Bhagat Ravidas Ji: ਬੇਗ਼ਮਪੁਰੇ ਦੇ ਹਾਮੀ ਭਗਤ ਰਵਿਦਾਸ ਜੀ
Published : Feb 1, 2026, 6:28 am IST
Updated : Feb 1, 2026, 8:55 am IST
SHARE ARTICLE
Bhagat Ravidas Ji article
Bhagat Ravidas Ji article

Bhagat Ravidas Ji:ਭਗਤ ਰਵਿਦਾਸ ਜੀ ਦਾ ਜਨਮ ਅਜਿਹੇ ਸਮੇਂ ਹੋਇਆ ਜਦੋਂ ਸਮਾਜ ਜਾਤਾਂ-ਪਾਤਾਂ ਦੇ ਤਾਣੇ ਵਿਚ ਉਲਝਿਆ ਹੋਇਆ ਸੀ।

ਭਗਤ ਰਵਿਦਾਸ ਜੀ ਦਾ ਜਨਮ ਅਜਿਹੇ ਸਮੇਂ ਹੋਇਆ ਜਦੋਂ ਸਮਾਜ ਜਾਤਾਂ-ਪਾਤਾਂ ਦੇ ਤਾਣੇ ਵਿਚ ਉਲਝਿਆ ਹੋਇਆ ਸੀ। ਇਕ ਪਾਸੇ ਵਿਦੇਸ਼ੀ ਹਕੂਮਤਾਂ, ਦੂਜੇ ਪਾਸੇ ਸਵਦੇਸ਼ੀ ਹਕੂਮਤ ਜਿਸ ’ਚ ਬ੍ਰਾਹਮਣਵਾਦੀ ਵਿਚਾਰਧਾਰਾ ਅਨੁਸਾਰ ਲੋਕ ਵਰਣ ਵੰਡ ਰਾਹੀਂ ਵੰਡੇ ਹੋਏ ਸਨ। ‘ਕੁਦਰਤ ਦੇ ਬੰਦਿਆਂ’ ਵਿਚ ਊਚ-ਨੀਚ ਦਾ ਪਾੜਾ ਪਾ ਕੇ ਮਨੁੱਖਤਾ ਦਾ ਬਟਵਾਰਾ ਕੀਤਾ ਹੋਇਆ ਸੀ। ਪੁਜਾਰੀ ਤੇ ਪੁਰੋਹਿਤ ਸ਼੍ਰੇਣੀ ਨੇ ਯੋਜਨਾਬੱਧ ਢੰਗ ਨਾਲ ਧਾਰਮਕ ਗ੍ਰੰਥਾਂ ਰਾਹੀਂ ਮਨੁੱਖਾਂ ਵਿਚ ਵੰਡ ਪਾਈ ਹੋਈ ਸੀ। ਮਨੂ ਸਿਮਰਤੀ ਵਿਚ ਲਿਖਿਆ ਮਿਲਦਾ ਹੈ ਕਿ ਜੇ ਕੋਈ ਦਲਿਤ ਵੇਦਾਂ ਦਾ ਪਾਠ ਸੁਣਦਾ ਹੈ ਤਾਂ ਉਸ ਦੇ ਕੰਨ ’ਚ ਸਿੱਕਾ ਪਿਘਲਾ ਕੇ ਪਾ ਦਿਤਾ ਜਾਵੇ ਤੇ ਜੇ ਕੋਈ ਦਲਿਤ ਵੇਦਾਂ ਦਾ ਪਾਠ ਕਰਦਾ ਹੈ ਤਾਂ ਉਸ ਦੀ ਜੀਭ ਕੱਟ ਦਿਤੀ ਜਾਵੇ।

ਅਜਿਹੇ ਸਮੇਂ ’ਚ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਵਿਰੋਧ ਵਿਚ ਇਕ ਲਹਿਰ ਚੱਲੀ ਜਿਸ ਨੂੰ ਭਗਤੀ ਲਹਿਰ ਦਾ ਨਾਂਅ ਦਿਤਾ ਗਿਆ। ਇਤਫ਼ਾਕਵਸ ਇਸ ਲਹਿਰ ਦਾ ਮੁੱਢ ਉੱਤਰੀ ਭਾਰਤ ’ਚ ਬਨਾਰਸ ਤੋਂ ਹੀ ਬੱਝਾ, ਉਹ ਬਨਾਰਸ ਜੋ ਬ੍ਰਾਹਮਣਵਾਦੀ ਅੰਦੋਲਨ ਅਤੇ ਸਭਿਆਚਾਰ ਦਾ ਕੇਂਦਰ ਸੀ। ਇਸ ਲਹਿਰ ਦੇ ਦੋ ਪ੍ਰਮੁੱਖ ਨੇਤਾ ਭਗਤ ਕਬੀਰ ਤੇ ਭਗਤ ਰਵਿਦਾਸ ਜੀ ਜੋ ਕਥਿਤ ਨੀਵੀਆਂ ਜਾਤਾਂ ਨਾਲ ਸਬੰਧਤ ਸਨ, ਨੇ ਉਸ ਸਮੇਂ ਦੀ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਅਜਿਹੀ ਚੁਣੌਤੀ ਦਿਤੀ ਜਿਸ ਨੇ ਨੀਚ ਸਮਝੀਆਂ ਜਾਂਦੀਆਂ ਜਾਤੀਆਂ ਦੇ ਲੋਕਾਂ ਨੂੰ ਅਣਖ ਅਤੇ ਸਵੈਮਾਣ ਨਾਲ ਜਿਊਣ ਦਾ ਪਾਠ ਪੜ੍ਹਾਇਆ ਤੇ ਲੋਕਾਈ ਵਿਚ ਇਹ ਦ੍ਰਿੜ ਕਰਵਾਇਆ ਕਿ ਕੋਈ ਵੀ ਮਨੁੱਖ ਅਪਣੇ ਕੰਮਾਂ-ਕਾਰਾਂ ਕਰ ਕੇ ਛੋਟਾ-ਵੱਡਾ ਨਹੀਂ ਹੁੰਦਾ ਸਗੋਂ ਸੋਚ ਹੀ ਉਸ ਨੂੰ ਵੱਡਾ ਜਾਂ ਛੋਟਾ ਬਣਾਉਂਦੀ ਹੈ। ਭਗਤ ਰਵਿਦਾਸ ਜੀ ਨੇ ਕਦੇ ਵੀ ਅਪਣੇ ਆਪ ਜਾਂ ਅਪਣੇ ਪਿਤਾ ਪੁਰਖੀ ਕਿੱਤੇ ਨੂੰ ਕਿਤੇ ਲੁਕਾਉਣ ਦਾ ਯਤਨ ਨਹੀਂ ਕੀਤਾ ਸਗੋਂ ਡੰਕੇ ਦੀ ਚੋਟ ’ਤੇ ਕਿਹਾ : 
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ 
ਨਿਤਹਿ ਬਾਨਾਰਸੀ ਆਸ ਪਾਸਾ॥ (ਅੰਕ:1293)

ਭਗਤ ਰਵਿਦਾਸ ਜੀ ਦੇ ਜਨਮ ਬਾਰੇ ਇਤਿਹਾਸਕਾਰ ਇਕ ਮੱਤ ਨਹੀਂ ਹਨ ਪਰ ਫਿਰ ਵੀ ਬਹੁਤੇ ਇਤਿਹਾਸਕਾਰ ਉਨ੍ਹਾਂ ਦਾ ਜਨਮ ਮਾਘ ਸੁਦੀ 15 ਸੰਮਤ 1633 ਨੂੰ ਮੰਨਦੇ ਹਨ। ਉਨ੍ਹਾਂ ਦੇ ਨਾਮ ਬਾਰੇ ਪ੍ਰਚਲਤ ਹੈ ਕਿ ਰਵੀਵਾਰ ਭਾਵ  ਐਤਵਾਰ ਦੇ ਦਿਨ ਦਾ ਜਨਮ ਹੋਣ ਕਰ ਕੇ ਉਨ੍ਹਾਂ ਦਾ ਨਾਮ ਰਵਿਦਾਸ ਰਖਿਆ ਗਿਆ। ਕਈ ਲੇਖਕਾਂ ਦਾ ਮੱਤ ਹੈ ਕਿ ਸ਼ੁਰੂਆਤੀ ਰਵਿਦਾਸ ਭਗਤ ਨੂੰ ਰੈਦਾਸ ਵੀ ਆਖਿਆ ਜਾਂਦਾ ਸੀ। ਬੰਗਾਲ ’ਚ ਉਨ੍ਹਾਂ ਨੂੰ ਰੁਹਿਦਾਸ ਜਾਂ ਰਾਯਦਾਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਭਗਤ ਰਵਿਦਾਸ ਜੀ ਬਾਰੇ ਆਖਿਆ ਜਾਂਦਾ ਹੈ ਕਿ ਭਗਤ ਰਵਿਦਾਸ, ਸੰਤ ਰਾਮਾਨੰਦ ਦੇ ਚੇਲੇ ਸਨ ਤੇ ਭਗਤ ਕਬੀਰ ਜੀ ਬਾਰੇ ਵੀ ਇਹੀ ਆਖਿਆ ਜਾਂਦੈ ਕਿ ਉਹ ਵੀ ਸੰਤ ਰਾਮਾਨੰਦ ਦੇ ਚੇਲੇ ਸਨ। ਪਰ ਭਗਤ ਰਵਿਦਾਸ ਜੀ ਦੀ ਰਚਨਾ ਤੇ ਜੀਵਨ ਉੱਤੇ ਕੰਮ ਕਰਨ ਵਾਲੇ ਵਿਦਵਾਨਾਂ ਨੇ ਅਸਹਿਮਤੀ ਪ੍ਰਗਟਾਈ ਹੈ। ਡਾ. ਜਸਬੀਰ ਸਿੰਘ ਸਾਬਰ ਨੇ ਤਾਂ ਇਸ ਸਬੰਧੀ ਲਿਖਿਆ ਕਿ ਉਨ੍ਹਾਂ ਦਾ ਗੁਰੂ ਪਾਰਬ੍ਰਹਮ ਪ੍ਰਮੇਸ਼ਵਰ ਸੀ। ਇੱਥੇ ਇਹ ਲਿਖਣਾ ਵਾਜਬ ਹੋਵੇਗਾ ਕਿ ਭਗਤ ਰਵਿਦਾਸ ਜੀ ਨੇ ਜਿਨ੍ਹਾਂ ਮਹਾਪੁਰਸ਼ਾਂ ਤੋਂ ਪ੍ਰੇਰਣਾ ਲਈ ਸੀ, ਉਨ੍ਹਾਂ ਦੇ ਨਾਵਾਂ ਦਾ ਵਰਣਨ ਉਨ੍ਹਾਂ ਨੇ ਅਪਣੀ ਬਾਣੀ ਵਿਚ ਕੀਤਾ ਹੈ :-
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ॥
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ॥
(ਅੰਕ:1106)
ਗੁਰੂ ਅਰਜਨ ਦੇਵ ਜੀ ਭਗਤ ਰਵਿਦਾਸ ਜੀ ਬਾਰੇ ਲਿਖਦੇ ਹਨ ਕਿ ਉਨ੍ਹਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਸਤਿਸੰਗ ਵਿਚੋਂ ਕੀਤੀ ਹੈ :-
ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥
(ਅੰਕ:487)
ਕਬੀਰ ਜੀ ਦਾ ਵਿਚਾਰ ਹੈ ਕਿ ਰਵਿਦਾਸ ਜੀ ਹਰੀ ਦੇ ਬਿਨਾਂ ਕਿਸੇ ਹੋਰ ’ਚ ਸ਼ਰਧਾ ਨਹੀਂ ਸਨ ਰਖਦੇ :
ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ॥ 
ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ॥
(ਅੰਕ : 1376)
