ਖ਼ਬਰਾਂ |

ਤਾਜ਼ਾ |

ਪੁਜਾਰੀਆਂ ਅੱਗੇ ਝੁਕ ਕੇ ਧਰਮ ਦਾ ਨਾਸ ਕਰਨ ਵਾਲੇ ‘ਨਿਮਾਣੇ' ਸਿੱਖਾਂ ਦੀ ਨਵੀਂ ਨਸਲ!
Published : Jul 5, 2026, 6:44 am IST
Updated : Jul 5, 2026, 8:02 am IST
SHARE ARTICLE
Sri Akal Takht Sahib
Sri Akal Takht Sahib

ਸਿੱਖਾਂ ਵਿਚ ਸਹਿਜਧਾਰੀ ਤੇ ਅੰਮ੍ਰਿਤਧਾਰੀ ਦਾ ਝਗੜਾ ਹੀ ਅਦਾਲਤਾਂ ਵਿਚ ਜਾਏ ਬਿਨਾਂ, ਨਜਿਠਣਾ ਔਖਾ ਹੋਇਆ ਪਿਆ ਸੀ ਕਿ ...

ਸਿੱਖਾਂ ਵਿਚ ਸਹਿਜਧਾਰੀ ਤੇ ਅੰਮ੍ਰਿਤਧਾਰੀ ਦਾ ਝਗੜਾ ਹੀ ਅਦਾਲਤਾਂ ਵਿਚ ਜਾਏ ਬਿਨਾਂ, ਨਜਿਠਣਾ ਔਖਾ ਹੋਇਆ ਪਿਆ ਸੀ ਕਿ ਹੁਣ ਗੋਲਕਧਾਰੀਆਂ ਤੇ ਪੁਜਾਰੀਆਂ ਨੇ ‘ਨਿਮਾਣੇ ਸਿੱਖਾਂ’ ਦੀ ਇਕ ਹੋਰ ਨਸਲ ਖੜੀ ਕਰ ਦਿਤੀ ਹੈ। ਪੁਜਾਰੀਆਂ ਦੇ ਗ਼ਲਤ ਫ਼ੈਸਲਿਆਂ ਅੱਗੇ ਜਿਹੜਾ ਸਿੱਖ ਸੀਸ ਝੁਕਾ ਦੇਵੇ ਤੇ ਪੁਜਾਰੀਆਂ ਵਲੋਂ ਧਰਮ ਨਾਲ ਕੀਤਾ ਜਾ ਰਿਹਾ ਧੱਕਾ ਚੁਪਚਾਪ ਬਰਦਾਸ਼ਤ ਕਰ ਲਵੇ, ਉਹ ਪਹਿਲਾ ਐਲਾਨ ਇਹੀ ਕਰਦਾ ਹੈ ਕਿ, ‘‘ਮੈਂ ਇਕ ਨਿਮਾਣੇ ਸਿੱਖ ਵਜੋਂ ਪੁਜਾਰੀਆਂ ਸਾਹਮਣੇ ਪੇਸ਼ ਹੋਣ ਜਾ ਰਿਹਾ ਹਾਂ।’’

ਸੋ ਜਿਹੜਾ ਸਿੱਖ, ਪੁਜਾਰੀਆਂ ਦੇ ਗੁਰਮਤਿ-ਵਿਰੋਧੀ, ਸਿਆਸੀ ਲੀਡਰਾਂ ਅਤੇ ਡੇਰੇਦਾਰਾਂ ਦੇ ਇਸ਼ਾਰੇ ’ਤੇ ਜਾਰੀ ਕੀਤੇ ਗਏ, ਖ਼ਾਲਸ ਗ਼ਲਤ ਹੁਕਮਾਂ ਅੱਗੇ ਸਿਰ ਝੁਕਾ ਦੇਵੇ, ਉਹ ਤਾਂ ‘ਨਿਮਾਣਾ ਸਿੱਖ’ ਹੋ ਗਿਆ ਤੇ ਜਿਹੜਾ ਸਿੱਖ, ਗੁਰਮਤਿ ਦੀ ਕਸੌਟੀ ਉਤੇ ਪਰਖਣ ਦੀ ਕੋਸ਼ਿਸ਼ ਕਰਨ ਲੱਗ ਪਵੇ ਅਰਥਾਤ ਆਪ ਕਸ਼ਟ ਸਹਾਰ ਕੇ ਵੀ, ਗੁਰਮਤਿ ਦਾ ਝੰਡਾ ਹੱਥੋਂ ਨਾ ਡਿਗਣ ਦੇਵੇ, ਉਹ ਕੀ ਹੋਇਆ? ਦਲੀਲ, ਗੁਰਬਾਣੀ, ਗੁਰਮਤਿ ਦਾ ਝੰਡਾ ਚੁੱਕਣ ਵਾਲੇ ਨੂੰ ਤਾਂ ਛੇਤੀ ਹੀ ‘ਛੇਕ’ ਦਿਤਾ ਜਾਂਦਾ ਹੈ, ਸੋ ਉਹਦਾ ਹੋਰ ਨਾਂ ਕੀ ਹੋ ਸਕਦੈ? ਮਤਲਬ ਇਹੀ ਨਿਕਲਿਆ ਨਾ ਕਿ ਜਿਹੜਾ ਪੁਜਾਰੀਆਂ ਤੋਂ ਡਰਦਾ ‘ਹਰਿ ਹਰਿ’ ਕਰਨ ਲੱਗ ਜਾਏ ਤੇ ਭੁੱਲ ਬਖ਼ਸ਼ਵਾਉਣ ਦਾ ਨਾਟਕ ਕਰਨ ਲੱਗ ਜਾਏ, ਉਹ ਨਿਮਾਣਾ ਤੇ ਜਿਹੜਾ ਕੋਈ ਪੁਜਾਰੀਆਂ ਨੂੰ, ਧਰਮ ਦੇ ਨਾਂ ’ਤੇ ਧੱਕਾ ਨਾ ਕਰਨ ਲਈ ਆਖੇ, ਉਹ ਸਿੱਖੀ ਤੋਂ ਬਾਹਰ? ਗੁਰੂ ਨਾਨਕ ਨੇ ‘ਨਿਮਾਣੇ ਸਿੱਖ’ ਸਾਜੇ ਸਨ ਜਾਂ ਬਾਬਰ ਨੂੰ ‘ਜਾਬਰ’ ਕਹਿਣ ਵਾਲੇ ਸਿੱਖ? ਨਿਮਾਣਾ ਬਣਨਾ ਹੁੰਦਾ ਹੈ ਗ਼ਰੀਬ, ਦੁਖੀ ਦੀ ਮਦਦ ਕਰਨ ਲਗਿਆਂ ਜਾਂ ਪ੍ਰਮਾਤਮਾ ਦਾ ਸ਼ੁਕਰ ਕਰਨ ਲਗਿਆਂ ਜਾਂ ਹਾਕਮਾਂ ਦੇ ਹੁਕਮਾਂ ਉਤੇ ਨੱਚਣ ਵਾਲੇ ਪੁਜਾਰੀਆਂ ਅੱਗੇ ਝੁਕਣ ਲਗਿਆਂ?

ਦਿਲ ਤਾਂ ਬਹੁਤ ਕਰਦਾ ਹੈ ਕਿ ਸਾਰੇ ‘ਨਿਮਾਣੇ’ ਸਿੱਖਾਂ ਦਾ ‘ਕੱਚਾ ਚਿੱਠਾ’ ਪੇਸ਼ ਕਰ ਦਿਆਂ ਕਿ ‘ਨਿਮਾਣਾ’ ਹੋਣ ਦਾ ਨਾਟਕ ਕਰਨ ਤੋਂ ਪਹਿਲਾਂ, ਉਹ ਮੇਰੇ ਸਾਹਮਣੇ, ‘ਜਥੇਦਾਰਾਂ’ ਨੂੰ ਕਿਹੋ ਜਹੀਆਂ ਗਾਲਾਂ ਕਢਦੇ ਰਹੇ ਹਨ, ਸਹੁੰਆਂ ਚੁਕਦੇ ਰਹੇ ਹਨ ਤੇ ਫਿਰ ਅਖ਼ੀਰ ਤੇ ਜਦ ਸਿਆਸਤਦਾਨਾਂ ਰਾਹੀਂ, ਅੰਦਰਖ਼ਾਤੇ ਉੁਨ੍ਹਾਂ ਨੂੰ ਯਕੀਨ ਦਿਵਾ ਦਿਤਾ ਗਿਆ ਕਿ ਉਨ੍ਹਾਂ ਨੂੰ ‘ਬਰੀ’ ਕਰ ਦਿਤਾ ਜਾਏਗਾ ਤੇ ਭਾਂਡੇ ਨਹੀਂ ਮੰਜਵਾਏ ਜਾਣਗੇ ਤਾਂ ਉਹ ‘ਨਿਮਾਣੇ ਸਿੱਖ’ ਦਾ ਸਵਾਂਗ ਰੱਚ ਕੇ ਤੇ ਦੋਵੇਂ ਹੱਥ ਜੋੜ ਕੇ ਕਿਵੇਂ ਪੁਜਾਰੀਆਂ ਸਾਹਮਣੇ ਜਾ ਪੇਸ਼ ਹੋਏ। ਇਨ੍ਹਾਂ ’ਚੋਂ ਕਈਆਂ ਨੂੰ ਜਦ ਮੈਂ ਉਹਨਾਂ ਦੀਆਂ ਪਹਿਲੀਆਂ ਸਹੁੰਆਂ ਯਾਦ ਕਰਵਾਈਆਂ ਤਾਂ ਉਹ ਖਸਿਆਨੇ ਜਹੇ ਹੋ ਕੇ ਬੋਲੇ, ‘‘ਓ ਜੀ, ਤੁਸੀ ਤਾਂ ਹੋਏ ਬਹਾਦਰ। ਸਾਰੇ ਤੁਹਾਡੇ ਵਰਗੇ ਬਹਾਦਰ ਤਾਂ ਨਹੀਂ ਨਾ ਹੋ ਸਕਦੇ...ਕੀ ਕਰੀਏ ਜੀ, ਸਿਆਸਤ ਵਿਚ ਰਹਿਣਾ ਹੋਵੇ ਤਾਂ ਲੀਡਰਾਂ ਦਾ ਕਹਿਣਾ ਤਾਂ ਮੰਨਣਾ ਹੀ ਪੈਂਦੈ। ਤੁਸੀ ਸੁਖੀ ਹੋ, ਤੁਹਾਨੂੰ ਕਿਸੇ ਦੀ ਕੋਈ ਗੱਲ ਨਹੀਂ ਸੁਣਨੀ ਪੈਂਦੀ। ਮਰਜ਼ੀ ਦੇ ਮਾਲਕ ਓ....।’’

