ਪਾਕਿਸਤਾਨ ਦੇ ਤਰਬੇਲਾ ਡੈਮ ਵਿਚ ਤਰੇੜਾਂ ਪੈਣ ਅਤੇ ਇਸ ਦੀ ਹੋਂਦ ਨੂੰ ਖ਼ਤਰਾ ਖੜ੍ਹਾ ਹੋਣ ਦੀ ਇਕ ਵੀਡੀਓ ਵਾਇਰਲ ਹੋਈ ਹੈ.....
ਪਾਕਿਸਤਾਨ ਦੇ ਤਰਬੇਲਾ ਡੈਮ ਵਿਚ ਤਰੇੜਾਂ ਪੈਣ ਅਤੇ ਇਸ ਦੀ ਹੋਂਦ ਨੂੰ ਖ਼ਤਰਾ ਖੜ੍ਹਾ ਹੋਣ ਦੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਖ਼ੈਬਰ-ਪਖ਼ਤੂਨਖਵਾ ਸੂਬੇ ਵਿਚ ਸਥਿਤ ਇਸ ਡੈਮ ਦਾ ਟੁੱਟਣਾ ਪੋਠੋਹਾਰ ਖਿੱਤੇ ਤੋਂ ਲੈ ਕੇ ਕਰਾਚੀ ਤੱਕ ਦੇ ਸਮੁੱਚੇ ਇਲਾਕੇ ਵਿਚ ਘਾਤਕ ਹੜ੍ਹ ਲਿਆ ਸਕਦਾ ਹੈ। ਪਾਕਿਸਤਾਨ ਸਰਕਾਰ ਨੇ ਇਸ ਵੀਡੀਓ ਨੂੰ ਗੁੰਮਰਾਹਕੁਨ ਕਰਾਰ ਦਿਤਾ ਹੈ ਅਤੇ ਸਪਸ਼ਟ ਕੀਤਾ ਹੈ ਕਿ ਤਰਬੇਲਾ ਡੈਮ ਜਾਂ ਇਸ ਨਾਲ ਜੁੜੇ ਪਣ-ਬਿਜਲੀ ਪ੍ਰਾਜੈਕਟਾਂ ਨੂੰ ਕੋਈ ਖ਼ਤਰਾ ਨਹੀਂ। ਵੀਡੀਓ ਦੇ ਸਰੋਤ ਦਾ ਪਤਾ ਲਾਉਣ ਦੇ ਯਤਨ ਵੀ ਜਾਰੀ ਹਨ।
ਪਰ ਜਿਵੇਂ ਕਿ ਦੋ ਸ਼ਰੀਕ ਮੁਲਕਾਂ ਦੇ ਮਾਮਲੇ ਵਿਚ ਅਕਸਰ ਹੀ ਹੁੰਦਾ ਹੈ, ਸੋਸ਼ਲ ਮੀਡੀਆ ਮੰਚਾਂ ’ਤੇ ਸ਼ੱਕ ਦੀ ਉਂਗਲ ਭਾਰਤ ਵਲ ਉਠਾਈ ਜਾ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਭਾਰਤ ਵੀ ਅਜਿਹੇ ਵਰਤਾਰੇ ਵਿਚੋਂ ਗੁਜ਼ਰ ਚੁੱਕਾ ਹੈ ਅਤੇ ਇਹ ਕਥਾ-ਕਹਾਣੀ ਬਹੁਤੀ ਪੁਰਾਣੀ ਵੀ ਨਹੀਂ। ਇਸ ਸਾਲ ਪਹਿਲਾਂ ਜੂਨ ਮਹੀਨੇ ਅਤੇ ਫਿਰ ਅਗੱਸਤ ਦੇ ਆਖ਼ਰੀ ਦਿਨਾਂ ਦੌਰਾਨ ‘ਗਵਰਨਮੈਂਟ ਨਿਊਜ਼ ਆਨ ਏਆਈਆਰ’ ਦੇ ਸਿਰਲੇਖ ਵਾਲੀਆਂ ਵੀਡੀਓਜ਼ ਵਾਇਰਲ ਹੋਈਆਂ ਸਨ ਜਿਨ੍ਹਾਂ ਵਿਚ ਭਾਖੜਾ ਡੈਮ 1.77 ਇੰਚ ਝੁਕਣ ਅਤੇ ਇਹ ਪ੍ਰਕਿਰਿਆ ਜਾਰੀ ਰਹਿਣ ਦੀ ਸੂਰਤ ਵਿਚ ਪੰਜਾਬ-ਹਰਿਆਣਾ ਤੋਂ ਇਲਾਵਾ ਦਿੱਲੀ ਵੀ ਰੁੜ੍ਹ ਜਾਣ ਦੇ ਖ਼ਦਸ਼ੇ ਪ੍ਰਗਟਾਏ ਗਏ ਸਨ। ਇਨ੍ਹਾਂ ਖ਼ਦਸ਼ਿਆਂ ਨੂੰ ਸਾਡੇ ਮੀਡੀਆ ਨੇ ਉਛਾਲਿਆ ਵੀ ਕੁਝ ਜ਼ਿਆਦਾ ਹੀ ਸੀ।
ਲਿਹਾਜ਼ਾ, ਸਰਕਾਰ ਨੂੰ ਇਹ ਸਪਸ਼ਟ ਕਰਨਾ ਪਿਆ ਸੀ ਕਿ ਭਾਖੜਾ-ਨੰਗਲ ਡੈਮ ਪੂਰੀ ਤਰ੍ਹਾਂ ਸੁਰੱਖਿਅਤ ਹੈ, ਇਸ ਦਾ ਨਿਯਮਿਤ ਤੌਰ ’ਤੇ ਮੁਆਇਨਾ ਕੀਤਾ ਜਾਂਦਾ ਹੈ ਅਤੇ ਇਸ ਦੀ ਸੁਰੱਖਿਆ ਸਬੰਧੀ ਜਾਇਜ਼ਿਆਂ ਵਿਚ ਆਈ.ਆਈ.ਟੀ. ਦਿੱਲੀ ਦੇ ਇੰਜਨੀਅਰੀ ਮਾਹਿਰਾਂ ਤੋਂ ਲਗਾਤਾਰ ਮਦਦ ਤੇ ਸਹਿਯੋਗ ਲਿਆ ਜਾ ਰਿਹਾ ਹੈ। ਅਜਿਹੇ ਸਪਸ਼ਟੀਕਰਨਾਂ ਦੇ ਬਾਵਜੂਦ ਸਨਸਨੀ ਫੈਲਾਉਣ ਵਿਚ ਯਕੀਨ ਰੱਖਣ ਵਾਲੇ ਅਪਣਾ ਕੂੜ-ਪ੍ਰਚਾਰ ਜਾਰੀ ਰੱਖਦੇ ਆ ਰਹੇ ਹਨ। ਉਨ੍ਹਾਂ ਵਲੋਂ ਮਿਸਰ ਦੇ ਆਸਵਾਨ ਡੈਮ ਦੀ ਮੁਰੰਮਤ ਦੀਆਂ ਤਸਵੀਰਾਂ ਨੂੰ ਮਸਨੂਈ ਬੁੱਧੀ (ਏ.ਆਈ) ਦੀ ਮਦਦ ਨਾਲ ਭਾਖੜਾ ਡੈਮ ਦੀ ਖ਼ਸਤਾ ਹਾਲਤ ਦੇ ਦ੍ਰਿਸ਼ਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।
ਸ਼ਕਤੀਸ਼ਾਲੀ ਭੂਚਾਲਾਂ ਜਾਂ ਭੂ-ਬਣਤਰ ਵਿਚ ਅਚਨਚੇਤੀ ਵੱਡੀਆਂ ਤਬਦੀਲੀਆਂ, ਡੈਮਾਂ ਦੇ ਵਜੂਦ ਲਈ ਖ਼ਤਰਾ ਖੜ੍ਹਾ ਕਰ ਸਕਦੀਆਂ ਹਨ, ਇਹ ਹਕੀਕਤ ਇੰਜਨੀਅਰਿੰਗ ਮਾਹਿਰ ਵੀ ਸਿੱਧੇ ਤੌਰ ’ਤੇ ਕਬੂਲਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਜਿਵੇਂ ਜਿਵੇਂ ਡੈਮ ਉੱਚੇ ਹੁੰਦੇ ਜਾਂਦੇ ਹਨ, ਤਿਵੇਂ ਤਿਵੇਂ ਖ਼ਤਰਾ ਵੀ ਵੱਧਦਾ ਜਾਂਦਾ ਹੈ। ਪਰ ਅਸਲੀਅਤ ਇਹ ਵੀ ਹੈ ਕਿ ਉਚਾਈ ਵਾਲਾ ਵਿਕਲਪ ਉਨ੍ਹਾਂ ਦੀਆਂ ਝੀਲਾਂ (ਰਿਜ਼ਰਵਾਇਰਾਂ) ਦੀ ਜਲ-ਭੰਡਾਰਣ ਸਮਰਥਾ ਵਧਾਉਣ ਵਾਸਤੇ ਅਪਣਾਇਆ ਜਾਂਦਾ ਹੈ। ਸਾਡੇ ਵਡੇਰੇ ਇਸ ਰੁਝਾਨ ਨਾਲ ਜੁੜੇ ਖ਼ਤਰਿਆਂ ਤੋਂ ਚੰਗੀ ਤਰ੍ਹਾਂ ਵਾਕਫ਼ ਸਨ। ਉਹ ਬੰਨ੍ਹਾਂ ਨੂੰ ਬਹੁਤ ਉੱਚਾ ਚੁੱਕੇ ਜਾਣ ਦੇ ਖ਼ਿਲਾਫ਼ ਸਨ। ਇਹ ਉਸੇ ਸੋਚ ਦਾ ਕਮਾਲ ਹੈ ਕਿ ਜੌਰਡਨ ਵਿਚ ਜਾਵਾ ਡੈਮ 3000 ਸਾਲ ਈਸਾ ਪੂਰਵ (ਭਾਵ ਪੰਜ ਹਜ਼ਾਰ ਸਾਲ ਪਹਿਲਾਂ) ਉਸਰਿਆ ਹੋਣ ਦੇ ਬਾਵਜੂਦ ਅੱਜ ਵੀ ਕੰਮ ਕਰ ਰਿਹਾ ਹੈ।
ਤੱਤਕਾਲੀ ਮਿਸਰ ਦੇ ਲੋਕ, ਰੋਮ ਵਾਸੀ, ਤੱਤਕਾਲੀ ਭਾਰਤੀ ਅਤੇ ਪ੍ਰਾਚੀਨ ਚੀਨ ਦੀਆਂ ਸ਼ਾਹੀ ਹਕੂਮਤਾਂ ਵੀ ਡੈਮਾਂ ਦੀ ਮਦਦ ਨਾਲ ਵੱਡੇ ਵੱਡੇ ਜਲ ਜ਼ਖ਼ੀਰੇ ਵਿਕਸਿਤ ਕਰਨ ਵਿਚ ਕਾਮਯਾਬ ਰਹੀਆਂ ਸਨ। ਉਦੋਂ ਅਜਿਹੇ ਪ੍ਰਾਜੈਕਟਾਂ ਦਾ ਮੁੱਖ ਮੰਤਵ ਧਰਤੀ ਨੂੰ ਖੇਤੀ ਰਾਹੀਂ ਸੋਨਾ ਉਗਲਣ ਦੇ ਕਾਬਲ ਬਣਾਉਣਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਡੈਮਾਂ ਦੀ ਉਪਯੋਗਤਾ ਬਾਰੇ ਯੂਰੋਪ, ਏਸ਼ੀਆ ਤੋਂ ਬਹੁਤ ਬਾਅਦ ਭਾਵ 12ਵੀਂ ਸਦੀ ਵਿਚ ਚੇਤੰਨ ਹੋਇਆ। ਸਭ ਤੋਂ ਪਹਿਲਾਂ ਨੈਦਰਲੈਂਡਜ਼ ਵਿਚ ਨਾ ਸਿਰਫ਼ ਡੈਮ ਉਸਾਰੇ ਗਏ ਸਗੋਂ ਉਨ੍ਹਾਂ ਦੇ ਨੇੜੇ ਸ਼ਹਿਰ ਵੀ ਸਥਾਪਿਤ ਕੀਤੇ ਗਏ ਜੋ ਡੈਮਾਂ ਦੇ ਨਾਮ ਵਾਲੇ ਸਨ; ਐਮਸਟਰਡੈਮ ਤੇ ਹੌਟਰਡੈਮ ਇਸ ਰੁਝਾਨ ਦੀ ਮਿਸਾਲ ਹਨ।
