ਨ੍ਹੇਰ ਨਗਰੀ ਵਿਚ ਗੁੰਮ ਚਿੜੀਆਂ ਦਾ ਚੰਬਾ, ਲਾਪਤਾ ਕੁੜੀਆਂ-ਔਰਤਾਂ ਦਾ ਅਨੁਪਾਤ 55-56 ਫ਼ੀਸਦ

By : GAGANDEEP

Published : Feb 22, 2026, 6:35 am IST
Updated : Feb 22, 2026, 7:52 am IST
SHARE ARTICLE
Girls missing In india
Girls missing In india

ਮੱਧ ਪ੍ਰਦੇਸ਼ ਵਿਚ ਰੋਜ਼ਾਨਾ ਲਗਭਗ 130 ਔਰਤਾਂ ਅਤੇ ਕੁੜੀਆਂ ਲਾਪਤਾ ਹੁੰਦੀਆਂ

ਚੰਡੀਗੜ੍ਹ (ਕਮਲ ਦੁਸਾਂਝ) : ਚਿੜੀਆਂ ਦਾ ਚੰਬਾ ਹੁਣ ਉਡਾਰੀ ਮਾਰ ਦੂਰ ਦੇਸ਼ ਅਪਣੇ ਨਵੇਂ ਸੁਪਨ ਸੰਸਾਰ ਵਿਚ ਨਹੀਂ ਜਾ ਰਿਹਾ, ਸਗੋਂ ਹਨੇਰ ਭਰੀਆਂ ਗੁਫ਼ਾਵਾਂ ਵਿਚ ਲਾਪਤਾ ਹੋ ਰਿਹਾ ਹੈ। ਮੱਧ ਪ੍ਰਦੇਸ਼ ਤੋਂ ਦਿਲ ਦਹਿਲਾ ਦੇਣ ਵਾਲੀ ਜਾਣਕਾਰੀ ਨੇ ਪੂਰੇ ਦੇਸ਼ ਦੀ ਸਥਿਤੀ ਬਾਰੇ ਕਈ ਸਵਾਲ ਖੜੇ ਕਰ ਦਿਤੇ ਹਨ। ਇੱਥੇ ਰੋਜ਼ਾਨਾ ਲਗਭਗ 130 ਔਰਤਾਂ ਅਤੇ ਕੁੜੀਆਂ ਲਾਪਤਾ ਹੁੰਦੀਆਂ ਹਨ। ਇਹ ਅੰਕੜਾ 2020 ਤੋਂ 28 ਜਨਵਰੀ 2026 ਤਕ ਦਾ ਹੈ।

ਇਸ ਸਮੇਂ ਦੌਰਾਨ ਕੁੱਲ 274,311 ਔਰਤਾਂ ਅਤੇ ਕੁੜੀਆਂ ਲਾਪਤਾ ਹੋਈਆਂ ਹਨ। ਇਹ ਜਾਣਕਾਰੀ ਖੁਦ ਮੁੱਖ ਮੰਤਰੀ ਮੋਹਨ ਯਾਦਵ ਨੇ ਵਿਧਾਨ ਸਭਾ ਵਿਚ ਲਿਖਤ ਜਵਾਬ ਵਿਚ ਦਿਤੀ ਹੈ। ਉਨ੍ਹਾਂ ਅਨੁਸਾਰ ਇਨ੍ਹਾਂ ਵਿਚੋਂ 235,977 ਔਰਤਾਂ ਦਾ ਪਤਾ ਲੱਗ ਚੁੱਕਾ ਹੈ, ਪਰ 68,334 ਔਰਤਾਂ ਅਤੇ ਕੁੜੀਆਂ ਅਜੇ ਵੀ ਲਾਪਤਾ ਹਨ। ਸਾਲ ਦਰ ਸਾਲ ਇਹ ਵਾਧਾ ਦਿਖਾਈ ਦਿੰਦਾ ਹੈ: 2020 ਵਿਚ 30,000 ਤੋਂ ਵੱਧ, 2021 ਵਿਚ 39,000 ਤੋਂ ਵੱਧ, 2023 ਵਿਚ 40,000 ਤੋਂ ਵੱਧ, ਅਤੇ 2025 ਵਿਚ 31,000 ਤੋਂ ਵੱਧ ਮਾਮਲੇ ਸਾਹਮਣੇ ਆਏ। 2026 ਦੇ ਪਹਿਲੇ ਕੁਝ ਹਫ਼ਤਿਆਂ ਵਿਚ ਹੀ 1,000 ਤੋਂ ਵੱਧ ਮਾਮਲੇ ਦਰਜ ਹੋ ਚੁੱਕੇ ਹਨ।

ਇਹ ਅੰਕੜੇ ਇੰਦੌਰ, ਭੋਪਾਲ, ਗਵਾਲੀਅਰ ਵਰਗੇ ਸ਼ਹਿਰੀ ਕੇਂਦਰਾਂ ਅਤੇ ਜੰਗਲੀ/ਸਰਹੱਦੀ ਇਲਾਕਿਆਂ ਵਿਚ ਸਭ ਤੋਂ ਵੱਧ ਹਨ। ਜ਼ਾਹਰਾ ਤੌਰ ’ਤੇ ਇਹ ਸਥਿਤੀ ਬੇਹੱਦ ਚਿੰਤਾਜਨਕ ਹੈ ਕਿਉਂਕਿ ਇਹ ਅੰਕੜੇ ਮਨੁੱਖੀ ਤਸਕਰੀ ਦੇ ਨੈੱਟਵਰਕਾਂ, ਜ਼ਬਰਦਸਤੀ ਵਿਆਹਾਂ, ਜਿਨਸੀ ਸ਼ੋਸ਼ਣ ਵਿਚ ਕਮਜ਼ੋਰੀਆਂ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ। ਇਕ ਸੂਬੇ ਦੀ ਇਹ ਭਿਆਨਕ ਹਾਲਤ ਪੂਰੇ ਭਾਰਤ ਦੀ ਸਥਿਤੀ ਦਾ ਅੰਦਾਜ਼ਾ ਲਗਾਉਣ ਲਈ ਕਾਫੀ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਤਾਜ਼ਾ ਅੰਕੜਿਆਂ ਅਨੁਸਾਰ 2023 ਵਿਚ ਭਾਰਤ ਵਿਚ ਕੁੱਲ ਲਗਭਗ 8.68 ਲੱਖ ਲੋਕ ਲਾਪਤਾ ਹੋਏ ਸਨ, ਜਿਨ੍ਹਾਂ ਵਿਚੋਂ 3.24 ਲੱਖ (ਲਗਭਗ 65 ਫੀਸਦ) ਔਰਤਾਂ ਸਨ। ਬੱਚੇ ਵੀ ਲਗਭਗ 91,000 ਸਨ। ਇਨ੍ਹਾਂ ਵਿਚੋਂ ਸਿਰਫ਼ 53 ਫੀਸਦ ਹੀ ਲੱਭੇ ਜਾ ਸਕੇ, ਬਾਕੀ ਅਜੇ ਵੀ ਲਾਪਤਾ ਹਨ।

ਔਰਤਾਂ ਅਤੇ ਲੜਕੀਆਂ ਦਾ ਅਨੁਪਾਤ ਅਕਸਰ 55-65 ਫ਼ੀਸਦ ਰਹਿੰਦਾ ਹੈ। ਕਈ ਸਾਲਾਂ ਤੋਂ ਇਹ ਵਰਤਾਰਾ ਚੱਲ ਰਿਹਾ ਹੈ ਪਰ ਸਰਕਾਰੀ ਪੱਧਰ ’ਤੇ ਪ੍ਰਭਾਵੀ ਕਦਮ ਘੱਟ ਹੀ ਨਜ਼ਰ ਆਉਂਦੇ ਹਨ। ਮਹਾਰਾਸ਼ਟਰ, ਮੱਧ ਪ੍ਰਦੇਸ਼, ਪੱਛਮੀ ਬੰਗਾਲ ਅਤੇ ਓਡੀਸ਼ਾ ਸਭ ਤੋਂ ਵੱਧ ਪ੍ਰਭਾਵਤ ਸੂਬੇ ਹਨ। ਗੁਜਰਾਤ ਵਿਚ ਵੀ ਪਿਛਲੇ 5 ਸਾਲਾਂ ਵਿਚ 40,000 ਤੋਂ ਵੱਧ ਔਰਤਾਂ ਲਾਪਤਾ ਹੋਈਆਂ ਹਨ। ਪੁਰਾਣੇ ਅੰਕੜਿਆਂ ਮੁਤਾਬਕ 3.75 ਲੱਖ ਔਰਤਾਂ (18+ਸਾਲ) ਅਤੇ 90,000 ਲੜਕੀਆਂ (18 ਸਾਲ ਤੋਂ ਘੱਟ) ਲਾਪਤਾ ਹੋਈਆਂ ਸਨ। 2022 ਵਿਚ ਰੋਜ਼ਾਨਾ ਔਸਤਨ 172 ਲੜਕੀਆਂ ਲਾਪਤਾ ਹੋ ਰਹੀਆਂ ਸਨ। ਦਿੱਲੀ ਵਿਚ 2025 ਵਿਚ ਅਕਤੂਬਰ ਤਕ 19,682 ਲਾਪਤਾ ਮਾਮਲੇ ਦਰਜ ਹੋਏ ਸਨ, ਜਿਨ੍ਹਾਂ ਵਿਚੋਂ 61 ਫ਼ੀਸਦ (11,917) ਔਰਤਾਂ ਸਨ। ਪੂਰੇ 2025 ਵਿਚ ਕੁੱਲ 24,508 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚ 60 ਫ਼ੀਸਦ ਤੋਂ ਵੱਧ ਔਰਤਾਂ ਸਨ। ਪਿਛਲੇ 10 ਸਾਲਾਂ ਵਿਚ ਦਿੱਲੀ ਵਿਚ 2.51 ਲੱਖ ਤੋਂ ਵੱਧ ਲੋਕ ਲਾਪਤਾ ਹੋਏ, ਜਿਨ੍ਹਾਂ ਵਿਚ 56 ਫ਼ੀਸਦ ਔਰਤਾਂ ਸਨ।

ਦਿੱਲੀ ਵਿਚ ਚੜ੍ਹਦੇ ਸਾਲ ’ਚ ਹੀ 807 ਲਾਪਤਾ
ਦਿੱਲੀ ਵਿਚ 2026 ਦੇ ਪਹਿਲੇ 15 ਦਿਨਾਂ ਵਿਚ ਹੀ 807 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚ 509 ਔਰਤਾਂ ਅਤੇ ਕੁੜੀਆਂ ਅਤੇ 191 ਬੱਚੇ (ਜਿਨ੍ਹਾਂ ਵਿਚ ਜ਼ਿਆਦਾਤਰ ਲੜਕੀਆਂ) ਸ਼ਾਮਲ ਸਨ। ਔਸਤਨ ਰੋਜ਼ਾਨਾ 54 ਮਾਮਲੇ ਦਰਜ ਹੋ ਰਹੇ ਹਨ ਅਤੇ ਬਹੁਤਿਆਂ ਦਾ ਅਜੇ ਵੀ ਕੋਈ ਥਹੁ ਪਤਾ ਨਹੀਂ। ਇਹ ਅੰਕੜੇ ਨਾ ਸਿਰਫ਼ ਵਿਅਕਤੀਗਤ ਤ੍ਰਾਸਦੀਆਂ ਹਨ ਬਲਕਿ ਸਮਾਜਕ, ਕਾਨੂੰਨੀ ਅਤੇ ਪ੍ਰਸ਼ਾਸਨਿਕ ਅਸਫਲਤਾ ਦੀ ਤਸਵੀਰ ਵੀ ਪੇਸ਼ ਕਰਦੇ ਹਨ। ਲੋੜ ਹੈ ਮਜ਼ਬੂਤ ਟਰੈਕਿੰਗ 
ਸਿਸਟਮ, ਤਸਕਰੀ ਵਿਰੋਧੀ ਮੁਹਿੰਮਾਂ, ਜਾਗਰੂਕਤਾ ਅਤੇ ਔਰਤਾਂ ਦੀ ਸੁਰੱਖਿਆ ਲਈ ਵਧੇਰੇ ਸਖ਼ਤ ਕਦਮਾਂ ਦੀ। ਨਹੀਂ ਤਾਂ ਇਹ ਅੰਕੜੇ ਹਰ ਸਾਲ ਵਧਦੇ ਰਹਿਣਗੇ ਅਤੇ ਸਮਾਜ ਦੀਆਂ ਚਿੜੀਆਂ ਦੀ ਉਡਾਰੀ ਹੋਰ ਵੀ ਡੂੰਘੇ ਹਨੇਰਿਆਂ ਵਿਚ ਖ਼ਤਮ ਹੋ ਜਾਵੇਗੀ।

 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement