ਡਾ. ਕੁਲਵੰਤ ਕੌਰ ਨੇ ਜਥੇਦਾਰ ਨੂੰ ਕੀਤੀ ਇਹ ਅਪੀਲ
ਚੰਡੀਗੜ: 144 ਸਾਲ ਪੁਰਾਣੀ (ਅਕਤੂਬਰ 1882 ’ਚ ਸਥਾਪਤ ਕੀਤੀ) ਸਾਡੀ ਵੱਕਾਰੀ, ਪ੍ਰਤਿਸ਼ਠਤ ਅਤੇ ਹਰਮਨ ਪਿਆਰੀ ਪੰਜਾਬ ਯੂਨੀਵਰਸਟੀ ਦੇਸ਼ ਦੀਆਂ ਉਨ੍ਹਾਂ ਚਾਰ ਯੂਨੀਵਰਸਟੀਆਂ ਵਿਚੋਂ ਸਭ ਤੋਂ ਉੱਘੜਵੀਂ ਤੇ ਸਾਡੇ ਦਿਲ ਦੇ ਕਰੀਬ ਹੈ, ਜਿਹੜੀਆਂ ਅੰਗਰੇਜ਼ੀ ਰਾਜ ਦੁਆਰਾ ਸਥਾਪਤ ਕੀਤੀਆਂ ਗਈਆਂ ਸਨ। ਕਲਕੱਤਾ ਯੂਨੀਵਰਸਟੀ, ਬੰਬੇ ਯੂਨੀਵਰਸਟੀ ਤੇ ਮਦਰਾਸ ਯੂਨੀਵਰਸਟੀ 1857 ਵਿਚ ਹੋਂਦ ਵਿਚ ਆਈਆਂ ਸਨ ਜਦੋਂਕਿ ਪੰਜਾਬ ਯੂਨੀਵਰਸਟੀ 1882 ’ਚ ਲਾਹੌਰ ਵਿਖੇ ਸਥਾਪਤ ਕੀਤੀ ਗਈ। ਜਿਸ ਭਾਰਤ ਨੂੰ ਅੱਜ ਆਲਮੀ ਪੱਧਰ ’ਤੇ ਘੱਟ ਸਿੱਖਿਅਤ ਤੇ ਘੱਟ ਵਿਕਸਤ ਆਖਿਆ ਜਾਂਦਾ ਹੈ, ਉਥੇ ਤਾਂ ਪੰਜਵੀਂ ਸਦੀ ’ਚ ਨਾਲੰਦਾ (ਬਿਹਾਰ) ਵਿਖੇ ਅਤੇ ਛੇਵੀਂ-ਸੱਤਵੀਂ ਸਦੀ ਵਿਚ ਤਕਸ਼ਿਲਾ ਯੂਨੀਵਰਸਟੀ ਹੋਂਦ ਵਿਚ ਆ ਚੁੱਕੀ ਸੀ। ਸੰਸਾਰ ਦੀ ਸਭ ਤੋਂ ਪ੍ਰਾਚੀਨ ਯੂਨੀਵਰਸਟੀ ਨਾਲੰਦਾ ਯੂਨੀਵਰਸਟੀ ਹੀ ਸਵੀਕਾਰੀ ਜਾਂਦੀ ਹੈ, ਜਿਥੇ ਗਰਾਮਰ, ਵੇਦ, ਫਿਲਾਸਫ਼ੀ, ਖੁਘੋਲ ਵਿਗਿਆਨ ਅਤੇ ਵਣਜ ਵਪਾਰ ਦੀ ਪੜ੍ਹਾਈ ਕਰਵਾਈ ਜਾਂਦੀ ਰਹੀ ਹੈ ਪਰ ਮੁਸਲਮਾਨ ਧਾੜਵੀਆਂ ਖ਼ਾਸ ਕਰ ਕੇ ਬਖਤਿਆਰ ਖਿਲਜੀ ਨੇ ਇਸ ਨੂੰ ਤਹਿਸ-ਨਹਿਸ ਕਰ ਦਿਤਾ ਸੀ। ਇੰਜ ਸਾਡੇ ਗਿਆਨ ਦੇ ਸੋਮੇ ਤਬਾਹ ਕਰ ਦਿਤੇ ਗਏ ਸਨ।
ਗੁਰੂ ਪਾਤਸ਼ਾਹੀਆਂ ਦੀ ਆਮਦ ਉਪ੍ਰੰਤ ਇਸ ਉਪ ਮਹਾਂਦੀਪ ਵਿਚ, ਨਾ ਕੇਵਲ ਅਧਿਆਤਮਕ ਵਿਦਿਆ, ਆਤਮਕ ਗਿਆਨ ਤੇ ਪਰਮਾਰਥਕ ਜਾਗ੍ਰਤੀ ਦਾ ਸੂਰਜ ਚੜਿ੍ਹਆ ਬਲਕਿ ‘ਜਪੁ’ ਜੀ ਦੀ ਪਉੜੀ ਅਨੁਸਾਰ ਅੱਖਰੀ-ਵਿਕਾਸ ਦੇ ਸੋਮੇ ਵੀ ਪ੍ਰਸਫੁੱਟਤ ਹੋ ਉਠੇ। ਗੁਰੁੂ ਅੰਗਦ ਦੇਵ ਜੀ ਵਲੋਂ ਲਿੱਪੀ ਦੀ ਸ਼ੁੱਧੀ ਅਤੇ ਨਿਖਾਰ ਨਾਲ ਸੰਗਤਾਂ ਗਿਆਨ-ਵਿਭੋਰ ਹੋਣ ਲੱਗੀਆਂ। ਗੁਰਗੱਦੀ ਦੀ ਤਬਦੀਲੀ ਨਾਲ, ਵਿਦਿਅਕ ਪਾਸਾਰ ਵੀ ਹੁੰਦਾ ਚਲਾ ਗਿਆ। ਦਸਮੇਸ਼ ਪਿਤਾ ਵਲੋਂ ਸੰਸਕ੍ਰਿਤ ਦੀ ਸਿਖਲਾਈ ਲਈ ਅਪਣੇ ਪੰਜ ਸੇਵਕਾਂ ਨੂੰ, ਪ੍ਰਾਚੀਨ ਸੰਸਕ੍ਰਿਤੀ ਦੇ ਗੜ੍ਹ, ਬਨਾਰਸ ਘੱਲਣਾ, ਇਕ ਮਾਅਰਕੇ ਦਾ ਕਦਮ ਸੀ। ਉਨ੍ਹਾਂ ਦੀ ਅਪਣੀ ਭਾਸ਼ਾ-ਯੋਗਤਾ ਪਿੱਛੇ ਕਿੰਨੇ ਵਿਦਵਾਨਾਂ ਤੇ ਮਹਾਂਰਥੀਆਂ ਦੀ ਘਾਲਣਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਪੰਜਾਬ ਦਾ ਹਰ ਬੰਦਾ ਪੜਿ੍ਹਆ ਲਿਖਿਆ ਸੀ। ਇਸੇ ਕਰ ਕੇ ਅੰਗਰੇਜ਼ਾਂ ਨੇ ਪੰਜਾਬ ’ਤੇ ਕਬਜ਼ਾ ਕਰ ਕੇ ਸਭ ਤੋਂ ਪਹਿਲਾਂ ਜੋ ਕੰਮ ਕੀਤਾ ਉਹ ਸੀ ਇਕ ਇਕ ਆਨਾ ਦੇ ਕੇ, ਪੰਜਾਬੀਆਂ ਤੋਂ ਕਾਇਦੇ ਵਾਪਸ ਲੈਣੇ।
