ਖ਼ਬਰਾਂ |

ਤਾਜ਼ਾ |

ਕਿਉਂ ਨਹੀਂ ਮੱਠਾ ਪੈ ਰਿਹਾ ਪਾਕਿ 'ਚ ਬਲੋਚ ਵਿਦਰੋਹ? 
Published : Jul 9, 2026, 7:47 am IST
Updated : Jul 9, 2026, 11:31 am IST
SHARE ARTICLE
photo
photo

ਜ਼ਿਆਰਤ (ਬਲੋਚਿਸਤਾਨ) ਵਿਚ ਇਕ ਥਾਣੇ ਉੱਤੇ ਬਲੋਚ ਬਾਗ਼ੀਆਂ ਦੇ ਹਮਲੇ ਤੋਂ ਬਾਅਦ ਪਾਕਿਸਤਾਨੀ ਹੁਕਮਰਾਨਾਂ ਨੇ ਇਸ ਕਾਰਵਾਈ ਲਈ ਭਾਰਤ ਨੂੰ ਦੋਸ਼ੀ ਦੱਸਣ ਵਿਚ ਦੇਰ ਨਹੀਂ ਲਾਈ

ਜ਼ਿਆਰਤ (ਬਲੋਚਿਸਤਾਨ) ਵਿਚ ਇਕ ਥਾਣੇ ਉੱਤੇ ਬਲੋਚ ਬਾਗ਼ੀਆਂ ਦੇ ਹਮਲੇ ਤੋਂ ਬਾਅਦ ਪਾਕਿਸਤਾਨੀ ਹੁਕਮਰਾਨਾਂ ਨੇ ਇਸ ਕਾਰਵਾਈ ਲਈ ਭਾਰਤ ਨੂੰ ਦੋਸ਼ੀ ਦੱਸਣ ਵਿਚ ਦੇਰ ਨਹੀਂ ਲਾਈ ਅਤੇ ਇਹ ਮਾਮਲਾ ਕੌਮਾਂਤਰੀ ਮੰਚਾਂ ਉੱਤੇ ਉਠਾਉਣ ਦੀ ਧਮਕੀ ਦਿਤੀ ਹੈ। ਇਹ ਚਿਤਾਵਨੀ ਵੀ ਦਿਤੀ ਗਈ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੋਲ ਵੀ ਇਸ ਬਾਬਤ ਪਹੁੰਚ ਕੀਤੀ ਜਾਵੇਗੀ ਅਤੇ ਭਾਰਤ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਅਜਿਹੇ ਕੁਪ੍ਰਚਾਰ ਦਾ ਫ਼ਿਲਹਾਲ ਕੋਈ ਲੰਬਾ-ਚੌੜਾ ਜਵਾਬ ਨਹੀਂ ਦਿਤਾ। ਹਾਂ, ਵਿਦੇਸ਼ ਦਫ਼ਤਰ ਨੇ ਇਹ ਟਿੱਪਣੀ ਅਵੱਸ਼ ਕੀਤੀ ਹੈ ਕਿ ਬਲੋਚਿਸਤਾਨ ਦੀ ਅਸਲੀਅਤ ਤੋਂ ਪੂਰੀ ਦੁਨੀਆਂ ਵਾਕਿਫ਼  ਹੈ। ਲਿਹਾਜ਼ਾ, ਇਸ ਬਾਰੇ ਕੁੱਝ ਹੋਰ ਕਹਿਣ ਦੀ ਲੋੜ ਨਹੀਂ। ਇਹ ਵਾਜਬ ਪਹੁੰਚ ਹੈ।

