‘ਮਾਂ ਬੋਲੀ' ਤੇ ‘ਅੰਤਰਰਾਸ਼ਟਰੀ ਮਾਂ ਬੋਲੀ' ਦਿਵਸ ਦੀ ਮਹੱਤਤਾ
Published : Feb 21, 2026, 3:30 pm IST
Updated : Feb 21, 2026, 3:30 pm IST
SHARE ARTICLE
Importance of 'Mother Language' and 'International Mother Language Day'
Importance of 'Mother Language' and 'International Mother Language Day'

ਬੱਚਿਆਂ ਦੇ ਬੌਧਿਕ ਵਿਕਾਸ ਲਈ ਮਾਤ ਭਾਸ਼ਾ ਬਹੁਤ ਜ਼ਰੂਰੀ

International Mother Language Day: ਮਾਂ ਬੋਲੀ ਉਹ ਭਾਸ਼ਾ ਹੈ ਜੋ ਇਨਸਾਨ ਜਨਮ ਤੋਂ ਅਪਣੀ ਮਾਂ ਦੇ ਦੁੱਧ ਤੋਂ ਸਿਖਦਾ ਹੈ, ਭਾਵ ਜਨਮ ਲੈਣ ਦੇ ਸਮੇਂ ਤੋਂ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਹੈ, ਅਪਣੇ ਆਲੇ ਦੁਆਲੇ ਦੇ ਮਾਹੌਲ ’ਚ ਪਲਦਾ, ਅਪਣੇ ਵੱਡਿਆਂ ਤੋਂ ਸਿੱਖਦਾ ਹੈ। ਉਸ ਦੇ ਸਭਿਆਚਾਰ, ਵਿਚਾਰਾਂ ਅਤੇ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਬਣਦਾ ਹੈ। ਅਪਣੀ ਅਪਣੀ ਮਾਂ ਬੋਲੀ ਰਾਹੀਂ ਪੀੜ੍ਹੀਆਂ ਵਿਚਕਾਰ ਸਾਂਝ ਪੈਦਾ ਹੁੰਦੀ ਹੈ। ਪ੍ਰਵਾਰਕ ਰਿਸ਼ਤਿਆਂ ਅਤੇ ਬਜ਼ੁਰਗਾਂ ਨਾਲ ਸਾਂਝ ਮਜ਼ਬੂਤ ਰੱਖਣ ਵਿਚ ਮਾਂ ਬੋਲੀ ਸਾਡੀ ਮਦਦ ਕਰਦੀ ਹੈ।  ਬੱਚੇ ਦੇ ਮਾਨਸਕ ਵਿਕਾਸ ਦਾ ਉੱਤਮ ਸਾਧਨ ਮਾਂ ਬੋਲੀ ਹੀ ਹੁੰਦੀ ਹੈ। ਬੱਚਿਆਂ ਦੀ ਸਿਖਿਆ ਦੀ ਮੁਢਲੀ ਨੀਂਹ ਅਤੇ ਉਨ੍ਹਾਂ ਵਿਚ ਆਤਮ-ਵਿਸ਼ਵਾਸ ਪੈਦਾ ਕਰਨ ਲਈ ਮਾਂ ਬੋਲੀ ਅਹਿਮ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਇਸ ਵਿਚ ਪ੍ਰਗਟਾਵਾ ਕਰਨਾ ਸਹਿਜ ਤੇ ਕੁਦਰਤੀ ਹੁੰਦਾ ਹੈ। ਕਈ ਮਨੋਵਿਗਿਆਨੀਆਂ ਅਨੁਸਾਰ ਬੱਚੇ ਨੂੰ ਮੁਢਲੀ ਸਿਖਿਆ ਮਾਂ-ਬੋਲੀ ਵਿਚ ਹੀ ਮਿਲਣੀ ਚਾਹੀਦੀ ਹੈ, ਜਿਸ ਨਾਲ ਉਸ ਲਈ ਗਿਆਨ, ਵਿਗਿਆਨ ਅਤੇ ਤਕਨੀਕੀ ਖੇਤਰਾਂ ਵਿਚ ਉੱਚੀਆਂ ਉਡਾਰੀਆਂ ਮਾਰਨੀਆਂ ਸੌਖੀਆਂ ਹੋ ਜਾਂਦੀਆਂ ਹਨ। ਮਾਂ ਬੋਲੀ ਸਾਨੂੰ ਸਾਡੇ ਪਿਛੋਕੜ ਨਾਲ ਜੋੜਦੀ ਹੈ ਤੇ ਇਸ ਤੋਂ ਬਿਨਾਂ ਵਿਅਕਤੀ ਅਪਣੀਆਂ ਜੜ੍ਹਾਂ ਨਾਲੋਂ ਟੁੱਟ ਜਾਂਦਾ ਹੈ। ਮਾਤ ਭਾਸ਼ਾ ਸਾਨੂੰ ਸਾਡੇ ਇਤਿਹਾਸ ਅਤੇ ਵਿਰਸੇ ਨਾਲ ਜੋੜਦੀ ਹੈ। ਦਾਦੀਆਂ, ਨਾਨੀਆਂ ਦੁਆਰਾ ਸੁਣਾਏ ਪੁਰਾਤਨ ਕਿੱਸੇ ਮਨੁੱਖ ਨੂੰ ਅਪਣੇ ਆਖ਼ਰੀ ਸਾਹ ਤਕ ਨਹੀਂ ਭੁੱਲਦੇ। ਮਾਂ ਬੋਲੀ ਰਾਹੀਂ ਮਨੁੱਖ ਸਭ ਨਾਲ ਮਾਨਸਕ ਸਾਂਝ ਬਹੁਤ ਅਸਾਨੀ ਨਾਲ ਪਾ ਸਕਦਾ ਹੈ। ਮਨ ਦੇ ਵਲਵਲੇ, ਅੰਦਰੂਨੀ ਡੂੰਘੇ ਭਾਵ ਜਿਵੇਂ ਖ਼ੁਸ਼ੀ, ਗਮੀ, ਹੈਰਾਨੀ ਮਾਂ-ਬੋਲੀ ਵਿਚ ਪ੍ਰਗਟਾਏ ਜਾ ਸਕਦੇ ਹਨ, ਉਹ ਕਿਸੇ ਹੋਰ ਭਾਸ਼ਾ ਵਿਚ ਸਮਝਾਉਣੇ ਸੰਭਵ ਨਹੀਂ। ਅਪਣੀ ਮਾਂ-ਬੋਲੀ ਰਾਹੀਂ ਹੀ ਮਨੁੱਖ ਅਪਣੇ ਵਿਚਾਰਾਂ, ਭਾਵਨਾਵਾਂ ਅਤੇ ਲੋੜਾਂ ਨੂੰ ਸਭ ਤੋਂ ਵਧੀਆ ਢੰਗ ਨਾਲ ਪ੍ਰਗਟ ਕਰ ਸਕਦਾ ਹੈ। ਮਾਂ ਬੋਲੀ ਵਿਚ ਸਿਖਿਆ ਹਾਸਲ ਕਰਨ ਵਾਲੇ ਬੱਚਿਆਂ ਦਾ ਬੌਧਿਕ ਤੇ ਸਮਾਜਕ ਵਿਕਾਸ ਜ਼ਿਆਦਾ ਹੁੰਦਾ ਹੈ। ਅਪਣੀ ਮਾਂ-ਬੋਲੀ ਵਿਚ ਮੁਹਾਰਤ ਹੋਣ ਨਾਲ ਹੀ ਦੂਜੀਆਂ ਭਾਸ਼ਾਵਾਂ ਸਿਖਣੀਆਂ ਸੌਖੀਆਂ ਅਤੇ ਪ੍ਰਭਾਵਸ਼ਾਲੀ ਹੁੰਦੀਆਂ ਹਨ।  
ਜੇ ਆਪਾਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੀ ਗੱਲ ਕਰੀਏ ਤਾਂ ਭਾਸ਼ਾਈ ਅਤੇ ਸਭਿਆਚਾਰਕ ਵਿਭਿੰਨਤਾ ਪ੍ਰਤੀ ਜਾਗਰੂਕਤਾ ਅਤੇ ਬਹੁਭਾਸ਼ਾਈ ਨੂੰ ਉਤਸ਼ਾਹਤ ਕਰਨ ਲਈ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਅੰਤਰਰਾਸ਼ਟਰੀ ਪੱਧਰ ਤੇ ਹਰ ਸਾਲ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਦੁਨੀਆਂ ਭਰ ਵਿਚ ਲੋਕਾਂ ਵਿਚ ਅਪਣੀ ਭਾਸ਼ਾ ਅਤੇ ਸਭਿਆਚਾਰ ਬਾਰੇ ਰੁਝਾਨ ਪੈਦਾ ਕਰਨਾ ਅਤੇ ਜਾਗਰੂਕਤਾ ਫੈਲਾਉਣਾ ਹੈ। ਪਹਿਲੀ ਵਾਰ ਯੂਨੇਸਕੋ ਦੁਆਰਾ 17 ਨਵੰਬਰ 1999 ਨੂੰ ਘੋਸ਼ਿਤ ਕੀਤਾ ਗਿਆ ਸੀ। ਇਸ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੁਆਰਾ 2002 ਵਿਚ ਸੰਯੁਕਤ ਰਾਸ਼ਟਰ ਵਲੋਂ ਰਸਮੀ ਤੌਰ ’ਤੇ ਮਾਨਤਾ ਦਿਤੀ ਗਈ ਸੀ। ਮਾਤ ਭਾਸ਼ਾ ਦਿਵਸ ‘ਦੁਨੀਆਂ ਦੇ ਲੋਕਾਂ ਦੁਆਰਾ ਵਰਤੀਆਂ ਜਾਂਦੀਆਂ ਸਾਰੀਆਂ ਭਾਸ਼ਾਵਾਂ ਦੀ ਸੰਭਾਲ ਅਤੇ ਸੁਰੱਖਿਆ ਨੂੰ ਉਤਸ਼ਾਹਤ ਕਰਨ ਲਈ’ ਇਕ ਵਿਆਪਕ ਪਹਿਲ-ਕਦਮੀ ਦਾ ਹਿੱਸਾ ਹੈ। ਜਿਵੇਂ ਕਿ ਸੰਯੁਕਤ ਰਾਸ਼ਟਰ ਮਹਾਂਸਭਾ ਦੁਆਰਾ 16 ਮਈ 2007 ਨੂੰ ਸੰਯੁਕਤ ਰਾਸ਼ਟਰ ਦੇ ਇਕ ਮਤੇ ਤੇ ਅਪਣਾਇਆ ਗਿਆ ਸੀ। ਜਿਸ ਨੇ 2008 ਨੂੰ ਭਾਸ਼ਾਵਾਂ ਦੇ ਅੰਤਰਰਾਸ਼ਟਰੀ ਸਾਲ ਵਜੋਂ ਵੀ ਸਥਾਪਤ ਕੀਤਾ। ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਉਣ ਦਾ ਵਿਚਾਰ ਬੰਗਲਾਦੇਸ਼ ਦੀ ਪਹਿਲ ਸੀ। ਕਿਉਂਕਿ ਬੰਗਲਾਦੇਸ਼ ਵਿਚ 21 ਫ਼ਰਵਰੀ ਉਸ ਦਿਨ ਦੀ ਵਰ੍ਹੇਗੰਢ ਹੈ, ਜਦੋਂ ਬੰਗਲਾਦੇਸ਼ ਦੇ ਲੋਕਾਂ ਨੇ ਬੰਗਲਾ ਭਾਸ਼ਾ ਨੂੰ ਮਾਨਤਾ ਦਿਵਾਉਣ ਲਈ ਲੜਾਈ ਲੜੀ ਸੀ। ਇਹ ਪੱਛਮੀ ਬੰਗਾਲ ਭਾਰਤ ਵਿਚ ਵੀ ਮਨਾਇਆ ਜਾਂਦਾ ਹੈ।

ਸੰਯੁਕਤ ਰਾਸ਼ਟਰ ਮੁਤਾਬਕ ਦੁਨੀਆਂ ਭਰ ਵਿਚ ਬੋਲੀਆਂ ਜਾਣ ਵਾਲੀਆਂ 6000 ਭਾਸ਼ਾਵਾਂ ਵਿਚੋਂ ਲਗਭਗ 43 ਫ਼ੀਸਦੀ ਭਾਸ਼ਾਵਾਂ ਦੇ ਅਲੋਪ ਹੋਣ ਦਾ ਖ਼ਤਰਾ ਹੈ। ਸੰਯੁਕਤ ਰਾਸ਼ਟਰ ਦਾ ਇਹ ਵੀ ਕਹਿਣਾ ਹੈ ਕਿ ਹਰ ਦੋ ਹਫ਼ਤੇ ਬਾਅਦ ਇਕ ਭਾਸ਼ਾ ਅਲੋਪ ਹੋ ਜਾਂਦੀ ਹੈ, ਜਿਸ ਨਾਲ ਸਭਿਆਚਾਰਕ ਅਤੇ ਬੌਧਿਕ ਵਿਰਾਸਤ ਨੂੰ ਤਬਾਹ ਕੀਤਾ ਜਾਂਦਾ ਹੈ। ਸਾਰੀਆਂ ਭਾਸ਼ਾਵਾਂ ਨੂੰ ਸੰਭਾਲਣਾ ਅਤੇ  ਸੁਰੱਖਿਅਤ ਕਰਨਾ ਜ਼ਰੂਰੀ ਹੈ। ਸਭਿਆਚਾਰਕ ਵਿਰਾਸਤ ਦੀ ਸੁਰੱਖਿਆ ਦਾ ਮੁੱਖ ਸਰੋਤ ਮਾਤ ਭਾਸ਼ਾ ਹੁੰਦੀ ਹੈ। ਮਾਤ ਭਾਸ਼ਾ ਕਿਸੇ ਵੀ ਸਮਾਜ ਦੀ ਪਛਾਣ, ਵਿਰਸੇ ਅਤੇ ਸੰਸਕਾਰਾਂ ਨੂੰ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਪਹੁੰਚਾਉਣ ਦਾ ਇਕੋ-ਇਕ ਜ਼ਰੀਆ ਹੈ। ਬੱਚਿਆਂ ਦੇ ਬੌਧਿਕ ਵਿਕਾਸ ਲਈ ਮਾਤ ਭਾਸ਼ਾ ਬਹੁਤ ਜ਼ਰੂਰੀ ਹੈ। ਮਾਤ ਭਾਸ਼ਾ ਵਿਚ ਸਿਖਿਆ ਬੱਚਿਆਂ ਦੇ ਮਾਨਸਕ, ਬੌਧਿਕ, ਸਮਾਜਕ ਅਤੇ ਭਾਵਨਾਤਮਕ ਵਿਕਾਸ ਨੂੰ ਸਭ ਤੋਂ ਵਧੀਆ ਢੰਗ ਨਾਲ ਉਤਸ਼ਾਹਤ ਕਰਦੀ ਹੈ। ਭਾਸ਼ਾਈ ਵਿਭਿੰਨਤਾ ਕਾਰਨ ਸੰਯੁਕਤ ਰਾਸ਼ਟਰ ਮੁਤਾਬਕ, ਹਰ ਦੋ ਹਫ਼ਤਿਆਂ ਵਿਚ ਇਕ ਭਾਸ਼ਾ ਅਲੋਪ ਹੋ ਰਹੀ ਹੈ, ਜਿਸ ਨੂੰ ਰੋਕਣ ਲਈ ਮਾਤ ਭਾਸ਼ਾ ਦਿਵਸ ਲੋਕਾਂ ਨੂੰ ਜਾਗਰੂਕ ਕਰਦਾ ਹੈ।

ਵਿਸ਼ਵੀਕਰਨ ਹੋਣ ਨਾਲ ਸਾਡੇ ਬਹੁਤ ਸਾਰੇ ਪੰਜਾਬੀ ਲੋਕ ਵਿਦੇਸ਼ਾਂ ਵਿਚ ਜਾ ਕੇ ਵਸ ਗਏ ਹਨ, ਜਿਸ ਨਾਲ ਸਾਡੀ ਆਉਣ ਵਾਲੀ ਨਵੀਂ ਪੀੜ੍ਹੀ ਦੇ ਬੱਚੇ ਵਿਦੇਸ਼ੀ ਸਕੂਲਾਂ-ਕਾਲਜਾਂ ਵਿਚ ਪੜ੍ਹਨ ਕਾਰਨ ਮਾਂ ਬੋਲੀ ਤੋਂ ਕੋਹਾਂ ਦੂਰ ਹੋ ਰਹੇ ਹਨ। ਉਨ੍ਹਾਂ ਦੇ ਮਾਪੇ ਤੇ ਵੱਡੇ-ਵਡੇਰੇ ਅਪਣੇ ਛੋਟੇ ਬੱਚਿਆਂ ਮੂੰਹੋਂ ਅੰਗਰੇਜ਼ੀ ਸੁਣ ਕੇ ਖ਼ੁਸ਼ ਤਾਂ ਬਹੁਤ ਹੁੰਦੇ ਹਨ ਪਰ ਉਹ ਇਸ ਗੱਲੋਂ ਅਣਜਾਣ ਹਨ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਕੱਲੀ ਮਾਂ ਬੋਲੀ ਨਾਲੋਂ ਹੀ ਨਹੀਂ ਸਗੋਂ ਅਪਣੇ ਸਭਿਆਚਾਰ ਤੇ ਇਤਿਹਾਸ ਤੋਂ ਵੀ ਦੂਰ ਧੱਕ ਰਹੇ ਹਨ।

ਇਹੀ ਹਾਲ ਸਾਡੇ ਦੇਸ਼ ਵਿਚ ਅੰਗਰੇਜ਼ੀ ਮਾਧਿਅਮ ਵਾਲੇ ਵੱਡੇ ਵੱਡੇ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਹੈ। ਜੋ ਕਿ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਖ਼ਤਰੇ ਦੀ ਘੰਟੀ ਹੈ। ਇਸ ਲਈ ਪੰਜਾਬੀ ਭਾਸ਼ਾ ਵਿਭਾਗ ਅਤੇ ਹੋਰ ਅਦਬੀ ਅਦਾਰਿਆਂ ਵਲੋਂ ਮਾਂ ਬੋਲੀ ਪੰਜਾਬੀ ਤੋਂ ਮੁੱਖ ਮੋੜ ਰਹੇ ਲੋਕਾਂ ਵਿਚ ਰੁਝਾਨ ਪੈਦਾ ਕਰਨ ਅਤੇ ਪ੍ਰਫੁੱਲਤ ਕਰਨ ਲਈ ਪਹਿਲ ਕਦਮੀ ਅਤੇ ਯੋਗ ਉਪਰਾਲੇ ਕਰਨ ਦੀ ਲੋੜ ਹੈ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement