ਪੈਗ਼ੰਬਰੀ ਦਾ ਸੰਖੇਪ ਇਤਿਹਾਸ
Published : Dec 5, 2017, 10:50 pm IST
Updated : Dec 5, 2017, 5:20 pm IST
SHARE ARTICLE

ਉਹ ਸੂਰਬੀਰ ਸਨ, ਨਿਡਰ ਸਨ, ਉਦਾਰ ਸਨ, ਅਪਣੇ ਪ੍ਰਣ ਦੀ ਦ੍ਰਿੜਤਾ ਨਾਲ ਪਾਲਣਾ ਕਰਨ ਵਾਲੇ ਸਨ, ਸੁਤੰਤਰ ਵਿਚਾਰਾਂ ਵਾਲੇ ਤੇ ਸੁਤੰਤਰਤਾ ਪ੍ਰੇਮੀ ਸਨ। ਕਿਸੇ ਜਾਤੀ ਦੇ ਗ਼ੁਲਾਮ ਨਹੀਂ ਸਨ। ਅਪਣੀ ਆਨ ਸ਼ਾਨ ਲਈ ਜਾਨ ਦੀ ਬਾਜ਼ੀ ਲਗਾ ਦੇਣਾ ਉਨ੍ਹਾਂ ਲਈ ਆਸਾਨ ਸੀ। ਅਤਿਅੰਤ ਸਾਦਾ ਜੀਵਨ ਬਤੀਤ ਕਰਦੇ ਸਨ, ਵਿਲਾਸਤਾ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਸੀ। ਇਸ ਵਿਚ ਸੰਦੇਹ ਨਹੀਂ ਕਿ ਉਨਾਂ ਵਿਚ ਬਹੁਤ ਸਾਰੇ ਭੈੜ ਵੀ ਸਨ ਜਿਨ੍ਹਾਂ ਬਾਰੇ ਤੁਹਾਨੂੰ ਅੱਗੇ ਚਲ ਕੇ ਪਤਾ ਲੱਗੇਗਾ ਪ੍ਰੰਤੂ ਇਹ ਬੁਰਾਈਆਂ ਇਸ ਕਾਰਨ ਸਨ ਕਿ ਢਾਈ ਹਜ਼ਾਰ ਵਰ੍ਹਿਆਂ ਤੋਂ ਉਨ੍ਹਾਂ ਵਿਚ ਕੋਈ ਪੈਗ਼ੰਬਰ ਨਹੀਂ ਆਇਆ ਸੀ। ਨਾ ਕੋਈ ਅਜਿਹਾ ਅਗਵਾਈ ਕਰਨ ਵਾਲਾ ਪੈਦਾ ਹੋਇਆ ਸੀ ਜਿਹੜਾ ਉਨ੍ਹਾਂ ਦੇ ਨੈਤਿਕ ਜੀਵਨ ਨੂੰ ਸੁਧਾਰਦਾ ਤੇ ਉਨ੍ਹਾਂ ਨੂੰ ਸੰਸਕ੍ਰਿਤੀ ਦੀ ਸਿਖਿਆ ਦੇਂਦਾ। ਸਦੀਆਂ-ਬੱਧੀ ਮਾਰੂਥਲ ਵਿਚ ਸੁਤੰਤਰ ਜੀਵਨ ਬਤੀਤ ਕਰਨ ਵਜੋਂ ਉਨ੍ਹਾਂ ਵਿਚ ਅਗਿਆਨ ਫੈਲ ਗਿਆ ਸੀ। ਉਹ ਅਪਣੀ ਅਗਿਆਨਤਾ ਵਿਚ ਇੰਜ ਡੁੱਬੇ ਹੋਏ ਸਨ ਕਿ ਉਨ੍ਹਾਂ ਨੂੰ ਆਦਮੀ ਬਣਾਉਣਾ ਕਿਸੇ ਸਾਧਾਰਣ ਵਿਅਕਤੀ ਦਾ ਕੰਮ ਨਹੀਂ ਸੀ ਪ੍ਰੰਤੂ ਇਸ ਦੇ ਨਾਲ ਨਾਲ ਉਨ੍ਹਾਂ ਵਿਚ ਇਹ ਯੋਗਤਾ ਜ਼ਰੂਰ ਮੌਜੂਦ ਸੀ ਕਿ ਜੇਕਰ ਕੋਈ ਅਸਾਧਾਰਣ ਵਿਅਕਤੀ ਉਨ੍ਹਾਂ ਦਾ ਸੁਧਾਰ ਕਰ ਦੇਵੇ ਤੇ ਉਸ ਦੀ ਸਿਖਿਆ ਦੇ ਫਲਸਰੂਪ ਉਹ ਕਿਸੇ ਉੱਚ ਉਦੇਸ਼ ਨੂੰ ਲੈ ਕੇ ਉਠ ਖੜੋਣ ਤਾਂ ਉਹ ਦੁਨੀਆਂ ਨੂੰ ਬਦਲ ਕੇ ਰੱਖ ਦੇਣ। ਵਿਸ਼ਵ ਸੰਦੇਸ਼ਟਾ ਦੀ ਸਿਖਿਆ ਦੇ ਪਸਾਰ ਲਈ ਅਜਿਹੀ ਜਵਾਨ ਤੇ ਸ਼ਕਤੀਸ਼ਾਲੀ ਕੌਮ ਦੀ ਹੀ ਜ਼ਰੂਰਤ ਸੀ। 
ਇਸ ਪਿਛੋਂ ਅਰਬੀ ਭਾਸ਼ਾ ਨੂੰ ਵੇਖੋ। ਤੁਸੀ ਜਦੋਂ ਇਸ ਭਾਸ਼ਾ ਨੂੰ ਪੜ੍ਹ ਗਏ ਤੇ ਇਸ ਦੇ ਸਾਹਿਤ ਦਾ ਅਧਿਐਨ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉੱਚ  ਵਿਚਾਰਾਂ ਦੇ ਪ੍ਰਗਟਾਵੇ ਲਈ, ਰੱਬੀ ਗਿਆਨ ਦੀਆਂ ਅਤਿਅੰਤ ਬਰੀਕ ਗੱਲਾਂ ਦੇ ਵਰਣਨ ਲਈ ਅਤੇ ਮਨਾਂ ਨੂੰ ਪ੍ਰਭਾਵਤ ਕਰਨ ਲਈ ਇਸ ਤੋਂ ਵਧੇਰੇ ਉਪਯੋਗੀ ਕੋਈ ਹੋਰ ਭਾਸ਼ਾ ਨਹੀਂ ਸੀ। ਇਸ ਭਾਸ਼ਾ ਦੇ ਸੰਖੇਪ ਜਿਹੇ ਵਾਕਾਂ ਵਿਚ ਵੱਡੇ-ਵੱਡੇ ਨਿਬੰਧਾਂ ਦਾ ਪ੍ਰਗਟਾਵਾ ਹੋ ਜਾਂਦਾ ਹੈ। ਫਿਰ ਉਨ੍ਹਾਂ ਵਿਚ ਅਜਿਹਾ ਬਲ ਹੁੰਦਾ ਹੈ ਕਿ ਦਿਲਾਂ 'ਤੇ ਤੀਰ ਅਤੇ ਨਸ਼ਤਰ ਵਾਂਗ ਕੰਮ ਕਰਦੇ ਹਨ। ਅਜਿਹੀ ਮਿਠਾਸ ਹੁੰਦੀ ਹੈ ਕਿ ਕੰਨਾਂ ਵਿਚ ਰਸ ਪੈਂਦਾ ਪ੍ਰਤੀਤ ਹੁੰਦਾ ਹੈ। ਅਜਿਹਾ ਸੰਗੀਤ ਹੁੰਦਾ ਹੈ ਕਿ ਮਨੁੱਖ ਮਸਤੀ ਵਿਚ ਝੂਮਣ ਲਗਦਾ ਹੈ। ਕੁਰਾਨ ਵਰਗੇ ਗ੍ਰੰਥ ਲਈ ਅਜਿਹੀ ਭਾਸ਼ਾ ਹੀ ਲੋੜੀਂਦੀ ਸੀ। ਇਸ ਲਈ ਇਹ ਅੱਲਾਹ ਦੀ ਬਹੁਤ ਹੀ ਵੱਡੀ ਹਿਕਮਤ  ਸੀ ਕਿ ਉਸ ਨੇ ਸੰਪੂਰਨ ਸੰਸਾਰ ਦੀ ਪੈਗ਼ੰਬਰੀ ਲਈ ਅਰਬ ਦੇਸ਼ ਨੂੰ ਚੁਣਿਆ। ਆਉ, ਹੁਣ ਤੁਹਾਨੂੰ ਦਰਸਾਈਏ ਕਿ ਜਿਸ ਮਹਾਨ ਵਿਅਕਤੀ ਨੂੰ ਇਸ ਕੰਮ ਲਈ ਪਸੰਦ ਕੀਤਾ ਗਿਆ, ਉਹ ਕਿਹੋ ਜਿਹਾ ਅਦੁਤੀ ਵਿਅਕਤੀ ਸੀ।