ਹਿੰਦੁਸਤਾਨ ਤਾਂ 1947 ’ਚ ਆਜ਼ਾਦ ਹੋ ਗਿਆ ਪਰ 85% ਪੰਜਾਬੀਆਂ ਦਾ ਸਭ ਕੁੱਝ ਖੁੱਸ ਗਿਆ। ਜ਼ਮੀਨਾਂ ਜਾਇਦਾਦਾਂ ਉਧਰ ਛੁੱਟ ਗਈਆਂ, ਕਾਰੋਬਾਰ ਖ਼ਤਮ ਹੋ ਗਏ ਤੇ ਗਿਆਨ ਦੇ ਦੀਵੇੇ ਬਾਲਦੀ ਪੰਜਾਬ ਯੂਨੀਵਰਸਟੀ ਲਾਹੌਰ ਵੀ ਮਾੜੀ ਰਾਜਨੀਤੀ ਦੀ ਭੇਟ ਚੜ੍ਹ ਗਈ। 1947 ਤਕ ਸਾਂਝੇ ਪੰਜਾਬ ਦੀ ਇਕਲੌਤੀ ਯੂਨੀਵਰਸਟੀ (ਜਿਸ ਵਿਚ ਇਸ ਵੇਲੇ ਵੀ ਦੋ ਅਲੱਗ ਕੈਂਪਸ ਹਨ ਅਤੇ ਇੱਥੇ 12000 ਵਿਦਿਆਰਥੀ ਪੜ੍ਹ ਰਹੇ ਹਨ) ਵੀ ਨਿਰਸੰਦੇਹ ਬਹੁਤ ਮਾਣ ਮੁਰਾਤਬੇ ਵਾਲੀ ਯੂਨੀਵਰਸਟੀ ਰਹੀ ਹੈ ਜਿਸ ਨੇ ਅਣਗਿਣਤ ਨਾਮਵਰ ਸਿਖਿਆ ਸ਼ਾਸਤਰੀ ਪੈਦਾ ਕੀਤੇ।
ਦੇਸ਼ ਵੰਡ ਦੇ ਝੰਬੇ, ਸਿਆਸਤਦਾਨਾਂ ਦੇ ਰੁਲਾਏ ਅਤੇ ਸ਼ਾਤਰਾਂ ਦੇ ਸਤਾਏ ਪੰਜਾਬੀ ਇਧਰ ਆਉਣ ਲਈ ਮਜਬੂਰ ਹੋ ਗਏ। 27-9-1947 ਨੂੰ ਇਕ ਆਰਡੀਨੈਂਸ ਪਾਸ ਕਰ ਕੇ 1-10-1947 ਨੂੰ ਪੰਜਾਬ ਯੂਨੀਵਰਸਟੀ ਦਾ ਕਾਰਜ ਸੋਲਨ ਵਿਖੇ ਸ਼ੁਰੂ ਕੀਤਾ ਗਿਆ ਕਿਉਂਕਿ ਸ਼ਿਮਲਾ, ਪੰਜਾਬ ਦੀ ਪਹਿਲਾਂ ਤੋਂ ਹੀ ਰਾਜਧਾਨੀ ਵਜੋਂ ਕਾਰਜਸ਼ੀਲ ਸੀ। ਦਰਅਸਲ ਸ਼ਿਮਲਾ ਨੂੰ 1864 ਤੋਂ ਹੀ ਅੰਗਰੇਜ਼ਾਂ ਨੇ ਗਰਮ ਰੁੱਤ ਦੀ ਰਾਜਧਾਨੀ ਬਣਾ ਦਿਤਾ ਸੀ ਅਤੇ ਜਦੋਂ ਸਾਂਝੇ ਪੰਜਾਬ ਦੇ ਦੋ ਟੋਟੇ ਕਰ ਦਿਤੇ ਗਏ ਤਾਂ ਸ਼ਿਮਲੇ ਨੂੰ ਇੱਧਰਲੇ ਪੰਜਾਬ ਦੀ ਅਸਥਾਈ ਰਾਜਧਾਨੀ ਬਣਾ ਦਿਤਾ ਗਿਆ। ਸੋਲਨ ਦੀ ਚੋਣ ਯੂਨੀਵਰਸਟੀ ਕੈਂਪਸ ਵਜੋਂ ਕੀਤੀ ਗਈ ਜਿਹੜੀ ਕਿ 1956 ਤਕ ਕਾਰਜਸ਼ੀਲ ਰਹੀ। 1960 ਤਕ ਇਹ ਪੁੂਰੀ ਤਰ੍ਹਾਂ ਸੈਕਟਰ 14 (ਉਤਰੀ ਕੈਂਪਸ) ਅਤੇ ਸੈਕਟਰ 25 ਦੱਖਣੀ ਸਿਰਾ ਚੰਡੀਗੜ੍ਹ ਵਿਚ ਤਬਦੀਲ ਹੋ ਗਈ, ਅਰਥਾਤ ਪੰਜਾਬ ਯੂਨੀਵਰਸਟੀ ਇਸ ਪੰਜਾਬ ਦੀ ਸ਼ਾਨ ਬਣ ਗਈ।
