ਰਾਹਗੀਰਾਂ ਅਤੇ ਸਕੂਲੀ ਬੱਚਿਆਂ ਦੇ ਨਾ ਹੋਣ ਕਾਰਨ ਵੱਡਾ ਹਾਦਸਾ ਹੋਣੋਂ ਬਚਿਆ
ਨਵੀਂ ਦਿੱਲੀ: ਉੱਤਰੀ ਦਿੱਲੀ ਦੇ ਰੂਪ ਨਗਰ ਥਾਣਾ ਖੇਤਰ ਵਿਚ ਮੰਗਲਵਾਰ ਸਵੇਰੇ ਨਜਫਗੜ੍ਹ ਨਾਲੇ ਉੱਤੇ ਬਣਿਆ 33 ਸਾਲ ਪੁਰਾਣਾ ਇਕ ਖਸਤਾਹਾਲ ਪੁਲ ਢਹਿ ਗਿਆ। ਇਸ ਹਾਦਸੇ ਦੀ ਚਪੇਟ ਵਿਚ ਪੁੱਲ ’ਤੇ ਬੈਠੀ ਇਕ ਬੁਜ਼ੁਰਗ ਔਰਤ ਆ ਗਈ ਜਿਸ ਦੀ ਮੌਤ ਹੋ ਗਈ। ਪੁਲ ਨੂੰ ਰੋਜ਼ ਸੈਂਕੜੇ ਲੋਕ ਪ੍ਰਯੋਗ ਕਰਦੇ ਸਨ, ਪਰ ਹਾਦਸੇ ਸਮੇਂ ਕੋਈ ਹੋਰ ਇਸ ’ਤੇ ਮੌਜੂਦ ਨਹੀਂ ਸੀ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦਿੱਲੀ ਸਰਕਾਰ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿਤੇ ਹਨ ਅਤੇ ਰਾਜਧਾਨੀ ’ਚ ਅਜਿਹੇ ਹੋਰ ਢਾਂਚਿਆਂ ਦੀ ਸਮੀਖਿਆ ਦੇ ਹੁਕਮ ਦਿਤੇ ਹਨ।
ਹਾਦਸੇ ਦੀ ਖ਼ਬਰ ਮਿਲਦੇ ਹੀ ਪੁਲਿਸ ਦੇ ਨਾਲ-ਨਾਲ ਅੱਗ ਬੁਝਾਉ ਵਿਭਾਗ, ਐਨ.ਡੀ.ਆਰ.ਐਫ., ਬੋਟ ਕਲੱਬ ਅਤੇ ਹੋਰ ਏਜੰਸੀਆਂ ਮੌਕੇ ’ਤੇ ਪਹੁੰਚ ਗਈਆਂ। ਕਾਫ਼ੀ ਮਿਹਨਤ ਤੋਂ ਬਾਅਦ ਔਰਤ ਨੂੰ ਨਾਲ਼ੇ ਵਿਚੋਂ ਕੱਢ ਕੇ ਹਸਪਤਾਲ ਭੇਜਿਆ ਗਿਆ, ਜਿੱਥੇ ਉਸ ਨੂੰ ਮਿ੍ਰਤ ਕਰਾਰ ਦਿਤਾ ਗਿਆ। ਪੁਲਿਸ ਦੇ ਮੁਤਾਬਕ, 60 ਸਾਲ ਦੀ ਬੁਜ਼ੁਰਗ ਔਰਤ ਪੁਲ ਉਤੇ ਬੈਠ ਕੇ ਭੀਖ ਮੰਗਦੀ ਸੀ। ਉਸ ਦੀ ਲਾਸ਼ ਕਬਜ਼ੇ ਵਿਚ ਲੈ ਕੇ ਮੋਰਚਰੀ ਭੇਜ ਦਿਤੀ ਗਈ ਹੈ।
ਇਥੋਂ ਦੇ ਵਸਨੀਕਾਂ ਨੇ ਦਸਿਆ ਕਿ ਇਹ ਪੁਲ ਗੁੜਮੰਡੀ ਅਤੇ ਰੂਪ ਨਗਰ ਨੂੰ ਜੋੜਨ ਲਈ ਇਕ ਛੋਟਾ ਰਸਤਾ ਸੀ। ਆਸ-ਪਾਸ ਦੀਆਂ ਕਈ ਕਾਲੋਨੀਆਂ ਤੋਂ ਵਿਦਿਆਰਥਣਾਂ ਦੇ ਨਾਲ-ਨਾਲ ਕੰਮ ਕਰਨ ਵਾਲੀਆਂ ਔਰਤਾਂ ਅਤੇ ਹੋਰ ਲੋਕ ਵੀ ਇਸ ਪੁਲ ਦਾ ਇਸਤੇਮਾਲ ਕਰਦੇ ਸੀ। ਦਿੱਲੀ ਦੇ ਸਿੰਚਾਈ ਅਤੇ ਹੜਾਂ ਦੀ ਰੋਕਖਾਮ ਦੇ ਮੰਤਰੀ ਪ੍ਰਵੇਸ਼ ਵਰਮਾ ਨੇ ਘਟਨਾ ਦੀ ਗੰਭੀਰਤਾ ਨੂੰ ਵੇਖਦੇ ਹੋਏ ਤਿੰਨ ਮੈਂਬਰੀ ਕਮੇਟੀ ਬਣਾਉਣ ਦੇ ਹੁਕਮ ਦਿਤੇ ਹਨ, ਜੋ 48 ਘੰਟਿਆਂ ਦੇ ਅੰਦਰ ਅਪਣੀ ਵਿਸਥਾਰਿਤ ਰੀਪੋਰਟ ਪੇਸ਼ ਕਰੇਗੀ।
ਸੂਤਰਾਂ ਦਾ ਕਹਿਣਾ ਹੈ ਕਿ ਇਹ ਨਾਲਾ ਸਿੰਚਾਈ ਅਤੇ ਹੜ੍ਹ ਰੋਕਥਾਮ ਵਿਭਾਗ ਦੇ ਤਹਿਤ ਹੈ ਅਤੇ ਇਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਉਸੇ ਵਿਭਾਗ ਦੀ ਹੈ। ਬਹੁਤ ਪੁਰਾਣਾ ਹੋਣ ਕਰ ਕੇ ਇਹ ਪੁਲ ਖਸਤਾਹਾਲ ਹੋ ਚੁੱਕਾ ਸੀ ਅਤੇ ਕਈ ਥਾਵਾਂ ਤੋਂ ਲੋਹਾ ਗਲ ਗਿਆ ਸੀ। ਇਸ ਗੱਲ ਨੂੰ ਧਿਆਨ ਵਿਚ ਰਖਦੇ ਹੋਏ ਪਿਛਲੇ ਸਾਲ ਤੋਂ ਹੀ ਪੁਲ ਨੂੰ ਬੈਰੀਕੇਡ ਲਗਾ ਕੇ ਬੰਦ ਕਰ ਦਿਤਾ ਗਿਆ ਸੀ। ਪਰ ਗੁੜ ਮੰਡੀ-ਰਾਜਪੁਰਾ ਤੋਂ ਰੂਪ ਨਗਰ ਜਾਣ ਵਾਲੇ ਲੋਕ ਲਗਾਤਾਰ ਇਸ ਪੁਲ ਦੀ ਵਰਤੋਂ ਕਰ ਰਹੇ ਸਨ।
