ਇਸ ਨੇ ਘਟਨਾ ਨੇ ਨਾ ਸਿਰਫ਼ ਸਿੱਖ ਭਾਈਚਾਰੇ ਦੇ ਅਕਸ ਨੂੰ ਖੋਰਾ ਲਾਇਆ ਹੈ ਸਗੋਂ ਸਿੱਖ ਸਿਧਾਂਤ ਤੇ ਮਰਿਆਦਾ ਦੀ ਸਿੱਧੀ ਅਵੱਗਿਆ ਕਾਰਨ ਭਾਈਚਾਰਕ ਹਿੱਤਾਂ ਨੂੰ ਵੀ ਸੱਟ ਮਾਰੀ ਹੈ
ਪੱਛਮੀ ਜਰਮਨੀ ਦੇ ਸ਼ਹਿਰ ਦੂਜ਼ਬਰਗ ਦੇ ਗੁਰਦਵਾਰਾ ਸਿੰਘ ਸਭਾ ਵਿਚ ਦੋ ਗੁਟਾਂ ਦਰਮਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹੋਈ ਝੜਪ ਅਫ਼ਸੋਸਨਾਕ ਘਟਨਾ ਹੈ। ਇਸ ਨੇ ਨਾ ਸਿਰਫ਼ ਸਿੱਖ ਭਾਈਚਾਰੇ ਦੇ ਅਕਸ ਨੂੰ ਖੋਰਾ ਲਾਇਆ ਹੈ, ਸਗੋਂ ਸਿੱਖ ਸਿਧਾਂਤ ਤੇ ਮਰਿਆਦਾ ਦੀ ਸਿੱਧੀ ਅਵੱਗਿਆ ਕਾਰਨ ਭਾਈਚਾਰਕ ਹਿੱਤਾਂ ਨੂੰ ਵੀ ਸੱਟ ਮਾਰੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਝਗੜਾ ਗੁਰਦਵਾਰੇ ਦੀ ਗੋਲਕ ਨੂੰ ਲੈ ਕੇ ਮੌਜੂਦਾ ‘ਸੇਵਾਦਾਰਾਂ’ (ਪ੍ਰਬੰਧਕਾਂ) ਅਤੇ ਪਿਛਲੇ ‘ਸੇਵਾਦਾਰਾਂ’ (ਪ੍ਰਬੰਧਕਾਂ) ਦਰਮਿਆਨ ਹੋਇਆ। ਹਾਲਾਂਕਿ ਉਸ ਸਮੇਂ ਸਵਾ ਸੌ ਦੇ ਕਰੀਬ ਸ਼ਰਧਾਲੂ ਗੁਰਦਵਾਰੇ ਵਿਚ ਹਾਜ਼ਰ ਸਨ, ਫਿਰ ਵੀ ਝੜਪ ਵਿਚ 40 ਕੁ ਬੰਦੇ ਸ਼ਾਮਲ ਹੋਏ। ਦੀਵਾਨ ਦੀ ਸਮਾਪਤੀ ਦੌਰਾਨ ਪਹਿਲਾਂ ਦੋਵਾਂ ਗੁੱਟਾਂ ਦਰਮਿਆਨ ਤਲਖ਼ਕਲਾਮੀ ਹੋਈ ਜੋ ਗਾਲੀ-ਗਲੋਚ ਵਿਚ ਬਦਲ ਗਈ।
ਫਿਰ ਘਸੁੰਨ-ਮੁੱਕੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਛੋਟੀਆਂ ਕਿਰਪਾਨਾਂ ਵੀ ਚੱਲੀਆਂ ਅਤੇ ਵੱਡੀਆਂ ਵੀ। ਕਿਸੇ ਨੇ ਫ਼ਾਇਰ ਵੀ ਕੀਤੇ। 