ਪੰਜਾਬ ਯੂਨੀਵਰਸਟੀ (ਜਿਵੇਂ ਕਿ ਇਸ ਦੇ ਨਾਂ ਤੋਂ ਹੀ ਬਿਲਕੁਲ ਸਪੱਸ਼ਟ ਹੈ) ਨਿਰੋਲ ਪੰਜਾਬ ਦੀ ਆਤਮਾ ਨਾਲ ਜੁੜੀ ਹੋਈ, ਪੰਜਾਬੀਅਤ ਨਾਲ ਓਤ-ਪੋਤ, ਪੰਜਾਬੀ ਦੀ ਅਲੰਬਰਦਾਰ ਤੇ ਪੰਜਾਬ ਦੇ ਨਾਇਕਾਂ, ਸਿਰਜਣਹਾਰਿਆਂ ਅਤੇ ਮਹਾਂਪੁਰਖਾਂ ਦੇ ਜੀਵਨ, ਵਿਅਕਤਿਤਵ ਅਤੇ ਯੋਗਦਾਨ ਨੂੰ ਅਗਾਊਂ ਪੀੜ੍ਹੀਆਂ ਤਕ ਪ੍ਰਚਾਰਨ ਅਤੇ ਪ੍ਰਸਾਰਨ ਲਈ ਵਚਨਬੱਧ ਸੀ ਤੇ ਹੈ ਪਰ ਪਿਛਲੇ ਕਾਫ਼ੀ ਅਰਸੇ ਤੋਂ, ਪੰਜਾਬ ਯੂਨੀਵਰਸਟੀ, ਸਿਆਸੀ ਚਾਲ-ਬਾਜ਼ੀਆਂ ਤੇ ਫ਼ਿਰਕੂ ਗਤੀਵਿਧੀਆਂ ਕਾਰਨ ਅੱਜ ਪੰਜਾਬੀਅਤ ਤੋਂ ਸੱਖਣੀ ਕਰ ਕੇ ਆਰਐਸਐਸ ਦਾ ਗੜ੍ਹ ਬਣਾ ਦਿਤੀ ਗਈ ਹੈ। ਇਸ ਦਾ ਕੰਟਰੋਲ ਪੰਜਾਬ ਹੇਠੋਂ ਕੱਢ ਕੇ ਨਿਰੋਲ ਕੇਂਦਰ ਹਵਾਲੇ ਕਰਨ ਦੀਆਂ ਸਾਜ਼ਸ਼ਾਂ ਵੀ ਹਨ। ਜ਼ਿਕਰਯੋਗ ਹੈ ਕਿ ਅੱਜ ਤਕ ਇਸ ਦਾ ਸਮੁੱਚਾ ਖ਼ਰਚਾ 60:40 ਦੀ ਅਨੁਪਾਤ ’ਚ ਹੀ ਕੀਤਾ ਜਾ ਰਿਹਾ ਹੈ। ਅਰਥਾਤ ਯੂਨੀਵਰਸਟੀ ਗ੍ਰਾਂਟਸ ਕਮਿਸ਼ਨ 60% ਤੇ ਪੰਜਾਬ ਸਰਕਾਰ 40% ਰਕਮ ਅਦਾ ਕਰਦੀ ਹੈ।
ਪੰਜਾਬ ਯੂਨੀਵਰਸਟੀ ਭਾਵੇਂ ਕੇਂਦਰ ਸਰਕਾਰ ਦੇ ਸਿੱਧੇ ਕੰਟਰੋਲ ਹੇਠ ਨਹੀਂ ਹੈ, ਫਿਰ ਵੀ ਇਸ ’ਤੇ ਕੇਂਦਰ ਸਰਕਾਰ ਤੋਂ ਵਜਾਏ ਜਾ ਰਹੇ ਹੁਕਮ, ਐਲਾਨ ਅਤੇ ਨਿਯੁਕਤੀਆਂ ਜ਼ਾਹਰਾ ਤੌਰ ’ਤੇ ਇਹੋ ਸੁਨੇਹਾ ਦਿੰਦੀਆਂ ਹਨ। ਜ਼ਾਹਰਾ ਤੌਰ ’ਤੇ ਪੰਜਾਬ ਯੂਨੀਵਰਸਟੀ ਨੂੰ ਆਰਐਸਐਸ ਦੀ ਅਜ਼ਾਰੇਦਾਰੀ ਹੇਠ ਸੰਕੇਤਕ ਕਰਨਾ, ਵੀ.ਸੀ. ਦੀ ਨਿਯੁਕਤੀ ਵਿਚ ਮਨਮਾਨੀਆਂ, ਸੈਨੇਟ ਦੇ ਖਾਤਮੇ ਦਾ ਐਲਾਨ, ਸਿਲੇਬਸਾਂ ਦੀ ਮਨਮਾਨੀ, ਆਰਐਸਐਸ ਪ੍ਰਚਾਰਕਾਂ ਦੇ ਸਮਾਗਮ, ਪੰਜਾਬੀ ਭਾਸ਼ਾ ਦੀਆਂ ਤਖ਼ਤੀਆਂ ’ਤੇ ਨੰਬਰ ਪਲੇਟਾਂ ਦੀ ਨਦਾਰਦੀ ਅਤੇ ਹੋਰ ਬਹੁਤ ਸਾਰੇ ਮਸਲੇ ਸਮੇਂ ਸਮੇਂ ਭਖਦੇ ਰਹੇ ਹਨ ਅਤੇ ਰਹਿੰਦੇ ਹਨ, ਜਿਹੜੇ ਪੰਜਾਬ ਰਾਜ ਦੇ ਲੋਕਾਂ ਦਾ ਅਮਨ ਚੈਨ ਹੀ ਤਬਾਹ ਨਹੀਂ ਕਰਦੇ ਸਗੋਂ ਉਨ੍ਹਾਂ ਦੇ ਮਾਨਵੀ ਹੱਕਾਂ ’ਤੇ ਵੀ ਡਾਕਾ ਮਾਰਦੇ ਹਨ। ਸੈਨੇਟ ਦੀ ਬਹਾਲੀ ਲਈ ਡੱਟਵੇਂ ਪ੍ਰਦਰਸ਼ਨ ਹੋਏ ਤੇ ਹੁਣ ਪੰਜਾਬ ਇਤਿਹਾਸ ਵਿਭਾਗ ਦੇ ਐਮ.ਏ. ਦੇ ਸਿਲੇਬਸ ਨੂੰ ਸਿਰੇ ਤੋਂ ਬਦਲ ਦੇਣ ਦੀ ਚੁੱਪ ਚੁਪੀਤੀ ਸਾਜ਼ਸ਼, ਬੇਨਕਾਬ ਹੁੰਦਿਆਂ ਹੀ ਠੱਪ ਕਰਨੀ ਪੈ ਰਹੀ ਹੈ। ਇੱਥੇ ਵਾਰ-ਵਾਰ ਥੁੱਕ ਦੇ ਚੱਟਣ ਦੀ ਪ੍ਰਕਿਰਿਆ ਜਾਰੀ ਹੈ।
ਪੰਜਾਬ ਨੂੰ, ਭਾਰਤੀ ਜਨਤਾ ਪਾਰਟੀ ਦੇ ਕੰਟਰੋਲ ਵਿਚ ਲਿਆਉਣ ਦੀਆਂ ਸਾਜ਼ਸ਼ਾਂ, ਤਰਕੀਬਾਂ ਤੇ ਯੋਜਨਾਬੰਦੀ, ਕਿਸੇ ਤੋਂ ਲੁਕੀ ਛੁਪੀ ਨਹੀਂ। ਇਹ ਯਤਨ ਪੂਰੇ ਧੜੱਲੇ ਨਾਲ ਜਾਰੀ ਹਨ। ਪੰਜਾਬ ਦੀ ਬਦਕਿਸਮਤੀ ਹੈ ਕਿ ਅੱਜ ਤਕ ਕੋਈ ਵੀ ਸਰਕਾਰ ਪੰਜਾਬ ਦੀ ਗਰਿਮਾ, ਮਹੱਤਤਾ, ਵੱਕਾਰ ਤੇ ਮਹਿਮਾ ਬਚਾਉਣ ਦੀ ਥਾਂ, ਸਿਰਫ਼ ਤੇ ਸਿਰਫ਼ ਕੁਰਸੀਆਂ ਦੀ ਦੌੜ ’ਚ ਸ਼ਾਮਲ ਹੈ। ਭਾਵੇਂ ਸਾਰੇ ਦਾਅਵਾ ਤੇ ਦਿਖਾਵਾ ਪੰਜਾਬ-ਪ੍ਰਸਤ ਹੋਣ ਦਾ ਹੀ ਕਰ ਰਹੇ ਹਨ। ਦੁਨੀਆਂ ਦਾ ਇਹ ਅਤਿਅੰਤ ਗੌਰਵਸ਼ਾਲੀ, ਸਮਰਿੱਧ, ਖ਼ੁਸ਼ਹਾਲ, ਮਹਾਨ ਤੇ ਗੁਰੂ ਭੂਮੀ ਹੋਣ ਦਾ ਸ਼ਰਫ਼ ਹਾਸਲ ਕਰਨ ਵਾਲਾ ਖਿੱਤਾ ਸਿਕੰਦਰ ਤੇ ਬਾਬਰ ਨੂੰ ਵੀ ਖਿੱਚਾਂ ਪਾਉਂਦਾ ਰਿਹਾ ਹੈ। ਅਕਬਰ ਨੇ ਤਾਂ ਇਸ ਨੂੰ ਦੁਨੀਆਂ ਦਾ ਸਭ ਤੋਂ ਖ਼ੂਬਸੂਰਤ ਇਲਾਕਾ ਪ੍ਰਵਾਨਿਆ ਸੀ। ਅੱਜ, ਇਹ ਪੰਜਾਬ ਬਹਾਰਲਿਆਂ ਦੀ ਥਾਂ ਦੇਸੀ ਹਾਕਮਾਂ ਦੀ ਲੁੱਟ ਖਸੁੱਟ, ਅਣਗੌਲਣਾ, ਲਾਪ੍ਰਵਾਹੀ ਤੇ ਆਨਾਕਾਨੀ ਦਾ ਸ਼ਿਕਾਰ ਹੈ। ਚੌਧਰਾਂ ਦੀ ਖ਼ਾਤਰ ਇਸ ਦੀ ਵਿਰਾਸਤ, ਸਭਿਆਚਾਰ, ਭਾਸ਼ਾ, ਬੋਲੀ, ਧਰਮ ਅਤੇ ਰਹਿਤਲ, ਸੱਭੇ ਕੁਚਲੇ ਜਾ ਰਹੇ ਹਨ।
ਦਰਅਸਲ ਪਿਛਲੇ ਦਿਨੀਂ ਪੰਜਾਬ ਦੀ ਆਨ, ਬਾਨ ਤੇ ਸ਼ਾਨ ਰਹੀ ਪੰਜਾਬ ਯੂਨੀਵਰਸਟੀ ’ਤੇ ਵੀ One nation One story ਦੀ ਆੜ ਵਿਚ ਅਜਿਹਾ ਕੁੱਝ ਥੋਪਿਆ ਗਿਆ, ਜਿਸ ਨਾਲ ਉਸ ਦੀ ਆਤਮਾ ਹੀ ਕੁਚਲ ਦਿਤੀ ਜਾਵੇ। ਸਿਲੇਬਸ, ਕਿਸੇ ਵੀ ਵਿਦਿਅਕ ਸੰਸਥਾ ਦਾ ਸ਼ੀਸ਼ਾ ਹੁੰਦੇ ਹਨ, ਜਿਹੜੇ ਵਿਦਿਅਕ ਸਮੱਗਰੀ ਦੀ ਟੋਹ ਦਿੰਦੇ ਹਨ। ਜਦੋਂ ਗਿਣ-ਮਿੱਥ ਕੇ, ਕੋਈ ਯੂਨੀਵਰਸਟੀ, ਜਿਸ ਨਾਲ ਘੱਟੋ ਘੱਟ 202 ਕਾਲਜ ਸਬੰਧਤ ਹਨ ਅਤੇ ਵੱਖ-ਵੱਖ ਸ਼ਹਿਰਾਂ (ਲੁਧਿਆਣਾ, ਮੋਗਾ, ਫਿਰੋਜ਼ਪੁਰ, ਮੁਕਤਸਰ, ਹੁਸ਼ਿਆਰਪੁਰ ਤੇ ਇਕ ਦੋ ਹੋਰ ਵੀ) ਅਤੇ ਪੂਰੇ ਚੰਡੀਗੜ੍ਹ ਵਿਚਲੇ ਕਾਲਜ ਜੁੜੇ ਹੋਏ ਹਨ, ਅਚਾਨਕ ਸਿਲੇਬਸ ਬਦਲ ਦੇਵੇ ਤੇ ਪੜ੍ਹਾਏ ਜਾਣ ਵਾਲੇ ਵਿਸ਼ੇ ਗ਼ੈਰ ਪ੍ਰਾਸੰਗਿਕ ਚੁਣ ਲਵੇ ਤਾਂ ਯੂਨੀਵਰਸਟੀ ਨਹੀਂ, ਆਤਮਾ ਪੰਜਾਬ ਦੀ ਕੁਚਲੀ ਜਾਂਦੀ ਹੈ। ਇਹੋ ਕੁੱਝ ਕੀਤਾ, ਇਸ ਦੇ ਪ੍ਰਬੰਧਕਾਂ ਤੇ ਅਧਿਕਾਰੀਆਂ ਨੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਦਾ ਖ਼ੂਨ ਭਿੱਜਿਆ ਇਤਿਹਾਸ, ਐਮ.ਏ. (ਇਤਿਹਾਸ) ਦੇ ਸਿਲੇਬਸ ’ਚੋਂ ਮਨਫੀ ਕਰ ਦਿਤਾ। ਇਸ ਪਾਠਕ੍ਰਮ ਵਿਚੋਂ ਗੁਰੂ ਸਾਹਿਬਾਨ ਦੇ ਦੌਰ ਤੋਂ ਇਲਾਵਾ, ਬਾਬਾ ਬੰਦਾ ਸਿੰਘ ਬਹਾਦਰ, ਮਿਸਲ ਕਾਲ, ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ, ਗ਼ਦਰ ਲਹਿਰ, ਜਲ੍ਹਿਆਂਵਾਲਾ ਬਾਗ਼ ਸਾਕਾ, ਗੁਰਦਵਾਰਾ ਸੁਧਾਰ ਲਹਿਰ ਤੇ ਆਧੁਨਿਕ ਪੰਜਾਬ ਦੇ ਅਨੇਕ ਘੱਲੂਘਾਰਿਆਂ ਨੂੰ ਵੀ ਦਰ-ਕਿਨਾਰ ਕਰ ਕੇ, ਅਪਣੀ ਪੰਜਾਬ-ਵਿਰੋਧੀ ਵਿਸ਼ੇਸ਼ ਕਰ ਕੇ ਸਿੱਖ ਵਿਰੋਧੀ ਮਾਨਸਕਤਾ ਦਾ ਸ਼ਰੇਆਮ ਪ੍ਰਗਟਾਵਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇ ਸਿਲੇਬਸ ਵਿਚ, 15ਵੀਂ ਤੋਂ 20ਵੀਂ ਸਦੀ ਤੇ ਪੰਜਾਬ ਤੇ ਸਿੱਖ ਇਤਿਹਾਸ ਨਾਲ ਸਬੰਧਤ ਚਾਰ ਪ੍ਰਮੁੱਖ ਪੇਪਰ ਲਾਜ਼ਮੀ ਸਨ ਜਦਕਿ ਇਸ ਵਾਰ ਇਨ੍ਹਾਂ ਦੀ ਥਾਂ ਅਜਿਹੇ ਵਿਸ਼ੇ ਨਿਰਧਾਰਤ ਕਰ ਦਿਤੇ ਗਏ ਜੋ ਇਸ ਖਿੱਤੇ ਦੀ ਇਤਿਹਾਸਕ ਦੇਣ ਨੂੰ ਜ਼ੀਰੋ ਕਰ ਦੇਣ ਦੀ ਕੋਸ਼ਿਸ਼ ਸੀ। ਭਾਰਤ ਦੀ ਸਿਖਿਆ ਨੀਤੀ ਨੂੰ ਇਕਸਾਰ ਕਰਨ ਦੀ ਹੋੜ ਅਧੀਨ, ਨਿਸ਼ਚੇ ਹੀ ਘੱਟ ਗਿਣਤੀ ਕੌਮਾਂ ਦੇ ਇਤਿਹਾਸਕ ਯੋਗਦਾਨ ਤੇ ਉਨ੍ਹਾਂ ਦੀਆਂ ਭਾਸ਼ਾਵਾਂ ਨੂੰ ਤਹਿਸ ਨਹਿਸ ਕਰਨ ਦੀ ਯੋਜਨਾ ਹੈ। ਸਿਤਮ-ਜ਼ਰੀਫੀ ਦੇਖੋ ਕਿ ਕਈ ਮਹੀਨਿਆਂ ਤੋਂ ਇਹ ਸਿਲੇਬਸ ਲਾਗੂ ਹੈ ਤੇ ਪੰਜਾਬ ਦੇ ਆਗੂਆਂ ਤੇ ਬੁੱਧੀਜੀਵੀਆਂ ਨੂੰ ਇਸ ਦੀ ਭਿਣਕ ਤਕ ਨਹੀਂ ਲੱਗੀ। ਕੁੱਝ ਜਾਗਰੂਕ ਨੌਜਵਾਨ, ਹੁਣ ਵੀ ਇਸ ਬਾਰੇ ਚੇਤੰਨ ਨਾ ਕਰਦੇ ਤਾਂ ਅੱਧੇ ਪੰਜਾਬ ਦੇ ਵਿਦਿਆਰਥੀਆਂ ਨੂੰ ਸਾਢੇ ਪੰਜ ਸੌ ਸਾਲਾਂ ਦਾ ਪੰਜਾਬ ਦਾ ਜੰਗਜੂ, ਅਦਭੁੱਤ, ਲਾਮਿਸਾਲ ਤੇ ਪ੍ਰੇਰਨਾਦਾਇਕ ਇਤਿਹਾਸ ਹੀ ਨਾ ਪਤਾ ਲਗਦਾ। ਸੈਨੇਟ ਨੂੰ ਬਹਾਲ ਕਰਾਉਣ ਲਈ ਵੀ ਤਕੜਾ ਸੰਘਰਸ਼ ਕਰਨਾ ਪਿਆ ਸੀ ਤੇ ਹੋਰ ਵੀ ਹਰ ਵਧੀਕੀ ਰੱਦ ਕਰਾਉਣ ਲਈ ਪੰਜਾਬੀ ਸਦਾ ਅੱਗੇ ਹੋ ਕੇ ਜੁੂਝੇ ਹਨ। ਕਿਸ ਕਿਸ ਗੱਲ ਦਾ ਜ਼ਿਕਰ ਕਰੀਏ, ਪੰਜਾਬ ਦੇ ਦਰਜਨਾਂ ਪਿੰਡ ਉਜਾੜ ਕੇ ਬਣਾਈ ਰਾਜਧਾਨੀ ਵੀ ਸਾਨੂੰ ਨਹੀਂ ਦਿਤੀ ਜਾ ਰਹੀ।
