ਜ਼ਿੰਦਗੀ ਜ਼ਿੰਦਾਦਿਲੀ ਨਾਲ ਜਿਊਣ ਦਾ ਸੁਨੇਹਾ ਹੈ ਵਿਸ਼ਵ ਰਿਪੋਰਟ 
Published : Mar 20, 2026, 7:50 am IST
Updated : Mar 20, 2026, 8:01 am IST
SHARE ARTICLE
World Happiness Report 2026
World Happiness Report 2026

ਫ਼ਿਨਲੈਂਡ ਲਗਾਤਾਰ 9ਵੇਂ ਸਾਲ ਰਿਹਾ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼

ਖ਼ੁਸ਼ੀ ਜਾਂ ਗ਼ਮ ਨਾਪੇ ਨਹੀਂ ਜਾ ਸਕਦੇ, ਪਰ ਆਕਸਫੋਰਡ ਯੂਨੀਵਰਸਿਟੀ ਦੇ ਵੈੱਲਬੀਇੰਗ ਰਿਸਰਚ ਸੈਂਟਰ ਨੇ ਕੁਝ ਮਿਆਰਾਂ ਦੇ ਆਧਾਰ ’ਤੇ ਇਨ੍ਹਾਂ ਨੂੰ ਮਾਪਣ ਜਾਂ ਨਾਪਣ ਦਾ ਸਿਲਸਿਲਾ 2012 ਤੋਂ ਜਾਰੀ ਰੱਖਿਆ ਹੋਇਆ ਹੈ। ਇਸ ਉਪਰਾਲੇ ਨੂੰ ਵਿਸ਼ਵ ਪ੍ਰਸੰਨਤਾ ਰਿਪੋਰਟ ਦੇ ਨਾਮ ਹੇਠ ਨਸ਼ਰ ਕੀਤਾ ਜਾਂਦਾ ਹੈ। ਕਿਉਂਕਿ ਇਹ ਉਪਰਾਲਾ ਸੰਯੁਕਤ ਰਾਸ਼ਟਰ (ਯੂ.ਐੱਨ.) ਦੀ ਪ੍ਰਵਾਨਗੀ ਤੇ ਫ਼ੰਡਾਂ ਉੱਤੇ ਆਧਾਰਿਤ ਹੈ, ਇਸ ਲਈ ਇਸ ਨੂੰ ਵਾਜਬ ਮਹੱਤਵ ਵੀ ਮਿਲਦਾ ਆ ਰਿਹਾ ਹੈ।

2026 ਦੀ ਰਿਪੋਰਟ ਅਨੁਸਾਰ ਭਾਰਤ 147 ਦੇਸ਼ਾਂ ਵਿਚੋਂ 116ਵੇਂ ਨੰਬਰ ’ਤੇ ਆਉਂਦਾ ਹੈ। ਇਸ ਦਰਜੇ ਵਿਚ 2025 ਦੇ ਮੁਕਾਬਲੇ ਦੋ ਸਥਾਨਾਂ ਦਾ ਸੁਧਾਰ ਦਰਜ ਕੀਤਾ ਗਿਆ ਹੈ। 2025 ਵਿਚ ਇਹ ਰੈਂਕ 118ਵਾਂ ਸੀ। ਫਿਰ ਵੀ ਕੀ ਇਸ ਨੂੰ ਤਸੱਲੀਬਖ਼ਸ਼ ਮੰਨਿਆ ਜਾ ਸਕਦਾ ਹੈ; ਖ਼ਾਸ ਤੌਰ ’ਤੇ ਉਸ ਮੁਲਕ ਲਈ ਜੋ ਨੇੜ ਭਵਿੱਖ ਵਿਚ ਵਿਸ਼ਵ ਸ਼ਕਤੀ ਬਣਨ ਦੇ ਸੁਪਨੇ ਸੰਜੋ ਰਿਹਾ ਹੋਵੇ?

