ਮੋਗਾ ਪੁਲਿਸ ਨੇ ਲੱਦਾਖ਼ ਤੋਂ ਕੀਤਾ ਗ੍ਰਿਫ਼ਤਾਰ
ਮੋਗਾ : ਮੋਗਾ ਦੇ ਬਾਘਾਪੁਰਾਣਾ ਇਲਾਕੇ ’ਚ ਦਿਨ-ਦਿਹਾੜੇ ਹੋਏ ਹਰਵਿੰਦਰ ਸਿੰਘ ਹੈਪੀ ਸਰਪੰਚ ਪੱਤੋਂ ਹੀਰਾ ਸਿੰਘ ਦੇ ਕਤਲ ਮਾਮਲੇ ’ਚ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ । ਇਸ ਮਾਮਲੇ ਦੇ ਮੁੱਖ ਮੁਲਜ਼ਮ ਮਨਪ੍ਰੀਤ ਸਿੰਘ ਉਰਫ਼ ਬੱਬਲੂ ਨੂੰ ਲਦਾਖ ਤੋਂ ਕਾਬੂ ਕੀਤਾ ਗਿਆ ਹੈ । ਮੋਗਾ ਪੁਲਿਸ ਦਾ ਸੀ.ਆਈ.ਏ. ਸਟਾਫ ਉਸ ਨੂੰ ਚੰਡੀਗੜ੍ਹ ਏਅਰਪੋਰਟ ਤੋਂ ਲੈ ਕੇ ਮੋਗਾ ਪਹੁੰਚ ਚੁੱਕਾ ਹੈ।
ਜਾਣਕਾਰੀ ਅਨੁਸਾਰ ਹੈਪੀ ਸਰਪੰਚ ਜਦੋਂ ਆਪਣੀ ਥਾਰ ਤੋਂ ਨਿਕਲ ਕੇ ਆਪਣੀ ਜਿਮ ਵੱਲ ਜਾ ਰਿਹਾ ਸੀ ਤਾਂ ਮਗਰੋਂ ਇਕ ਫੋਰਚੂਨਰ ਗੱਡੀ ਆਉਂਦੀ ਹੈ, ਜਿਸ ’ਚ ਮਨਪ੍ਰੀਤ ਸਿੰਘ ਉਰਫ਼ ਬੱਬਲੂ ਤੇ ਉਸਦੇ ਸਾਥੀ ਮੌਜੂਦ ਸਨ। ਡੀਐਸਪੀ ਦਲਵੀਰ ਸਿੰਘ ਮੁਤਾਬਕ ਸੀਸੀਟੀਵੀ ਫੁਟੇਜ ’ਚ ਮਨਪ੍ਰੀਤ ਸਿੰਘ ਉਰਫ਼ ਬੱਬਲੂ ਗੋਲੀਆਂ ਚਲਾਉਂਦਾ ਹੋਇਆ ਵੀ ਨਜ਼ਰ ਆ ਰਿਹਾ ਹੈ। ਇਸ ਮਾਮਲੇ ’ਚ ਪਹਿਲਾਂ ਹੀ 5 ਤੋਂ 7 ਵਿਅਕਤੀਆਂ ਦੇ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਫਿਲਹਾਲ ਪੁਲਿਸ ਵਲੋਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
