ਖ਼ਬਰਾਂ |

ਤਾਜ਼ਾ |

ਗ਼ਾਇਬ ਹੋ ਗਈ ਹੈ ਜ਼ੁਬਾਨ ਸੰਭਾਲਣ ਵਾਲੀ ਰਾਜਨੀਤੀ 
Published : May 23, 2026, 7:09 am IST
Updated : May 23, 2026, 7:32 am IST
SHARE ARTICLE
photo
photo

 ਗਾਂਧੀ ਨੇ ਮੋਦੀ ਤੇ ਸ਼ਾਹ ਲਈ ‘ਗ਼ੱਦਾਰ' ਸ਼ਬਦਾਂ ਦੀ ਵਰਤੋਂ ਤਿੰਨ ਦਿਨ ਪਹਿਲਾਂ ਅਪਣੇ ਪਾਰਲੀਮਾਨੀ ਹਲਕੇ ਰਾਏ ਬਰੇਲੀ ਵਿਚ ਇਕ ਜਨ ਸਭਾ ਦੌਰਾਨ ਕੀਤੀ।

ਕਾਂਗਰਸੀ ਨੇਤਾ ਰਾਹੁਲ ਗਾਂਧੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ‘ਗ਼ੱਦਾਰ’ ਅਤੇ ‘ਦੇਸ਼-ਧਰੋਹੀ’ ਦੱਸੇ ਜਾਣ ਤੋਂ ਉਪਜਿਆ ਵਿਵਾਦ ਕਾਨੂੰਨੀ ਲੜਾਈ ਦਾ ਰੂਪ ਅਖ਼ਤਿਆਰ ਕਰ ਗਿਆ ਹੈ। ਭਾਰਤੀ ਜਨਤਾ ਯੁਵਾ ਮੋਰਚਾ ਦੇ ਤਰਜਮਾਨ ਅਭਿਸ਼ੇਕ ਦੁਬੇ ਨੇ ਦੱਖਣੀ ਦਿੱਲੀ ਦੇ ਤਿਗੜੀ ਥਾਣੇ ਵਿਚ ਰਾਹੁਲ ਗਾਂਧੀ ਦੇ ਖ਼ਿਲਾਫ਼ ਫ਼ੌਜਦਾਰੀ ਸ਼ਿਕਾਇਤ ਦਾਖ਼ਲ ਕੀਤੀ ਹੈ ਅਤੇ ਕਾਂਗਰਸੀ ਨੇਤਾ ਵਿਰੁਧ ਐਫ਼.ਆਈ.ਆਰ. ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ।

ਭਾਵੇਂ ਪੁਲੀਸ ਨੇ ਇਸ ਬਾਰੇ ਅਜੇ ਕੋਈ ਅਗਲੇਰੀ ਕਾਰਵਾਈ ਨਹੀਂ ਕੀਤੀ, ਫਿਰ ਵੀ ਜਿਸ ਤਰ੍ਹਾਂ ਰਾਹੁਲ ਗਾਂਧੀ ਖ਼ਿਲਾਫ਼ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪਹਿਲਾਂ ਹੀ ਕੁੱਝ ਕੇਸ ਚੱਲ ਰਹੇ ਹਨ, ਉਪਰੋਕਤ ਸ਼ਿਕਾਇਤ ਵੀ ਉਸੇ ਸਿਲਸਿਲੇ ਦਾ ਹਿੱਸਾ ਬਣ ਜਾਣ ਦੀ ਸੰਭਾਵਨਾ ਖਾਰਿਜ ਨਹੀਂ ਕੀਤੀ ਜਾ ਸਕਦੀ। ਉਂਜ, ਰਾਹੁਲ ਗਾਂਧੀ ਦੇ ਹਮਾਇਤੀ ਉਨ੍ਹਾਂ ਦੀ ਦੀਦਾ-ਦਲੇਰੀ ਦੇ ਪ੍ਰਸ਼ੰਸਕ ਹੋ ਸਕਦੇ ਹਨ, ਪਰ ਅਸਲੀਅਤ ਇਹ ਵੀ ਹੈ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ (ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਸੰਭਾਵੀ ਦਾਅਵੇਦਾਰ) ਦੇ ਕਾਰ-ਵਿਹਾਰ ਜਾਂ ਬੋਲ-ਬਾਣੀ ਵਿਚ ਜਿਸ ਕਿਸਮ ਦੀ ਸੂਝ-ਬੂਝ ਹੋਣੀ ਚਾਹੀਦੀ ਹੈ, ਉਹ ਸ੍ਰੀ ਗਾਂਧੀ ਹੁਣ ਤੱਕ ਨਹੀਂ ਦਿਖਾ ਸਕੇ। ਉਹ ਖ਼ੁਦ ਨੂੰ ਭਾਵੇਂ ਨੌਜਵਾਨ ਨੇਤਾ ਮੰਨਦੇ ਹਨ, ਪਰ ਉਮਰ ਦੇ 54ਵੇਂ ਵਰ੍ਹੇ ਵਿਚ ਪੁੱਜੇ ਵਿਅਕਤੀ ਤੋਂ ਇਹ ਤਵੱਕੋ ਅਵੱਸ਼ ਕੀਤੀ ਜਾਂਦੀ ਹੈ ਕਿ ਉਸ ਦੀ ਸ਼ਬਦਾਵਲੀ ਵਿਚੋਂ ਹੁੱਲੜਬਾਜ਼ੀ ਵਾਲੀ ਗੰਧ ਨਾ ਆਵੇ।

 ਗਾਂਧੀ ਅਜਿਹੇ ਜ਼ਬਤ ਤੇ ਸੰਜਮ ਨੂੰ ਅਪਣੀ ਸਿਆਸੀ ਜ਼ਿੰਮੇਵਾਰੀ ਨਹੀਂ ਸਮਝਦੇ। ਉਨ੍ਹਾਂ ਨੂੰ ਇਹ ਯਕੀਨ ਹੈ ਕਿ ਪ੍ਰਧਾਨ ਮੰਤਰੀ ਨੂੰ ਵਾਰ-ਵਾਰ ‘ਗ਼ੱਦਾਰ’ ਜਾਂ ਅੰਬਾਨੀ-ਅਡਾਨੀ ਦਾ ਤਾਅਬੇਦਾਰ ਦੱਸ ਕੇ ਉਹ ਨਰਿੰਦਰ ਮੋਦੀ ਦੀ ਸਿਆਸੀ ਸਾਖ਼ ਨੂੰ ਖੋਰਾ ਲਾਉਣ ਵਿਚ ਕਾਮਯਾਬ ਹੋ ਜਾਣਗੇ। ਇਹ ਅਪਣੇ ਆਪ ਵਿਚ ਗ਼ਲਤਫ਼ਹਿਮੀ ਹੈ। ਇਸ ਗ਼ਲਤਫ਼ਹਿਮੀ ਦਾ ਇਕ ਪ੍ਰਮਾਣ 2024 ਤੋਂ ਬਾਅਦ ਵੱਖ-ਵੱਖ ਰਾਜਾਂ ਅੰਦਰਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਹਨ। ਇਨ੍ਹਾਂ ਰਾਹੀਂ ਕੇਰਲਾ ਨੂੰ ਛੱਡ ਕੇ ਬਾਕੀ ਸਾਰੇ ਰਾਜਾਂ ਵਿਚ ਕਾਂਗਰਸ ਪਾਰਟੀ ਸੁੰਗੜੀ ਹੀ ਹੈ, ਸੱਤਾ ਉੱਤੇ ਵਾਪਸੀ ਸੰਭਵ ਬਣਾਉਂਦੀ ਨਜ਼ਰ ਨਹੀਂ ਆਈ। 