ਮਿਸਰ ਵਿਚ ਨੀਲ ਦਰਿਆ ’ਤੇ ਪਹਿਲੇ ਆਸਵਾਨ ਡੈਮ ਦੀ ਉਸਾਰੀ 1902 ਵਿਚ ਮੁਕੰਮਲ ਹੋਈ ਸੀ। ਇਹ ਇਕ ਬ੍ਰਿਟਿਸ਼ ਫਰਮ ਵਲੋਂ ਉਸਾਰਿਆ ਗਿਆ। ਇਹ ਡੈਮ ਭਾਖੜਾ-ਨੰਗਲ ਡੈਮ ਪ੍ਰਾਜੈਕਟ ਉਲੀਕਣ ਵਾਸਤੇ ਤਾਮੀਰੀ ਨਮੂਨਾ ਮੰਨਿਆ ਗਿਆ। ਭਾਖੜਾ ਪ੍ਰਾਜੈਕਟ ਨੇ 1963 ਵਿਚ ਕੰਮ ਕਰਨਾ ਸ਼ੁਰੂ ਕੀਤਾ। ਹੁਣ ਸਥਿਤੀ ਇਹ ਹੈ ਕਿ ਉੱਤਰੀ ਰਾਜਾਂ ਵਿਚਲੇ ਖੇਤੀ ਇਨਕਲਾਬ ਤੇ ਉਸ ਤੋਂ ਉਪਜੀ ਖ਼ੁਰਾਕੀ ਖ਼ੁਸ਼ਹਾਲੀ ਦਾ ਇਹ ਪ੍ਰਾਜੈਕਟ ਕਰਣਧਾਰ ਵੀ ਹੈ ਅਤੇ ਬਿਜਲੀ ਉਤਪਾਦਨ ਦਾ ਅਹਿਮ ਸੋਮਾ ਵੀ। ਚਿੰਤਾ ਵਾਲੀ ਗੱਲ ਹੈ ਕਿ ਪਰਿਆਵਰਣਕ ਤਬਦੀਲੀਆਂ ਕਾਰਨ ਕੁਦਰਤ ਦੀਆਂ ਕਰੋਪੀਆਂ ਹਿਮਾਲਿਆਈ ਖ਼ਿੱਤੇ ਉੱਤੇ ਲਗਾਤਾਰ ਕਹਿਰ ਢਾਹੁਣ ਲੱਗੀਆਂ ਹਨ।
ਜਿਵੇਂ ਕਿ ਨੇਪਾਲ ਦੇ ਤ੍ਰਿਸ਼ੂਲੀ ਪਣਬਿਜਲੀ ਪ੍ਰਾਜੈਕਟ ਦਾ ਹਸ਼ਰ ਅਸੀਂ ਹਾਲ ਵਿਚ ਦੇਖਿਆ ਹੈ, ਵੱਡੇ ਵੱਡੇ ਡੈਮ ਵੀ ਕਹਿਰਵਾਨ ਕੁਦਰਤ ਤੋਂ ਸੁਰੱਖਿਅਤ ਨਹੀਂ ਮੰਨੇ ਜਾ ਸਕਦੇ। ਲਿਹਾਜ਼ਾ, ਇਹ ਜ਼ਰੂਰੀ ਹੋ ਗਿਆ ਹੈ ਕਿ ਡੈਮਾਂ ਨੂੰ ਸੌੜੀ ਸਿਆਸਤ ਤੋਂ ਦੂਰ ਰੱਖਿਆ ਜਾਵੇ ਅਤੇ ਇਨ੍ਹਾਂ ਦੀ ਸਮੇਂ ਸਿਰ ਮੁਰੰਮਤ ਤੇ ਸਾਂਭ-ਸੰਭਾਲ ਯਕੀਨੀ ਬਣਾਈ ਜਾਵੇ। ਇਸ ਵਿਚ ਦੇਸ਼ ਦਾ ਵੀ ਭਲਾ ਹੈ ਅਤੇ ਦੇਸ਼ਵਾਸੀਆਂ ਦਾ ਵੀ।