ਇਹ ਵੀ ਅਜਬ ਵਿਰੋਧਾਭਾਸ ਹੈ ਕਿ ਖ਼ੁਦ ਨੂੰ ਵਿਸ਼ਵ ਸ਼ਕਤੀ ਮੰਨਣ ਵਾਲੇ ਅਮਰੀਕਾ, ਚੀਨ ਜਾਂ ਰੂਸ ਵੀ ਪ੍ਰਸੰਨਤਾ ਸੂਚਕ-ਅੰਕ (ਹੈਪੀਨੈੱਸ ਇੰਡੈਕਸ) ਵਿਚ ਪਹਿਲੇ 25 ਸਥਾਨਾਂ ਵਿਚ ਨਹੀਂ ਪੁੱਜਦੇ। ਦੂਜੇ ਪਾਸੇ ਕੋਸਟਾ ਰੀਕਾ ਵਰਗਾ ਨਿੱਕਾ ਜਿਹਾ ਕੇਂਦਰੀ ਅਮਰੀਕੀ ਮੁਲਕ ਅਪਣੇ ਛੋਟੇ ਜਹੇ ਅਰਥਚਾਰੇ ਦੇ ਬਾਵਜੂਦ ਇਸ ਸੂਚੀ ਵਿਚ ਚੌਥੇ ਸਥਾਨ ’ਤੇ ਹੈ। ਪਹਿਲਾ ਸਥਾਨ ਯੂਰੋਪ ਦੇ ਸਭ ਤੋਂ ਠੰਢੇ ਮੁਲਕ ਫ਼ਿਨਲੈਂਡ ਦਾ ਹੈ। ਉਹ ਲਗਾਤਾਰ 9 ਵਰਿ੍ਹਆਂ ਤੋਂ ਇਸੇ ਸਥਾਨ ’ਤੇ ਬਰਕਰਾਰ ਹੈ। ਦਰਅਸਲ, ਇਸ ਸੂਚੀ ਦੇ ਪਹਿਲੇ 10 ਸਥਾਨਾਂ ਵਿਚੋਂ ਪੰਜ ਨੌਰਡਿਕ ਦੇਸ਼ਾਂ (ਫਿਨਲੈਂਡ, ਆਈਸਲੈਂਡ, ਡੈਨਮਾਰਕ, ਸਵੀਡਨ ਤੇ ਨਾਰਵੇ) ਦੇ ਹੀ ਹਨ। ਤਿੰਨ ਹੋਰ ਯੂਰੋਪੀਅਨ ਦੇਸ਼ (ਨੈਦਰਲੈਂਡਜ਼, ਲਗਜ਼ਮਬਰਗ ਤੇ ਸਵਿੱਟਜ਼ਰਲੈਂਡ) ਵੀ ਇਸ ਸੂਚੀ ਵਿਚ ਸ਼ਾਮਲ ਹਨ। ਜ਼ਾਹਰਾ ਤੌਰ ’ਤੇ ਇਸ ਸੂਚੀ ਉੱਤੇ ਯੂਰੋਪ ਹੀ ਵੱਧ ਹਾਵੀ ਹੈ। ਪਰ ਕੀ ਅਸਲ ਸਥਿਤੀ ਉਵੇਂ ਹੀ ਹੈ, ਜਿਵੇਂ ਕਿ ਇਸ ਵਿਚ ਦਰਸਾਈ ਗਈ ਹੈ?

ਪ੍ਰਸੰਨਤਾ ਰਿਪੋਰਟ ਛਾਪਣ ਵਾਲੀ ਯੂਨੀਵਰਸਿਟੀ ਖ਼ੁਦ ਵਲੋਂ ਅਪਣਾਏ ਪੈਮਾਨਿਆਂ ਦੀ ਪ੍ਰਮਾਣਿਕਤਾ ਬਾਰੇ ਪੂਰੀ ਸਪਸ਼ਟ ਹੈ। ਅਪਣੀ ਦਰਜਾਬੰਦੀ ਲਈ ਜਿਹੜੇ ਮੁੱਦਿਆਂ ਨੂੰ ਉਹ ਉਚੇਚੇ ਤੌਰ ’ਤੇ ਵਿਚਾਰਦੀ ਹੈ, ਉਹ ਇਸ ਤਰ੍ਹਾਂ ਹਨ : 1. ਕੁਲ ਘਰੇਲੂ ਉਤਪਾਦ, 2. ਪ੍ਰਤੀ ਵਿਅਕਤੀ ਆਮਦਨ, 3. ਸਮਾਜਿਕ ਸਹਾਇਤਾ, 4. ਸਿਹਤਮੰਦ ਭੋਜਨ ਤੇ ਔਸਤਨ ਲੰਮੇਰਾ ਜੀਵਨਕਾਲ, 5. ਜ਼ਿੰਦਗੀ ਵਿਚ ਅਪਣੇ ਫ਼ੈਸਲੇ ਆਪ ਲੈਣ ਦੀ ਖੁਲ੍ਹ ਵਾਲਾ ਮਾਹੌਲ, 6. ਸਮਾਜਿਕ ਫਰਾਖ਼ਦਿਲੀ ਅਤੇ 7. ਸਮਾਜਿਕ-ਰਾਜਸੀ ਜੀਵਨ ਵਿਚ ਭ੍ਰਿਸ਼ਟਾਚਾਰ ਦੀ ਅਣਹੋਂਦ/ਘਾਟ।

