ਉਨ੍ਹਾਂ ਦੇ ਮੁੱਖ ਵਿਰੋਧੀ ਗੈਦੀ ਆਇਜ਼ਨਕੌਟ ਦੀ ਅਗਵਾਈ ਵਾਲੇ ਮੁਹਾਜ਼ ਨੂੰ 48 ਸੀਟਾਂ ਮਿਲੀਆਂ ਹਨ
ਇਜ਼ਰਾਇਲੀ ਕਨੈਸੇੱਟ (ਪਾਰਲੀਮੈਂਟ) ਦੀਆਂ ਚੋਣਾਂ ਦੇ ਨਤੀਜੇ ਭਾਵੇਂ ਪ੍ਰਧਾਨ ਮੰਤਰੀ ਬੇਨਿਆਮਿਨ ਨੇਤਨਯਾਹੂ ਦੇ ਹੱਕ ਵਿਚ ਨਹੀਂ ਰਹੇ, ਫਿਰ ਵੀ ਉਨ੍ਹਾਂ ਦੀ ਪਾਰਟੀ ‘ਲਿਕੁਦ’ ਦੀ ਅਗਵਾਈ ਵਾਲਾ ਸੱਜੇ-ਪੰਥੀ ਮੁਹਾਜ਼ 53 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਰਾਜਸੀ ਧਿਰ ਸਾਬਤ ਹੋਇਆ ਹੈ। ਉਨ੍ਹਾਂ ਦੇ ਮੁੱਖ ਵਿਰੋਧੀ ਗੈਦੀ ਆਇਜ਼ਨਕੌਟ ਦੀ ਅਗਵਾਈ ਵਾਲੇ ਮੁਹਾਜ਼ ਨੂੰ 48 ਸੀਟਾਂ ਮਿਲੀਆਂ ਹਨ। 120 ਮੈਂਬਰੀ ਪਾਰਲੀਮੈਂਟ ਦੀਆਂ 19 ਸੀਟਾਂ ਇਜ਼ਰਾਇਲੀ ਅਰਬਾਂ (ਉਹ ਅਪਣੇ ਆਪ ਨੂੰ ਫ਼ਲਸਤੀਨੀ ਅਰਬ ਕਹਿੰਦੇ-ਦੱਸਦੇ ਹਨ) ਦੀਆਂ ਦੋ ਪਾਰਟੀਆਂ ਦੇ ਹਿੱਸੇ ਆਈਆਂ। ਇਸ ਤਰ੍ਹਾਂ ਸੱਤਾ ਦਾ ਤਵਾਜ਼ਨ ਕ੍ਰਮਵਾਰ 12 ਤੇ 7 ਸੀਟਾਂ ਜਿੱਤਣ ਵਾਲੀਆਂ ਇਨ੍ਹਾਂ ਦੋ ਅਰਬ ਪਾਰਟੀਆਂ ਦੇ ਹੱਥ ਵਿਚ ਹੋਣਾ ਚਾਹੀਦਾ ਹੈ, ਪਰ ਅਸਲੀਅਤ ਇਸ ਤੋਂ ਬਿਲਕੁਲ ਭਿੰਨ ਹੈ।
ਇਹ ਪਹਿਲੀ ਵਾਰ ਸੀ ਜਦੋਂ ਇਜ਼ਰਾਇਲੀ ਵੋਟਰ ਹੁੰਮਹੁਮਾ ਕੇ ਵੋਟਾਂ ਪਾਉਣ ਆਏ। ਸਿਆਸੀ ਪੰਡਿਤ ਆਇਜ਼ਨਕੌਟ ਦੀ ਅਗਵਾਈ ਵਾਲੇ ਮੁਹਾਜ਼ ਦੀ ਮਹੀਨ ਜਹੀ ਜਿੱਤ ਦੀ ਉਮੀਦ ਕਰ ਰਹੇ ਸਨ, ਪਰ ਨੇਤਨਯਾਹੂ, ਇਜ਼ਰਾਇਲੀ ਕੱਟੜਪੰਥੀ ਵੋਟਰਾਂ ਨੂੰ ਵੱਡੀ ਤਾਦਾਦ ਵਿਚ ਪੋਲਿੰਗ ਬੂਥਾਂ ’ਤੇ ਪੁੱਜਣ ਲਈ ਹਲੂਣਨ ਵਿਚ ਕਾਮਯਾਬ ਰਹੇ। ਹੁਣ, ਤ੍ਰਿਸ਼ੰਕੂ ਪਾਰਲੀਮੈਂਟ ਹੋਂਦ ਵਿਚ ਆਉਣ ਤੋਂ ਭਾਵ ਹੈ ਕਿ ਜਦੋਂ ਤਕ ਨਵੀਂ ਸਰਕਾਰ ਨਹੀਂ ਬਣਦੀ, ਉਦੋਂ ਤਕ ਨੇਤਨਯਾਹੂ ਇਜ਼ਰਾਈਲ ਦੇ ਆਰਜ਼ੀ ਪ੍ਰਧਾਨ ਮੰਤਰੀ ਬਣੇ ਰਹਿਣਗੇ। ਇਹ ਪ੍ਰਬੰਧ ਅਗਲੇ ਛੇ ਮਹੀਨਿਆਂ ਤਕ ਬਰਕਰਾਰ ਰਹਿ ਸਕਦਾ ਹੈ। ਨੇਤਨਯਾਹੂ ਲਈ ਇਹ ਪ੍ਰਬੰਧ ਕਿਸੇ ਵੀ ਤਰ੍ਹਾਂ ਘਾਟੇ ਦਾ ਸੌਦਾ ਨਹੀਂ।
ਇਜ਼ਰਾਇਲੀ ਚੋਣ ਨਤੀਜਿਆਂ ਨੇ ਮੌਜੂਦਾ ਹਾਲਾਤ ਵਿਚ ਚਾਰ ਬਦਲ ਉਭਾਰੇ ਹਨ: 1. ਨੇਤਨਯਾਹੂ ਤੇ ਆਇਜ਼ਨਕੌਟ ਦਰਮਿਆਨ ਕੌਮੀ ਏਕਤਾ ਸਰਕਾਰ (ਨੈਸ਼ਨਲ ਯੂਨਿਟੀ ਗਵਰਨਮੈਂਟ) ਦੀ ਸਥਾਪਨਾ ਲਈ ਸਮਝੌਤਾ; 2 ਨੇਤਨਯਾਹੂ ਵਲੋਂ ਅਰਬ ਮਾਡਰੇਟਾਂ ਵਾਲੀ ਧਿਰ ‘ਯੂਨਾਈਟਿਡ ਅਰਬਜ਼’ ਨਾਲ ਸਾਂਝ-ਭਿਆਲੀ; 3. ਆਇਜ਼ਨਕੌਟ ਵਲੋਂ ਦੋਵਾਂ ਅਰਬ ਪਾਰਟੀਆਂ ਕੋਲੋਂ ਮਦਦ ਮੰਗੀ ਜਾਣੀ; ਅਤੇ 4. ਨਵੀਂ ਚੁਣੀ ਪਾਰਲੀਮੈਂਟ ਵਲੋਂ ਸਰਕਾਰ ਬਣਾਉਣ ਵਿਚ ਰਾਜਸੀ ਧਿਰਾਂ ਦੀ ਨਾਕਾਮੀ ਦੇ ਮੱਦੇਨਜ਼ਰ ਮੱਧ-ਕਾਲੀ ਚੋਣਾਂ ਦਾ ਐਲਾਨ। ਪਹਿਲਾ ਬਦਲ ਸਿਰਫ਼ ਸਿਧਾਂਤਕ ਤੌਰ ’ਤੇ ਆਸਾਨ ਹੈ, ਹਕੀਕੀ ਤੌਰ ’ਤੇ ਨਹੀਂ।
2021 ਵਿਚ ਅਜਿਹੀ ਸਰਕਾਰ ਵਜੂਦ ਵਿਚ ਵੀ ਆਈ ਸੀ, ਪਰ ਚੱਲੀ ਸਿਰਫ਼ ਛੇ ਮਹੀਨੇ ਸੀ। ਹੁਣ ਅੜਿੱਕਾ ਇਹ ਹੈ ਕਿ ਆਇਜ਼ਨਕੌਟ ਦੀ ਮੱਧ-ਮਾਰਗੀ ਪਹੁੰਚ ਦੇ ਮੱਦੇਨਜ਼ਰ ਨੇਤਨਯਾਹੂ ਨੂੰ ਕੱਟੜਪੰਥੀ ਪਾਰਟੀਆਂ ਨਾਲ ਭਿਆਲੀ ਤੋੜਨੀ ਪਵੇਗੀ। ਇਸ ਦੀ ਕਲਪਨਾ ਕਰਨੀ ਆਸਾਨ ਨਹੀਂ ਕਿਉਂਕਿ ਅਜਿਹੀਆਂ ਪਾਰਟੀਆਂ ਵਲੋਂ ਨਿਭਾਏ ਸਾਥ ਦੀ ਬਦੌਲਤ ਹੀ ਨੇਤਨਯਾਹੂ ਪਿਛਲੇ ਤਿੰਨ ਵਰਿ੍ਹਆਂ ਤੋਂ ਵੱਧ ਸਮੇਂ ਤੋਂ ਫ਼ਲਸਤੀਨੀਆਂ, ਖ਼ਾਸ ਕਰ ਕੇ ‘ਹਮਾਸ’ ਉੱਪਰ ਕਹਿਰਵਾਨ ਹੋਇਆ ਰਿਹਾ।
ਹੁਣ ਮਹਿਜ਼ ਸਰਕਾਰ ਬਣਾਉਣ ਹਿੱਤ ਇਨ੍ਹਾਂ ਪਾਰਟੀਆਂ ਦਾ ਸਾਥ ਛੱਡਣਾ ਨੇਤਨਯਾਹੂ ਦੇ ਰਾਜਸੀ ਭਵਿੱਖ ਲਈ ਵੱਡਾ ਖ਼ਤਰਾ ਸਾਬਤ ਹੋ ਸਕਦਾ ਹੈ। ਦੂਜੇ ਪਾਸੇ, ਆਇਜ਼ਨਕੌਟ ਵਲੋਂ ‘ਨੇਤਨਯਾਹੂ ਭਜਾਓ’ ਦੇ ਸੱਦੇ ਨੂੰ ਆਪਣਾ ਮੁੱਖ ਚੁਣਾਵੀ ਨਾਅਰਾ ਬਣਾਉਣ ਅਤੇ ਪੂਰਾ ਪ੍ਰਚਾਰ ਇਸੇ ਨਾਅਰੇ ਉੱਤੇ ਕੇਂਦ੍ਰਿਤ ਕਰਨ ਮਗਰੋਂ ਨੇਤਨਯਾਹੂ ਨਾਲ ਹੀ ਰਾਜਸੀ ਸਾਂਝ ਵਾਲਾ ਰਾਹ ਅਪਨਾਉਣਾ ਵੀ ‘ਸਿਆਸੀ ਖ਼ੁਦਕੁਸ਼ੀ’ ਹੀ ਜਾਪੇਗਾ। ਇਸੇ ਲਈ ਕੌਮੀ ਏਕਤਾ ਸਰਕਾਰ ਬਣਨੀ ਮੌਜੂਦਾ ਹਾਲਾਤ ਵਿਚ ਸੰਭਵ ਨਹੀਂ ਜਾਪਦੀ। ਦੂਜਾ ਬਦਲ ਨੇਤਨਯਾਹੂ ਤੇ ਅਰਬ ਪਾਰਟੀਆਂ ਦੀ ਸੰਭਾਵੀ ਕੋਅਲੀਸ਼ਨ ਵਾਲਾ ਹੈ। ਇਹ ਬਦਲ ਵੀ ਨਾ ਨੇਤਨਯਾਹੂ ਨੂੰ ਰਾਸ ਆਉਣ ਵਾਲਾ ਹੈ ਅਤੇ ਨਾ ਹੀ ਅਰਬ ਧਿਰਾਂ ਨੂੰ। ਅਰਬ ਧਿਰਾਂ ਗਾਜ਼ਾ ਪੱਟੀ ਅਤੇ ਪੱਛਮੀ ਕੰਢੇ ਉੱਤੇ ਫ਼ਲਸਤੀਨੀਆਂ ਦੇ ਕਤਲੇਆਮ ਦੇ ‘ਜ਼ਿੰਮੇਵਾਰ’ ਨੇਤਨਯਾਹੂ ਨੂੰ ‘ਸਬਕ ਸਿਖਾਉਣ’ ਦੇ ਨਾਂਅ ’ਤੇ ਵੋਟਾਂ ਮੰਗਦੀਆਂ ਆਈਆਂ ਹਨ।
ਉਹ ਮੌਜੂਦਾ ਹਾਲਾਤ ਵਿਚ ਨੇਤਨਯਾਹੂ ਦੀ ਮਦਦ ਕਰਨ ਬਾਰੇ ਸੋਚ ਵੀ ਨਹੀਂ ਸਕਦੀਆਂ। ਇਹ ਠੀਕ ਹੈ ਕਿ ਇਹ ਪਾਰਟੀਆਂ, ਗੈਦੀ ਆਇਜ਼ਨਕੌਟ ਨੂੰ ਸਰਕਾਰ ਬਣਾਉਣ ਵਿਚ ਮਦਦ ਦੇਣਾ ਚਾਹੁੰਦੀਆਂ ਹਨ, ਪਰ ਆਇਜ਼ਨਕੌਟ ਨੇ ਵੀ ‘ਅਰਬਾਂ ਤੋਂ ਦੂਰ ਰਹਿਣ’ ਦੇ ਵਾਅਦੇ ਨੂੰ ਅਪਣੇ ਚੋਣ-ਪ੍ਰਚਾਰ ਦਾ ਮੁੱਖ ਮੁੱਦਾ ਬਣਾਇਆ ਸੀ। ਹੁਣ ਸਰਕਾਰ ਬਣਾਉਣ ਦੀ ਖ਼ਾਤਿਰ ਅਪਣੇ ਵੋਟਰਾਂ ਨਾਲ ਵਾਅਦਾਖ਼ਿਲਾਫ਼ੀ ਉਸ ਦੇ ਰਾਜਸੀ ਜੀਵਨ ਨੂੰ ਮਲੀਆਮੇਟ ਕਰ ਸਕਦੀ ਹੈ। ਚੌਥਾ ਬਦਲ ਨਵੀਂ ਚੁਣੀ ਪਾਰਲੀਮੈਂਟ ਨੂੰ ਭੰਗ ਕਰ ਕੇ ਨਵੇਂ ਸਿਰਿਓਂ ਚੋਣਾਂ ਕਰਵਾਉਣ ਦਾ ਹੈ।
ਇਹ ਬਦਲ ਅਗਲੇ ਛੇ ਮਹੀਨਿਆਂ ਤਕ ਨੇਤਨਯਾਹੂ ਨੂੰ ਕਾਨੂੰਨੀ ਸ਼ਿਕੰਜਿਆਂ ਤੋਂ ਬਚਾ ਕੇ ਨਿਗ਼ਰਾਨ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਬਰਕਰਾਰ ਰੱਖ ਸਕਦਾ ਹੈ। ਦਰਹਕੀਕਤ, ਛੇ ਮਹੀਨਿਆਂ ਦਾ ਇਹ ਸਮਾਂ ਅਪਣੇ ਰਾਜਸੀ ਵਿਰੋਧੀਆਂ ਨੂੰ ਵੱਖ ਵੱਖ ਮੁੱਦਿਆਂ ’ਤੇ ਮਾਤ ਦੇਣ ਪੱਖੋਂ ਨੇਤਨਯਾਹੂ ਲਈ ਚੋਖਾ ਲਾਹੇਵੰਦਾ ਸਿੱਧ ਹੋ ਸਕਦਾ ਹੈ। ਇਸੇ ਲਈ ਉਸ ਵਲੋਂ ਇਹ ਬਦਲ ਚੁਣਿਆ ਜਾਣਾ ਅਸੁਭਾਵਿਕ ਨਹੀਂ ਜਾਪਦਾ। ਉਂਜ ਵੀ, ਜਾਪਾਨ ਵਾਂਗ ਇਜ਼ਰਾਈਲ ਵਿਚ ਵੀ ਵਾਰ-ਵਾਰ ਮੱਧਕਾਲੀ ਚੋਣਾਂ ਹੋਣੀਆਂ ਕੋਈ ਅੱਪਵਾਦ ਨਹੀਂ। ਪਿਛਲੇ ਛੇ ਵਰਿ੍ਹਆਂ ਦੌਰਾਨ ਪੰਜ ਵਾਰ ਅਜਿਹਾ ਵਰਤਾਰਾ ਵਾਪਰ ਚੁੱਕਾ ਹੈ। ਜ਼ਿਕਰਯੋਗ ਇਹ ਪੱਖ ਹੈ ਕਿ ਇਸ ਵਰਤਾਰੇ ਕਾਰਨ ਨੇਤਨਯਾਹੂ ਦੀ ਰਾਜਸੀ ਸਿਹਤ ਉੱਤੇ ਕਦੇ ਵੀ ਬਹੁਤਾ ਬੁਰਾ ਅਸਰ ਨਹੀਂ ਪਿਆ।
ਇਜ਼ਰਾਈਲ ਦੀਆਂ ਰਾਜਸੀ ਧਿਰਾਂ ਆਪਸੀ ਵਿਰੋਧਾਂ ਤੋਂ ਉਪਜੀਆਂ ਪ੍ਰਸਥਿਤੀਆਂ ਨਾਲ ਕਿਵੇਂ ਸਿੱਝਦੀਆਂ ਹਨ, ਇਹ ਸਾਰਾ ਅਮਲ ਅਗਲੇ 15 ਦਿਨਾਂ ਅੰਦਰ ਸਪਸ਼ਟ ਹੋ ਜਾਵੇਗਾ। ਫ਼ਿਲਹਾਲ ਜੋ ਕੁਝ ਪਰਦੇ ਦੇ ਸਾਹਮਣੇ ਆ ਰਿਹਾ ਹੈ ਜਾਂ ਪਰਦੇ ਦੇ ਪਿੱਛੇ ਵਾਪਰ ਰਿਹਾ ਹੈ, ਉਹ ਸਥਾਈ ਸਰਕਾਰ ਦੀ ਸਥਾਪਨਾ ਦੀ ਸੰਭਾਵਨਾ ਨਹੀਂ ਜਗਾਉਂਦਾ। ਨੇਤਨਯਾਹੂ ਨੂੰ ਹਟਾਏ ਜਾਣ ਦੀ ਸੂਰਤ ਵਿਚ ਪੱਛਮੀ ਏਸ਼ੀਆ ਵਿਚ ਜੰਗਬੰਦੀ ਸੰਭਵ ਹੋ ਸਕਦੀ ਹੈ। ਪਰ ਜੋ ਹਾਲਾਤ ਹਨ, ਉਹ ਉਲਟ ਸੰਕੇਤ ਦੇ ਰਹੇ ਹਨ। ਇਹ ਅਪਣੇ ਆਪ ਵਿਚ ਕੋਈ ਛੋਟਾ ਦੁਖਾਂਤ ਨਹੀਂ।
