ਘਰੇਲੂ ਖਪਤਕਾਰਾਂ ਨੂੰ ਘਬਰਾਉਣ ਦੀ ਲੋੜ ਨਹੀਂ : ਸਰਕਾਰ
ਨਵੀਂ ਦਿੱਲੀ : ਦੇਸ਼ ਵਿਚ ਕਮਰਸ਼ੀਅਲ ਐਲ.ਪੀ.ਜੀ. ਸਿਲੰਡਰਾਂ ਦੀ ਵਿਕਰੀ 29 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਾਲਾਬਾਜ਼ਾਰੀ ਅਤੇ ਗੈਰ-ਕਾਨੂੰਨੀ ਸਟਾਕਿੰਗ ਨੂੰ ਰੋਕਣ ਲਈ ਛਾਪੇ ਤੇ ਅਚਾਨਕ ਜਾਂਚਾਂ ਤੇਜ਼ ਕਰ ਦਿਤੀ ਆਂ ਹਨ। ਪਟਰੌਲ ਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਘਰੇਲੂ ਐਲ.ਪੀ.ਜੀ. ਸਪਲਾਈ ਨੂੰ ਪਹਿਲ ਦਿਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਘਰੇਲੂ ਖਪਤਕਾਰਾਂ ਨੂੰ ਕੋਈ ਖੇਚਲ ਨਾ ਹੋਵੇ, ਇਸ ਲਈ ਐਲ.ਪੀ.ਜੀ. ਸਿਲੰਡਰਾਂ ਦੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ।’’
ਉਨ੍ਹਾਂ ਨੇ ਦਸਿਆ ਕਿ ਪਿਛਲੇ ਦਿਨਾਂ ਵਿਚ ਬੁਕਿੰਗਾਂ ਵਿਚ ਬੇਹੱਦ ਵਾਧਾ ਹੋਇਆ ਹੈ। ਉਨ੍ਹਾਂ ਕਿਹਾ, ‘‘ਕੱਲ੍ਹ ਤਕ ਬੁਕਿੰਗਾਂ ਲਗਭਗ 75 ਲੱਖ ਸਨ, ਜੋ ਹੁਣ 88 ਲੱਖ ਤਕ ਪਹੁੰਚ ਗਈਆਂ ਹਨ। ਇਹ ਸਿਰਫ਼ ਘਬਰਾਹਟ ਕਾਰਨ ਹੋ ਰਿਹਾ ਹੈ।’’ ਭਾਰਤ ਅਪਣੀ 88 ਫ਼ੀ ਸਦੀ ਕੱਚੇ ਤੇਲ ਦੀ ਲੋੜ, 50 ਫ਼ੀ ਸਦੀ ਗੈਸ ਅਤੇ 60 ਫ਼ੀ ਸਦੀ ਐਲ.ਪੀ.ਜੀ. ਆਯਾਤ ਕਰਦਾ ਹੈ। ਹਾਲੀਆ ਜੰਗ ਕਾਰਨ ਖਾੜੀ ਦੇਸ਼ਾਂ ਤੋਂ ਸਪਲਾਈ ਪ੍ਰਭਾਵਤ ਹੋਈ ਹੈ, ਪਰ ਸਰਕਾਰ ਨੇ ਰੂਸ ਸਮੇਤ ਹੋਰ ਦੇਸ਼ਾਂ ਤੋਂ ਤੇਲ ਪ੍ਰਾਪਤ ਕਰ ਕੇ ਘਰੇਲੂ ਸਪਲਾਈ ਨੂੰ ਸੰਭਾਲਿਆ ਹੈ।