11 ਬੰਦੇ ਜ਼ਖ਼ਮੀ ਹੋਏ। ਸਥਾਨਕ ਪੁਲੀਸ ਜੇ ਸਮੇਂ ਸਿਰ ਦਖ਼ਲ ਨਾ ਦਿੰਦੀ ਤਾਂ ਸ਼ਾਇਦ ਇਹ ਝੜਪ ਹੋਰ ਖ਼ੂਨੀ ਹੋ ਜਾਣੀ ਸੀ। ਵਾਇਰਲ ਵੀਡੀਓਜ਼ ਦਰਸਾਉਂਦੀਆਂ ਹਨ ਕਿ ਸੰਗਤ ਦੇ ਜਿਨ੍ਹਾਂ ਮੈਂਬਰਾਂ ਨੇ ਦੋਵਾਂ ਧਿਰਾਂ ਨੂੰ ਗੁਰੂ ਦੀ ਹਜ਼ੂਰੀ ਵਿਚ ਪੁਰਅਮਨ ਢੰਗ ਨਾਲ ਗੱਲਬਾਤ ਕਰਨ ਦੀਆਂ ਬੇਨਤੀਆਂ ਕੀਤੀਆਂ, ਉਨ੍ਹਾਂ ਨੂੰ ਵੀ ਕੁੱਟਮਾਰ ਤੋਂ ਨਹੀਂ ਬਖ਼ਸ਼ਿਆ ਗਿਆ। ਮੁਕਾਮੀ ਪੁਲੀਸ ਨੇ ਸਮੁੱਚੇ ਘਟਨਾਕ੍ਰਮ ਦੇ ਪ੍ਰਸੰਗ ਵਿਚ ਕੇਸ ਦਰਜ ਕਰ ਕੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਕੁੱਝ ਹੋਰਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਯਤਨ ਜਾਰੀ ਹਨ। ਜਰਮਨੀ ਵਿਚ ਸਥਾਈ ਜਾਂ ਆਰਜ਼ੀ ਤੌਰ ’ਤੇ ਵਸੇ ਸਿੱਖਾਂ ਦੀ ਗਿਣਤੀ 25 ਹਜ਼ਾਰ ਦੱਸੀ ਜਾਂਦੀ ਹੈ। ਉਨ੍ਹਾਂ ਦਾ ਅਕਸ ਹੋਰਨਾਂ ਏਸ਼ਿਆਈ ਜਾਂ ਅਫ਼ਰੀਕੀ ਫ਼ਿਰਕਿਆਂ ਦੀ ਤੁਲਨਾ ਵਿਚ ਕਾਨੂੰਨ ਦੀ ਪਾਬੰਦਗ਼ੀ ਵਾਲੇ ਸਮੁਦਾਇ ਦਾ ਹੈ। ਪਰ ਜਿਸ ਪੈਮਾਨੇ ’ਤੇ ਗੁਰਦਵਾਰੇ ਅੰਦਰਲੀ ਝੜਪ ਵਾਲੇ ਵੀਡੀਓਜ਼ ਵਾਇਰਲ ਹੋਏ ਹਨ ਅਤੇ ਮੁੱਖ-ਧਾਰਾਈ ਜਰਮਨ ਤੇ ਯੂਰੋਪੀਅਨ ਮੀਡੀਆ ਨੇ ਝੜਪ ਨਾਲ ਜੁੜੀਆਂ ਖ਼ਬਰਾਂ ਲਗਾਤਾਰ ਦੋ ਦਿਨ ਨਸ਼ਰ ਕੀਤੀਆਂ, ਉਨ੍ਹਾਂ ਤੋਂ ਸਿੱਖ ਭਾਈਚਾਰੇ ਦੇ ਸੁਖਾਵੇਂ ਅਕਸ ਵਿਚ ਚਿੱਬ ਜ਼ਰੂਰ ਪਿਆ ਹੈ।
ਦਰਅਸਲ, ਜਰਮਨੀ ਵਾਲੀ ਘਟਨਾ ਤੋਂ ਚੰਦ ਦਿਨ ਪਹਿਲਾਂ ਇਟਲੀ ਵਿਚ ਦੋ ਸਿੱਖਾਂ ਦੀਆਂ ਹੱਤਿਆਵਾਂ ਦੀ ਘਟਨਾ ਨੂੰ ਵੀ ਇਟਲੀ ਸਮੇਤ ਕਈ ਯੂਰੋਪੀਅਨ ਦੇਸ਼ਾਂ ਦੇ ਮੁੱਖ-ਧਾਰਾਈ ਮੀਡੀਆ ਨੇ ਵਿਆਪਕ ਕਵਰੇਜ ਦਿਤੀ ਸੀ। ਉੱਤਰੀ ਇਟਲੀ ਦੇ ਲੌਂਬਾਰਤੀ ਖ਼ਿੱਤੇ ਦੇ ਸਨਅਤੀ ਨਗਰ ਕੋਵੋ੍ਹ ਸਥਿਤ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਵਿਖੇ ਵਿਸਾਖੀ ਦੇ ਦੀਵਾਨ ਵਿਚ ਹਾਜ਼ਰੀ ਭਰ ਕੇ ਬਾਹਰ ਆਏ ਦੋ ਸਿੱਖਾਂ ਰਾਜਿੰਦਰ ਸਿੰਘ (48) ਅਤੇ ਗੁਰਮੀਤ ਸਿੰਘ (48) ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿਤਾ ਗਿਆ। ਰਾਜਿੰਦਰ ਸਿੰਘ ਸਿੱਖ ਕਲਚਰਲ ਐਸੋਸੀਏਸ਼ਨ ਦਾ ਸਾਬਕਾ ਪ੍ਰਧਾਨ ਵੀ ਸੀ ਅਤੇ ਗੁਰਦਵਾਰੇ ਦੇ ਪ੍ਰਬੰਧਨ ਨਾਲ ਵੀ ਜੁੜਿਆ ਰਿਹਾ ਸੀ। ਇਸ ਦੋਹਰੇ ਕਤਲ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮ ਸਿੱਖ ਭਾਈਚਾਰੇ ਦੇ ਹੀ ਦੱਸੇ ਜਾਂਦੇ ਹਨ।
ਦੋਹਰੇ ਕਤਲ ਨੂੰ ਮੀਡੀਆ ਵਲੋਂ ‘ਗੁਰੂ ਦੀ ਗੋਲਕ ਦੀ ਕੁਵਰਤੋਂ’ ਦੇ ਦੋਸ਼ਾਂ ਨਾਲ ਜੋੜਨਾ ਅਚੰਭੇ ਵਾਲੀ ਗੱਲ ਨਹੀਂ। ਇਟਲੀ ਵਿਚ ਤਕਰੀਬਨ 2.20 ਲੱਖ ਸਿੱਖ ਵਸੇ ਹੋਏ ਹਨ। ਖੇਤੀ, ਡੇਅਰੀ, ਲੌਜਿਸਟਿਕਸ ਤੇ ਛੋਟੀਆਂ ਸਨਅਤਾਂ ਵਰਗੇ ਆਰਥਿਕ ਖੇਤਰਾਂ ਵਿਚ ਅਪਣੀ ਮੁਹਾਰਤ ਤੇ ਮਿਹਨਤ ਰਾਹੀਂ ਇਤਾਲਵੀ ਸਮਾਜ ਵਿਚ ਉਹ ਚੰਗੀ-ਚੋਖੀ ਭੱਲ ਖੱਟ ਚੁੱਕੇ ਹਨ। ਅਜਿਹੀ ਭੱਲ ਨੂੰ ਗੁਰੂ-ਘਰਾਂ ਦੀ ਚੌਧਰ ਦੀ ਸਿਆਸਤ ਨਾਲ ਜੁੜੇ ਝੇੜਿਆਂ-ਝਗੜਿਆਂ ਕਾਰਨ ਢਾਹ ਲੱਗਣੀ ਸਿੱਖ ਭਾਈਚਾਰੇ ਨੂੰ ਸੋਭਦੀ ਨਹੀਂ। ਗੁਰਦਵਾਰੇ ਅਪਣੀ ਲੰਗਰ ਪ੍ਰਥਾ ਅਤੇ ਸਭ ਧਰਮਾਂ ਦੇ ਪੈਰੋਕਾਰਾਂ ਲਈ ਦਰ ਖੁਲ੍ਹੇ ਰੱਖਣ ਵਰਗੀਆਂ ਰਵਾਇਤਾਂ ਕਾਰਨ ਗ਼ੈਰ-ਸਿੱਖਾਂ, ਖ਼ਾਸ ਕਰ ਕੇ ਯੂਰੋਪੀਅਨਾਂ ਨੂੰ ਅਪਣੇ ਵਲ ਆਕਰਸ਼ਿਤ ਕਰਦੇ ਆ ਰਹੇ ਹਨ। ਲਿਹਾਜ਼ਾ, ਇਨ੍ਹਾਂ ਦਾ ਸਤਿਕਾਰਤ ਤੇ ਮੁਕੱਦਸ ਅਸਥਾਨ ਵਾਲਾ ਰੁਤਬਾ ਹਰ ਸੂਰਤ ਵਿਚ ਬਰਕਰਾਰ ਰਹਿਣਾ ਚਾਹੀਦਾ ਹੈ।
ਗੁਰੂ-ਘਰਾਂ ਅੰਦਰ ਚੌਧਰ ਦੀਆਂ ਲੜਾਈਆਂ ਤੋਂ ਇਲਾਵਾ ਸਿੱਖ ਡਾਇਸਪੋਰਾ ਪੱਛਮੀ ਜਗਤ, ਖ਼ਾਸ ਕਰ ਕੇ ਕੈਨੇਡਾ, ਅਮਰੀਕਾ ਅਤੇ ਆਸਟਰੇਲੀਆ ਵਿਚ ਅਪਣੀ ਨੌਜਵਾਨ ਪੀੜ੍ਹੀ ਅੰਦਰਲੀ ਅਪਰਾਧ-ਬਿਰਤੀ ਕਾਰਨ ਵੀ ਨਮੋਸ਼ੀ ਭੁਗਤਦਾ ਆ ਰਿਹਾ ਹੈ। ਕੈਨੇਡਾ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ ਖ਼ਿਲਾਫ਼ ਗੰਭੀਰ ਫ਼ੌਜਦਾਰੀ ਅਪਰਾਧਾਂ ਦੇ 45 ਤੋਂ ਵੱਧ ਮੁਕੱਦਮੇ ਚੱਲ ਰਹੇ ਹਨ।
ਦੀਵਾਨੀ ਅਪਰਾਧਾਂ ਦੇ ਮੁਕੱਦਮਿਆਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਇੰਜ ਹੀ, ਅਮਰੀਕਾ ਵਿਚ ਸਿੱਖਾਂ ਖ਼ਿਲਾਫ਼ ਫ਼ੌਜਦਾਰੀ ਅਪਰਾਧਾਂ ਦੇ 38 ਕੇਸ ਚੱਲ ਰਹੇ ਹਨ; ਸਿੱਖ ਟਰੱਕ ਡਰਾਈਵਰਾਂ ਖ਼ਿਲਾਫ਼ ਉਸ ਮੁਲਕ ਦੇ ਪੱਛਮੀ ਰਾਜਾਂ ਵਿਚ ਦਰਜ ਮੁਕੱਦਮੇ ਇਸ ਤੋਂ ਵੱਖਰੇ ਹਨ। ਭਾਈਚਾਰੇ ਨੂੰ ਅਜਿਹੇ ਰੁਝਾਨਾਂ ਦੀ ਰੋਕਥਾਮ ਪ੍ਰਤੀ ਸੰਜੀਦਾ ਹੋਣ ਦੀ ਲੋੜ ਹੈ। ਇਹ ਸਹੀ ਹੈ ਕਿ ਪਦਾਰਥਵਾਦੀ ਲਾਲਸਾਵਾਂ ਨੂੰ ‘ਸਮਰਪਿਤ’ ਮੌਜੂਦਾ ਯੁੱਗ ਵਿਚ ਪੈਸਾ-ਪ੍ਰਧਾਨੀ ਹੀ ਮਨੁੱਖੀ ਚੜ੍ਹਤ ਦੀ ਮੁੱਖ ਨਿਸ਼ਾਨੀ ਬਣ ਗਈ ਹੈ, ਫਿਰ ਵੀ ਸਿੱਖ ਭਾਈਚਾਰੇ ਦੀ ਨਿਆਰਤਾ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਦੇ ਗੁਰ-ਉਪਦੇਸ਼ ਉੱਤੇ ਹੀ ਕੇਂਦ੍ਰਿਤ ਰਹਿਣੀ ਚਾਹੀਦੀ ਹੈ। ਇਹ ‘ਗੋਲਕ ਦੀਆਂ ਲੜਾਈਆਂ’ ਅਤੇ ਤਤਫੱਟ ਅਮੀਰ ਬਣਨ ਵਰਗੇ ਨਿਘਾਰਾਂ ਤੇ ਸੰਤਾਪਾਂ ਦਾ ਸ਼ਿਕਾਰ ਨਹੀਂ ਬਣਨੀ ਚਾਹੀਦੀ।