ਫਿਰ ਵੀ ਦਿਲ ਕਰਦੈ ਕਿ ਇਨ੍ਹਾਂ ’ਚੋਂ ਕੁੱਝ ਕੁ ਦੇ ‘ਪ੍ਰਵਚਨ’ ਤਾਂ ਜ਼ਰੂਰ ਸੁਣਾ ਹੀ ਦਿਆਂ ਜੋ ਉਹਨਾਂ ਨੇ ‘ਨਿਮਾਣੇ ਸਿੱਖ’ ਦਾ ਸਵਾਂਗ ਰਚਣ ਤੋਂ ਪਹਿਲਾਂ ਉਚਰੇ ਸਨ। ਮੁਸ਼ਕਲ ਇਹ ਹੈ ਕਿ ਮੇਰੇ ਸਾਥੀ ਹੀ ਮੈਨੂੰ ਰੋਕ ਦੇਂਦੇ ਹਨ। ਉੁਨ੍ਹਾਂ ਦੀ ਦਲੀਲ ਹੁੰਦੀ ਹੈ ਕਿ ‘‘ਚਾਰ ਬੰਦੇ ਤਾਂ ਰਹਿਣ ਦਿਉ ਜਿਹੜੇ ਆਖ਼ਰੀ ਦਿਨ ਤੁਹਾਡੇ ਸ੍ਰੀਰ ਨੂੰ ਮੋਢਾ ਦੇ ਸਕਣ....। ਏਨਾ ਸੱਚ ਨਹੀਂ ਬੋਲੀਦਾ ਕਿ ਸਾਰੇ ਹੀ ਤੁਹਾਡਾ ਸਾਥ ਛੱਡ ਜਾਣ...।’’ ਮੈਨੂੰ ਇਥੇ ਇਕ ਪੁਰਾਣੀ ਗੱਲ ਯਾਦ ਆ ਗਈ। ‘ਮਾਸਕ ਸਪੋਕਸਮੈਨ’ ਨੂੰ ਸ਼ੁਰੂ ਕੀਤਿਆਂ ਅਜੇ ਚਾਰ ਕੁ ਸਾਲ ਹੀ ਹੋਏ ਸਨ। 15-20 ਰੀਟਾਇਰਡ ਸਿੱਖ ਅਫ਼ਸਰਾਂ ਦੀ ਜਥੇਬੰਦੀ, ‘ਇੰਸਟੀਚੂਟ ਆਫ਼ ਸਿੱਖ ਸਟੱਡੀਜ਼’ ਦੇ ਵਡੇਰਿਆਂ ਨਾਲ ਸਾਡੀ ਚੰਗੀ ਸਾਂਝ ਸੀ। ਉਹ ਮੈਨੂੰ ਅਪਣੀਆਂ ਮੀਟਿੰਗਾਂ ਵਿਚ ਵੀ ਬੁਲਾਇਆ ਕਰਦੇ ਸਨ ਤੇ ਹਰ ਥਾਂ ‘ਸਪੋਕਸਮੈਨ’ ਦੇ ਹੱਕ ਵਿਚ ਖੜੇ ਦਿਸਦੇ ਸਨ। ਫਿਰ ਮੈਂਬਰਾਂ ਦਾ ਆਪਸੀ ਕਲੇਸ਼ ਸ਼ੁਰੂ ਹੋ ਗਿਆ। ਕੁੱਝ ਮੈਂਬਰ, ਮੁਕਾਬਲਤਨ ਜਵਾਨ ਸਨ ਤੇ ਬਾਕੀ ਦੇ, ਬਹੁਤ ਬਜ਼ੁਰਗ। ‘ਜਵਾਨ’ ਚਾਹੁੰਦੇ ਸਨ ਕਿ ਉੁਨ੍ਹਾਂ ਨੂੰ ਵੀ ਅੱਗੇ ਆਉਣ ਦਿਤਾ ਜਾਏ ਜਦਕਿ ‘ਬਜ਼ੁਰਗਾਂ’ ਦਾ ਕਹਿਣਾ ਸੀ ਕਿ ਉੁਨ੍ਹਾਂ ਦੇ ਚਲਾਣੇ ਮਗਰੋਂ ਹੀ ਜਵਾਨ ਵਰਗ ਅੱਗੇ ਆਵੇ ਤੇ ਉਦੋਂ ਤੀਕ ਇੰਤਜ਼ਾਰ ਕਰਨ ਦਾ ਸਲੀਕਾ ਸਿਖੇ। ਜਥੇਬੰਦੀ ਦੇ ਹਮਦਰਦ ਵਜੋਂ ਮੈਂ ਇਕ ਸੰਪਾਦਕੀ ਨੋਟ ਲਿਖਿਆ ਕਿ ਇੰਸਟੀਚੂਟ ਨੂੰ ਚਿੱਟੀਆਂ ਦਾੜ੍ਹੀਆਂ ਵਾਲਿਆਂ ਦੀ ਹੀ ਜਥੇਬੰਦੀ ਨਾ ਬਣਾ ਦਿਤਾ ਜਾਏ ਤੇ ‘ਕਾਲੀਆਂ ਦਾੜ੍ਹੀਆਂ’ ਨੂੰ ਵੀ ਇਕ ਇਕ ਕਰ ਕੇ ਅੱਗੇ ਲਿਆਂਦਾ ਜਾਵੇ। ਮੈਂ ਲਿਖਿਆ ਕਿ ਇਸ ਤਰ੍ਹਾਂ ਜਥੇਬੰਦੀ ਵਿਚ ਮਜ਼ਬੂਤੀ ਆਵੇਗੀ।

ਇੰਸਟੀਚੂਟ ਦੇ ‘ਬਾਬਿਆਂ’ ਨੂੰ ਮੇਰਾ ਸੁਝਾਅ ਪਸੰਦ ਨਾ ਆਇਆ। ਚਲੋ, ਕਈ ਸੁਝਾਅ ਨਹੀਂ ਵੀ ਪਸੰਦ ਆਉਂਦੇ। ਪਰ ਉੁਨ੍ਹਾਂ ਨੇ ਮੇਰੇ ਸੁਝਾਅ ਦਾ ਏਨਾ ਗੁੱਸਾ ਕੀਤਾ ਕਿ ਇਕ ‘ਮਤਾ’ ਪਾਸ ਕਰ ਕੇ ਮੇਰੇ ਕੋਲੋਂ ਮੰਗ ਕਰ ਦਿਤੀ ਕਿ ਮੈਂ ਮਾਫ਼ੀ ਮੰਗਾਂ। ਕਿਸ ਗੱਲ ਦੀ ਮਾਫ਼ੀ? ਮੈਂ ਤਾਂ ਕੋਈ ਵੀ ਮਾੜਾ ਲਫ਼ਜ਼ ਨਹੀਂ ਸੀ ਲਿਖਿਆ। ਫਿਰ ਉੁਨ੍ਹਾਂ ਨੇ ਇਕ ਮੈਂਬਰ, ਸ. ਹਰਪਾਲ ਸਿੰਘ ਸ਼ਿਕਾਗੋ ਦੀ ਡਿਊਟੀ ਲਗਾਈ ਕਿ ਉਹ ਮੇਰੇ ਨਾਲ ਗੱਲ ਕਰ ਕੇ ਮੈਨੂੰ ਮਾਫ਼ੀ ਮੰਗਣ ਲਈ ਮਜਬੂਰ ਕਰਨ। ਸ. ਹਰਪਾਲ ਸਿੰਘ ਦਲੀਲਾਂ ਦੇਣ ਵਿਚ ਬਹੁਤ ਮਾਹਰ ਸਨ। ਹਾਰਵਰਡ ਯੂਨੀਵਰਸਟੀ (ਅਮਰੀਕਾ) ਦੇ ਪੜ੍ਹੇ ਹੋਏ ਸਨ। ਮੈਨੂੰ ਸਮਝਾਉਣ ਲੱਗੇ। ਮੈਂ ਕਿਹਾ, ਮੈਨੂੰ ਕੇਵਲ ਇਹ ਸਮਝਾਉ ਕਿ ਇਕ ਐਡੀਟਰ ਨੂੰ, ਸ਼ਾਇਸਤਾ ਜ਼ਬਾਨ ਵਿਚ, ਇਹ ਸੁਝਾਅ ਦੇਣ ਦਾ ਹੱਕ ਹੈ ਜਾਂ ਨਹੀਂ ਕਿ ਇਕ ਚੰਗੀ ਸੰਸਥਾ ਵਿਚ ਨੌਜੁਆਨਾਂ ਨੂੰ ਵੀ ਥਾਂ ਮਿਲਣੀ ਚਾਹੀਦੀ ਹੈ? ਉਹ ਇਸ ਦਾ ਜਵਾਬ ਨਹੀਂ ਸੀ ਦੇਣਾ ਚਾਹੁੰਦੇ ਤੇ ‘ਇਕ ਵਾਰ ‘ਸੌਰੀ’ ਕਹਿ ਕੇ ਗੱਲ ਮੁਕਾਉ’ ਤਕ ਹੀ ਸੀਮਤ ਰਹਿਣਾ ਚਾਹੁੰਦੇ ਸਨ। ਗੱਲਬਾਤ ਸਿਰੇ ਨਾ ਚੜ੍ਹ ਸਕੀ।

ਬੀਬੀ ਬਲਜੀਤ ਕੌਰ, ਇੰਸਟੀਚੂਟ ਦੇ ਇਕ ਹੋਰ ਮੈਂਬਰ ਸਨ ਜਿਨ੍ਹਾਂ ਦੀ ਸਾਡੇ ਨਾਲ ਚੰਗੀ ਨੇੜਤਾ ਸੀ ਤੇ ਉਹ ਅਕਸਰ ‘ਸਪੋਕਸਮੈਨ’ ਦੇ ਦਫ਼ਤਰ ਵਿਚ ਆ ਕੇ ਸਾਡੇ ਨਾਲ ਵਿਚਾਰਾਂ ਕਰਦੇ ਰਹਿੰਦੇ ਸਨ। ਅਖ਼ੀਰ ਉਨ੍ਹਾਂ ਨੂੰ ਭੇਜਿਆ ਗਿਆ। ਗੱਲ ਉਥੇ ਹੀ ਆ ਕੇ ਰੁਕ ਗਈ ਕਿ ਮੈਂ ਗ਼ਲਤੀ ਕੀ ਕਰ ਦਿਤੀ ਸੀ ਤੇ ਜੇ ਸੁਝਾਅ ਪਸੰਦ ਨਹੀਂ ਵੀ ਆਇਆ, ਤਾਂ ਵੀ ਇਸ ਨੂੰ ਏਨਾ ਤੂਲ ਕਿਉਂ ਦਿਤਾ ਜਾ ਰਿਹਾ ਹੈ ਤੇ ਇਸ ਵਿਚ ਮਾਫ਼ੀ ਮੰਗਣ ਵਾਲੀ ਕਿਹੜੀ ਗੱਲ ਹੈ? ਬੀਬੀ ਬਲਜੀਤ ਕੌਰ ਗਿੱਲ, ਜੋ ਕੈਪਟਨ ਅਮਰਿੰਦਰ ਸਿੰਘ ਦੇ ਸਕੇ ਮਾਸੀ ਜੀ ਵੀ ਹਨ, ਬੜੇ ਮਿੱਠੇ ਸੁਭਾਅ ਵਾਲੇ ਅਤੇ ਸਮਝਦਾਰੀ ਵਾਲੀ ਗੱਲ ਕਰਨ ਵਾਲੇ ਵਿਅਕਤੀ ਵਜੋਂ ਜਾਣੇ ਜਾਂਦੇ ਹਨ। ਉੁਨ੍ਹਾਂ ਨੇ ਲੰਮੀਆਂ ਦਲੀਲਾਂ ਵਿਚ ਪੈਣ ਦੀ ਬਜਾਏ, ਗੱਲ ਇਹ ਕਹਿ ਕੇ ਮੁਕਾਉਣੀ ਚਾਹੀ, ‘‘ਵੇਖੋ ਸ. ਜੋਗਿੰਦਰ ਸਿੰਘ ਜੀ, ਇੰਸਟੀਚੂਟ ਆਫ਼ ਸਿੱਖ ਸਟੱਡੀਜ਼ ਦੇ ਸਾਰੇ ਮੈਂਬਰ, ਹਰ ਦੁੱਖ ਸੁੱਖ ਵੇਲੇ ਤੁਹਾਡੇ ਨਾਲ ਖੜੇ ਹੁੰਦੇ ਨੇ। ਕਈ ਤਾਂ ਸਪੋਕਸਮੈਨ ਦੇ ਸਰਪ੍ਰਸਤ ਮੈਂਬਰ ਵੀ ਨੇ। ਉਹਨਾਂ ਨੂੰ ਜਿਹੜੀ ਗੱਲ ਪਸੰਦ ਨਹੀਂ, ਉਹ ਤੁਹਾਨੂੰ ਨਹੀਂ ਸੀ ਲਿਖਣੀ ਚਾਹੀਦੀ। ਤੁਸੀ ਚਿੱਟੀਆਂ ਦਾਹੜੀਆਂ ਵਾਲਿਆਂ ਦੀ ਨੀਤੀ ਦੀ ਆਲੋਚਨਾ ਕੀਤੀ। ਇਸ ਨਾਲ ਉੁਨ੍ਹਾਂ ਨੂੰ ਬਹੁਤ ਦੁੱਖ ਪਹੁੰਚਿਐ। ਵੇਖੋ, ਚਾਰ ਘਰ ਤਾਂ ਡੈਣ ਵੀ ਛੱਡ ਦੇਂਦੀ ਏ। ਇਨ੍ਹਾਂ 10 ਬੰਦਿਆਂ ਨੂੰ ਛੱਡ ਕੇ ਤੁਸੀ ਬਾਕੀ ਸੱਭ ਦੀ ਆਲੋਚਨਾ ਕਰਦੇ ਰਹੋ। ਬਸ ਏਨਾ ਧਿਆਨ ਜ਼ਰੂਰ ਰਹੇ ਕਿ ਆਖ਼ਰੀ ਸਫ਼ਰ ਸਮੇਂ ਲਈ ਚਾਰ ਬੰਦੇ ਜ਼ਰੂਰ ਛੱਡ ਦਿਆ ਕਰੋ ਜਿਹੜੇ ਤੁਹਾਨੂੰ ਮੋਢਾ ਦੇ ਸਕਣ...।’’

ਬੀਬੀ ਬਲਜੀਤ ਕੌਰ ਗਿੱਲ ਹੁਰਾਂ ਦੀ ਨਸੀਹਤ, ਦੁਨਿਆਵੀ ਪੱਖੋਂ ਤਾਂ ਠੀਕ ਸੀ ਤੇ ਜੇ ਮੈਂ ਇਸ ਨੂੰ ਮੰਨ ਲੈਂਦਾ ਤਾਂ ਮੇਰੇ ਉਸ ਵੇਲੇ ਦੇ ਸਾਰੇ ਨਜ਼ਦੀਕੀ, ਅੱਜ ਵੀ ਮੇਰੇ ਨਜ਼ਦੀਕੀ ਹੁੰਦੇ। ਇਨ੍ਹਾਂ ਵਿਚ ਸ. ਪ੍ਰਕਾਸ਼ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ ਤੇ ਹੋਰ ਕਈ ਆਗੂ ਤੇ ਵਿਦਵਾਨ ਵੀ ਸਨ। ਪਰ ਸੱਭ ਕੁੱਝ ਅਪਣੇ ਵੱਸ ਵਿਚ ਤਾਂ ਨਹੀਂ ਹੁੰਦਾ। ਸਾਡੀ ਸੋਚ ਦੀ ਗੁੱਡੀ ਦੀ ਡੋਰ ਦਾ ਦੂਜਾ ਸਿਰਾ ਤਾਂ ਅਕਾਲ ਪੁਰਖ ਦੇ ਹੱਥ ਵਿਚ ਹੈ ਤੇ ਸਾਨੂੰ ਉਹ ਜਿਸ ਪਾਸੇ ਚਾਹੇ, ਲੈ ਜਾਂਦਾ ਹੈ। 
ਮੈਂ ਬੀਬੀ ਬਲਜੀਤ ਕੌਰ ਹੁਰਾਂ ਨੂੰ ਜੋ ਜਵਾਬ ਦਿਤਾ ਸੀ, ਉਹ ਇਹੀ ਸੀ ਕਿ, ‘‘ਜਿਸ ਦਿਨ ਮੈਂ ‘ਸਪੋਕਸਮੈਨ’ ਸ਼ੁਰੂ ਕੀਤਾ ਸੀ, ਉਸ ਦਿਨ ਸੱਚ ਲਿਖਣ ਦਾ ਪ੍ਰਣ ਵੀ ਲਿਆ ਸੀ ਤੇ ਉਸ ਦਿਨ ਹੀ ਮੇਰੇ ਮਨ ਵਿਚ ਇਹ ਗੱਲ ਆ ਗਈ ਸੀ ਕਿ ਹੁਣ ਦਿਨ ਬਦਿਨ ਮੇਰੇ ਸਾਥੀ ਘਟਦੇ ਜਾਣਗੇ ਤੇ ਅਖ਼ੀਰ ਤਕ ਪੁਜਦਿਆਂ ਸ਼ਾਇਦ ਏਨੇ ਘੱਟ ਜਾਣ ਕਿ ਮੇਰੀ ਅਰਥੀ ਨੂੰ ਮੋਢਾ ਦੇਣ ਵਾਲੇ ਚਾਰ ਸਾਥੀ ਵੀ ਨਾ ਬਚਣ ਤੇ ਮੇਰੇ ਘਰ ਦਿਆਂ ਨੂੰ ਹੀ ਇਹ ਕੰਮ ਕਰਨਾ ਪਵੇ।

ਪਰ ਜਿਸ ਤੇਜ਼ੀ ਨਾਲ ਮੇਰੇ ਸਾਥੀ ਮੇਰੇ ਨਾਲ ਨਰਾਜ਼ ਹੁੰਦੇ ਜਾ ਰਹੇ ਨੇ, ਉਸ ਨੂੰ ਵੇਖ ਕੇ ਤਾਂ ਲਗਦੈ ਕਿ ਅਖ਼ੀਰ ਵਿਚ ਘਰ ਦੇ ਵੀ ਔਖੇ ਹੋ ਕੇ ਸਾਥ ਛੱਡ ਦੇਣਗੇ ਤੇ ਇਹ ਕੰਮ ਮਿਊਂਸੀਪਲ ਕਮੇਟੀ ਵਾਲਿਆਂ ਨੂੰ ਹੀ ਕਰਨਾ ਪਵੇਗਾ। ²².... ਮੈਂ ਇਹਦੇ ਲਈ ਵੀ ਤਿਆਰ ਹਾਂ ਪਰ ਲਿਖਾਂਗਾ ਤਾਂ ਉਹੀ ਕੁੱਝ ਜਿਸ ਨੂੰ ਲਿਖਣ ਦੀ ਆਗਿਆ ਮੇਰਾ ਦਿਲ ਦੇਵੇਗਾ....।’’ ਗੱਲ ਸ਼ੁਰੂ ਹੋਈ ਸੀ, ਅੱਜ ਦੇ ‘ਨਿਮਾਣੇ’ ਸਿੱਖਾਂ ਦੀ ਜੋ ਅਪਣੀ ‘ਬੁਜ਼ਦਿਲੀ’ ਅਤੇ ਅੰਦਰਖ਼ਾਤੇ ਕੀਤੀ ਸੌਦੇਬਾਜ਼ੀ ਨੂੰ ਛੁਪਾਉਣ ਲਈ ‘ਨਿਮਾਣੇਪਣ’ ਦੀ ਲੋਈ ਉਪਰ ਲੈ ਲੈਂਦੇ ਹਨ। ਅਕਾਲ ਤਖ਼ਤ ਦੇ ਨਾਂ ’ਤੇ, ‘ਪੁਜਾਰੀਵਾਦ’ ਏਨਾ ਵੱਡਾ ਉਪੱਦਰ ਕਰ ਰਿਹਾ ਹੈ ਕਿ ਉਸ ਨੂੰ ਚੁਨੌਤੀ ਦੇਣਾ ਤੇ ਗੁਰਦਵਾਰਿਆਂ ਵਿਚੋਂ ਬਾਹਰ ਕਢਣਾ ਇਕ ਪੁੰਨ ਦਾ ਕੰਮ ਬਣ ਗਿਆ ਹੈ (ਭਾਵੇਂ ਅਜਿਹਾ ਕਰਨ ਵਾਲੇ ਦਾ, ਪੁਜਾਰੀ ਲੋਕ, ਧਰਮ ਦਾ ਨਕਲੀ ਡੰਡਾ ਚੁਕ ਕੇ, ਨੁਕਸਾਨ ਕਾਫ਼ੀ ਕਰ ਸਕਦੇ ਹਨ) ਕਿਉਂਕਿ ਪੁਜਾਰੀਵਾਦ ਦਾ ਖ਼ਾਤਮਾ ਕਰਨ ਦੀ ਗੱਲ ਉਹੀ ਬੰਦਾ ਸੋਚ ਸਕਦਾ ਹੈ ਜੋ ਧਰਮ ਦੀ ਖ਼ਾਤਰ ਅਪਣਾ ਸੱਭ ਕੁੱਝ ਵਾਰ ਸਕਦਾ ਹੋਵੇ ਤੇ ਧਰਮ ਦੀ ਲਾਜ ਰੱਖ ਸਕਦਾ ਹੋਵੇ।

ਪੁਜਾਰੀਆਂ ਸਾਹਮਣੇ ‘ਨਿਮਾਣਾ’ ਬਣਨਾ ਤਾਂ ਕਿਸੇ ਵੀ ਬੁਜ਼ਦਿਲ ਤੋਂ ਬੁਜ਼ਦਿਲ ਬੰਦੇ ਲਈ ਸੌਖਾ ਹੈ ਪਰ ਇਨ੍ਹਾਂ ਦੇ ਧਰਮ-ਵਿਰੋਧੀ ‘ਹੁਕਮਾਂ’ ਦਾ ਮੁਕਾਬਲਾ ਕੋਈ ਗੁਰਮੁਖ ਸਿੰਘ, ਦਿਤ ਸਿੰਘ ਤੇ ਮਾਰਟਿਨ ਲੂਥਰ ਵਰਗਾ ਹੀ ਕਰ ਸਕਦਾ ਹੈ ਤੇ ਧਰਮ ਨੂੰ ਪੁਜਾਰੀਵਾਦ ਦੇ ਗੰਦ ਤੋਂ ਪਾਕ, ਸਾਫ਼ ਰੱਖ ਸਕਦਾ ਹੈ। ਅਜਿਹੇ ਲੋਕ ਅਪਣੇ ਆਪ ਨੂੰ ‘ਨਿਮਾਣੇ’ ਕਹਿ ਕੇ ਪੋਪ ਜਾਂ ਦੂਜੇ ਪੁਜਾਰੀਆਂ ਦੇ ਗ਼ਲਤ ਫ਼ੈਸਲਿਆਂ ਸਾਹਮਣੇ ਸਿਰ ਨਹੀਂ ਝੁਕਾ ਦੇਂਦੇ ਸਗੋਂ ਪਹਾੜ ਨਾਲ ਮੱਥਾ ਲਾ ਕੇ, ਅਪਣੇ ਆਪ ਨੂੰ ਤਬਾਹ ਕਰ ਲੈਣਾ ਭਾਵੇਂ ਮਨਜ਼ੂਰ ਕਰ ਲੈਣ ਪਰ ਪੁਜਾਰੀਆਂ ਨੂੰ ਮਨਮਰਜ਼ੀ ਨਹੀਂ ਕਰਨ ਦੇਂਦੇ। ਸਿੱਖਾਂ ਵਿਚ ‘ਨਿਮਾਣਿਆਂ’ ਦੀ ਜਿਹੜੀ ਨਵੀਂ ਨਸਲ ਤਿਆਰ ਹੋ ਗਈ ਹੈ, ਉਹ ਵੀ ਨਹੀਂ ਜਾਣਦੀ ਕਿ ਅਪਣੇ ‘ਨਿਮਾਣੇਪਨ’ ਨਾਲ ਉਹ ਸਿੱਖ ਧਰਮ ਨੂੰ ਕਿੰਨਾ ਨੁਕਸਾਨ ਪਹੁੰਚਾ ਰਹੀ ਹੈ, ਪੁਜਾਰੀਵਾਦ ਨੂੰ ਕਿੰਨਾ ਮਜ਼ਬੂਤ ਬਣਾ ਰਹੀ ਹੈ ਤੇ ਧਰਮ ਨੂੰ 21ਵੀਂ ਸਦੀ ਤੋਂ ਚੁੱਕ ਕੇ 12ਵੀਂ ਸਦੀ ਵਲ ਕਿਵੇਂ ਲਿਜਾ ਰਹੀ ਹੈ।

ਇਹ ਲੋਕ ਅਪਣੇ ਆਪ ਨੂੰ ‘ਨਿਮਾਣਾ’ ਕਹਿ ਕੇ, ਅਪਣੀ ਬੁਜ਼ਦਿਲੀ ਨੂੰ ਛੁਪਾ ਤਾਂ ਨਹੀਂ ਸਕਦੇ ਪਰ ਸੌ ਮੁਸੀਬਤਾਂ ਦਾ ਕਸ਼ਟ ਅਪਣੇ ਪਿੰਡੇ ’ਤੇ ਝੇਲਦੇ ਹੋਏ ਵੀ, ਪੁਜਾਰੀਵਾਦ ਨੂੰ ਭਾਂਜ ਦੇਣ ਦਾ ਯਤਨ ਕਰਨ ਵਾਲਿਆਂ ਨੂੰ ਹੰਕਾਰੇ ਹੋਏ ਅਤੇ ‘ਅਕਾਲ ਤਖ਼ਤ’ ਦੇ ਭਗੌੜੇ ਕਹਿਣ ਦਾ ਸ਼ੁਗਲ ਜ਼ਰੂਰ ਪੂਰਾ ਕਰ ਲੈਂਦੇ ਹਨ ਹਾਲਾਂਕਿ ਪੁਜਾਰੀਵਾਦ ਦਾ ਟਾਕਰਾ ਕਰਨ ਵਾਲੇ ਹੀ ਅਸਲ ਧਰਮ-ਰਖਿਅਕ ਹੁੰਦੇ ਹਨ ਤੇ ਇਤਿਹਾਸ ਦਾ ਫ਼ਤਵਾ ਵੀ ਇਹੀ ਹੈ, ਹੋਰ ਕੁੱਝ ਨਹੀਂ। ਮਾਰਟਿਨ ਲੂਥਰ ਤੋਂ ਲੈ ਕੇ, ਅੱਜ ਤਕ, ਲੋਕਾਂ ਨੇ ਵੀ ਅਤੇ ਇਤਿਹਾਸ ਨੇ ਵੀ, ਅਪਣਾ ਫ਼ਤਵਾ ‘ਪੁਜਾਰੀਵਾਦ’ ਦੇ ਪਹਾੜ ਨਾਲ ਮੱਥਾ ਲਾਉਣ ਵਾਲਿਆਂ ਦੇ ਹੱਕ ਵਿਚ ਹੀ ਦਿਤਾ ਹੈ।

ਅਖੌਤੀ ‘ਨਿਮਾਣੇ’ ਸਿੱਖਾਂ ਨੂੰ ਕਦੇ ਕਿਸੇ ਨੇ ਗ਼ਰੀਬ, ਲਾਚਾਰ ਤੇ ਲੋੜਵੰਦ ਸਾਹਮਣੇ ਵੀ ‘ਨਿਮਾਣਾ’ ਬਣਦਾ ਵੇਖਿਆ ਹੈ? ਨਹੀਂ, ਇਹ ਕੇਵਲ ਡਾਢਿਆਂ ਸਾਹਮਣੇ ਹੀ ‘ਨਿਮਾਣੇ’ ਬਣਦੇ ਹਨ ਤੇ ਡਾਢੇ ਦਾ ਮੁਕਾਬਲਾ ਕਰ ਸਕਣ ਦੀ ਹਿੰਮਤ ਜੁਟਾਣ ਵਿਚ ਨਾਕਾਮ ਰਹਿਣ ਕਰ ਕੇ ਹੀ ‘ਨਿਮਾਣੇਪਨ’ ਦਾ ਮੁਖੌਟਾ ਪਾ ਕੇ, ਅਪਣਾ ਮੂੰਹ ਛੁਪਾ ਲੈਂਦੇ ਹਨ ਵਰਨਾ ਦੱਸਣ ਤਾਂ ਸਹੀ ਕਿ ਸਿੱਖ ਧਰਮ (ਗੁਰਬਾਣੀ) ਦੇ ਕਿਹੜੇ ਅਸੂਲ ਮੁਤਾਬਕ, ਗੁਰਦਵਾਰੇ ਨੂੰ ਕਚਹਿਰੀ ਦਾ ਰੂਪ ਦਿਤਾ ਜਾ ਸਕਦਾ ਹੈ ਤੇ ਪੁਜਾਰੀ ਨੂੰ ਆਮ ਸਿੱਖ ਨਾਲੋਂ ਵੱਡਾ ਤਸੱਵਰ ਕੀਤਾ ਜਾ ਸਕਦਾ ਹੈ?

ਪੁਜਾਰੀਵਾਦ ਸਾਹਮਣੇ ਗਰਦਨਾਂ ਝੁਕਾ ਕੇ, ਧਰਮ ਦਾ ਨੁਕਸਾਨ ਕਰਨ ਵਾਲੇ ਸਾਰੇ ‘ਨਿਮਾਣਿਆਂ’ ਨੂੰ ਮੈਂ ਕਹਿਣਾ ਚਾਹਾਂਗਾ ਕਿ ਜੇ ਉੁਨ੍ਹਾਂ ਕੋਲ ਪੁਜਾਰੀਵਾਦੀ ਹੈਂਕੜ ਦਾ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਤਾਂ ਚੁੱਪ ਕਰ ਕੇ ਸਿਰ ਝੁਕਾ ਆਇਆ ਕਰਨ ਪਰ ਅਪਣੇ ਗੀਦੀਪੁਣੇ ਨੂੰ ‘ਨਿਮਾਣਾਪਨ’ ਦੱਸਣ ਦੀ ਕੋਸ਼ਿਸ਼ ਨਾ ਕਰਿਆ ਕਰਨ ਕਿਉਂਕਿ ਮੈਨੂੰ ਉੁਨ੍ਹਾਂ ਦੀ ਅੰਦਰ ਦੀ ਸਾਰੀ ਸਚਾਈ ਦਾ ਪਤਾ ਹੈ ਤੇ ਜੇ ਉਹ ਅੜੇ ਰਹੇ ਤਾਂ ਫਿਰ ਕੌੜੀ ਸਚਾਈ ਸੁਣਨ ਲਈ ਵੀ ਉੁਨ੍ਹਾਂ ਨੂੰ ਤਿਆਰ ਰਹਿਣਾ ਪਵੇਗਾ।
(22 ਨਵੰਬਰ, 2009 ਦੇ ਸਪੋਕਸਮੈਨ ਪਰਚੇ ਵਿਚੋਂ)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੇਅੰਤ ਸਿੰਘ ਦੇ ਕਤਲ ਮਾਮਲੇ 'ਚ MHA ਦੇ Ex. ਅਧਿਕਾਰੀ ਦਾ ਵੱਡਾ ਖੁਲਾਸਾ

15 Jul 2026 2:55 PM

'ਸਤਲੁਜ' ਫਿਲਮ 'ਤੇ Ravneet Bittu LIVE | "ਖਾਲੜਾ ਸਾਬ੍ਹ ਨਾਲ ਕੋਈ ਦਿੱਕਤ ਨਹੀਂ, ਪਰ..." | Press Conference

13 Jul 2026 2:55 PM

ਕੈਬ ਐਸੋਸੀਏਸ਼ਨ ਵਾਲਿਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ, ਭਾਰੀ ਪੁਲਿਸ ਫੋਰਸ ਤਾਇਨਾਤ

13 Jul 2026 2:56 PM

ਫਿਲਮ 'ਸਤਲੁਜ' ਵਿਵਾਦ ਮਾਮਲੇ 'ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ

12 Jul 2026 2:49 PM

PM Modi ਦਾ New Zealand ਚ ਸਿੱਖ ਵਿਰੋਧੀ ਤੱਤਾ ਨੂੰ ਕਰਾਰਾ ਜਵਾਬ,ਸਿੱਖਾਂ ਦੀ ਸੇਵਾ ਅਤੇ ਸਾਹਸ ਪੂਰੀ ਦੁਨੀਆ ਲਈ ਮਿਸਾਲ

12 Jul 2026 2:48 PM
Advertisement