ਗੁਰੂ ਗ੍ਰੰਥ ਸਾਹਿਬ ’ਚ ਭਗਤ ਰਵਿਦਾਸ ਜੀ ਦੇ 40 ਸ਼ਬਦ ਅੰਕਿਤ ਹਨ। ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਪ੍ਰਾਪਤ ਹੋਣ ਵਾਲੀ ਬਾਣੀ ਦੀ ਪ੍ਰਮਾਣਕਤਾ ਤੇ ਵਿਦਵਾਨਾਂ ਵਲੋਂ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ। ਰਵਿਦਾਸ ਬਾਣੀ ਵਿਚ ਹਰੀ ਦੇ ਨਾਮ ਦੀ ਉਸਤਤਿ ਤਾਂ ਕੀਤੀ ਹੀ ਹੈ ਨਾਲ ਮਨੁੱਖ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਣ, ਹਉਮੈ ਨੂੰ ਤਿਆਗ ਕੇ ਪ੍ਰਮਾਤਮਾ ਨਾਲ ਇਕ ਮਿਕ ਹੋ ਜਾਣ ਲਈ ਪ੍ਰੇਰਿਤ ਕੀਤਾ ਹੈ। ਬਹੁਤ ਵਧੀਆ ਉਦਾਹਰਣਾਂ ਦੇ ਕੇ ਮਨੁੱਖ ਨੂੰ ਮਾੜੇ ਕੰਮਾਂ ਤੋਂ ਬਚਣ ਲਈ ਤੇ ਲੋਕਾਈ ਦੀ ਸੇਵਾ ਲਈ ਤੱਤਪਰ ਰਹਿਣ ਦਾ ਉਪਦੇਸ਼ ਦਿਤਾ ਹੈ।
ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ॥
ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨਾ ਸੂਝ॥
ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ।।
(ਅੰਕ : 346)
ਭਗਤ ਰਵਿਦਾਸ ਜੀ ਲਿਖਦੇ ਹਨ ਕਿ ਜਿਸ ਤਰ੍ਹਾਂ ਖੂਹ ਡੱਡੂਆਂ ਨਾਲ ਭਰਿਆ ਹੁੰਦਾ ਹੈ ਤੇ ਡੱਡੂਆਂ ਨੂੰ ਇਹ ਇਲਮ ਵੀ ਨਹੀਂ ਹੁੰਦਾ ਕਿ ਖੂਹ ਤੋਂ ਬਿਨਾਂ ਵੀ ਹੋਰ ਦੇਸ਼ ਪ੍ਰਦੇਸ਼ ਹੈ। ਇਸੇ ਤਰ੍ਹਾਂ ਮੇਰਾ ਮਨ ਮਾਇਆ ਦੇ ਮੋਹ ਵਿਚ ਡੁੱਬਿਆ ਹੋਇਆ ਹੈ, ਮੈਨੂੰ ਉਰਲੇ ਪਰਲੇ ਬੰਨ੍ਹੇ ਦੀ ਕੋਈ ਸੂਝ ਨਹੀਂ ਹੈ। ਸੋ ਸਾਰੀ ਸ੍ਰਿਸ਼ਟੀ ਦੇ ਮਾਲਕ ਮੈਨੂੰ ਇਕ ਪਲ ਲਈ ਅਪਣਾ ਦਰਸ਼ਨ ਬਖ਼ਸ਼ ਦੇ।

ਨਾਮ ਦੇ ਅਭਿਆਸ ਉਪਰ ਜ਼ੋਰ ਦਿੰਦਿਆਂ ਭਗਤ ਰਵਿਦਾਸ ਜੀ ਨੇ ਨਾਮ ਜਪਣ ਨੂੰ ਸਭ ਤੋਂ ਉਤਮ ਦਸਿਆ ਹੈ। ਬਾਕੀ ਸਭ ਫੋਕਟ ਕਰਮਕਾਂਡ ਹਨ। ਧਨਾਸਰੀ ਰਾਗ ’ਚ ਲਿਖਦੇ ਹਨ:
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥ ਰਹਾਉ
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ॥
ਨਾਮੁ ਤੇਰਾ ਅੰਭੁਲਾ ਨਾਮ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ॥ (ਅੰਕ : 694)
ਭਗਤ ਜੀ ਨੇ ਪੱਥਰ ਦੇ ਠਾਕੁਰ ਤੇ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਚੜ੍ਹਾਈ ਜਾਣ ਵਾਲੀ ਸਮੱਗਰੀ ’ਤੇ ਵਿਅੰਗ ਕਸਦਿਆਂ ਲਿਖਿਆ ਹੈ :-
ਦੂਧੁ ਤ ਬਛਰੈ ਥਨਹੁ ਬਿਟਾਰਿਓ॥
ਫੂਲੁ ਭਵਰਿ ਜਲੁ ਮੀਨਿ ਬਿਗਾਰਿਓ॥1॥
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ॥
ਅਵਰੁ ਨ ਫੂਲੁ ਅਨੂਪ ਨ ਪਾਵਉ॥ ਰਹਾਉ॥
(ਅੰਕ : 525)

ਭਗਤ ਰਵਿਦਾਸ ਜੀ ਨੇ ਅਪਣੀ ਬਾਣੀ ਵਿਚ ਇਕ ਅਜਿਹੇ ਸ਼ਹਿਰ ਦਾ ਸੁਪਨਾ ਲਿਆ, ਜਿਸ ਵਿਚ ਕਿਸੇ ਨੂੰ ਕੋਈ ਦੁੱਖ ਤਕਲੀਫ਼ ਨਾ ਹੋਵੇ। ਲੋਕਾਂ ਨੂੰ ਕਿਸੇ ਚੀਜ਼ ਦੀ ਕੋਈ ਘਾਟ ਨਾ ਹੋਵੇ। ਨਾਗਰਿਕਾਂ ਦੇ ਸੁੱਖ ਸਹੂਲਤ ਦਾ ਪੂਰਾ ਖਿਆਲ ਰਖਿਆ ਜਾਵੇ ਅਤੇ ਸਭ ਨੂੰ ਆਜ਼ਾਦੀ ਹੋਵੇ :-
ਬੇਗਮ ਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥ ਖਉਫੁ ਨ ਖਤਾ ਨ ਤਰਸੁ ਜਵਾਲੁ॥
ਅਬ ਮੋਹਿ ਖੂਬ ਵਤਨ ਗਹ ਪਾਈ॥ 
ਊਹਾਂ ਖੈਰਿ ਸਦਾ ਮੇਰੇ ਭਾਈ॥1॥ ਰਹਾਉ॥ (ਅੰਕ : 345)

ਭਗਤ ਰਵਿਦਾਸ ਜੀ ਨੇ ਬਾਣੀ ਵਿਚ ਧਾਰਮਕ, ਸਮਾਜਕ, ਰਾਜਨੀਤਕ ਵਿਸ਼ਿਆਂ ਉੱਤੇ ਚਾਨਣਾ ਪਾਇਆ  ਹੈ। ਭਗਤ ਰਵਿਦਾਸ ਜੀ ਦੀ ਬਾਣੀ ਸਿੱਖ ਸਿਧਾਂਤਾਂ ਦੇ ਅਨੁਕੂਲ ਹੋਣ ਕਰ ਕੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੇਲੇ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਉਚੇਚੀ ਥਾਂ ਦਿਤੀ ਹੈ।
ਦੁਨੀਆਂ ’ਚ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਅਜਿਹੇ ਗ੍ਰੰਥ ਹਨ ਜਿਸ ਵਿਚ ਗੁਰੂਆਂ ਦੀ ਬਾਣੀ ਦੇ ਨਾਲ-ਨਾਲ ਭਗਤਾਂ ਦੀ ਬਾਣੀ ਵੀ ਦਰਜ ਹੈ। ਭਗਤ ਕਬੀਰ, ਭਗਤ ਰਵਿਦਾਸ, ਨਾਮਦੇਵ ਅਤੇ ਸਿੱਖ ਸਿਧਾਂਤ ਇਕ ਅਜਿਹੇ ਸਮਾਜ ਦੀ ਸਿਰਜਣਾ ਦੇ ਹਾਮੀ ਹਨ ਜੋ ਹਰ ਧਰਮ ਦੇ ਸਰਮਾਏਦਾਰੀ ਸੋਚ ਵਾਲੇ ਲੋਕਾਂ ਨੂੰ ਰਾਸ ਨਹੀਂ ਆ ਰਹੇ ਤੇ ਉਹ ਹਰ ਵੇਲੇ ਮੌਕੇ ਦੀ ਤਾਕ ’ਚ ਰਹਿੰਦੇ ਹਨ, ਜਿਸ ਨਾਲ ਇਨ੍ਹਾਂ ਮਹਾਂਪੁਰਖਾਂ ਦੇ ਪੈਰੋਕਾਰਾਂ ਨੂੰ ਆਪਸ ’ਚ ਲੜਾਇਆ ਜਾਵੇ। ਜਿਹੜੇ ਭਗਤਾਂ ਤੇ ਗੁਰੂਆਂ ਦੀ ਬਾਣੀ ਦਾ ਸਤਿਕਾਰ ਕਰਦੇ ਹਨ, ਉਨ੍ਹਾਂ ਨੂੰ ਅਜਿਹੇ ਸਮਾਜ ਵਿਰੋਧੀਆਂ ਦੀ ਚਾਲਾਂ ਵਿਚ ਨਹੀਂ ਫਸਣਾ ਚਾਹੀਦਾ।

ਭਗਤ ਰਵਿਦਾਸ ਜੀ ਨੇ ਜਿੱਥੇ ਦੱਬੇ ਕੁਚਲੇ ਤੇ ਲਿਤਾੜੇ ਜਾ ਰਹੇ ਵਰਗ, ਜਿਸ ਨੂੰ ਉਸ ਸਮੇਂ ‘ਅਛੂਤ’ ਆਖਿਆ ਜਾਂਦਾ ਸੀ, ਅੰਦਰ ਚਾਨਣ ਦੀ ਇਕ ਕਿਰਨ ਜਗਾਈ। ਉਹ ਕ੍ਰਾਂਤੀਕਾਰੀ ਰਹਿਬਰ ਜਿਸ ਨੇ ਬਰਾਬਰਤਾ ਦਾ ਸੰਦੇਸ਼ ਦਿਤਾ ਪਖੰਡਵਾਦ ਵਿਰੁੱਧ ਜੰਗ ਵਿੱਢੀ ਅਤੇ ਸਮੁੱਚੀ ਮਾਨਵਤਾ ਨੂੰ ਅਪਣੇ ਕਲਾਵੇ ’ਚ ਲੈਣ ਦਾ ਯਤਨ ਕੀਤਾ, ਉਸ ਨੂੰ ਸਿਰਫ਼ ਇਕ ਭਾਈਚਾਰੇ ’ਚ ਨਹੀਂ ਬੰਨਿ੍ਹਆ ਜਾਣਾ ਚਾਹੀਦਾ। ਚਾਹੀਦਾ ਤਾਂ ਇਹ ਸੀ ਕਿ ਭਗਤ ਰਵਿਦਾਸ ਜੀ ਦੀ ਸਮੁੱਚੀ ਵਿਚਾਰਧਾਰਾ ਨੂੰ ਪੂਰੇ ਸੰਸਾਰ ਵਿਚ ਫੈਲਾ ਦੇਣਾ ਸੀ।  ਪਰ ਕੁੱਝ ਲੋਕ ਸਿਆਸਤ ਦੇ ਧੱਕੇ ਚੜ੍ਹ ਕੇ ਗੁਰੂ ਨਾਨਕ ਸਾਹਿਬ ਤੇ ਭਗਤ ਰਵਿਦਾਸ ਜੀ ਨੂੰ ਵੱਖ ਕਰ ਰਹੇ ਹਨ। ਜਦਕਿ ਉਨ੍ਹਾਂ ਖ਼ੁਦ ਲਿਖਿਆ ਹੈ :
ਪੰਡਿਤ ਸੂਰ ਛਤੁਪਤਿ ਰਾਜਾ 
ਭਗਤ ਬਰਾਬਰਿ ਅਉਰੁ ਨ ਕੋਇ (ਅੰਕ : 858) 

ਜਿਸ ਭਗਤ, ਗੁਰੂ ਜਾਂ ਰਹਿਬਰ ਦੀ ਬਾਣੀ ਗੁਰੂ ਗ੍ਰੰਥ ਸਾਹਿਬ ’ਚ ਸੁਭਾਇਮਾਨ ਹੋ ਕੇ ਗੁਰਬਾਣੀ ਬਣ ਗਈ, ਫਿਰ ਉਨ੍ਹਾਂ ਬਾਰੇ ਗੁਰੂ ਹੋਣ ਜਾਂ ਨਾ ਹੋਣ ਦਾ ਬਿਖੇੜਾ ਸ਼ੁਰੂ ਕਰਨਾ ਕਿਸੇ ਸੋਚੀ ਸਮਝੀ ਸਾਜ਼ਸ਼ ਦਾ ਨਤੀਜਾ ਹੈ ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ। ਸਮੂਹ ਰਵਿਦਾਸੀਆ ਭਾਈਚਾਰਾ ਸਿੱਖ ਕੌਮ ਦਾ ਇਕ ਅਟੁੱਟ ਅੰਗ ਹੈ (ਜਾਂ ਇਹ ਕਹਿ ਲਈਏ ਸਿੱਖ ਕੌਮ ਤੇ ਦਲਿਤਾਂ ਦਾ ਰਿਸ਼ਤਾ ਨਹੁੰ-ਮਾਸ ਦਾ ਹੈ) ਸਿੱਖ ਗੁਰੂ ਸਾਹਿਬਾਨ ਨੇ ਵੀ ਜਾਤਾਂ-ਪਾਤਾਂ ਵਿਰੁਧ ਲੜਾਈ ਲੜੀ ਹੈ, ਜਿਸ ਦਾ ਪ੍ਰਮਾਣ ਗੁਰੂ ਨਾਨਕ ਦੇਵ ਜੀ ਦੀ ਬਾਣੀ ’ਚੋਂ ਪ੍ਰਤੱਖ ਮਿਲਦਾ ਹੈ :-
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕੀਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥
(ਅੰਕ : 15)

ਸੋ ਸਾਨੂੰ ਅਜਿਹੀਆਂ ਵਲਗਣਾਂ ਵਿਚੋਂ ਨਿਕਲ ਕੇ ਰਵਿਦਾਸ ਭਗਤ ਦੇ ਬੇਗ਼ਮਪੁਰੇ ਦੇ ਸੰਕਲਪ ਨੂੰ ਦੁਨੀਆਂ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ। ਬੇਸ਼ੱਕ ਹੁਣ ਦੁਨੀਆਂ ’ਚ ਕਾਰਲ ਮਾਰਕਸ ਦੇ ਸਮਾਜਵਾਦੀ ਸਿਧਾਂਤ ਦੀ ਚਰਚਾ ਹੋ ਰਹੀ ਹੈ ਪਰ ਇਸ ਗੱਲ ਦਾ ਮਾਣ ਭਗਤ ਰਵਿਦਾਸ ਜੀ ਨੂੰ ਜਾਂਦੈ, ਜਿਨ੍ਹਾਂ ਨੇ ਬੇਗ਼ਮਪੁਰੇ ਦੇ ਸਿਧਾਂਤ ਨੂੰ ਚਿਤਵਿਆ, ਪਰ ਪਤਾ ਨਹੀਂ ਕਿਉਂ ਸਾਡੇ ’ਚ ਅਪਣੇ ਵਿਰਸੇ ਨਾਲੋਂ ਟੁੱਟ ਕੇ ਦੂਜਿਆਂ ਨੂੰ ਅਪਨਾਉਣ ਦੀ ਹੋੜ ਜਹੀ ਲੱਗੀ ਹੋਈ ਹੈ। ਇਹ ਇਕ ਸਾਜ਼ਸ਼ ਹੈ ਜਿਸ ਨੂੰ ਸਮਝਣਾ ਸਮੇਂ ਦੀ ਲੋੜ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement