ਜਦੋਂ ਟੈਕਸ ਦਰਾਂ ਵਾਜਬ ਹੋਣ ਤਾਂ ਇਨ੍ਹਾਂ ਦੀ ਅਦਾਇਗੀ ਕਰਨ ਵਾਲਿਆਂ ਦਾ ਦਾਇਰਾ ਤੇ ਤਾਦਾਦ ਖ਼ੁਦ-ਬਖ਼ੁਦ ਵੱਧ ਜਾਂਦੇ ਹਨ।
Editorial: ਵਸਤਾਂ ਤੇ ਸੇਵਾਵਾਂ ਟੈਕਸ (ਜੀ.ਐਸ.ਟੀ.) ਸਬੰਧੀ ਕੌਮੀ ਕਾਉਂਸਿਲ ਵਲੋਂ ਇਸ ਟੈਕਸ ਢਾਂਚੇ ਵਿਚ ਵੀਰਵਾਰ ਨੂੰ ਐਲਾਨੇ ਗਏ ਸੁਧਾਰ ਸਵਾਗਤਯੋਗ ਹਨ। ਕਾਉਂਸਿਲ ਨੇ ਕਈ ਅਹਿਮ ਫ਼ੈਸਲੇ ਲੈਂਦਿਆਂ ਜੀ.ਐਸ.ਟੀ. ਕਾਨੂੰਨ ਵਿਚੋਂ ਗ੍ਰਿਫ਼ਤਾਰੀ ਦਾ ਅਧਿਕਾਰ ਖਾਰਿਜ ਕਰ ਦਿਤਾ ਹੈ; ਟੈਕਸ ਚੋਰੀ ਦੇ ਸ਼ੱਕ ਦੀ ਸੂਰਤ ਵਿਚ ਮੁਕੱਦਮਾ ਦਰਜ ਕਰਨ ਵਾਸਤੇ ਮਾਲੀਅਤ ਦੀ ਸੀਮਾ ਇਕ ਕਰੋੜ ਤੋਂ ਵਧਾ ਕੇ ਪੰਜ ਕਰੋੜ ਕਰ ਦਿਤੀ ਹੈ; ਮੁਕੱਦਮੇ ਵਾਲੀ ਧਾਰਾ ਵਿਚੋਂ ਘੱਟੋਘੱਟ ਸਜ਼ਾ ਵਾਲੀ ਮੱਦ ਹਟਾ ਦਿਤੀ ਹੈ ਅਤੇ ਸਾਧਾਰਨ ਪੈਨਲਟੀ ਵੀ 25 ਹਜ਼ਾਰ ਰੁਪਏ ਤੋਂ ਘਟਾ ਕੇ 10 ਹਜ਼ਾਰ ਰੁਪਏ ਕਰ ਦਿਤੀ ਹੈ। ਮੁਕੱਦਮੇ ਰਾਹੀਂ ਟੈਕਸ ਚੋਰੀ ਦੇ ਦੋਸ਼ੀ ਨੂੰ ਕੀ ਤੇ ਕਿੰਨੀ ਸਜ਼ਾ ਦੇਣੀ ਹੈ, ਇਹ ਸਵਾਲ ਅਦਾਲਤ ਜਾਂ ਟੈਕਸ ਟ੍ਰਾਈਬਿਊਨਲਾਂ ਦੀ ਮਰਜ਼ੀ ’ਤੇ ਛੱਡ ਦਿਤਾ ਗਿਆ ਹੈ। ਜਿਥੋਂ ਤਕ ਟੈਕਸ ਰਿਫ਼ੰਡਾਂ ਦਾ ਸਵਾਲ ਹੈ, ਇਨ੍ਹਾਂ ਸਬੰਧੀ ਕਲੇਮ ਦੀ ਪ੍ਰਾਪਤੀ ਦੀ ਸੂਚਨਾ ਦਿਤੇ ਜਾਣ ਦੀ ਮਿਆਦ 15 ਦਿਨਾਂ ਤੋਂ ਘਟਾ ਕੇ 10 ਦਿਨ ਅਤੇ ਕਲੇਮ ਨਿਪਟਾਰੇ ਦੀ ਅਵਧੀ ਉਪਰੋਕਤ ਸੂਚਨਾ ਜਾਰੀ ਹੋਣ ਦੇ ਤਿੰਨ ਦਿਨਾਂ ਤਕ ਸੀਮਤ ਕਰ ਦਿਤੀ ਗਈ ਹੈ। ਇਸ ਤੋਂ ਭਾਵ ਹੈ ਕਿ ਰਿਫ਼ੰਡ ਸਬੰਧੀ ਕਲੇਮ 15 ਦਿਨਾਂ ਦੇ ਅੰਦਰ ਨਿਪਟਣੇ ਹੁਣ ਯਕੀਨੀ ਹੋ ਜਾਣਗੇ। ਪਹਿਲਾਂ ਇਹ ਮਹੀਨਿਆਂ ਬੱਧੀ ਲਟਕਦੇ ਰਹਿੰਦੇ ਸਨ।
ਇਸੇ ਤਰ੍ਹਾਂ ਟੈਕਸ ਦੀ ਗ਼ੈਰ-ਅਦਾਇਗੀ ਦੀ ਰਕਮ 10 ਹਜ਼ਾਰ ਤੋਂ ਘੱਟ ਹੋਣ ’ਤੇ ਕੋਈ ਨੋਟਿਸ ਨਹੀਂ ਜਾਰੀ ਕੀਤਾ ਜਾਵੇਗਾ; ਜੋ ਨੋਟਿਸ ਪਹਿਲਾਂ ਜਾਰੀ ਹੋਏ ਹਨ, ਉਹ ਵਾਪਸ ਲੈ ਲਏ ਜਾਣਗੇ। ਪੰਜ ਕਰੋੜ ਰੁਪਏ ਤਕ ਦੇ ਸਾਲਾਨਾ ਕਾਰੋਬਾਰ ਵਾਲੇ ਅਦਾਰਿਆਂ ਲਈ ਤਿਮਾਹੀ ਰਿਟਰਨਾਂ ਭਰਨ ਦਾ ਅਮਲ ਹੁਣ ਲਾਜ਼ਮੀ ਨਹੀਂ ਰਹੇਗਾ। ਹਾਂ, ਸਾਲਾਨਾ ਰਿਟਰਨ ਭਰਨੀ ਜ਼ਰੂਰ ਲਾਜ਼ਮੀ ਬਣੀ ਰਹੇਗੀ। ਟੈਕਸ ਚੋਰੀ ਦੇ ਸ਼ੱਕ ਵਰਗੇ ਆਧਾਰ ਦੇ ਤਹਿਤ ਵਸਤਾਂ ਵਾਲੇ ਵਾਹਨ ਜਾਂ ਤਾਂ ਜਿਥੋਂ ਉਹ ਚੱਲੇ ਹਨ ਅਤੇ ਜਾਂ ਫਿਰ ਜਿਹੜੀ ਉਨ੍ਹਾਂ ਦੀ ਮੰਜ਼ਿਲ ਹੈ, ਸਿਰਫ਼ ਉੱਥੇ ਹੀ ਰੋਕੇ ਜਾਂ ਚੈੱਕ ਕੀਤੇ ਜਾ ਸਕਣਗੇ; ਰਸਤੇ ਵਿਚ ਪੈਂਦੇ ਸੂਬਿਆਂ/ਕੇਂਦਰੀ ਪ੍ਰਦੇਸ਼ਾਂ ਵਿਚ ਨਹੀਂ। ਮੀਟਿੰਗ ਨੇ ਜੀ.ਐਸ.ਟੀ. ਦੀਆਂ ਮੌਜੂਦਾ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਅਤੇ ਨਾ ਹੀ ਨਿਕਟ ਭਵਿੱਖ ਵਿਚ ਕੋਈ ਤਬਦੀਲੀ ਕੀਤੇ ਜਾਣ ਦਾ ਸੰਕੇਤ ਦਿਤਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਜੋ ਕਿ ਜੀ.