ਹਜ਼ਰਤ ਮੁਹੰਮਦ ਸ. ਦੀ ਨਬੁੱਵਤ ਦੇ ਪ੍ਰਮਾਣਥੋੜੀ ਦੇਰ ਸ੍ਰੀਰਕ ਅੱਖਾਂ ਬੰਦ ਕਰ ਲਉ ਤੇ ਕਲਪਨਾ ਦੀਆਂ ਅੱਖਾਂ ਖੋਲ੍ਹ ਲਵੋ। ਤਕਰੀਬਨ 1450 ਸਾਲ ਪਿੱਛੋਂ ਦੇ ਸੰਸਾਰ ਨੂੰ ਵੇਖੋ, ਇਹ ਕਿਹੋ ਜਿਹਾ ਸੰਸਾਰ ਸੀ? ਨਾ ਟੈਲੀਗ੍ਰਾਮ ਸੀ, ਨਾ ਟੈਲੀਫ਼ੂਨ ਸਨ, ਨਾ ਰੇਲ ਸੀ, ਨਾ ਛਾਪੇਖ਼ਾਨੇ ਸਨ, ਨਾ ਅਖ਼ਬਾਰ ਤੇ ਰਸਾਲੇ ਪ੍ਰਕਾਸ਼ਤ ਹੁੰਦੇ ਹਨ, ਨਾ ਕਿਤਾਬਾਂ ਛਪਦੀਆਂ ਸਨ, ਨਾ ਸਫ਼ਰ ਦੀਆਂ ਉਹ ਸਹੂਲਤਾਂ ਸਨ ਜਿਹੜੀਆਂ ਕਿ ਅੱਜਕਲ ਉਪਲਬਧ ਹਨ। ਇਕ ਦੇਸ਼ ਤੋਂ ਦੂਜੇ ਦੇਸ਼ ਤਕ ਜਾਣ ਲਈ ਮਹੀਨਿਆਂ ਦਾ ਸਫ਼ਰ ਸੀ। ਇਹੋ ਜਹੇ ਹਾਲਾਤ ਵਿਚ ਦੁਨੀਆਂ ਦੇ ਵਿਚਕਾਰ ਅਰਬ ਦੇਸ਼ ਅਲੱਗ ਥਲੱਗ ਪਿਆ ਸੀ। ਇਸ ਦੇ ਦੁਆਲੇ ਈਰਾਨ, ਰੋਮ, ਮਿਸਰ ਦੇਸ਼ ਸਨ ਜਿਨ੍ਹਾਂ ਵਿਚ ਗਿਆਨ ਤੇ ਹੁਨਰ ਦੀ ਚਰਚਾ ਸੀ। ਪਰ ਰੇਤ ਦੇ ਵੱਡੇ ਵੱਡੇ ਸਮੁੰਦਰਾਂ ਨੇ ਅਰਬ ਨੂੰ ਇਨ੍ਹਾਂ ਸਭਨਾਂ ਤੋਂ ਨਿਖੇੜ ਰਖਿਆ ਸੀ। ਅਰਬ ਦੇ ਵਪਾਰੀ ਊਠਾਂ ਉਤੇ ਮਹੀਨਿਆਂ ਦਾ ਸਫ਼ਰ ਕਰ ਕੇ ਇਨ੍ਹਾਂ ਦੇਸ਼ਾਂ ਵਿਚ ਵਪਾਰ ਲਈ ਜਾਂਦੇ ਸਨ ਪ੍ਰੰਤੂ ਇਹ ਸਬੰਧ ਮਾਲ ਦੀ ਖ਼ਰੀਦ-ਵੇਚ ਤਕ ਹੀ ਸੀਮਤ ਸਨ। ਖ਼ੁਦ ਅਰਬ ਵਿਚ ਕੋਈ ਵਧੀਆ ਕਿਸਮ ਦਾ ਆਚਾਰ-ਵਿਹਾਰ ਨਹੀਂ ਸੀ, ਨਾ ਕੋਈ ਸਕੂਲ ਸੀ, ਨਾ ਲਾਇਬ੍ਰੇਰੀ, ਨਾ ਹੀ ਲੋਕਾਂ ਵਿਚ ਵਿਦਿਆਰ ਨਾਲ ਲਗਾਅ ਸੀ। ਸਮੁੱਚੇ ਦੇਸ਼ ਵਿਚ ਗਿਣਤੀ ਦੇ ਲੋਕ ਸਨ ਜਿਹੜੇ ਕੁੱਝ ਲਿਖਣਾ-ਪੜ੍ਹਨਾ ਜਾਣਦੇ ਸਨ ਪਰ ਉਹ ਵੀ ਏਨਾ ਨਹੀਂ ਕਿ ਉਸ ਜ਼ਮਾਨੇ ਦੇ ਗਿਆਨ ਵਿਗਿਆਨ ਤੋਂ ਜਾਣੂ ਹੁੰਦੇ। ਉਥੇ ਕੋਈ ਬਾਕਾਇਦਾ ਹਕੂਮਤ ਵੀ ਨਹੀਂ ਸੀ। ਹਰ ਕਬੀਲਾ ਸੁਤੰਤਰ ਸੀ। ਧੜੱਲੇ ਨਾਲ ਲੁੱਟਮਾਰ ਹੁੰਦੀ ਸੀ। ਭਿਆਨਕ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਆਦਮੀ ਦੀ ਜਾਨ ਦਾ ਕੋਈ ਮੁੱਲ ਨਹੀਂ ਸੀ। ਜਿਸ ਦਾ, ਜਿਸ ਉਤੇ ਜ਼ੋਰ ਚਲਦਾ, ਉਸ ਨੂੰ ਮਾਰ ਸੁਟਦਾ ਤੇ ਉਸ ਦੇ ਮਾਲ ਨੂੰ ਕਾਬੂ ਕਰ ਲੈਂਦਾ। ਨੈਤਿਕ ਆਚਾਰ ਵਿਹਾਰ ਦੀ ਉਨ੍ਹਾਂ ਨੂੰ ਹਵਾ ਵੀ ਨਹੀਂ ਸੀ ਲੱਗੀ। ਕੁਕਰਮ, ਸ਼ਰਾਬਖ਼ੋਰੀ ਤੇ ਜੂਏਬਾਜ਼ੀ ਦਾ ਬਾਜ਼ਾਰ ਗਰਮ ਸੀ। ਲੋਕ ਇਕ ਦੂਜੇ ਸਾਹਮਣੇ ਨਿਧੜਕ, ਨਿਰ-ਵਸਤਰ ਹੋ ਜਾਂਦੇ ਸਨ। ਇਸਤਰੀਆਂ ਤਕ ਨਿਰ-ਵਸਤਰ ਹੋ ਕੇ ਖ਼ਾਨਾ ਕਾਅਬਾ ਦੀ ਪ੍ਰਕਰਮਾ ਕਰਦੀਆਂ ਸਨ। ਹਰਾਮ ਹਾਲਾਲ ਵਿਚ ਕੋਈ ਫ਼ਰਕ ਨਹੀਂ ਸਮਝਿਆ ਜਾਂਦਾ ਸੀ। ਅਰਬਾਂ ਦੀ ਸੁਤੰਤਰਤਾ ਇਥੋਂ ਤਕ ਪੁੱਜੀ ਹੋਈ ਸੀ ਕਿ ਕੋਈ ਵਿਅਕਤੀ ਕਿਸੇ ਨਿਯਮ, ਕਾਨੂੰਨ ਤੇ ਅਨੁਸ਼ਾਸਨ ਦੀ ਪਾਬੰਦੀ ਲਈ ਤਿਆਰ ਨਹੀਂ ਸੀ ਤੇ ਨਾ ਹੀ ਕਿਸੇ ਸ਼ਾਸਕ ਦੀ ਆਗਿਆ ਦਾ ਪਾਲਣ ਕਬੂਲ ਕਰ ਸਕਦਾ ਸੀ। ਅਗਿਆਨਤਾ ਦਾ ਇਹ ਹਾਲ ਸੀ ਕਿ ਸਾਰੀ ਕੌਮ ਪੱਥਰ ਦੇ ਬੁੱਤਾਂ ਦੀ ਪੂਜਾ ਕਰਦੀ ਸੀ। ਰਾਹ ਚਲਦੇ ਹੋਏ ਕੋਈ ਵਧੀਆ ਚੀਕਣਾ ਜਿਹਾ ਪੱਥਰ ਮਿਲ ਜਾਂਦਾ ਤਾਂ ਉਸ ਨੂੰ ਹੀ ਸਾਹਮਣੇ ਰੱਖ ਕੇ ਪੂਜਾ ਕਰ ਲੈਂਦੇ ਸਨ। ਭਾਵ ਇਹ ਕਿ ਜਿਹੜੀਆਂ ਗਰਦਨਾਂ ਕਿਸੇ ਦੇ ਸਾਹਮਣੇ ਨਹੀਂ ਝੁਕਦੀਆਂ ਸਨ, ਉਹ ਪੱਥਰਾਂ ਦੇ ਸਾਹਮਣੇ ਝੁਕ ਜਾਂਦੀਆਂ ਸਨ ਅਤੇ ਸਮਝਿਆ ਇਹ ਜਾਂਦਾ ਸੀ ਕਿ ਇਹ ਪੱਥਰ ਉਨ੍ਹਾਂ ਦੀਆਂ ਲੋੜਾਂ ਦੀ ਪੂਰਤੀ ਕਰਨਗੇ।ਅਜਿਹੀ ਕੌਮ ਤੇ ਅਜਿਹੀ ਹਾਲਤ ਵਿਚ ਇਕ ਵਿਅਕਤੀ ਪੈਦਾ ਹੁੰਦਾ ਹੈ। ਬਚਪਨ ਵਿਚ ਹੀ ਮਾਤਾ-ਪਿਤਾ ਤੇ ਦਾਦੇ ਦਾ ਸਾਇਆ ਸਿਰ ਤੋਂ ਉਠ ਜਾਂਦਾ ਹੈ, ਇਸ ਲਈ ਅਜਿਹੀ ਗੁਜ਼ਰੀ ਹਾਲਤ ਵਿਚ ਜਿਹੜੀ ਤਰਬੀਅਤ ਮਿਲ ਸਕਦੀ ਸੀ, ਉਹ ਵੀ ਨਹੀਂ ਮਿਲਦੀ। ਸੁਰਤ ਸੰਭਾਲਦਾ ਹੈ ਤਾਂ ਅਰਬ ਮੁੰਡਿਆਂ ਨਾਲ ਬਕਰੀਆਂ ਚਰਾਉਣ ਲਗਦਾ ਹੈ। ਜਵਾਨ ਹੁੰਦਾ ਹੈ ਤਾਂ ਵਪਾਰ ਵਿਚ ਲੱਗ ਜਾਂਦਾ ਹੈ। ਉਠਣਾ-ਬੈਠਣਾ ਤੇ ਮਿਲਣਾ-ਗਿਲਣਾ ਉਨ੍ਹਾਂ ਅਰਬਾਂ ਨਾਲ ਹੈ ਜਿਨ੍ਹਾਂ ਦੀ ਹਾਲਤ ਤੁਸੀ ਉਪਰ ਪੜ੍ਹੀ ਹੈ। ਸਿਖਿਆ ਦਾ ਨਾਂ ਤਕ ਵੀ ਨਹੀਂ। ਇਥੋਂ ਤਕ ਕਿ ਪੜ੍ਹਨਾ ਵੀ ਨਹੀਂ ਆਉਂਦਾ। ਇਸ ਦੇ ਬਾਵਜੂਦ ਉਸ ਦੀਆਂ ਆਦਤਾਂ, ਨੈਤਿਕ ਆਚਾਰ ਵਿਹਾਰ ਅਤੇ ਸੋਚ ਸੱਭ ਤੋਂ ਵਖਰੀ ਹੈ। ਕਦੇ ਝੂਠ ਨਹੀਂ ਬੋਲਦਾ, ਕਿਸੇ ਨੂੰ ਕੁਬੋਲ ਨਹੀਂ ਬੋਲਦਾ, ਉਸ ਦੀ ਜ਼ਬਾਨ ਵਿਚ ਕਠੋਰਤਾ ਦੀ ਥਾਂ ਨਿਮਰਤਾ ਹੈ, ਉਹ ਵੀ ਅਜਿਹੀ ਹੈ ਕਿ ਲੋਕ ਉਸ ਦੇ ਆਸ਼ਕ ਹੋ ਜਾਂਦੇ ਹਨ। ਉਹ ਕਿਸੇ ਦਾ ਇਕ ਪੈਸਾ ਵੀ ਅਯੋਗ ਢੰਗ ਨਾਲ ਨਹੀਂ ਲੈਂਦਾ। ਉਸ ਦੀ ਈਮਾਨਦਾਰੀ ਦਾ ਇਹ ਹਾਲ ਹੈ ਕਿ ਲੋਕ ਅਪਣੇ ਕੀਮਤੀ ਮਾਲ ਉਸ ਕੋਲ ਸੁਰੱਖਿਆ ਲਈ ਰਖਵਾਉਂਦੇ ਹਨ ਅਤੇ ਉਹ ਹਰ ਇਕ ਦੇ ਮਾਲ ਦੀ ਸੁਰੱਖਿਆ ਅਪਣੀ ਜਾਨ ਵਾਂਗ ਕਰਦਾ ਹੈ।    

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement