ਖ਼ਬਰਾਂ |

ਤਾਜ਼ਾ |

ਰਾਜਾ ਵੜਿੰਗ ਦੇ ਅਸਤੀਫ਼ੇ ਨਾਲ ਜੁੜਿਆ ਕੱਚ-ਸੱਚ
Published : Oct 3, 2026, 12:28 pm IST
Updated : Oct 3, 2026, 12:28 pm IST
SHARE ARTICLE
The inside story behind Raja Warring's resignation
The inside story behind Raja Warring's resignation

ਪੰਜਾਬ ਪ੍ਰਦੇਸ਼ ਕਾਂਗਰਸ ਅੰਦਰਲੇ ਵੱਖ ਵੱਖ ਗੁਟਾਂ ਨੂੰ ਕਿਸੇ ਇਕ ਨਾਮ ਬਾਰੇ ਇਕਸੁਰ ਬਣਾਉਣਾ ਕਿੰਨਾ ਕਠਿਨ ਕਾਰਜ ਹੈ।

Editorial: ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪ੍ਰਦੇਸ਼ ਪ੍ਰਧਾਨਗੀ ਤੋਂ ਅਸਤੀਫ਼ਾ ਪੰਜਾਬ ਕਾਂਗਰਸ ਵਿਚਲੀ ਗੁੱਟਬੰਦੀ ਘਟਾਉਣ ਤੇ ਨਵੀਂ ਰੂਹ ਫੂਕਣ ਪੱਖੋਂ ਕਿੰਨਾ ਕੁ ਸਾਜ਼ਗਾਰ ਹੋਵੇਗਾ, ਇਹ ਤਾਂ ਸਮਾਂ ਹੀ ਦੱਸੇਗਾ। ਵੜਿੰਗ ਨੇ ਪ੍ਰਦੇਸ਼ ਪ੍ਰਧਾਨਗੀ ਵੀਰਵਾਰ ਸਵੇਰੇ ਤਿਆਗੀ, ਪਰ ਉਨ੍ਹਾਂ ਦੀ ਥਾਂ ਬਦਲਵੇਂ ਪ੍ਰਧਾਨ ਦੀ ਨਿਯੁਕਤੀ ਸ਼ੁਕੱਰਵਾਰ ਸ਼ਾਮ ਤਕ ਨਾ ਹੋਣੀ ਇਸ ਹਕੀਕਤ ਨੂੰ ਦਰਸਾਉਂਦੀ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਅੰਦਰਲੇ ਵੱਖ ਵੱਖ ਗੁਟਾਂ ਨੂੰ ਕਿਸੇ ਇਕ ਨਾਮ ਬਾਰੇ ਇਕਸੁਰ ਬਣਾਉਣਾ ਕਿੰਨਾ ਕਠਿਨ ਕਾਰਜ ਹੈ। ਦਿਲਚਸਪ ਤੱਥ ਇਹ ਹੈ ਕਿ ਹਰ ਧੜੇ ਦਾ ਆਗੂ ਇਹੋ ਕਹਿੰਦਾ ਆ ਰਿਹਾ ਹੈ ਕਿ ਰਾਹੁਲ ਗਾਂਧੀ ਜਿਸ ਆਗੂ ਨੂੰ ਪ੍ਰਦੇਸ਼ ਪ੍ਰਧਾਨ ਨਾਮਜ਼ਦ ਕਰਨਗੇ, ਉਸ ਨੂੰ ਪੂਰਨ ਸਹਿਯੋਗ ਦਿਤਾ ਜਾਵੇਗਾ। ਇਹੀ ਸ਼ਬਦ ਚਾਰ ਸਾਲ ਪਹਿਲਾਂ ਰਾਜਾ ਵੜਿੰਗ ਦੀ ਨਿਯੁਕਤੀ ਵੇਲੇ ਸੁਣਨ ਨੂੰ ਮਿਲੇ ਸਨ। ਪਰ ਅਜਿਹੇ ਬਿਆਨਾਂ ਤੋਂ ਉਲਟ ਪਾਟੋਧਾੜ ਸਾਹਮਣੇ ਆਉਂਦਿਆਂ ਛੇ ਮਹੀਨੇ ਵੀ ਨਹੀਂ ਸੀ ਲੱਗੇ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ 2022 ਦੇ ਮੁੱਢ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਕਰਾਰੀ ਹਾਰ ਦੇ ਮੱਦੇਨਜ਼ਰ ਰਾਜਾ ਵੜਿੰਗ ਨੂੰ ਅਪ੍ਰੈਲ ਮਹੀਨੇ ਪ੍ਰਦੇਸ਼ ਪ੍ਰਧਾਨ ਨਾਮਜ਼ਦ ਕੀਤਾ ਸੀ। ਉਨ੍ਹਾਂ ਦੀ ਇਸ ਅਹੁਦੇ ਲਈ ਚੋਣ ਦੇ ਦੋ ਮੁੱਖ ਕਾਰਨ ਸਨ : ਯੂਥ ਕਾਂਗਰਸ ਦੀਆਂ ਸਰਗਰਮੀਆਂ ਵਿਚ ਉਨ੍ਹਾਂ ਦੀ ਜੁਝਾਰੂ ਭੂਮਿਕਾ ਅਤੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਤਿੰਨ ਵਾਰ ਜੇਤੂ ਰਹਿਣਾ। ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਪ੍ਰਤੀ ਪੰਜਾਬੀਆਂ ਦੇ ਭਰਵੇਂ ਉਲਾਰ ਦੇ ਬਾਵਜੂਦ ਰਾਜਾ ਵੜਿੰਗ ਮਾਲਵਾ ਖ਼ਿੱਤੇ ਵਿਚ ਅਪਣੀ ਸੀਟ ਬਚਾਉਣ ਵਿਚ ਕਾਮਯਾਬ ਰਹੇ ਸਨ। ਉਪਰੋਂ ਉਹ ਨੌਜਵਾਨ ਆਗੂ ਸਨ ਅਤੇ ਨਾਲ ਹੀ ਜੱਟ ਸਿੱਖ ਵੀ ਸਨ। ਇਨ੍ਹਾਂ ‘ਯੋਗਤਾਵਾਂ’ ਨੇ ਰਾਹੁਲ ਗਾਂਧੀ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕੀਤਾ ਸੀ।

ਅਜਿਹਾ ਮਹਿਸੂਸ ਕੀਤਾ ਜਾਂਦਾ ਸੀ ਕਿ ਜੁਝਾਰੂਪੁਣਾ ਅਤੇ ਰਾਹੁਲ ਗਾਂਧੀ ਦੀ ਸਿੱਧੀ ਸਰਪ੍ਰਸਤੀ ਵਰਗੇ ਤੱਤ ਪ੍ਰਦੇਸ਼ ਪ੍ਰਧਾਨ ਵਜੋਂ ਉਨ੍ਹਾਂ ਦੇ ਕਾਰਜਕਾਲ ਨੂੰ ਆਸਾਨ ਬਣਾਉਣ ਦੇ ਨਾਲ ਨਾਲ ‘ਆਪ’ ਦੀ ਚੌਧਰ ਲਈ ਤਕੜੀ ਚੁਣੌਤੀ ਵੀ ਸਾਬਤ ਹੋਣਗੇ, ਪਰ ਇਨ੍ਹਾਂ ਆਸਾਂ-ਉਮੀਦਾਂ ਨੂੰ ਬਹੁਤਾ ਬੂਰ ਨਹੀਂ ਪਿਆ। 2024 ਦੀਆਂ ਲੋਕ ਸਭਾ ਚੋਣਾਂ ਵੇਲੇ ਟਿਕਟਾਂ ਦੀ ਵੰਡ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਵਿਦਰੋਹੀ ਸੁਰਾਂ ਤਿਖ਼ੇਰੀਆਂ ਹੁੰਦੀਆਂ ਗਈਆਂ। ਹਾਲਾਂਕਿ ਉਹ ਆਪ ਲੁਧਿਆਣਾ ਲੋਕ ਸਭਾ ਹਲਕੇ ਤੋਂ ਜੇਤੂ ਰਹੇ ਅਤੇ ਕਾਂਗਰਸ ਨਾਲੋਂ ਨਾਤਾ ਤੋੜ ਕੇ ਭਾਜਪਾ ਵਿਚ ਸ਼ਾਮਲ ਹੋਏ ਰਵਨੀਤ ਸਿੰਘ ਬਿੱਟੂ ਨੂੰ ਹਰਾਇਆ, ਫਿਰ ਵੀ ਉਨ੍ਹਾਂ ਦੀ ਇਹ ਕਾਮਯਾਬੀ ਪ੍ਰਦੇਸ਼ ਕਾਂਗਰਸ ਵਿਚਲੇ ਉਨ੍ਹਾਂ ਦੇ ਵਿਰੋਧੀਆਂ ਨੂੰ ਉਨ੍ਹਾਂ ਦੀ ਲੀਡਰਸ਼ਿਪ ਦੀਆਂ ਖ਼ੂਬੀਆਂ ਪ੍ਰਤੀ ਕਾਇਲ ਨਾ ਕਰ ਸਕੀ। ਇਹ ਵੱਖਰੀ ਗੱਲ ਹੈ ਕਿ ਰਾਹੁਲ ਗਾਂਧੀ ਦੀ ਸਰਪ੍ਰਸਤੀ ਰਾਜਾ-ਵਿਰੋਧੀ ਆਗੂਆਂ ਨੂੰ ਖੁਲ੍ਹੇ ਵਿਦਰੋਹ ਵਾਲੀ ਰਣਨੀਤੀ ਅਪਨਾਉਣ ਤੋਂ ਵਰਜਦੀ ਰਹੀ। ਪਰ ਰਾਜਨੀਤੀ ਵਿਚ ਅਜਿਹਾ ਸਬਰ-ਸੰਤੋਖ ਬਹੁਤਾ ਸਮਾਂ ਕਾਇਮ ਨਹੀਂ ਰਹਿੰਦਾ। ਹੋਇਆ ਵੀ ਇਸੇ ਤਰ੍ਹਾਂ। ਪਿਛਲੇ ਇਕ ਸਾਲ ਤੋਂ ਵਿਦਰੋਹ ਵੱਧ ਸ਼ਿੱਦਤ ਗ੍ਰਹਿਣ ਕਰ ਗਿਆ। ਸ਼ੁਰੂਆਤ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕੀਤੀ ਅਤੇ ਕੁਝ ਹੀ ਦਿਨਾਂ ਵਿਚ ਇਸ ਪਾਲਾਬੰਦੀ ਵਿਚ ਹੋਰ ਸੀਨੀਅਰ ਆਗੂ ਵੀ ਆ ਰਲੇ। ਪਾਰਟੀ ਦੇ ਕੇਂਦਰੀ ਨਿਗ਼ਰਾਨ ਭੂਪੇਸ਼ ਬਘੇਲ ਨੇ ਰਾਹੁਲ ਗਾਂਧੀ ਦੀਆਂ ਇਛਾਵਾਂ ਮੁਤਾਬਕ ਵਿਦਰੋਹੀ ਆਗੂਆਂ ਨੂੰ ‘ਕਦੇ ਵਰਚਾਉਣ ਤੇ ਕਦੇ ਧਮਕਾਉਣ’ ਵਾਲੀ ਨੀਤੀ ਅਪਣਾਈ ਰੱਖੀ ਜੋ ਕਦਮ-ਦਰ-ਕਦਮ ਨਾਕਾਮ ਸਾਬਤ ਹੁੰਦੀ ਗਈ। ਇਸੇ ਕਾਰਨ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਸ੍ਰੀ ਬਘੇਲ ਦੀ ਥਾਂ ਸਚਿਨ ਪਾਇਲਟ ਨੂੰ ਕੇਂਦਰੀ ਨਿਗ਼ਰਾਨ ਥਾਪਣ ਲਈ ਮਜਬੂਰ ਹੋ ਗਈ। ਇਹ ਤਬਦੀਲੀ ਰਾਜਾ ਵੜਿੰਗ ਦੇ ਪ੍ਰਧਾਨਗੀ ਕਾਲ ਦੀ ਉਲਟੀ ਗਿਣਤੀ ਸ਼ੁਰੂ ਹੋਣ ਦਾ ਸੰਕੇਤ ਸੀ।

ਰਾਜਾ ਵੜਿੰਗ ਦੇ ਨੁਕਤਾਚੀਨਾਂ ਦਾ ਕਹਿਣਾ ਹੈ ਕਿ ਰਾਜਾ ਜੁਝਾਰੂਪੁਣੇ ਤੇ ਅੱਖੜਪੁਣੇ ਦਰਮਿਆਨ ਅੰਤਰ ਨੂੰ ਸਮਝਣ ਵਿਚ ਨਾਕਾਮ ਰਹੇ। ਇਸ ਤੋਂ ਇਲਾਵਾ ਰਾਹੁਲ ਗਾਂਧੀ ਦਾ ਹੱਥ ਸਿਰ ’ਤੇ ਹੋਣ ਦੇ ਗ਼ੁਮਾਨ ਕਾਰਨ ਉਹ ਪਾਰਟੀ ਸਫ਼ਾਂ ’ਚ ਸੀਨੀਅਰ ਆਗੂਆਂ ਨੂੰ ਉਸ ਕਿਸਮ ਦਾ ਮਾਣ-ਸਤਿਕਾਰ ਨਹੀਂ ਦਿੰਦੇ ਰਹੇ ਜਿਸ ਦੇ ਇਹ ਆਗੂ ਹੱਕਦਾਰ ਹਨ। ਉਨ੍ਹਾਂ ਉਪਰ ਭਗਵੰਤ ਮਾਨ ਸਰਕਾਰ ਨਾਲ ਗੰਢ-ਤੁੁਪ ਕਰਨ ਦੇ ਦੋਸ਼ ਵੀ ਲੱਗਦੇ ਆਏ ਹਨ। ਕਾਂਗਰਸ ਦੇ ਵਿਰੋਧੀਆਂ ਦਾ ਦਾਅਵਾ ਹੈ ਕਿ ਰਾਜਾ ਵੜਿੰਗ ਦਾ ਮੁਸਤਫ਼ੀ ਹੋਣਾ ਰਾਹੁਲ ਗਾਂਧੀ ਦੀ ਗ਼ੈਰ-ਪੁਖ਼ਤਾ ਸੋਚ-ਸੁਹਜ ਦਾ ਵੀ ਸੂਚਕ ਹੈ। ਰਾਹੁਲ ਗ਼ਲਤ ਘੋੜੇ ’ਤੇ ਦਾਅ ਲਾਉਣ ਲਈ ਜਾਣੇ ਜਾਂਦੇ ਰਹੇ ਹਨ। ਇਹੋ ਵਰਤਾਰਾ ਪੰਜਾਬ ਪ੍ਰਦੇਸ਼ ਕਾਂਗਰਸ ਵਿਚ ਵੀ ਵਾਪਰਿਆ। ਦੂਜੇ ਪਾਸੇ, ਅਜਿਹੀ ਨਿੰਦਾ-ਨੁਕਤਾਚੀਨੀ ਤੋਂ ਉਲਟ ਹਕੀਕਤ ਇਹ ਵੀ ਹੈ ਕਿ ਰਾਜਾ ਵੜਿੰਗ ਤਕਰੀਬਨ ਸਾਢੇ ਚਾਰ ਸਾਲ ਪ੍ਰਦੇਸ਼ ਪ੍ਰਧਾਨ ਰਹੇ ਜਦੋਂ ਕਿ ਹੋਰਨਾਂ ਪਾਰਟੀਆਂ ਵਿਚ ਪ੍ਰਦੇਸ਼ ਪ੍ਰਧਾਨਾਂ ਦਾ ਕਾਰਜਕਾਲ ਅਮੂਮਨ ਤਿੰਨ ਵਰਿ੍ਹਆਂ ਦਾ ਹੁੰਦਾ ਹੈ। ਅਜਿਹੀ ਦ੍ਰਿਸ਼ਟੀ ਤੋਂ ਉਨ੍ਹਾਂ ਦੇ ਕਾਰਜਕਾਲ ਬਾਰੇ ਬੇਲੋੜੀਆਂ ਟਿੱਪਣੀਆਂ ਕੀ ਸੰਗਦਿਲੀ ਨਹੀਂ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਗੇਤਰ ਤੋਂ ਪਰੇਸ਼ਾਨ ਲੜਕੀ ਦੀ ਮੌ*! ਦਹੇਜ 'ਚ ਮਹਿੰਗੀ ਕਾਰ ਮੰਗਣ ਦੇ ਲੱਗੇ ਗੰਭੀਰ ਦੋਸ਼

04 Oct 2026 1:57 PM

ਕੇਲਿਆਂ ਵਾਲੇ ਸਰਦਾਰ ਜੀ ਭਰਾਵਾਂ ਦਾ ਕਮਾਲ! ਇੱਕ ਕਿੱਲੇ 'ਚੋਂ 3 ਲੱਖ ਤੋਂ ਵੱਧ ਦੀ ਬਚਤ, ਬਦਲਿਆ Farming Model |

04 Oct 2026 1:58 PM

ਵੜਿੰਗ ਦੇ ਅਸਤੀਫ਼ੇ ਪਿੱਛੇ ਕੀ ਹੈ ਵੱਡਾ ਰਾਜ? ਰਾਹੁਲ ਗਾਂਧੀ ਨਾਲ ਮੁਲਾਕਾਤ 'ਚ ਹੋਈਆਂ..

02 Oct 2026 2:58 PM

ਦੁਪਹਿਰ 2:30 ਵਜੇ ਜੱਗੀ ਜੌਹਲ ਜੇਲ੍ਹ ਤੋਂ ਬਾਹਰ? ਹਾਈਕੋਰਟ ਦੇ ਵੱਡੇ ਹੁਕਮ ਮਗਰੋਂ

01 Oct 2026 3:04 PM

ਸਵਾਰੀਆਂ ਨਾਲ ਭਰੀ PRTC ਬੱਸ ਦੀ ਟਰੱਕ ਨਾਲ ਜਬਰਦਸਤ ਟੱਕਰ, ਕੰਡਕਟਰ ਦੀ ਮੌਕੇ 'ਤੇ ਮੌਤ

30 Sep 2026 3:13 PM
Advertisement