ਇਨ੍ਹਾਂ ਮੁੱਦਿਆਂ ਬਾਰੇ ਲੋਕ ਰਾਇ ਜਾਨਣ ਲਈ ‘ਗੈਲੱਪ’ ਨਾਮੀ ਕੌਮਾਂਤਰੀ ਸਰਵੇਖਣ ਸੰਸਥਾ ਰਾਹੀਂ ਹਰ ਮੁਲਕ ਵਿਚ 10 ਹਜ਼ਾਰ ਫਾਰਮ ਵੱਖ ਵੱਖ ਉਮਰ ਵਰਗਾਂ ਵਿਚ ਵੰਡੇ ਜਾਂਦੇ ਹਨ। ਇਨ੍ਹਾਂ ਫਾਰਮਾਂ ਦੇ ਜਵਾਬਾਂ ਦੀ ਤਸਦੀਕ ਅਤੇ ਆਜ਼ਾਦਾਨਾ ਸੰਪਾਦਕੀ ਮੰਡਲ ਰਾਹੀਂ ਵਿਸ਼ਲੇਸ਼ਣ ਤੋਂ ਬਾਅਦ ਇਹ ਤੈਅ ਕੀਤਾ ਜਾਂਦਾ ਹੈ ਕਿ ਕਿਹੜਾ ਮੁਲਕ ਵੱਧ ਚੜ੍ਹਦੀਆਂ ਕਲਾਂ ਵਿਚ ਹੈ ਅਤੇ ਕਿਹੜਾ ਨਹੀਂ। ਖ਼ੁਸ਼ੀ ਨੂੰ ਨਾ ਤਾਂ ਦੌਲਤ ਨਾਲ ਤੋਲਿਆ ਜਾ ਸਕਦਾ ਹੈ ਅਤੇ ਨਾ ਹੀ ਆਮ ਲੋਕਾਂ ਨੂੰ ਮਿਲੀਆਂ ਸੁਖ-ਸਹੂਲਤਾਂ ਰਾਹੀਂ ਆਂਕਿਆ ਜਾ ਸਕਦਾ ਹੈ। ਇਹ ਬੁਨਿਆਦੀ ਤੌਰ ’ਤੇ ਮਾਨਸਿਕ ਅਵਸਥਾ ਹੈ ਅਤੇ ਇਸ ਅਵਸਥਾ ਨਾਲ ਜੁੜੀ ਵਜਦ ਹਾਸਿਲ ਕਰਨ ਲਈ ਸਿਰਫ਼ ਅਮੀਰੀ ਨੂੰ ਹੀ ਪੈਮਾਨਾ ਨਹੀਂ ਬਣਾਇਆ ਜਾ ਸਕਦਾ।

ਕੁਲ ਘਰੇਲੂ ਆਮਦਨ (ਜੀ.ਡੀ.ਪੀ.) ਪੱਖੋਂ ਨੇਪਾਲ ਦੱਖਣੀ ਏਸ਼ੀਆ ਵਿਚ ਦੂਜਾ ਸਭ ਤੋਂ ਗ਼ਰੀਬ ਦੇਸ਼ ਹੈ। ਇਹ ਆਰਥਿਕ ਪਖੋਂ ਸਿਰਫ਼ ਅਫ਼ਗਾਨਿਸਤਾਨ ਤੋਂ ਬਿਹਤਰ ਹੈ, ਪਰ ਪ੍ਰਸੰਨਤਾ ਇੰਡੈਕਸ ਉੱਤੇ ਉਸ ਦਾ 92ਵਾਂ ਸਥਾਨ ਹੈ। ਇਸੇ ਤਰ੍ਹਾਂ ਪਾਕਿਸਤਾਨ ਗੰਭੀਰ ਆਰਥਿਕ ਸੰਕਟ ਨਾਲ ਜੂਝਣ ਦੇ ਬਾਵਜੂਦ 147 ਮੁਲਕਾਂ ਵਿਚੋਂ 109ਵੇਂ ਸਥਾਨ ’ਤੇ ਹੈ। ਦੂਜੇ ਪਾਸੇ, ਬੰਗਲਾਦੇਸ਼ 2024 ਵਿਚ 129ਵੇਂ ਸਥਾਨ ’ਤੇ ਰਹਿਣ ਤੋਂ ਬਾਅਦ ਹੁਣ ਨਿਘਰ ਕੇ 134ਵੇਂ ਸਥਾਨ ’ਤੇ ਜਾ ਥਿੜਕਿਆ ਹੈ। ਪਾਕਿਸਤਾਨ ਦੀ ਭਾਰਤ ਨਾਲੋਂ ਬਿਹਤਰ ਕਾਰਗੁਜ਼ਾਰੀ ਬਾਰੇ ਰਿਪੋਰਟ ਦੱਸਦੀ ਹੈ ਕਿ ਪਾਕਿਸਤਾਨੀ ਜੀਵਨ-ਸ਼ੈਲੀ ਵਿਚ ‘ਖਾਓ ਪੀਓ, ਐਸ਼ ਕਰੋ ਮਿੱਤਰੋ’ ਵਾਲਾ ਤੱਤ ਭਾਰੂ ਹੈ। ਪਾਕਿਸਤਾਨੀ ਅਪਣੇ ਦੁੱਖਾਂ ਜਾਂ ਗ਼ਮਾਂ ਨੂੰ ਜੀਵਨ-ਜਾਚ ਦਾ ਸਥਾਈ ਹਿੱਸਾ ਨਹੀਂ ਬਣਾਉਂਦੇ।

ਦੂਜੇ ਪਾਸੇ ਭਾਰਤੀ ਲੋਕ ‘ਜੋ ਮਿਲ ਗਿਆ, ਉਸੀ ਕੋ ਮੁਕੱਦਰ ਸਮਝ ਲੀਆ’ ਵਾਲੇ ਫ਼ਲਸਫ਼ੇ ਦੀਆਂ ਗੱਲਾਂ ਤਾਂ ਕਰਦੇ ਹਨ, ਇਸ ਨੂੰ ਅਪਣਾਉਂਦੇ ਨਹੀਂ। ਇਸੇ ਲਈ ਉਨ੍ਹਾਂ ਅੰਦਰ ਦੁੱਖਾਂ ਵਿਚੋਂ ਸੁਖ ਦੀ ਚਿਣਗ ਲੱਭਣ ਦੀ ਕਲਾ ਅਜੇ ਤਕ ਪੁਖ਼ਤਾ ਨਹੀਂ ਹੋਈ। ਬਹਰਹਾਲ, ਪ੍ਰਸੰਨਤਾ ਰਿਪੋਰਟ ਅਪਣੇ ਆਪ ਵਿਚ ਕੋਈ ਪੱਕਾ ਸੱਚ ਨਹੀਂ, ਪਰ ਇਹ ਇਕ ਸੁਨੇਹਾ ਜ਼ਰੂਰ ਹੈ ਕਿ ਇਨਸਾਨੀ ਜ਼ਿੰਦਗੀ, ਜਿਊਣ ਲਈ ਮਿਲੀ ਹੈ, ਝੂਰਨ ਲਈ ਨਹੀਂ। ਸਾਰੇ ਫ਼ਿਕਰਾਂ-ਤੌਖ਼ਲਿਆਂ ਦੇ ਬਾਵਜੂਦ ਇਸ ਦਾ ਆਨੰਦ ਲਿਆ ਜਾਣਾ ਚਾਹੀਦਾ ਹੈ, ਉਹ ਵੀ ਭਰਪੂਰਤਾ ਨਾਲ। 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement