ਕਿਸੇ ਨੂੰ ਹਿੰਮਤ ਨਹੀਂ ਪੈਂਦੀ ਕਿ ਉਸ ਲੜਕੀ ਦੇ ਕੰਮ ਜਾਂ ਦੇਰ ਰਾਤ ਘਰ ਤੋਂ ਬਾਹਰ ਰਹਿਣ ਤੇ ਉਂਗਲ ਉਠਾ ਸਕੇ।
ਅਫ਼ਸੋਸ ਹੈ ਤਾਂ ਸਿਰਫ਼ ਇਸ ਗੱਲ ਦਾ ਹੈ ਕਿ ਕਿੰਨੇ ਘਰਾਂ ਦੀਆਂ ਬੇਟੀਆਂ ਹਨ ਜਿਨ੍ਹਾਂ ਨੂੰ ਘਰ ਵਿਚ ਇਸ ਤਰ੍ਹਾਂ ਦਾ ਸਾਥ ਮਿਲਦਾ ਹੈ? ਪਤਾ ਨਹੀਂ ਜੇ ਜੋਤੀ ਸਿੰਘ ਨਿਰਭੈ ਜ਼ਿੰਦਾ ਰਹਿੰਦੀ ਤਾਂ ਉਸ ਨੂੰ ਇਹੀ ਸਤਿਕਾਰ ਮਿਲਦਾ ਜਾਂ ਉਸ ਦਾ ਚਰਿੱਤਰਹਰਣ ਹੋ ਰਿਹਾ ਹੁੰਦਾ! ਅੱਜ ਰਖੜੀ ਦੇ ਮੌਕੇ ਕੁੜੀਆਂ ਮੁੰਡਿਆਂ ਦੇ ਗੁਟਾਂ ਉਤੇ ਕੱਚੇ ਧਾਗੇ ਬੰਨ੍ਹ ਕੇ ਅਪਣੀ ਰਾਖੀ ਦੀ ਉਮੀਦ ਰਖਦੀਆਂ ਹਨ। ਪਰ ਜਿਥੇ ਰਿਸ਼ਤਿਆਂ ਦੀ ਮਹੱਤਤਾ ਇਨਸਾਨ ਖ਼ੁਦ ਸਮਝਦੇ ਹੋਣ, ਉਥੇ ਕੱਚੇ ਧਾਗਿਆਂ ਦੀ ਲੋੜ ਹੀ ਨਹੀਂ ਪੈਂਦੀ।
ਇਸ ਹਾਦਸੇ ਨੇ ਫਿਰ ਇਕ ਵਾਰ ਸਾਡੀ ਪੁਲਿਸ ਵਲੋਂ ਸਿਆਸੀ ਰਸੂਖ਼ਦਾਰਾਂ ਅੱਗੇ ਸਿਰ ਝੁਕਾਉਣ ਦੇ ਰਵਈਏ ਨੂੰ ਸਾਹਮਣੇ ਲਿਆ ਕੇ ਰੱਖ ਦਿਤਾ ਹੈ। ਭਾਵੇਂ ਅੱਜ ਭਾਜਪਾ ਸੱਤਾ ਉਤੇ ਹਾਵੀ ਹੈ, ਪਰ ਰਵਈਆ ਉਹੀ ਹੈ। ਸੱਤਾ ਵਿਚ ਆਉਂਦੇ ਸਾਰ ਇਹ ਲੋਕ ਪੁਲਿਸ ਨੂੰ ਅਪਣਾ ਨੌਕਰ ਸਮਝ ਲੈਂਦੇ ਹਨ ਅਤੇ ਸਿਆਸੀ ਰਸੂਖ਼ਦਾਰਾਂ ਦੀ ਮਰਜ਼ੀ ਤੇ ਨਿਰਭਰ ਰਹਿਣ ਵਾਲੀ ਪੁਲਿਸ ਵੀ ਕਮਜ਼ੋਰ ਪੈ ਜਾਂਦੀ ਹੈ। ਹਿਮਾਚਲ ਵਿਚ ਇਕ ਸਕੂਲ ਜਾਂਦੀ ਬੱਚੀ ਦਾ ਬਲਾਤਕਾਰ ਅਤੇ ਕਤਲ ਹੋਇਆ। ਅਪਰਾਧੀ ਸ਼ਾਇਦ ਕੋਈ ਹੋਰ ਸੀ ਪਰ ਫੜੇ ਕੋਈ ਹੋਰ ਗਏ ਜਿਨ੍ਹਾਂ ਵਿਚੋਂ ਇਕ ਦੀ ਤਾਂ ਪੁਲਿਸ ਹਿਰਾਸਤ ਵਿਚ ਹੀ ਮੌਤ ਹੋ ਗਈ। ਉਸ ਦੀ ਮਾਂ ਕੁਰਲਾਉਂਦੀ ਰਹੀ ਕਿ ਕਤਲ ਵੇਲੇ ਉਹ ਉਸ ਨਾਲ ਹਸਪਤਾਲ ਵਿਚ ਸੀ ਪਰ ਕਿਸੇ ਨੇ ਉਸ ਗ਼ਰੀਬ ਦੀ ਆਵਾਜ਼ ਨਾ ਸੁਣੀ। ਅੱਜ ਕਿੰਨੀਆਂ ਕੁ ਕੁੜੀਆਂ ਹਨ ਜੋ ਅਪਣੇ ਨਾਲ ਹੋਏ ਸਿਤਮ ਦੇ ਦੋਸ਼ੀ ਨੂੰ ਸਜ਼ਾ ਦਿਵਾ ਸਕਦੀਆਂ ਹਨ?
ਜਿਥੇ ਚੰਡੀਗੜ੍ਹ ਦੇ ਇਸ ਬਾਪ-ਬੇਟੀ ਦੀ ਦਲੇਰ ਸੋਚ ਨੂੰ ਵੇਖ ਕੇ ਉਮੀਦ ਵੀ ਜਾਗਦੀ ਹੈ, ਦੂਜੇ ਪਾਸੇ ਸਮਾਜ ਦੀ ਅਸਲੀਅਤ ਵੇਖ ਕੇ ਆਉਣ ਵਾਲੇ ਸਮੇਂ ਵਿਚ ਔਰਤਾਂ ਦੀਆਂ ਮੁਸ਼ਕਲਾਂ ਬਾਰੇ ਸੋਚ ਕੇ ਘਬਰਾਹਟ ਵੀ ਹੁੰਦੀ ਹੈ।
ਸਾਡਾ ਸਮਾਜ ਅੱਜ ਰੱਬ ਦੀ ਦਿਤੀ ਬਰਾਬਰੀ ਨੂੰ ਨਾ ਮੰਨਣ ਦਾ ਅਸਰ ਪੂਰੀ ਤਰ੍ਹਾਂ ਸਮਝ ਨਹੀਂ ਪਾ ਰਿਹਾ। ਔਰਤਾਂ ਨੂੰ ਤਾਂ ਮੁਸ਼ਕਲਾਂ ਆ ਹੀ ਰਹੀਆਂ ਹਨ ਪਰ ਮਰਦਾਂ ਨਾਲ ਜੋ ਹੋ ਰਿਹਾ ਹੈ ਉਸ ਦਾ ਅਸਰ, ਸਮਾਜ ਨੂੰ ਸਮਝ ਨਹੀਂ ਆ ਰਿਹਾ। ਵਿਕਾਸ ਬਰਾਲਾ ਨੂੰ ਸ਼ਾਇਦ ਉਸ ਦੇ ਪਿਤਾ ਦੀ ਤਾਕਤ ਬਚਾ ਲਵੇਗੀ ਪਰ ਉਸ ਨੌਜਵਾਨ ਦੇ ਮਨ ਵਿਚ ਲੁਕੇ ਰਾਖ਼ਸ਼ਸ ਦਾ ਕੀ ਅੰਜਾਮ ਹੋਵੇਗਾ? ਕੀ ਉਹ ਮੁੰਡਾ ਕਦੇ ਵੀ ਅਸਲ ਖ਼ੁਸ਼ੀ ਮਾਣ ਸਕੇਗਾ? ਜੇ ਉਸ ਵਿਚ ਜ਼ਮੀਰ ਹੋਵੇਗੀ ਤਾਂ ਜ਼ਿੰਦਗੀ ਭਰ ਉਹ ਅਪਣੀਆਂ ਨਜ਼ਰਾਂ ਵਿਚ ਸ਼ਰਮਸਾਰ ਹੀ ਬਣਿਆ ਰਹੇਗਾ। ਜਿਹੜਾ ਸਮਾਜ ਤਾਕਤ ਦੇ ਆਧਾਰ ਤੇ ਮੁੰਡਿਆਂ ਦੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਹੀ ਕਰਦਾ ਆ ਰਿਹਾ ਹੈ ਉਹ ਅਪਣੇ ਘਰਾਂ ਵਿਚ ਰਾਖ਼ਸ਼ਸਾਂ ਨੂੰ ਪਾਲ ਰਿਹਾ ਹੈ। ਇਸੇ ਸਮਾਜਕ ਸੋਚ ਨੇ ਅੱਜ ਸਾਡੀ ਸਿਆਸਤ ਨੂੰ ਇਕ ਅਜਿਹਾ ਰੂਪ ਦੇ ਦਿਤਾ ਹੈ ਜਿਸ ਦਾ ਨੈਤਿਕ ਰਵਈਏ ਨਾਲ ਘੱਟ ਹੀ ਲੈਣਾ-ਦੇਣਾ ਹੈ।
ਜਦੋਂ ਤਕ ਪੁਲਿਸ ਦੇ ਸਿਰ ਉਤੋਂ ਸਿਆਸਤਦਾਨਾਂ ਦਾ ਕੁੰਡਾ ਨਹੀਂ ਚੁਕਿਆ ਜਾਂਦਾ ਉਦੋਂ ਤਕ ਬਦਲਾਅ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਕਿੰਨੇ ਹੀ ਪ੍ਰਵਾਰ ਇਸ ਪ੍ਰਵਾਰ ਵਾਂਗ ਤਾਕਤਵਰ ਜਾਂ ਦਲੇਰ ਹੋਣਗੇ ਜੋ ਇਕ ਸੱਤਾਧਾਰੀ ਪਾਰਟੀ ਨਾਲ ਟੱਕਰ ਲੈਣ ਦੀ ਸੋਚ ਸਕਦੇ ਹੋਣਗੇ। ਬਲਾਤਕਾਰ ਤੇ ਛੇੜਛਾੜ ਵਰਗੀ ਹੈਵਾਨੀਅਤ ਨੂੰ ਸਾਡੇ ਸਮਾਜ ਦੀਆਂ ਕਮਜ਼ੋਰੀਆਂ ਪਾਲ ਰਹੀਆਂ ਹਨ। ਜਿਹੜੀ ਪਾਰਟੀ 'ਬੇਟੀ ਬਚਾਉ' ਅਤੇ 'ਸਵੱਛ ਸਿਆਸਤ' ਦੇ ਨਾਹਰੇ ਮਾਰਦੀ ਸੀ, ਅੱਜ ਉਸ ਅੱਗੇ ਬੜੀ ਵੱਡੀ ਚੁਨੌਤੀ ਆ ਖੜੀ ਹੋਈ ਹੈ ਕਿ ਅਪਣੇ ਲਫ਼ਜ਼ਾਂ ਉਤੇ ਖਰੀ ਉਤਰ ਕੇ ਵਿਖਾਏ। ਬੇਟੀ ਨੂੰ ਬਚਾਉਣਾ ਹੈ ਤਾਂ ਉਸ ਦੀ ਸੁਰੱਖਿਆ ਨੂੰ ਸਿਆਸੀ ਲੋਕਾਂ ਦੇ ਅਸਰ ਹੇਠੋਂ ਪੁਲਿਸ ਨੂੰ ਆਜ਼ਾਦ ਕਰ ਕੇ, ਰਾਜਸੀ 'ਕਾਕਿਆਂ', ਨੂੰ ਕਾਨੂੰਨ ਦੇ ਕਹੇ ਮੁਤਾਬਕ ਹੱਥ ਪਾ ਲੈਣਾ ਦੀ ਖੁਲ੍ਹ ਦੇਣੀ ਚਾਹੀਦੀ ਹੈ। ਅਜਿਹਾ ਕਰਨਾ ਸਰਕਾਰ ਦੇ ਅਪਣੇ ਹੱਥ ਵਿਚ ਹੈ। ਕੀ ਸਰਕਾਰ ਅਪਣੇ ਵਾਅਦੇ ਉਤੇ ਖਰੀ ਉਤਰਨ ਦੀ ਹਿੰਮਤ ਰਖਦੀ ਹੈ?  -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement