1 ਜੂਨ 1984 ਨੂੰ ਫ਼ੌਜ ਨੇ ਬਿਨਾਂ ਭੜਕਾਹਟ ਦੇ ਚਲਾਈਆਂ ਗੋਲੀਆਂ
ਅੰਮ੍ਰਿਤਸਰ: ਜੂਨ 1984 ਦਾ ਘੱਲੂਘਾਰਾ ਸਿੱਖਾਂ ਦੇ ਦਿਲਾਂ ’ਤੇ ਅਜਿਹਾ ਜ਼ਖ਼ਮ ਐ ਜੋ ਹਰ ਸਾਲ ਨਾਸੂਰ ਬਣ ਕੇ ਵਹਿਣ ਲਗਦਾ ਏ ਅਤੇ ਇਸ ਦਾ ਦਰਦ ਅੱਜ ਇੰਨੇ ਸਾਲਾਂ ਮਗਰੋਂ ਵੀ ਹਰ ਸਿੱਖ ਦੀ ਅੱਖ ਵਿਚ ਸਾਫ਼ ਦਿਖਾਈ ਦਿੰਦੈ। ਸ੍ਰੀ ਦਰਬਾਰ ਸਾਹਿਬ ’ਤੇ ਇਹ ਹਮਲਾ ਭਾਵੇਂ 6 ਜੂਨ 1984 ਨੂੰ ਹੋਇਆ ਸੀ ਪਰ ਇਸ ਦੀ ਤਿਆਰੀ ਕਾਫ਼ੀ ਸਮਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ। 28 ਮਈ 1984 ਨੂੰ ਭਾਰਤ ਸਰਕਾਰ ਵੱਲੋਂ ਪੂਰੇ ਪੰਜਾਬ ’ਚ ਫ਼ੌਜ ਤਾਇਨਾਤੀ ਦੇ ਫ਼ਰਮਾਨ ਜਾਰੀ ਕਰ ਦਿੱਤੇ ਗਏ ਸੀ ਜਿਸ ਮਗਰੋਂ ਪੰਜਾਬ ਦੇ ਸ਼ਹਿਰਾਂ ਦੇ ਗਲੀਆਂ ਮੁਹੱਲਿਆਂ ’ਚ ਫ਼ੌਜ ਹਰਲ-ਹਰਲ ਕਰਦੀ ਫਿਰ ਰਹੀ ਸੀ ਪਰ ਗੋਲੀਆਂ ਚੱਲਣ ਦਾ ਸਿਲਸਿਲਾ 1 ਜੂਨ 1984 ਤੋਂ ਸ਼ੁਰੂ ਹੋਇਆ।
ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤਾ ਗਏ ਹਮਲੇ ਨੂੰ ਸਾਕਾ ਨੀਲਾ ਤਾਰਾ ਯਾਨੀ ‘ਆਪਰੇਸ਼ਨ ਬਲੂ ਸਟਾਰ’ ਵਜੋਂ ਜਾਣਿਆਂ ਜਾਂਦੈ। ਕੇਂਦਰ ਦੀ ਸਰਕਾਰ ਮੁਤਾਬਕ ਇਹ ਹਮਲਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖ਼ਤ ’ਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ’ਚੋਂ ਕੱਢਣ ਲਈ ਕੀਤਾ ਗਿਆ ਸੀ। 28 ਮਈ ਤੋਂ ਲੈ ਕੇ 31 ਮਈ ਤੱਕ ਸਾਰੇ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਪਸਰ ਚੁੱਕਿਆ ਸੀ। ਜੇਕਰ 1 ਜੂਨ ਵਾਲੇ ਦਿਨ ਦੀ ਗੱਲ ਕੀਤੀ ਜਾਵੇ ਤਾਂ 1 ਜੂਨ 1984 ਨੂੰ ਸਾਢੇ 12 ਵਜੇ ਸੀਆਰਪੀਐਫ ਨੇ ਬਿਨਾਂ ਕਿਸੇ ਭੜਕਾਹਟ ਦੇ ਸ੍ਰੀ ਦਰਬਾਰ ਸਾਹਿਬ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸ੍ਰੀ ਦਰਬਾਰ ਸਾਹਿਬ ਨਾਲ ਲਗਦੇ ਮੋਚੀ ਬਜ਼ਾਰ ’ਚ ਇਕ ਕੰਧ ਦੀ ਉਸਾਰੀ ਨੂੰ ਲੈ ਕੇ ਸੀਆਰਪੀਐਫ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁੱਝ ਅਧਿਕਾਰੀਆਂ ਵਿਚਾਲੇ ਤਕਰਾਰਬਾਜ਼ੀ ਹੋ ਗਈ। ਸੀਆਰਪੀਐਫ ਨੇ ਬਿਨਾਂ ਕਿਸੇ ਦੇਰੀ ਗੋਲੀ ਚਲਾ ਦਿੱਤੀ, ਦੂਜੇ ਬੰਨਿਓਂ ਵੀ ਗੋਲੀ ਦਾ ਜਵਾਬ ਦਿੱਤਾ ਗਿਆ। ਗੋਲੀਬਾਰੀ ਦੇਰ ਸ਼ਾਮ ਤੱਕ ਚਲਦੀ ਰਹੀ। ਇਸ ਦੌਰਾਨ ਗੁਰਦੁਆਰਾ ਬਾਬਾ ਅਟਲ ਰਾਏ ’ਤੇ ਮੋਰਚਾ ਮੱਲੀ ਬੈਠੇ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਏ, ਜਿਨ੍ਹਾਂ ਦਾ ਅੰਤਮ ਸਸਕਾਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਹੀ ਕੀਤਾ ਗਿਆ। ਪੂਰੇ ਸ਼ਹਿਰ ’ਚ ਕਰਫਿਊ ਲੱਗ ਚੁੱਕਿਆ ਸੀ, ਜਿਸ ਕਾਰਨ ਪੂਰੇ ਸ਼ਹਿਰ ਦੇ ਲੋਕ ਸਹਿਮੇ ਹੋਏ ਸਨ।’’
20ਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿਚ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ। ਹਮਲੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਦਾਅਵਾ ਕਰਦੇ ਨੇ ਕਿ ਭਿੰਡਰਾਂਵਾਲੇ ਜਾਂ ਉਨ੍ਹਾਂ ਦੇ ਸਾਥੀ ਵੱਖਰੇ ਰਾਜ ਦਾ ਐਲਾਨ ਕਰਨ ਵਾਲੇ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫ਼ੌਜ ਦੀ ਮਦਦ ਮਿਲ ਸਕਦੀ ਸੀ। ਇਸ ਲਈ ਫ਼ੌਜੀ ਐਕਸ਼ਨ ਕਰਨਾ ਬੇਹੱਦ ਜ਼ਰੂਰੀ ਹੋ ਗਿਆ ਸੀ ਪਰ ਸਿੱਖ ਵਿਦਵਾਨ ਤੇ ਭਿੰਡਰਾਂਵਾਲਿਆਂ ਦੇ ਸਲਾਹਾਕਾਰ ਰਹੇ ਡਾਕਟਰ ਭਗਵਾਨ ਸਿੰਘ ਇਸ ਦਾਅਵੇ ਨੂੰ ਮੁੱਢੋਂ ਹੀ ਰੱਦ ਕਰਦੇ ਹਨ, ਉਨ੍ਹਾਂ ਮੁਤਾਬਕ ਇਹ ਹਮਲਾ ਪਹਿਲਾਂ ਗਿਣੀ-ਮਿਥੀ ਸਾਜਿਸ਼ ਦੇ ਤਹਿਤ ਕੀਤਾ ਗਿਆ ਸੀ। ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਮੁਲਕ ਵਿਚ ਫਿਰਕੂ ਧਰੁਵੀਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ, ਜਿਸ ਕਰਕੇ ਉਨ੍ਹਾਂ ਨੇ ਜਿੱਥੇ ਸ੍ਰੀ ਦਰਬਾਰ ਸਾਹਿਬ ਦੀ ਬੇਪੱਤੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ, ਉਥੇ ਹੀ ਰੱਜ ਕੇ ਸਿੱਖਾਂ ਦਾ ਖ਼ੂਨ ਵਹਾਇਆ। ਹੁਣ ਵੀ ਜਦੋਂ ਜੂਨ ਮਹੀਨਾ ਆਉਂਦੈ ਤਾਂ ਸਿੱਖਾਂ ਦੇ ਅੱਲੇ ਜ਼ਖ਼ਮ ਫਿਰ ਤੋਂ ਹਰੇ ਹੋ ਜਾਂਦੇ ਹਨ।
