ਖ਼ਬਰਾਂ |

ਤਾਜ਼ਾ |

Editorial : ਕੇਵਲ ਸਿੰਘ ਢਿੱਲੋਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
Published : May 29, 2026, 7:22 am IST
Updated : May 29, 2026, 7:52 am IST
SHARE ARTICLE
photo
photo

ਦਿੱਲੀ ਤੇ ਤ੍ਰਿਪੁਰਾ ਵਿਚ ਇਹੋ ਅਹੁਦੇ ਕ੍ਰਮਵਾਰ ਹਰਸ਼ ਮਲਹੋਤਰਾ ਤੇ ਅਭਿਸ਼ੇਕ ਦੇਬਰਾਏ ਦੇ ਹਿੱਸੇ ਆਏ ਹਨ

ਭਾਰਤੀ ਜਨਤਾ ਪਾਰਟੀ ਅਪਣੇ ਜਥੇਬੰਦਕ ਮਾਮਲਿਆਂ ਵਿਚ ਅਣਕਿਆਸੇ ਫ਼ੈਸਲੇ ਲੈਣ ਲਈ ਜਾਣੀ ਜਾਂਦੀ ਹੈ। ਪੰਜਾਬ ਸਮੇਤ ਚਾਰ ਸੂਬਿਆਂ ਦੇ ਪ੍ਰਦੇਸ਼ ਪ੍ਰਧਾਨਾਂ ਦੀਆਂ ਨਿਯੁਕਤੀਆਂ ਵਿਚ ਇਸ ਪਾਰਟੀ ਨੇ ਇਕ ਵਾਰ ਫਿਰ ਉਪਰੋਕਤ ਹੁਨਰ ਦਾ ਮੁਜ਼ਾਹਰਾ  ਬਾਖ਼ੂਬੀ ਕੀਤਾ ਹੈ। ਪੰਜਾਬ ਭਾਜਪਾ ਦੀ ਪ੍ਰਧਾਨਗੀ ਮਲਵਈ ਆਗੂ ਕੇਵਲ ਸਿੰਘ ਢਿੱਲੋਂ ਨੂੰ ਸੌਂਪੀ ਗਈ ਹੈ ਜਦੋਂ ਕਿ ਡਾ. ਅਰਚਨਾ ਗੁਪਤਾ ਨੂੰ ਹਰਿਆਣਾ ਪ੍ਰਦੇਸ਼ ਭਾਜਪਾ ਦੀ ਪ੍ਰਧਾਨ ਥਾਪਿਆ ਗਿਆ ਹੈ।

ਦਿੱਲੀ ਤੇ ਤ੍ਰਿਪੁਰਾ ਵਿਚ ਇਹੋ ਅਹੁਦੇ ਕ੍ਰਮਵਾਰ ਹਰਸ਼ ਮਲਹੋਤਰਾ ਤੇ ਅਭਿਸ਼ੇਕ ਦੇਬਰਾਏ ਦੇ ਹਿੱਸੇ ਆਏ ਹਨ। ਬਿਹਾਰ ਦੇ ਵਿਧਾਇਕ ਨਿਤਿਨ ਨਬੀਨ ਨੂੰ ਜਗਤ ਪ੍ਰਕਾਸ਼ ਨੱਡਾ ਦੀ ਥਾਂ ਕੌਮੀ ਪ੍ਰਧਾਨ ਬਣਾਏ ਜਾਣ ਵਾਂਗ ਅਣਿਕਿਆਸੇ ਚਿਹਰਿਆਂ ਨੂੰ ਚਾਰ ਅਹਿਮ ਸੂਬਾਈ ਇਕਾਈਆਂ ਦੀ ਪ੍ਰਧਾਨਗੀ ਸੌਂਪ ਕੇ ਭਾਜਪਾ ਦੀ ਕੌਮੀ ਲੀਡਰਸ਼ਿਪ ਨੇ ਜਿੱਥੇ ਮੁਕਾਬਲਤਨ ਯੁਵਾ ਆਗੂਆਂ ਨੂੰ ਆਪੋ-ਅਪਣੀ ਰਾਜਸੀ ਯੋਗਤਾ ਤੇ ਰਣਨੀਤਕ ਮੁਹਾਰਤ ਦਰਸਾਉਣ ਦਾ ਅਵਸਰ ਪ੍ਰਦਾਨ ਕੀਤਾ ਹੈ, ਉੱਥੇ ਇਹ ਸੰਕੇਤ ਵੀ ਦਿਤਾ ਹੈ ਕਿ ਖ਼ਾਮੋਸ਼ੀ ਪਰ ਤਨਦੇਹੀ ਨਾਲ ਆਪੋ ਅਪਣਾ ਕੰਮ ਕਰਨ ਵਾਲਿਆਂ ਦੀ ਕਾਰਗੁਜ਼ਾਰੀ ਦੀ ਪਾਰਟੀ ਨਾ ਸਿਰਫ਼ ਕਦਰ ਕਰਦੀ ਹੈ ਸਗੋਂ ਉਸ ਨੂੰ ਮੁਨਾਸਿਬ ਮਾਨਤਾ ਵੀ ਦਿੰਦੀ ਹੈ।

ਚਾਰ ਨਵੇਂ ਪ੍ਰਦੇਸ਼ ਪ੍ਰਧਾਨਾਂ ਵਿਚੋਂ ਕੇਵਲ ਸਿੰਘ ਢਿੱਲੋਂ ਉਮਰ ਪੱਖੋਂ ਸਭ ਤੋਂ ਵੱਡੇ ਹਨ। 76 ਵਰਿ੍ਹਆਂ ਦੇ ਢਿੱਲੋਂ ਕਦੇ ਐਨ.ਆਰ.ਆਈ. ਸਨ। ਉਹ 1989 ਵਿਚ ਪੰਜਾਬ ਵਿਚ ਬਹੁਕੌਮੀ ਕੰਪਨੀ ਪੈਪਸੀਕੋ ਨੂੰ ਲਿਆਏ ਅਤੇ ਉਨ੍ਹਾਂ ਸਿਆਹ ਦਿਨਾਂ ਦੌਰਾਨ ਵੀ ਇਸ ਰਾਜ ਵਿਚ ਵਿਦੇਸ਼ੀ ਨਿਵੇਸ਼ਕਾਰੀ ਵਾਸਤੇ ਦਰ ਖੋਲ੍ਹਣਾ ਸੰਭਵ ਬਣਾਇਆ। ਹੁਣ ਉਨ੍ਹਾਂ ਦਾ ਕਾਰੋਬਾਰ ਪੈਪਸੀਕੋ ਦੇ ਬੌਟਲਰ ਤੇ ਕਾਰੋਬਾਰੀ ਭਾਈਵਾਲ ਤੋਂ ਕਿਤੇ ਅਗਾਂਹ ਰੀਅਲ ਅਸਟੇਟ ਤੇ ਹੋਰ ਸਨਅਤੀ ਸ਼ੋਹਬਿਆਂ ਵਿਚ ਫੈਲਿਆ ਹੋਇਆ ਹੈ। ਉਹ 2007 ਤੋਂ 2017 ਤਕ ਪੰਜਾਬ ਵਿਧਾਨ ਸਭਾ ਦੇ ਬਰਨਾਲਾ ਹਲਕੇ ਤੋਂ ਕਾਂਗਰਸੀ ਵਿਧਾਇਕ ਰਹੇ।

2022 ਵਿਚ ਉਹ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ। ਪਾਰਟੀ ਨੂੰ ਉਸ ਸਮੇਂ ਸਿਆਸੀ ਤੌਰ ’ਤੇ ਸਭ ਤੋਂ ਅਹਿਮ ਮਾਲਵਾ ਖਿੱਤੇ ਵਿਚ ਸਿੱਖ ਚਿਹਰਿਆਂ ਦੀ ਤਲਾਸ਼ ਸੀ। ਸ਼੍ਰੀ ਢਿੱਲੋਂ ਦੀ ਆਮਦ ਨੇ ਇਸ ਤਲਾਸ਼ ਨੂੰ ਆਰੰਭਤਾ ਪ੍ਰਦਾਨ ਕੀਤੀ। ਸੰਗਰੂਰ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਦੇ ਜੰਮਪਲ ਸ਼੍ਰੀ ਢਿੱਲੋਂ ਨੂੰ ਭਾਜਪਾ ਵਲੋਂ ਅਜਿਹੇ ਸੁਯੋਗ ਨੇਤਾ ਵਜੋਂ ਦੇਖਿਆ ਜਾ ਰਿਹਾ ਹੈ ਜੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਨਿੱਜੀ ਇਲਾਕੇ ਵਿਚ ਟੱਕਰ ਦੇ ਸਕਦਾ ਹੈ। ਅਜਿਹੀ ਸੋਚ ਕਿੰਨੀ ਕੁ ਸਾਰਥਿਕ ਸਾਬਤ ਹੁੰਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ। ਉਂਜ, ਉਨ੍ਹਾਂ ਨੂੰ ਪ੍ਰਦੇਸ਼ ਪ੍ਰਧਾਨੀ ਸੌਂਪ ਕੇ ਭਾਜਪਾ ਦੀ ਕੌਮੀ ਲੀਡਰਸ਼ਿਪ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹ ਭਰੋਸਾ ਦੇ ਦਿਤਾ ਹੈ ਕਿ ਉਨ੍ਹਾਂ ਦੇ ਸ਼੍ਰੀ ਢਿੱਲੋਂ ਵਰਗੇ ਕਰੀਬੀਆਂ ਦੇ ਹਿੱਤਾਂ ਨੂੰ ਪਾਰਟੀ ਨਜ਼ਰਅੰਦਾਜ਼ ਨਹੀਂ ਕਰ ਰਹੀ।

ਛੋਟੀ ਨਹੀਂ ਸ਼੍ਰੀ ਢਿੱਲੋ ਦੀ ਨਵੀਂ ਜ਼ਿੰਮੇਵਾਰੀ। ਖ਼ਾਸ ਤੌਰ ’ਤੇ ਉਦੋਂ, ਜਦੋਂ ਪਾਰਟੀ ਪੰਜਾਬ ਵਿਚ ਸਿਰਫ਼ ਹਿੰਦੂ ਭਾਈਚਾਰੇ ਦੀ ਪਾਰਟੀ ਵਾਲਾ ਠੱਪਾ ਹਟਾਉਣ ਲਈ ਦ੍ਰਿੜ੍ਹ ਹੋਵੇ। ਸ਼੍ਰੀ ਢਿੱਲੋਂ ਦੀ ਨਿਯੁਕਤੀ ਸ਼੍ਰੀ ਸੁਨੀਲ ਜਾਖੜ ਦੀ ਥਾਂ ’ਤੇ ਕੀਤੀ ਗਈ ਹੈ। ਸ਼੍ਰੀ ਜਾਖੜ ਵੀ ਕਾਂਗਰਸ ਨਾਲੋਂ ਨਾਤਾ ਤੋੜ ਕੇ ਭਾਜਪਾ ਵਿਚ ਆਏ ਸਨ। ਪ੍ਰਦੇਸ਼ ਪ੍ਰਧਾਨ ਵਜੋਂ ਪਿਛਲੇ ਡੇਢ ਕੁ ਵਰਿ੍ਹਆਂ ਤੋਂ ਉਹ ਪੰਜਾਬ ਭਾਜਪਾ ਨੂੰ ਅਪਣੇ ਪੈਰਾਂ ’ਤੇ ਖੜ੍ਹਾ ਕਰਨ ਦਾ ਕਾਰਜ ਸਰਗਰਮੀ ਨਾਲ ਨੇਪਰੇ ਚਾੜ੍ਹਦੇ ਆ ਰਹੇ ਸਨ। ਇਸ ਦਾ ਇਕ ਪ੍ਰਮਾਣ ਹੈ ਹਾਲੀਆ ਮਿਉਂਸਿਪਲ ਚੋਣਾਂ ਵਿਚ ਭਾਜਪਾ ਦਾ ਹਮਲਾਵਾਰਾਨਾ ਰੁਖ਼।

ਇਨ੍ਹਾਂ ਚੋਣਾਂ ਦੇ ਅੱਜ ਐਲਾਨੇ ਜਾਣ ਵਾਲੇ ਨਤੀਜੇ ਭਾਵੇਂ ਕੁਝ ਵੀ ਹੋਣ, ਪੰਜਾਬ ਭਾਜਪਾ ਨੇ ਇਹ ਚੋਣਾਂ ਪੂਰੇ ਜੁਝਾਰੂ ਜਜ਼ਬੇ ਨਾਲ ਲੜੀਆਂ ਅਤੇ ਬਹੁਤੀ ਥਾਈਂ ਹੁਕਮਰਾਨ ਆਮ ਆਦਮੀ ਪਾਰਟੀ (ਆਪ) ਨਾਲ ਕਰੜੇ ਹੱਥੀਂ ਸਿੱਝਣ ਦਾ ਪ੍ਰਭਾਵ ਪੈਦਾ ਕੀਤਾ। ਸਿਆਸੀ ਸਰਗ਼ੋਸ਼ੀਆਂ ਸ੍ਰੀ ਜਾਖੜ ਨੂੰ ਕੌਮੀ ਪੱਧਰ ਦਾ ਅਹੁਦਾ ਮਿਲਣ ਦੀ ਸੈਨਤ ਕਰਦੀਆਂ ਆ ਰਹੀਆਂ ਹਨ। ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਅਜਿਹੇ ਅਹੁਦੇ ਤੋਂ ਇਲਾਵਾ ਭਾਜਪਾ ਦੀ ਕੌਮੀ ਲੀਡਰਸ਼ਿਪ ਪੰਜਾਬ ਬਾਰੇ ਰਾਜਸੀ, ਪ੍ਰਸ਼ਾਸਨਿਕ ਤੇ ਸਮਾਜਿਕ ਫ਼ੈਸਲੇ ਲੈਣ ਸਮੇਂ ਸ੍ਰੀ ਜਾਖੜ ਦੀ ਸੋਚ-ਸੁਹਜ ਦੀ ਕਦਰਦਾਨੀ ਜਾਰੀ ਰੱਖੇਗੀ।

ਡਾ. ਅਰਚਨਾ ਗੁਪਤਾ ਨੂੰ ਹਰਿਆਣਾ ਪ੍ਰਦੇਸ਼ ਭਾਜਪਾ ਦੀ ਪ੍ਰਧਾਨਗੀ ਸੌਂਪ ਕੇ ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਦਕਿਆਨੂਸੀ ਮਾਨਤਾਵਾਂ ਤਿਆਗਣ ਵਾਲਾ ਰਾਹ ਚੁਣਿਆ ਹੈ। ਉਹ ਇਕ ਨਾਮਵਰ ਰੇਡੀਆਲੋਜਿਸਟ ਵਜੋਂ ਜਾਣੀ ਜਾਂਦੀ ਹੈ ਅਤੇ ਭਾਜਪਾ ਦੀ ਸੂਬਾਈ ਜਨਰਲ ਸਕੱਤਰ ਰਹਿ ਚੁੱਕੀ ਹੈ। ਉਹ ਹਰਿਆਣਾ ਭਾਜਪਾ ਮਹਿਲਾ ਮੋਰਚੇ ਨੂੰ ਸਰਗਰਮ ਬਣਾਉਣ ਵਿਚ ਪ੍ਰਮੁੱਖ ਭੂਮਿਕਾ ਨਿਭਾਉਂਦੇ ਆਏ ਹਨ। ਅਰਚਨਾ ਗੁਪਤਾ ਵਾਂਗ ਹਰਸ਼ ਮਲਹੋਤਰਾ ਦੀ ਦਿੱਲੀ ਪ੍ਰਦੇਸ਼ ਭਾਜਪਾ ਪ੍ਰਧਾਨ ਵਜੋਂ ਨਿਯੁਕਤੀ ਵੀ ਅਣਕਿਆਸੀ ਮੰਨੀ ਜਾ ਸਕਦੀ ਹੈ। ਪਾਰਟੀ ਨੇ 2024 ਵਿਚ ਉਨ੍ਹਾਂ ਨੂੰ ਗੌਤਮ ਗੰਭੀਰ ਦੀ ਥਾਂ ਪੂਰਬੀ ਦਿੱਲੀ ਲੋਕ ਸਭਾ ਹਲਕੇ ਤੋਂ ਚੋਣ ਲੜਾਈ ਸੀ। ਪਹਿਲੀ ਵਾਰ ਸੰਸਦ ਮੈਂਬਰ ਬਣਨ ਦੇ ਬਾਵਜੂਦ ਉਨ੍ਹਾਂ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਸੜਕੀ ਆਵਾਜਾਈ ਤੇ ਸ਼ਾਹਰਾਹਾਂ ਬਾਰੇ ਰਾਜ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ। ਉਨ੍ਹਾਂ ਦੀ ਨਵੀਂ ਨਿਯੁਕਤੀ ਵੀਰੇਂਦਰ ਸਚਦੇਵਾ ਦੀ ਥਾਂ ’ਤੇ ਹੋਈ ਹੈ। ਇਕ ਪੰਜਾਬੀ ਦੀ ਥਾਂ ਦੂਜੇ ਪੰਜਾਬੀ ਦੀ ਨਾਮਜ਼ਦਗੀ ਦਿੱਲੀ ਦੇ ਪੰਜਾਬੀ ਭਾਈਚਾਰੇ ਲਈ ਸੰਕੇਤ ਹੈ ਕਿ ਪਾਰਟੀ ਅਪਣੀ ਜਥੇਬੰਦਕ ਮਜ਼ਬੂਤੀ ਵਿਚ ਇਸ ਭਾਈਚਾਰੇ ਦੀ ਭੂਮਿਕਾ ਨੂੰ ਸਲਾਮ ਕਰਦੀ ਹੈ। 

 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM

ਹਿਮਾਚਲ 'ਚ ਹੋਈਆਂ ਹਿੰਸਕ ਘਟਨਾਵਾਂ ਦਾ ਗਰਮਾਇਆ ਮਾਮਲਾ, ਐਂਟਰੀ ਟੈਕਸ ਦੇ ਵਿਵਾਦ ਤੋਂ ਬਾਅਦ ਵਧਿਆ ਰੋਸ

06 Jun 2026 3:04 PM

ਔਰਤਾਂ 'ਤੇ ਅੱਤਿਆਚਾਰ ਕਦੋਂ ਰੁਕਣਗੇ? ਕੀ ਅੱਜ ਵੀ ਔਰਤਾ ਗੁਲਾਮੀ ਝੱਲ ਰਹੀਆਂ ਹਨ? ਘਰੇਲੂ ਹਿੰਸਾ ਤੇ ਮਹਿਲਾ ਕਮਿਸ਼ਨ ਸਖ਼ਤ

05 Jun 2026 3:04 PM

ਵੱਡੀ ਖ਼ਬਰ- BJP Ravneet Bittu ਦੇ ਚਿਹਰੇ ਉੱਤੇ ਖੇਡੇਗੀ ਦਾਅ, ਜਾਣੋ ਕੀ ਮਿਲ ਸਕਦੀ ਵੱਡੀ ਜ਼ਿੰਮੇਵਾਰੀ

05 Jun 2026 3:03 PM
Advertisement