ਪੰਜਾਬ ਦੀਆਂ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਵਿਚ ਹਿੰਸਾ, ਸਾੜ-ਫੂਕ ਤੇ ਹੁੱਲੜਬਾਜ਼ੀ ਦੀਆਂ ਘਟਨਾਵਾਂ ਚਿੰਤਾ ਤੇ ਨਮੋਸ਼ੀ ਦਾ ਵਿਸ਼ਾ ਹਨ
ਪੰਜਾਬ ਦੀਆਂ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਵਿਚ ਹਿੰਸਾ, ਸਾੜ-ਫੂਕ ਤੇ ਹੁੱਲੜਬਾਜ਼ੀ ਦੀਆਂ ਘਟਨਾਵਾਂ ਚਿੰਤਾ ਤੇ ਨਮੋਸ਼ੀ ਦਾ ਵਿਸ਼ਾ ਹਨ। ਫ਼ਿਕਰ ਵਾਲੀ ਅਸਲ ਗੱਲ ਇਹ ਹੈ ਕਿ ਇਹ ਘਟਨਾਵਾਂ ‘ਫ਼ਰਜ਼ੀ’ ਅਪਰਾਧਾਂ ਨਾਲ ਜੁੜੇ ਸੋਸ਼ਲ ਮੀਡੀਆ ਸੁਨੇਹਿਆਂ ਤੋਂ ਸ਼ੁਰੂ ਹੋਈਆਂ, ਪਰ ਚੰਦ ਘੰਟਿਆਂ ਦੇ ਅੰਦਰ ਹੀ ਤਬਾਹੀ ਤੇ ਅਰਾਜਕਤਾ ਦੇ ਮੰਜ਼ਰ ਵਿਚ ਤਬਦੀਲ ਹੋ ਗਈਆਂ। ਪੰਜਾਬ ਪੁਲੀਸ ਵਲੋਂ ਦੋਵਾਂ ਯੂਨੀਵਰਸਿਟੀਆਂ ਵਿਚ ਫੈਲੀ ਅਰਾਜਕਤਾ ਦੇ ਤਾਰ ਜੋੜਨ ਦੇ ਯਤਨ ਅਰੰਭੇ ਗਏ ਹਨ, ਪਰ ਇਹ ਵੀ ਵਿਡੰਬਨਾ ਹੈ ਕਿ ਸਥਿਤੀ ਨਾਲ ਸਿੱਝਣ ਵਿਚ ਉਸ ਦੀ ਭੂਮਿਕਾ ਉੱਤੇ ਵੀ ਗੰਭੀਰ ਸਵਾਲ ਉੱਠ ਰਹੇ ਹਨ।
ਘਟਨਾਵਾਂ ਦੀ ਸ਼ੁਰੂਆਤ ਰਾਜਪੁਰਾ ਨੇੜਲੀ ਚਿਤਕਾਰਾ ਯੂਨੀਵਰਸਿਟੀ ਤੋਂ ਹੋਈ। ਸ਼ੁੱਕਰਵਾਰ ਰਾਤੀਂ ਸੋਸ਼ਲ ਮੀਡੀਆ ’ਤੇ ਇਹ ਸੁਨੇਹਾ ਫੈਲਣਾ ਸ਼ੁਰੂ ਹੋ ਗਿਆ ਕਿ ਦੋ ਵਿਦਿਆਰਥਣਾਂ ਨੇ ਹੋਸਟਲ ਵਿਚ ਖ਼ੁਦਕੁਸ਼ੀ ਕਰ ਲਈ ਹੈ ਅਤੇ ਇਸ ਸਬੰਧ ਵਿਚ ਦੋ ਐਂਬੂਲੈਂਸ ਵੀ ਕੈਂਪਸ ਵਿਚ ਆਏ ਪਰ ਯੂਨੀਵਰਸਿਟੀ ਅਧਿਕਾਰੀਆਂ ਵਲੋਂ ਇਹ ਮਾਮਲਾ ਦਬਾਇਆ ਜਾ ਰਿਹਾ ਹੈ। ਇਸ ਸੁਨੇਹੇ ਤੋਂ ਭੜਕੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਅੰਦਰ ਇਕੱਤਰ ਹੋ ਕੇ ਰੋਸ ਪ੍ਰਗਟਾਉਣਾ ਸ਼ੁਰੂ ਕਰ ਦਿਤਾ। ਛੇਤੀ ਹੀ ਇਹ ਰੋਸ ਪ੍ਰਗਟਾਵਾ ਭੰਨ-ਤੋੜ ਤੇ ਸਾੜ-ਫ਼ੂਕ ਦੇ ਦੌਰ ਵਿਚ ਬਦਲ ਗਿਆ। ਪੁਲੀਸ ਦੇ ਦਖ਼ਲ ਦੇ ਬਾਵਜੂਦ ਵਿਦਿਆਰਥੀਆਂ ਦਾ ਹਜੂਮ ਅਧਿਕਾਰੀਆਂ ਦੇ ਸਪਸ਼ਟੀਕਰਨ ਸੁਣਨ ਲਈ ਤਿਆਰ ਨਹੀਂ ਹੋਇਆ। ਲਿਹਾਜ਼ਾ, ਸਥਿਤੀ ਨੂੰ ਕੰਟਰੋਲ ਹੇਠ ਲਿਆਂਦਿਆਂ ਸਮਾਂ ਲੱਗ ਗਿਆ।
ਸੋਮਵਾਰ ਨੂੰ ਇਹ ਸਤਰਾਂ ਲਿਖੇ ਜਾਣ ਤਕ ਕਥਿਤ ਖ਼ੁਦਕੁਸ਼ੀਆਂ ਬਾਰੇ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਸੀ ਆਈ। ਇਸੇ ਤਰ੍ਹਾਂ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਦੀ ਦਰਮਿਆਨੀ ਰਾਤ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.), ਫਗਵਾੜਾ ਵਿਚ ਇਕ ਵਿਦਿਆਰਥਣ ਨਾਲ ਹੋਸਟਲ ਵਿਚ ਕਥਿਤ ਬਲਾਤਕਾਰ ਦੇ ਸੋਸ਼ਲ ਮੀਡੀਆ ਸੁਨੇਹੇ ਤੋਂ ਹਿੰਸਾ, ਅੱਗਜ਼ਨੀ ਤੇ ਪਥਰਾਓ ਦਾ ਦੌਰ-ਦੌਰਾ ਸ਼ੁਰੂ ਹੋ ਗਿਆ। ਛੇਤੀ ਹੀ ਇਹ ‘ਅੰਦੋਲਨ’ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਪਹੁੰਚ ਗਿਆ। ਜਿੱਥੇ ਕੌਮੀ ਸ਼ਾਹਰਾਹ (ਸ਼ੇਰ ਸ਼ਾਹ ਸੂਰੀ ਮਾਰਗ) ਉੱਤੇ ਆਵਾਜਾਈ ਠੱਪ ਕਰ ਦਿਤੀ ਗਈ। ਪੁਲੀਸ ਤੇ ਸਿਵਿਲ ਅਧਿਕਾਰੀਆਂ ਦੇ ਦਖ਼ਲ ਨਾਲ ਸ਼ਨਿੱਚਰਵਾਰ ਸਵੇਰੇ ਸੱਤ ਵਜੇ ਆਵਾਜਾਈ ਚਾਲੂ ਕਰਵਾਈ ਗਈ, ਪਰ ਇਕ ਘੰਟੇ ਦੇ ਅੰਦਰ ਹਿੰਸਾ ਵੱਧ ਸ਼ਿੱਦਤ ਨਾਲ ਭੜਕ ਉੱਠੀ। ਅੰਤ ਸਥਿਤੀ ਉੱਤੇ ਕਾਬੂ ਦੁਪਹਿਰ ਬਾਅਦ ਪਾਇਆ ਗਿਆ। ਉਦੋਂ ਤਕ ਯੂਨੀਵਰਸਿਟੀ ਦੀਆਂ ਕਈ ਇਮਾਰਤਾਂ, ਪੁਲੀਸ ਦੀਆਂ ਕਈ ਗੱਡੀਆਂ ਅਤੇ ਯੂਨੀਵਰਸਿਟੀ ਦੇ ਬਾਹਰ ਸਰਕਾਰੀ ਤੇ ਗ਼ੈਰ-ਸਰਕਾਰੀ ਸੰਪਤੀਆਂ ਅੱਗਜ਼ਨੀ, ਪਥਰਾਓ ਤੇ ਹੁੱਲੜਬਾਜ਼ੀ ਦਾ ਨਿਸ਼ਾਨਾ ਬਣੀਆਂ ਰਹੀਆਂ।
ਇਹ ਦੋਵੇਂ ਘਟਨਾਕ੍ਰਮ ਜਿੱਥੇ ਵਿਦਿਆਰਥੀ ਵਰਗ ਅੰਦਰਲੇ ਅਸੰਤੋਸ਼ ਤੇ ਗੁੱਸੇ ਦਾ ਇਜ਼ਹਾਰ ਮੰਨੇ ਜਾ ਰਹੇ ਹਨ, ਉੱਥੇ ਇਨ੍ਹਾਂ ਅੰਦਰੋਂ ਉੱਭਰੀ ਸਿਆਸੀ ਗੰਧ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਕਾਦਮਿਕ ਮਾਹਿਰ ਇਹ ਮੰਨਦੇ ਹਨ ਕਿ ਵਿਦਿਆਰਥੀ ਵਰਗ, ਜਵਾਨੀ ਦੇ ਜੋਸ਼ ਕਾਰਨ ਛੇਤੀ ਤੈਸ਼ ਵਿਚ ਆਉਣ ਵਾਲਾ ਵਰਗ ਹੈ। ਮੌਜੂਦਾ ਸਮੇਂ ਇਹ ਵਰਗ, ਸਿੱਖਿਆ ਪ੍ਰਣਾਲੀ ਦੇ ਬਹੁਤ ਮਹਿੰਗਾ ਹੋਣ ਅਤੇ ਉਸ ਦੇ ਅਨੁਪਾਤ ਵਿਚ ਰੁਜ਼ਗਾਰ ਦੇ ਮੌਕੇ ਸੁੰਗੜਦੇ ਜਾਣ ਕਾਰਨ ਕੁੰਠਿਤ ਵੀ ਬਹੁਤ ਹੈ। ਪ੍ਰਾਈਵੇਟ ਯੂਨੀਵਰਸਿਟੀਆਂ ਫ਼ੀਸਾਂ ਤੇ ਫ਼ੰਡਾਂ ਦੇ ਰੂਪ ਵਿਚ ਰਕਮਾਂ ਬਹੁਤ ਮੋਟੀਆਂ ਵਸੂਲਦੀਆਂ ਹਨ, ਪਰ ਉਨ੍ਹਾਂ ਦੀ ਤੁਲਨਾ ਵਿਚ ਮਿਆਰੀ ਸਿੱਖਿਆ ਪ੍ਰਦਾਨ ਨਹੀਂ ਕਰਦੀਆਂ ਅਤੇ ਨਾ ਹੀ ਉਹ ਸਹੂਲਤਾਂ ਪ੍ਰਦਾਨ ਕਰਦੀਆਂ ਹਨ ਜਿਹੜੀਆਂ ਉਨ੍ਹਾਂ ਦੇ ਪ੍ਰਾਸਪੈਕਟਸਾਂ ਦਾ ਮੁੱਖ ਆਕਰਸ਼ਣ ਹੁੰਦੀਆਂ ਹਨ। ਲਿਹਾਜ਼ਾ, ਕੈਂਪਸ ਵਿਚਲੀ ਹਰ ਅਸੁਖਾਵੀਂ ਘਟਨਾ ਵਿਦਿਆਰਥੀਆਂ ਦੇ ਰੋਹ ਪ੍ਰਗਟਾਵੇ ਦਾ ਵਸੀਲਾ ਬਣ ਜਾਂਦੀ ਹੈ। ਇਹ ਰਾਇ ਜਾਂ ਥਿਉਰੀ ਅਪਣੇ ਆਪ ਵਿਚ ਵਾਜਬ ਤੇ ਤਰਕਸੰਗਤ ਜਾਪਦੀ ਹੈ।
ਪਰ ਦੂਜੇ ਪਾਸੇ ਇਸ ਸੋਚ ਦੇ ਹਮਾਇਤੀਆਂ ਦੀ ਗਿਣਤੀ ਵੀ ਘੱਟ ਨਹੀਂ ਕਿ ਐਲ.ਪੀ.ਯੂ. ਵਾਲਾ ਘਟਨਾਕ੍ਰਮ, ਰਾਜਨੀਤੀ ਦੀ ਪੈਦਾਇਸ਼ ਹੈ। ਇਸ ਯੂਨੀਵਰਸਿਟੀ ਦੇ ਚਾਂਸਲਰ, ਮਾਲਕ ਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਆਮ ਆਦਮੀ ਪਾਰਟੀ (ਆਪ) ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਚਲੇ ਗਏ ਸਨ। ਉਹ 30 ਸਤੰਬਰ ਨੂੰ ਯੂਨੀਵਰਸਿਟੀ ਕੈਂਪਸ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਕਰਵਾਉਣ ਜਾ ਰਹੇ ਹਨ। ਇਸੇ ਲਈ ਦੋਸ਼ ਲੱਗ ਰਹੇ ਹਨ ਕਿ ਯੂਨੀਵਰਸਿਟੀ ਵਿਚ ਹਿੰਸਾ ਕਥਿਤ ਤੌਰ ’ਤੇ ਜਾਣ-ਬੁੱਝ ਕੇ ਭੜਕਾਈ ਗਈ। ਹਿੰਸਕ ਹਜੂਮ ਵਿਚ ਬਾਹਰਲੇ ਲੋਕਾਂ, ਖ਼ਾਸ ਕਰ ਕੇ ਨਕਾਬਪੋਸ਼ਾਂ ਦੀ ਮੌਜੂਦਗੀ ਅਤੇ ਚਾਂਸਲਰ ਦੇ ਦਫ਼ਤਰ ਨੂੰ ਉਚੇਚੇ ਤੌਰ ਉੱਤੇ ਭੰਨ-ਤੋੜ ਤੇ ਪਥਰਾਓ ਦਾ ਨਿਸ਼ਾਨਾ ਬਣਾਏ ਜਾਣ ਨੂੰ ਉਪਰੋਕਤ ਸੋਚ ਦੇ ਹੱਕ ਵਿਚ ‘ਸਬੂਤਾਂ’ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਕੁਲ ਮਿਲਾ ਕੇ ਜੋ ਕੁੱਝ ਵਾਪਰਿਆ, ਉਸ ਦੀ ਅਸਲੀਅਤ ਸਾਹਮਣੇ ਆਉਣੀ ਫ਼ੌਰੀ ਤੌਰ ’ਤੇ ਮੁਸ਼ਕਿਲ ਜਾਪਦੀ ਹੈ।
ਦੋਵਾਂ ਯੂਨੀਵਰਸਿਟੀਆਂ ਦੇ ਪ੍ਰਬੰਧਕਾਂ ਨੇ ਕੈਂਪਸਾਂ ਅੰਦਰ ਖ਼ੁਦਕੁਸ਼ੀਆਂ ਜਾਂ ਬਲਾਤਕਾਰ ਵਰਗੇ ਅਪਰਾਧ ਵਾਪਰਨ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਪੁਲੀਸ ਜਾਂਚ ਵਿਚ ਪੂਰਾ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ ਹੈ। ਸਥਿਤੀ ਨੂੰ ਨਾਰਮਲ ਬਣਾਉਣ ਵਾਸਤੇ ਕੈਂਪਸ ਵੀ ਕੁੱਝ ਦਿਨਾਂ ਲਈ ਬੰਦ ਕਰ ਦਿਤੇ ਗਏ ਹਨ। ਅਜਿਹੇ ਕਦਮਾਂ ਦੇ ਬਾਵਜੂਦ ਦੋਵਾਂ ਯੂਨੀਵਰਸਿਟੀਆਂ ਵਿਚ ਵਾਪਰੀਆਂ ਸਾਰੀਆਂ ਘਟਨਾਵਾਂ ਦੀ ਤਹਿ ਤੱਕ ਜਾਣ ਅਤੇ ਨਾਲ ਹੀ ਵਿਦਿਆਰਥੀਆਂ ਅੰਦਰਲੇ ਗੁੱਸੇ ਤੇ ਰੋਹ ਦੇ ਕਾਰਨਾਂ ਦੀ ਸਹੀ ਸ਼ਨਾਖ਼ਤ ਕੀਤੇ ਜਾਣ ਦੀ ਸਖ਼ਤ ਲੋੜ ਹੈ।
ਐਲ.ਪੀ.ਯੂ. ਦੇ ਵਿਦਿਆਰਥੀਆਂ ਦੀ ਗਿਣਤੀ 40 ਹਜ਼ਾਰ ਦੇ ਆਸ-ਪਾਸ ਦੱਸੀ ਗਈ ਹੈ। ਇਹ ਘੋਖ-ਪੜਤਾਲ ਵੀ ਕੀਤੇ ਜਾਣ ਦੀ ਜ਼ਰੂਰਤ ਹੈ ਕਿ ਯੂਨੀਵਰਸਿਟੀ ਕੋਲ ਏਨੇ ਵਿਆਪਕ ਵਿਦਿਆਰਥੀ ਵਰਗ ਲਈ ਲੋੜੀਂਦੀਆਂ ਵਿਦਿਅਕ ਤੇ ਗ਼ੈਰ-ਵਿਦਿਅਕ ਸੁਵਿਧਾਵਾਂ ਮੌਜੂਦ ਵੀ ਹਨ ਜਾਂ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲ.ਪੀ.ਯੂ. ਵਾਲੀਆਂ ਘਟਨਾਵਾਂ ਉੱਤੇ ਨਾਖ਼ੁਸ਼ੀ ਪ੍ਰਗਟਾਈ ਹੈ। ਉਮੀਦ ਇਹੋ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਨਾਖ਼ੁਸ਼ੀ ਸਮੁੱਚੇ ਘਟਨਾਕ੍ਰਮ ਦੀ ਸਪਸ਼ਟ ਤੇ ਸਹੀ ਤਸਵੀਰ ਛੇਤੀ ਤੋਂ ਛੇਤੀ ਸਾਹਮਣੇ ਲਿਆਏਗੀ।