ਐਸ.ਟੀ. ਕਾਉਂਸਿਲ ਦੇ ਮੁਖੀ ਹਨ, ਨੇ ਦਸਿਆ ਕਿ ਦਰਾਂ ਵਿਚ ਤਬਦੀਲੀ ਸਾਲ ਵਿਚ ਸਿਰਫ਼ ਇਕ ਵਾਰ ਕੀਤੀ ਜਾਵੇਗੀ, ਉਹ ਵੀ ਇਹ ਤੱਥ ਧਿਆਨ ਵਿਚ ਰੱਖ ਕੇ ਕਿ ਪ੍ਰਸਤਾਵਿਤ ਨਵੀਆਂ ਦਰਾਂ ਪਹਿਲੀ ਅਪ੍ਰੈਲ ਤੋਂ ਸਮੁੱਚੇ ਦੇਸ਼ ਵਿਚ ਲਾਗੂ ਹੋ ਸਕਣ।
ਜੀ.ਐਸ.ਟੀ. ਕਾਉਂਸਿਲ ਇਸ ਟੈਕਸ ਬਾਰੇ ਫ਼ੈਸਲੇ ਲੈਣ ਵਾਲੀ ਸਰਬ-ਪ੍ਰਮੁੱਖ ਸੰਸਥਾ ਹੈ। ਇਸ ਵਿਚ ਕੇਂਦਰ ਤੇ ਸੂਬਾਈ ਸਰਕਾਰਾਂ ਦੀ ਬਰਾਬਰੀ ਵਾਲੀ ਨੁਮਾਇੰਦਗੀ ਹੈ। ‘ਇਕ ਦੇਸ਼, ਇਕ ਮੰਡੀ’ ਦੇ ਸਿਧਾਂਤ ਨੂੰ ਸਮਰਪਿਤ ਇਹ ਸੰਸਥਾ ਅਪਣੇ ਫ਼ੈਸਲੇ ਅਕਸਰ ਇਤਫ਼ਾਕ-ਰਾਇ ਨਾਲ ਲੈਂਦੀ ਹੈ। ਇਹ ਚਰਚਾ ਸੀ ਕਿ ਵੀਰਵਾਰ ਵਾਲੀ ਮੀਟਿੰਗ ਵਿਚ ਪੰਜ ਵੱਡੇ ਰਾਜ ਕੁਝ ਤਜਵੀਜ਼ਤ ਸੁਧਾਰਾਂ ਦਾ ਵਿਰੋਧ ਕਰਨਗੇ, ਪਰ ਮੀਟਿੰਗ ਦੌਰਾਨ ਅਜਿਹਾ ਕੁਝ ਵੀ ਨਹੀਂ ਹੋਇਆ। ਕਾਉਂਸਿਲ ਦੇ ਫ਼ੈਸਲਿਆਂ ਦਾ ਵੱਖ ਵੱਖ ਕਾਰੋਬਾਰੀ ਸੰਗਠਨਾਂ ਵਲੋਂ ਸਵਾਗਤ ਦਰਸਾਉਂਦਾ ਹੈ ਕਿ ਅਜਿਹੇ ਸੰਗਠਨਾਂ ਦੇ ਸੁਝਾਵਾਂ ਤੇ ਗਿਲੇ-ਸ਼ਿਕਵਿਆਂ ਨੂੰ ਪੂਰੀ ਤਵੱਜੋ ਮਿਲੀ ਹੈ।
ਜੀ.ਐਸ.ਟੀ. ਨਿਜ਼ਾਮ ਪਹਿਲੀ ਜੁਲਾਈ 2017 ਤੋਂ ਦੇਸ਼ ਭਰ ਵਿਚ ਲਾਗੂ ਕੀਤਾ ਗਿਆ ਸੀ। ਇਸ ਦੀ ਪ੍ਰਸਤਾਵਨਾ ਸੰਵਿਧਾਨ ਦੀ 101ਵੀਂ ਸੋਧ ਰਾਹੀਂ ਸੰਭਵ ਹੋਈ ਸੀ। ਇਹ ਸੋਧ ਬਿਲ, ਪਾਰਲੀਮੈਂਟ ਨੇ 2016 ਵਿਚ ਪਾਸ ਕੀਤਾ ਸੀ। ਮੁੱਢ ਵਿਚ ਇਸ ਨੂੰ ਕਈ ਸੂਬਿਆਂ ਨੇ ਉਨ੍ਹਾਂ ਦੇ ਆਰਥਿਕ ਹਿੱਤਾਂ ਲਈ ਹਾਨੀਕਾਰਕ ਦਸਿਆ ਸੀ, ਪਰ ਹੌਲੀ ਹੌਲੀ ਇਸ ਦੇ ਲਾਭ ਸਭਨਾਂ ਨੂੰ ਨਜ਼ਰ ਆਉਣ ਲੱਗੇ।
ਵਪਾਰਕ ਤੇ ਕਾਰੋਬਾਰੀ ਹਲਕਿਆਂ ਨੂੰ ਵੀ ਜੋ ਦਿੱਕਤਾਂ ਆ ਰਹੀਆਂ ਸਨ, ਉਨ੍ਹਾਂ ਨੂੰ ਦੂਰ ਕਰਦਿਆਂ ਅਤੇ ਟੈਕਸ ਦਰਾਂ ਦੇ ਵਾਜਬੀਕਰਨ ਦਾ ਅਮਲ ਸਿਰੇ ਚਾੜ੍ਹਦਿਆਂ ਅੱਠ ਵਰ੍ਹੇ ਲੱਗ ਗਏ। ਪਿਛਲੇ ਸਾਲ ਸਤੰਬਰ ਮਹੀਨੇ ਤੋਂ ਬਹੁਤੀਆਂ ਵਸਤਾਂ ਤੇ ਸੇਵਾਵਾਂ ਦੀਆਂ ਜੀ.ਐਸ.ਟੀ. ਦਰਾਂ ਵਿਚ ਕਟੌਤੀ ਕਰ ਕੇ ਦੋ ਪ੍ਰਮੁੱਖ ਸਲੈਬਾਂ - 5 ਤੇ 18 ਫ਼ੀ ਸਦੀ ਕਰਨ ਅਤੇ ਸਿਰਫ਼ ਵਿਲਾਸੀ ਵਸਤਾਂ ਵਾਸਤੇ 40 ਫ਼ੀ ਸਦੀ ਵਾਲੀ ਦਰ ਲਾਗੂ ਕਰਨ ਦਾ ਫ਼ੈਸਲਾ ਕੌਮੀ ਅਰਥਚਾਰੇ ਦੇ ਬਹੁਤੇ ਖੇਤਰਾਂ ਨੂੰ ਚੰਗਾ-ਚੋਖਾ ਹੁਲਾਰਾ ਦੇਣ ਵਾਲਾ ਸਾਬਤ ਹੋਇਆ। ਇਹ ਇਸ ਹਕੀਕਤ ਦੀ ਤਸਦੀਕ ਸੀ ਕਿ ਜਦੋਂ ਟੈਕਸ ਦਰਾਂ ਵਾਜਬ ਹੋਣ ਤਾਂ ਇਨ੍ਹਾਂ ਦੀ ਅਦਾਇਗੀ ਕਰਨ ਵਾਲਿਆਂ ਦਾ ਦਾਇਰਾ ਤੇ ਤਾਦਾਦ ਖ਼ੁਦ-ਬਖ਼ੁਦ ਵੱਧ ਜਾਂਦੇ ਹਨ। ਹੁਣ ਜੀ.ਐਸ.ਟੀ. ਕਾਉਂਸਿਲ ਦੇ ਨਵੇਂ ਫ਼ੈਸਲੇ ਇਸੇ ਪ੍ਰਕਿਰਿਆ ਨੂੰ ਹੋਰ ਉਤਸ਼ਾਹਿਤ ਕਰਨ ਦਾ ਸੁਧਾਰਵਾਦੀ ਯਤਨ ਹਨ। ਕੌਮਾਂਤਰੀ ਪੱਧਰ ’ਤੇ ਦੇਸ਼ ਨੂੰ ਜਿਹੜੀਆਂ ਆਰਥਿਕ ਚੁਣੌਤੀਆਂ ਦਰਪੇਸ਼ ਹਨ, ਉਨ੍ਹਾਂ ਦੇ ਮੱਦੇਨਜ਼ਰ ਅਜਿਹੇ ਯਤਨਾਂ ਦੀ ਦੇਸ਼ ਨੂੰ ਲੋੜ ਵੀ ਬਹੁਤ ਹੈ।