 ਗਾਂਧੀ ਨੇ ਮੋਦੀ ਤੇ ਸ਼ਾਹ ਲਈ ‘ਗ਼ੱਦਾਰ’ ਸ਼ਬਦਾਂ ਦੀ ਵਰਤੋਂ ਤਿੰਨ ਦਿਨ ਪਹਿਲਾਂ ਅਪਣੇ ਪਾਰਲੀਮਾਨੀ ਹਲਕੇ ਰਾਏ ਬਰੇਲੀ ਵਿਚ ਇਕ ਜਨ ਸਭਾ ਦੌਰਾਨ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਹਾਲੀਆ ਵਿਦੇਸ਼ ਦੌਰੇ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ‘‘ਦੇਸ਼ ਵਿਚ ਆਰਥਿਕ ਭੂਚਾਲ ਆਇਆ ਹੋਇਆ ਹੈ, ਪਰ ਪ੍ਰਧਾਨ ਮੰਤਰੀ ਵਿਦੇਸ਼ ਵਿਚ ਮੌਜ-ਮਸਤੀ ਕਰ ਰਹੇ ਹਨ। ਉਹ ਦੇਸ਼ਵਾਸੀਆਂ ਨੂੰ ਫ਼ਜ਼ੂਲਖ਼ਰਚੀ ਨਾ ਕਰਨ ਦੀਆਂ ਸਲਾਹਾਂ ਦੇ ਰਹੇ ਹਨ, ਪਰ ਆਪ ਤਿੰਨ-ਚਾਰ ਹਜ਼ਾਰ ਕਰੋੜ ਰੁਪਏ ਦੇ ਜਹਾਜ਼ ’ਤੇ ਠੰਢੇ ਮੁਲਕਾਂ ਦੀਆਂ ਸੈਰਾਂ ਕਰ ਰਹੇ ਹਨ।’’

ਉਸੇ ਦਿਨ ਬਾਅਦ ਵਿਚ ਅਪਣੇ ਕਥਨਾਂ ਨੂੰ ਜਾਇਜ਼ ਦਸਦਿਆਂ ਉਨ੍ਹਾਂ ‘ਗ਼ੱਦਾਰ’ ਤੇ ‘ਦੇਸ਼-ਧਰੋਹ’ ਵਰਗੇ ਅਲਫ਼ਾਜ਼ ਦੀ ਵਰਤੋਂ ਨੂੰ ਇਸ ਆਧਾਰ ’ਤੇ ਸਹੀ ਕਿਹਾ ਕਿ ਜਿਹੜਾ ਵਿਅਕਤੀ ਭਾਰਤੀ ਸੰਵਿਧਾਨ ਦੀ ‘‘ਰੂਹ ਨੂੰ ਆਹਤ ਕਰਦਾ ਆ ਰਿਹਾ ਹੈ, ਵਿਧਾਨਕ ਅਦਾਰਿਆਂ ਤੇ ਮਾਨਤਾਵਾਂ ਦੀ ਮਰਿਆਦਾ ਦਾ ਘਾਣ ਕਰਦਾ ਆ ਰਿਹਾ ਹੈ, ਉਸ ਨੂੰ ‘ਗ਼ੱਦਾਰ’ ਨਹੀਂ ਤਾਂ ਹੋਰ ਕੀ ਕਿਹਾ ਜਾਵੇ।’’ ਗ਼ਨੀਮਤ ਇਹ ਰਹੀ ਕਿ ਕਾਂਗਰਸ ਦੇ ਮੁੱਖ ਤਰਜਮਾਨ ਜੈਰਾਮ ਰਮੇਸ਼ ਨੂੰ ਛੱਡ ਕੇ ਬਾਕੀ ਹੋਰ ਸੀਨੀਅਰ ਆਗੂਆਂ ਨੇ ਰਾਹੁਲ ਗਾਂਧੀ ਵਰਗੀ ਭਾਸ਼ਾ ਵਰਤਣ ਤੋਂ ਗੁਰੇਜ਼ ਕੀਤਾ। ਸੂਝਵਾਨ ਸਿਆਸੀ ਨੇਤਾ ਜਾਣਦੇ ਹਨ ਕਿ ਭੜਕਾਊ ਜਾਂ ਗ਼ੈਰ-ਜ਼ਿੰਮੇਵਾਰਾਨਾ ਸ਼ਬਦਾਵਲੀ ਇਸ ਦੇ ਵਰਤੋਂਕਾਰਾਂ ਵਾਸਤੇ ਸੁਰਖ਼ੀਆਂ ਜ਼ਰੂਰ ਬਟੋਰ ਸਕਦੀ ਹੈ, ਰਾਜਸੀ ਤੌਰ ’ਤੇ ਮਦਦਗਾਰ ਉਸ ਧਿਰ ਦੀ ਹੁੰਦੀ ਹੈ ਜਿਸ ਨੂੰ ਕੁਬੋਲਾਂ ਦਾ ਨਿਸ਼ਾਨਾ ਬਣਾਇਆ ਗਿਆ ਹੋਵੇ। ਇਹੋ ਨੁਕਤਾ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਨੇਤਾ ਸ਼ਰਦ ਪਵਾਰ ਨੇ ਵੀਰਵਾਰ ਨੂੰ ਰਾਹੁਲ ਗਾਂਧੀ ਅਤੇ ਵਿਰੋਧੀ ਧਿਰ ਦੇ ਚੰਦ ਹੋਰ ਤੱਤੇ ਆਗੂਆਂ ਦੇ ਪੱਲੇ ਪਾਉਣ ਦੀ ਕੋਸ਼ਿਸ਼ ਕੀਤੀ। 

ਉਂਜ, ਇਸੇ ਨੁਕਤੇ ਦਾ ਭਾਜਪਾ ਦੇ ਬੁਲਾਰਿਆਂ ਤੇ ਆਗੂਆਂ ਲਈ ਵੀ ਪੂਰਾ ਮਹੱਤਵ ਹੈ। ਉਨ੍ਹਾਂ ਦੀ ਭਾਸ਼ਾ ਵੀ, ਅਮੂਮਨ, ਗ਼ਲਾਜ਼ਤ ਵਾਲੀ ਹੀ ਹੁੰਦੀ ਹੈ। ਪਾਰਟੀ ਦੇ ਆਈ.ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਤਕਰੀਬਨ ਹਰ ਰੋਜ਼ ਜੋ ਸੁਨੇਹੇ ਸੋਸ਼ਲ ਮੀਡੀਆ ਮੰਚਾਂ ਜਾਂ ਮੀਡੀਆ ਬ੍ਰੀਫਿੰਗਜ਼ ਰਾਹੀਂ ਨਸ਼ਰ ਕਰਦੇ ਹਨ, ਉਹ ਕੁਬੋਲਾਂ ਤੋਂ ਵੱਧ ਹੋਰ ਕੁੱਝ ਨਹੀਂ ਹੁੰਦੇ। ਹੁਕਮਰਾਨ ਧਿਰਾਂ ਨੂੰ ਸਭਿਅਤਾ ਦਾ ਪੱਲਾ ਕਿਸੇ ਵੀ ਸੂਰਤ ਵਿਚ ਨਹੀਂ ਛੱਡਣਾ ਚਾਹੀਦਾ। ਅੰਤਾਂ ਦੀ ਉਕਸਾਹਟ ਦੇ ਬਾਵਜੂਦ ਸ਼ਾਂਤ ਰਹਿਣ ਦਾ ਪ੍ਰਭਾਵ ਦੇਣਾ ਹੀ ਤਾਂ ਚਾਣਕਿਆ-ਨੀਤੀ ਹੈ। ਪਰ ਚਾਣਕਿਆ ਦੇ ਸਿਧਾਂਤਾਂ ਦੇ ਕੱਟੜ ਮੁਰੀਦ ਹੋਣ ਦਾ ਭਰਮ ਪਾਲਣ ਵਾਲੇ ਭਾਜਪਾ ਨੇਤਾ ਜ਼ੁਬਾਨ ਸੰਭਾਲਣ ਨੂੰ ਅਪਣੀ ਹੇਠੀ ਸਮਝਦੇ ਹਨ।

ਹਾਲ ਹੀ ਵਿਚ ਸੋਸ਼ਲ ਮੀਡੀਆ ਉੱਤੇ ਵਜੂਦ ਵਿਚ ਆਈ ‘ਕੌਕਰੋਚ ਜਨਤਾ ਪਾਰਟੀ’ (ਕੇ.ਸੀ.ਪੀ.) ਖ਼ਿਲਾਫ਼ ਉਨ੍ਹਾਂ ਦਾ ਰੁਖ਼ ਅਤੇ ਮੀਡੀਆ ਪਲੈਟਫਾਰਮਾਂ ਉੱਤੇ ਇਸ ਨੂੰ ਬਲਾਕ ਕਰਵਾਉਣ ਵਰਗੇ ਕਦਮ ਉਪਰੋਕਤ ਪਹੁੰਚ ਦਾ ਹੀ ਨਤੀਜਾ ਹਨ। ਸੂਝਵਾਨ ਸਿਆਸਤਦਾਨ ‘ਕੇ.ਸੀ.ਪੀ.’ ਵਰਗੇ ਵਰਤਾਰਿਆਂ ਦੀ ਮਕਬੂਲੀਅਤ ਨੂੰ ਸਮਾਜ ਅੰਦਰਲੀ ਨਾਖ਼ੁਸ਼ੀ ਦਾ ਪੈਮਾਨਾ ਮੰਨ ਕੇ ਅਪਣੀਆਂ ਨੀਤੀਆਂ ਨੂੰ ਸੁਧਾਰਨ ਦੇ ਸੰਜੀਦਾ ਯਤਨ ਕਰਦੇ ਹਨ। ਪਰ ਸਾਡੇ ਮੁਲਕ ਵਿਚ ਇਸ ਨੂੰ ‘ਦੇਸ਼-ਧਰੋਹ’ ਕਰਾਰ ਦੇਣ ਵਿਚ ਦੇਰ ਨਾ ਲਾਉਣੀ ਅਸਹਿਮਤੀ ਦੇ ਅਧਿਕਾਰ ਦੀ ਨਾਕਦਰੀ ਦੀ ਪ੍ਰਤੱਖ ਮਿਸਾਲ ਹੈ। ਅਜਿਹੀ ਨਾਕਦਰੀ ਵੀ ਮੰਦੜੇ ਬੋਲਾਂ ਵਾਲੀ ਰਾਜਨੀਤੀ ਲਈ ਖਾਧ-ਖ਼ੁਰਾਕ ਦਾ ਕੰਮ ਕਰ ਰਹੀ ਹੈ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫਿਲਮੀ ਸਟਾਈਲ 'ਚ ਆਈਆਂ ਲੁਟੇਰੀਆਂ, CCTV Footage

14 Jun 2026 3:11 PM

Punjab Assembly Elections in November? Decoding the Political Meaning Behind Kejriwal's Statement

14 Jun 2026 3:10 PM

Giani Raghbir Singh ਨੇ ਉਹੀ ਬਿਆਨ ਦਿੱਤੇ,ਜੋ ਗੁਨਾਹ Sukhbir Badal ਨੇ ਕਬੂਲ ਕੀਤੇ, ਇਸ 'ਚ ਕੁਝ ਨਹੀਂ ਗਲਤ

13 Jun 2026 2:52 PM

ਦੇਸ਼ 'ਚ ਮਹਿੰਗਾਈ ਦਾ ਝਟਕਾ, ਲਗਾਤਾਰ ਪੰਜਵੇਂ ਮਹੀਨੇ ਮਹਿੰਗਾਈ 'ਚ ਵਾਧਾ

13 Jun 2026 2:50 PM

ਮੋਦੀ ਸਰਕਾਰ ਨੇ ਹੁਣ Petrol-Diesel ਦੀ ਖ਼ਰੀਦ ਨੂੰ ਲੈ ਕੇ ਨਵੇਂ ਨਿਯਮ ਕੀਤੇ ਤੈਅ, ਇਨ੍ਹਾਂ ਸ਼ਰਤਾਂ 'ਤੇ ਕੀਤੀ ਜਾ ਸਕੇਗੀ ਖ਼ਰੀਦ

12 Jun 2026 3:08 PM
Advertisement