ਸ਼ਰਮਾ ਨੇ ਕਿਹਾ ਕਿ ਐਲ.ਪੀ.ਜੀ. ਉਤਪਾਦਨ ਵਿਚ 31 ਫ਼ੀ ਸਦੀ ਤਕ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜੀ.ਏ.ਆਈ.ਐਲ. ਨੇ ਸ਼ਹਿਰੀ ਗੈਸ ਵੰਡਣ ਵਾਲਿਆਂ ਨੂੰ ਕਿਹਾ ਹੈ ਕਿ ਕਮਰਸ਼ੀਅਲ ਖਪਤਕਾਰਾਂ ਨੂੰ ਪੀ.ਐਨ.ਜੀ. (ਪਾਈਪਡ ਨੈਚਰਲ ਗੈਸ) ਕੁਨੈਕਸ਼ਨ ਦਿਤੇ ਜਾਣ। ਕਈ ਸੂਬਿਆਂ ਵਿਚ ਛਾਪੇ ਮਾਰੇ ਗਏ ਹਨ। ਉੱਤਰ ਪ੍ਰਦੇਸ਼ ਵਿਚ 1,400 ਸਥਾਨਾਂ ’ਤੇ ਅਚਾਨਕ ਜਾਂਚ ਕੀਤੀ ਗਈ ਅਤੇ 20 ਐਫ਼.ਆਈ.ਆਰ. ਦਰਜ ਕੀਤੀਆਂ ਗਈਆਂ। ਸ਼ਰਮਾ ਨੇ ਕਿਹਾ, ‘‘ਕਾਲਾਬਾਜ਼ਾਰੀ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।’’
ਸਰਕਾਰ ਨੇ ਐਲ.ਪੀ.ਜੀ. ਕੰਪਨੀਆਂ ਨੂੰ ਡਿਜੀਟਲ ਬੁਕਿੰਗ ਪ੍ਰਚਾਰ ਮੁਹਿੰਮ ਚਲਾਉਣ ਲਈ ਕਿਹਾ ਹੈ ਕਿ ਸਿਲੰਡਰ ਘਰ ਤਕ ਪਹੁੰਚਾਏ ਜਾਂਦੇ ਹਨ, ਕਤਾਰਾਂ ਵਿਚ ਖੜ੍ਹੇ ਹੋਣ ਦੀ ਕੋਈ ਲੋੜ ਨਹੀਂ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ਼ ਸਰਕਾਰੀ ਜਾਣਕਾਰੀ ’ਤੇ ਭਰੋਸਾ ਕਰਨ ਅਤੇ ਬਿਨਾਂ ਕਾਰਨ ਘਬਰਾਹਟ ਨਾ ਪੈਦਾ ਕਰਨ।
ਐਲ.ਪੀ.ਜੀ. ਨਾਲ ਭਰੇ ਸਮੁੰਦਰੀ ਜਹਾਜ਼ ਹੋਰਮੁਜ਼ ਜਲਡਮਰੂਮੱਧ ’ਚੋਂ ਨਿਕਲੇ
ਭਲਕੇ ਗੁਜਰਾਤ ਪਹੁੰਚਣ ਦੀ ਸੰਭਾਵਨਾ : ਜਹਾਜ਼ਰਾਨੀ ਮੰਤਰੀ ਅਧਿਕਾਰੀ
ਨਵੀਂ ਦਿੱਲੀ : ਜਹਾਜ਼ਰਾਨੀ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਖਾੜੀ ਦੇਸ਼ਾਂ ਤੋਂ ਐਲ.ਪੀ.ਜੀ. ਲੈ ਕੇ ਜਾ ਰਹੇ ਦੋ ਭਾਰਤੀ ਝੰਡੇ ਵਾਲੇ ਜਹਾਜ਼ ਸਨਿਚਰਵਾਰ ਸਵੇਰੇ ਸੁਰੱਖਿਅਤ ਢੰਗ ਨਾਲ ਹੋਰਮੁਜ਼ ਜਲਡਮਰੂਮੱਧ ਨੂੰ ਪਾਰ ਕਰ ਗਏ। ਜਹਾਜ਼ਰਾਨੀ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਰਾਜੇਸ਼ ਕੁਮਾਰ ਸਿਨਹਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਐਲ.ਪੀ.ਜੀ. ਕੈਰੀਅਰ ਸ਼ਿਵਾਲਿਕ ਅਤੇ ਨੰਦਾ ਦੇਵੀ ਹੁਣ ਗੁਜਰਾਤ ਦੀਆਂ ਮੁੰਦਰਾ ਅਤੇ ਕਾਂਡਲਾ ਬੰਦਰਗਾਹਾਂ ਵਲ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਜਹਾਜ਼ 92,700 ਟਨ ਐਲ.ਪੀ.ਜੀ. ਲੈ ਕੇ ਜਾ ਰਹੇ ਹਨ ਅਤੇ ਇਨ੍ਹਾਂ ਦੇ 16/17 ਮਾਰਚ ਨੂੰ ਭਾਰਤੀ ਬੰਦਰਗਾਹਾਂ ਉਤੇ ਖੜ੍ਹੇ ਹੋਣ ਦੀ ਸੰਭਾਵਨਾ ਹੈ। ਇਹ ਦੋਵੇਂ ਜਹਾਜ਼ ਉਨ੍ਹਾਂ 24 ਸਮੁੰਦਰੀ ਜਹਾਜ਼ਾਂ ’ਚੋਂ ਇਕ ਸਨ ਜੋ ਇਸ ਖੇਤਰ ਵਿਚ ਜੰਗ ਸ਼ੁਰੂ ਹੋਣ ਤੋਂ ਬਾਅਦ ਹੋਰਮੁਜ਼ ਦੇ ਪੱਛਮ ਵਾਲੇ ਪਾਸੇ ਫਸੇ ਹੋਏ ਸਨ।
ਤਾਮਿਲਨਾਡੂ ’ਚ ਇੰਡਕਸ਼ਨ ਸਟੋਵ ਅਪਨਾਉਣ ਵਾਲੇ ਖਾਣ-ਪੀਣ ਦੇ ਸਥਾਨਾਂ ਨੂੰ ਮਿਲੇਗੀ ਬਿਜਲੀ ਸਬਸਿਡੀ
ਚੇਨਈ : ਤਾਮਿਲਨਾਡੂ ਸਰਕਾਰ ਨੇ ਰੈਸਟੋਰੈਂਟਾਂ, ਹੋਟਲਾਂ ਅਤੇ ਚਾਹ ਦੀਆਂ ਦੁਕਾਨਾਂ ਲਈ ਵੱਡਾ ਫੈਸਲਾ ਕੀਤਾ ਹੈ। ਕਮਰਸ਼ੀਅਲ ਐਲ.ਪੀ.ਜੀ. ਸਿਲੰਡਰਾਂ ਦੀ ਘਾਟ ਕਾਰਨ ਹੁਣ ਇੰਡਕਸ਼ਨ ਸਟੋਵ ਵਰਤਣ ਵਾਲੇ ਖਾਣ-ਪੀਣ ਦੇ ਸਥਾਨਾਂ ਨੂੰ ਪ੍ਰਤੀ ਯੂਨਿਟ ਬਿਜਲੀ ਉਤੇ 2 ਰੁਪਏ ਦੀ ਸਬਸਿਡੀ ਦਿਤੀ ਜਾਵੇਗੀ। ਇਹ ਕਦਮ ਨਾ ਸਿਰਫ਼ ਹੋਟਲ ਉਦਯੋਗ ਲਈ ਰਾਹਤ ਹੈ, ਸਗੋਂ ਕਿਸਾਨਾਂ ਅਤੇ ਛੋਟੇ ਵਪਾਰੀਆਂ ਲਈ ਵੀ ਸਹਾਰਾ ਬਣੇਗਾ।
ਸੂਬੇ ਦੇ ਮੁੱਖ ਸਕੱਤਰ ਜੇ. ਰਾਧਾਕ੍ਰਿਸ਼ਨ ਨੇ ਕਿਹਾ, ‘‘ਇਹ ਸਬਸਿਡੀ ਉਦੋਂ ਤਕ ਜਾਰੀ ਰਹੇਗੀ ਜਦ ਤਕ ਕੇਂਦਰ ਵਲੋਂ ਐਲ.ਪੀ.ਜੀ. ਵਰਤੋਂ ਉਤੇ ਲਗਾਈਆਂ ਪਾਬੰਦੀਆਂ ਹਟਾਈਆਂ ਨਹੀਂ ਜਾਂਦੀਆਂ।’’ ਸਰਕਾਰ ਨੇ ਐਮ.ਐੱਸ.ਐਮ.ਈ. ਲਈ ਇੰਡਕਸ਼ਨ ਸਟੋਵ ਅਤੇ ਹੀਟਰ ਖਰੀਦਣ ਲਈ ਕਰਜ਼ਿਆਂ ਉਤੇ 25% ਤਕ ਸਹਾਇਤਾ ਦਾ ਵੀ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਅਪਣੀ ਫਸਲ 194 ‘ਉਝਾਵਰ ਸੰਧਾਈਆਂ’ ’ਚ ਬਿਨਾਂ ਰੋਕਟੋਕ ਵੇਚਣ ਦੀ ਆਜ਼ਾਦੀ ਦਿਤੀ ਗਈ ਹੈ।
ਰਾਧਾਕ੍ਰਿਸ਼ਨ ਨੇ ਦਸਿਆ ਕਿ ‘‘ਬਿਜਲੀ ਦੀ ਮੰਗ ਹਾਲ ਹੀ ਵਿਚ 50 ਐਮ.ਡਬਿਲਉ. ਵੱਧ ਗਈ ਹੈ, ਇਸ ਲਈ ਸਰਕਾਰ ਨੇ ਵਾਧੂ ਕੇਰੋਸਿਨ ਵੀ ਰਾਸ਼ਨ ਕਾਰਡਧਾਰਕਾਂ ਲਈ ਜਾਰੀ ਕੀਤਾ ਹੈ।’’
ਐਲ.ਪੀ.ਜੀ. ਸੰਕਟ ਨਾਲ ਰੈਸਟੋਰੈਂਟਾਂ ਦੀਆਂ ਮੁਸ਼ਕਲਾਂ ਵਧੀਆਂ
ਨਵੀਂ ਦਿੱਲੀ : ਦੇਸ਼ ਵਿਚ ਐਲ.ਪੀ.ਜੀ. ਦੀ ਕਮੀ ਕਾਰਨ ਰੈਸਟੋਰੈਂਟਾਂ ਦੇ ਕਾਰੋਬਾਰ ਉਤੇ ਗੰਭੀਰ ਅਸਰ ਪਿਆ ਹੈ। ਕਈ ਖਾਣ-ਪੀਣ ਦੇ ਸਥਾਨਾਂ ਨੇ ਅਪਣੀ ਭੋਜਨ ਸੂਚੀ (ਮੀਨੂ) ਘਟਾ ਦਿਤੇ ਹਨ, ਕੀਮਤਾਂ ਵਧਾ ਦਿਤੀ ਆਂ ਹਨ ਅਤੇ ਕੁੱਝ ਨੇ ਕੋਲਾ ਤੇ ਲੱਕੜ ਦੀ ਵਰਤੋਂ ਸ਼ੁਰੂ ਕਰ ਦਿਤੀ ਹੈ। ਇਸ ਸੰਕਟ ਦੌਰਾਨ, ਦੋ ਭਾਰਤੀ ਜਹਾਜ਼ — ਸ਼ਿਵਾਲਿਕ ਅਤੇ ਨੰਦਾ ਦੇਵੀ — 92,700 ਟਨ ਐਲ.ਪੀ.ਜੀ. ਲੈ ਕੇ ਖਾੜੀ ਦੇਸ਼ਾਂ ਤੋਂ ਗੁਜਰਾਤ ਦੇ ਮੁੰਦਰਾ ਅਤੇ ਕਾਂਡਲਾ ਬੰਦਰਗਾਹ ਵਲ ਰਵਾਨਾ ਹੋਏ ਹਨ।
ਉਧਰ ਅਗਰਾ ਦਾ ਮਸ਼ਹੂਰ ਪੇਠਾ ਉਦਯੋਗ ਗੈਸ ਦੀ ਕਮੀ ਕਾਰਨ ਬੰਦ ਹੋਣ ਕੰਢੇ ਹੈ। ਵਪਾਰੀਆਂ ਨੇ ਦਸਿਆ ਕਿ ਕਈ ਯੂਨਿਟਾਂ ਨੇ ਉਤਪਾਦਨ ਰੋਕ ਦਿਤਾ ਹੈ। ਸ਼ਹੀਦ ਭਗਤ ਸਿੰਘ ਪੇਠਾ ਕੁਟਿਰ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਅਗਰਵਾਲ ਨੇ ਕਿਹਾ, ‘‘ਪੇਠੇ ਦਾ ਉਤਪਾਦਨ ਬਹੁਤ ਪ੍ਰਭਾਵਤ ਹੋਇਆ ਹੈ। ਜੇ ਸਪਲਾਈ ਜਲਦੀ ਬਹਾਲ ਨਾ ਹੋਈ ਤਾਂ ਬਾਕੀ ਯੂਨਿਟ ਵੀ ਬੰਦ ਹੋ ਸਕਦੇ ਹਨ।’’ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰਤ ਕਾਰਵਾਈ ਕਰਨ ਦੀ ਅਪੀਲ ਕੀਤੀ। ਦੂਜੇ ਪਾਸੇ, ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਮੱਲੱਪਾ ਬੰਗਾਰੀ ਨੇ ਦਾਅਵਾ ਕੀਤਾ ਕਿ ਜ਼ਿਲ੍ਹੇ ਵਿਚ ਗੈਸ ਦੀ ਕੋਈ ਕਮੀ ਨਹੀਂ ਹੈ, ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।
ਇਸੇ ਤਰ੍ਹਾਂ ਦਿੱਲੀ ਦੇ ਕਨਾਟ ਪਲੇਸ ਦੇ ਰੈਸਟੋਰੈਂਟ ਮਾਲਕਾਂ ਨੇ ਵੱਡੀਆਂ ਪਾਰਟੀਆਂ ਦੀਆਂ ਬੁਕਿੰਗਾਂ ਰੋਕ ਦਿਤੀ ਆਂ ਹਨ। ਫਲੇਵਰਜ਼ ਆਫ ਚਾਈਨਾ ਦੀ ਮਾਲਕਾ ਪਰਮਜੀਤ ਕੌਰ ਨੇ ਕਿਹਾ, ‘‘ਸਾਨੂੰ ਕੁੱਝ ਤਬਦੀਲੀਆਂ ਕਰਨੀਆਂ ਪਈਆਂ ਹਨ। ਸਿਜ਼ਲਰ ਵਰਗੇ ਖਾਣੇ ਹੁਣ ਨਹੀਂ ਪੇਸ਼ ਕਰ ਰਹੇ ਕਿਉਂਕਿ ਇਨ੍ਹਾਂ ਲਈ ਲਗਾਤਾਰ ਤੇਜ਼ ਅੱਗ ਦੀ ਲੋੜ ਹੁੰਦੀ ਹੈ। ਭੋਜਨ ਸੂਚੀ ਨੂੰ ਵੀ ਘਟਾਇਆ ਹੈ ਅਤੇ ਸਿਰਫ਼ ਉਨ੍ਹਾਂ ਭੋਜਨਾਂ ਉਤੇ ਧਿਆਨ ਦੇ ਰਹੇ ਹਾਂ ਜੋ ਘੱਟ ਗੈਸ ਨਾਲ ਬਣ ਸਕਦੇ ਹਨ।’’
ਉੱਤਰ ਪ੍ਰਦੇਸ਼ ਅਤੇ ਕਰਨਾਟਕ ਵਿਚ ਅਧਿਕਾਰੀਆਂ ਨੇ ਐਲ.ਪੀ.ਜੀ. ਦੀ ਕਾਲਾਬਾਜ਼ਾਰੀ ਰੋਕਣ ਲਈ ਛਾਪੇ ਮਾਰੇ। ਯੂ.ਪੀ. ਵਿਚ 1,483 ਥਾਵਾਂ ਉਤੇ ਕਾਰਵਾਈ ਹੋਈ ਅਤੇ 24 ਐਫ.ਆਈ.ਆਰ ਦਰਜ ਕੀਤੀਆਂ ਗਈਆਂ। ਕਰਨਾਟਕ ਵਿਚ 316 ਘਰੇਲੂ ਸਿਲੰਡਰ ਜ਼ਬਤ ਕੀਤੇ ਗਏ ਜੋ ਗੈਰ-ਕਾਨੂੰਨੀ ਤਰੀਕੇ ਨਾਲ ਵਰਤੇ ਜਾ ਰਹੇ ਸਨ।
ਕੋਲਕਾਤਾ ਵਿਚ ਗੈਸ ਏਜੰਸੀਆਂ ਦੇ ਬਾਹਰ ਲੰਬੀਆਂ ਕਤਾਰਾਂ ਲੱਗੀਆਂ। ਕਾਮਰਹਾਟੀ ਦੇ ਕੌਂਸਲਰ ਬਿਮਲ ਸਾਹਾ ਨੇ ਲੋਕਾਂ ਨੂੰ ਗੋਬਰ ਦੀਆਂ ਪਾਥੀਆਂ ਵੰਡੀਆਂ ਅਤੇ ਕਿਹਾ, ‘‘ਇਹ ਸਿਲੰਡਰਾਂ ਦੀ ਕਮੀ ਦੇ ਵਿਰੋਧ ਦਾ ਪ੍ਰਤੀਕਾਤਮਕ ਤਰੀਕਾ ਹੈ।’’ ਚੇਨਈ ਅਤੇ ਤਾਮਿਲਨਾਡੂ ਦੇ ਹੋਟਲਾਂ ਨੇ ਵੀ ਵਿਕਲਪਿਕ ਤਰੀਕੇ ਅਪਣਾਉਣੇ ਸ਼ੁਰੂ ਕਰ ਦਿਤੇ ਹਨ। ਸੰਕਟ ਕਾਰਨ ਆਟੋ-ਰਿਕਸ਼ੇ ਵੀ ਸੜਕਾਂ ਤੋਂ ਗਾਇਬ ਹੋ ਰਹੇ ਹਨ ਕਿਉਂਕਿ ਐਲ.ਪੀ.ਜੀ. ਭਰਨ ਵਾਲੇ ਸਟੇਸ਼ਨਾਂ ਉਤੇ ਸਪਲਾਈ ਅਨਿਯਮਿਤ ਹੋ ਗਈ ਹੈ।