ਜ਼ਿਕਰਯੋਗ ਹੈ ਕਿ ਜ਼ਿਆਰਤ ਦੇ ਮੰਗੀ ਡੈਮ ਖੇਤਰ ਵਿਚ ਥਾਣੇ ਉੱਤੇ ਹਮਲਾ ਤਿੰਨ ਦਿਨ ਪਹਿਲਾਂ ਹੋਇਆ। ਇਸ ਵਿਚ 9 ਪੁਲੀਸ ਮੁਲਾਜ਼ਮਾਂ ਸਮੇਤ 17 ਲੋਕ ਮਾਰੇ ਗਏ। ਮਰਨ ਵਾਲਿਆਂ ਵਿਚ ਦੋ ਐੱਸ.ਐੱਚ.ਓ., ਦਹਿਸ਼ਤਗਰਦੀ ਵਿਰੋਧੀ ਸੈੱਲ ਦਾ ਮੁਖੀ ਅਤੇ 6 ਕਾਂਸਟੇਬਲ ਸ਼ਾਮਲ ਦੱਸੇ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਅੱਠ ਸਿਵਲੀਅਨ ਵੀ ਮਰਨ ਦੀਆਂ ਖ਼ਬਰਾਂ ਹਨ। ਹਮਲਾਵਰਾਂ ਨੇ ਜਿੱਥੇ ਥਾਣੇ ਦਾ ਅਸਲਾਖ਼ਾਨਾ ਲੁੱਟ ਲਿਆ, ਉੱਥੇ 15-20 ਪੁਲੀਸ ਮੁਲਾਜ਼ਮਾਂ ਨੂੰ ਬੰਧਕ ਵੀ ਬਣਾ ਲਿਆ। ਇਨ੍ਹਾਂ ਵਿਚੋਂ ਪੰਜ ਬੁੱਧਵਾਰ ਨੂੰ ਵੀ ਲਾਪਤਾ ਸਨ।

ਹਮਲੇ ਤੋਂ ਛੇ ਘੰਟੇ ਬਾਅਦ ਪਾਕਿਸਤਾਨੀ ਫ਼ੌਜ ਦੀ ਫਰੰਟੀਅਰ ਕੋਰ ਅਤੇ ਬਲੋਚਿਸਤਾਨ ਪੁਲੀਸ ਦੀ ਸਾਂਝੀ ਜਵਾਬੀ ਕਾਰਵਾਈ ਵਿਚ 15 ਦਹਿਸ਼ਤਗ਼ਰਦ ਮਰਨ ਦਾ ਦਾਅਵਾ ਪਾਕਿਸਤਾਨੀ ਸੁਰੱਖਿਆ ਸੈਨਾਵਾਂ ਦੀ ਸਾਂਝੀ ਮੀਡੀਆ ਏਜੰਸੀ ‘ਆਈ.ਐੱਸ.ਪੀ.ਆਰ.’ ਵਲੋਂ ਕੀਤਾ ਗਿਆ। ਦੂਜੇ ਪਾਸੇ, ਬਲੋਚ ਬਾਗ਼ੀਆਂ ਦੀ ਜਥੇਬੰਦੀ ‘ਬਲੋਚ ਲਿਬਰੇਸ਼ਨ ਆਰਮੀ’ (ਬੀ.ਐਲ.ਏ.) ਨੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਜਵਾਬੀ ਦਾਅਵਾ ਕੀਤਾ ਕਿ ਸਾਰੇ 15 ਮ੍ਰਿਤਕ ਨਿਰਦੋਸ਼ ਬਲੋਚ ਨਾਗਰਿਕ ਸਨ ਜਿਨ੍ਹਾਂ ਨੂੰ ਸਰਕਾਰੀ ਦਸਤਿਆਂ ਨੇ ਬਾਗ਼ੀਆਂ ਦੇ ਹਮਾਇਤੀ ਕਰਾਰ ਦੇ ਕੇ ਗੋਲੀ ਮਾਰ ਦਿਤੀ। ਬੀ.ਐਲ.ਏ. ਨੇ ਇਨ੍ਹਾਂ ਨਿਰਦੋਸ਼ਾਂ ਦੀਆਂ ਹੱਤਿਆਵਾਂ ਦਾ ਬਦਲਾ ਲੈਣ ਦੀ ਧਮਕੀ ਵੀ ਦਿਤੀ ਹੈ।

ਜ਼ਿਆਰਤ ਵਾਲਾ ਹਮਲਾ ਮਹਿਜ਼ ਇਕ ਹਫ਼ਤੇ ਦੇ ਅੰਦਰ ਬਲੋਚ ਬਾਗ਼ੀਆਂ ਦੀ ਸਰਕਾਰੀ ਸੁਰੱਖਿਆ ਬਲਾਂ ਖ਼ਿਲਾਫ਼ ਦੂਜੀ ਵੱਡੀ ਕਾਰਵਾਈ ਸੀ। ਪਹਿਲਾਂ ਉਨ੍ਹਾਂ ਨੇ ਗਵਾਦਰ ਜ਼ਿਲ੍ਹੇ ਵਿਚ ਕਸਬਾ ਪੰਨਵਾਂ ਨੇੜੇ ਪਾਕਿਸਤਾਨ ਕੋਸਟ ਗਾਰਡਜ਼ ਦੇ ਕੈਂਪ ਉੱਤੇ ਫ਼ਿਦਾਈਨ ਹਮਲੇ ਰਾਹੀਂ 30 ਸਾਹਿਲੀ ਰਾਖੇ ਮਾਰਨ ਵਰਗਾ ਦਹਿਸ਼ਤੀ ਕਾਰਾ ਕੀਤਾ ਸੀ। ਉਸ ਹਮਲੇ ਲਈ ਵਿਸਫੋਟਕਾਂ ਨਾਲ ਭਰੇ ਮਾਜ਼ਦਾ ਪਿੱਕ-ਅੱਪ ਟਰੱਕ ਦੀ ਵਰਤੋਂ ਕੀਤੀ ਗਈ ਸੀ। ਜ਼ਾਹਿਰ ਹੈ ਕਿ ਇਨ੍ਹਾਂ ਦੋਵਾਂ ਹਮਲਿਆਂ ਨੇ ਪਾਕਿਸਤਾਨੀ ਫ਼ੌਜ ਦੀਆਂ ਇਨ੍ਹਾਂ ਟਾਹਰਾਂ ਨੂੰ ਖ਼ੋਖ਼ਲਾ ਸਾਬਤ ਕਰ ਦਿਤਾ ਹੈ ਕਿ ਉਸ ਨੇ ਬਲੋਚ ਦਹਿਸ਼ਤਗ਼ਰਦੀ ਦਾ ਲੱਕ ਤੋੜ ਦਿਤਾ ਹੈ।

ਪਾਕਿਸਤਾਨੀ ਮੀਡੀਆ ਸਰਕਾਰੀ ਦਬਾਅ ਹੇਠ ਆ ਕੇ ਬਲੋਚ ਬਾਗ਼ੀਆਨਾ ਸਰਗਰਮੀਆਂ ਲਈ ‘ਫ਼ਿਤਨਾ-ਅਲ-ਖਵਾਰਿਜ’ ਸ਼ਬਦਾਂ ਦੀ ਵਰਤੋਂ ਕਰਦਾ ਆਇਆ ਹੈ। ਉਹ ‘ਖਵਾਰਿਜੀ ਦਹਿਸ਼ਤੀਆਂ’ ਨੂੰ ਭਾਰਤ ਦੀ ਪੈਦਾਇਸ਼ ਵੀ ਕਰਾਰ ਦਿੰਦਾ ਆਇਆ ਹੈ। ਇਹ ਵੱਖਰੀ ਗੱਲ ਹੈ ਕਿ ਅਜਿਹੇ ਦੂਸ਼ਨਾਂ ਦੇ ਹੱਕ ਵਿਚ ਮੁਨਾਸਿਬ ਸਬੂਤ ਪੇਸ਼ ਕਰਨ ਪੱਖੋਂ ਪਾਕਿਸਤਾਨ, ਕੌਮਾਂਤਰੀ ਮੰਚਾਂ ਉੱਤੇ ਲਗਾਤਾਰ ਨਾਕਾਮ ਰਿਹਾ ਹੈ। ਉਸ ਵਲੋਂ ਪਹਿਲਾਂ ਇਰਾਨ ਦੇ ਸੀਸਤਾਨ-ਬਲੋਚਿਸਤਾਨ ਸੂਬੇ ਵਿਚ ਭਾਰਤੀ ਕੰਸਟ੍ਰਕਸ਼ਨ ਕੰਪਨੀਆਂ ਦੀ ਮੌਜੂਦਗੀ ਬਲੋਚ ਬਾਗ਼ੀਆਂ ਦੀ ਮਦਦ ਕਰਨ ਦਾ ਭਾਰਤੀ ਵਸੀਲਾ ਦੱਸੀ ਜਾਂਦੀ ਸੀ। ਹੁਣ ਕੰਧਾਰ ਤੇ ਹੋਰ ਅਫ਼ਗ਼ਾਨ ਸੂਬਿਆਂ ਵਿਚ ਭਾਰਤੀ ਤਾਮੀਰੀ ਕੰਪਨੀਆਂ ਦੀ ਸਰਗਰਮੀ ਬਲੋਚ ਬਾਗ਼ੀਆਂ ਦੀ ‘ਪੁਸ਼ਤਪਨਾਹੀ’ ਦਾ ਆਧਾਰ ਦੱਸੀ ਜਾਂਦੀ ਹੈ।

ਪਾਕਿਸਤਾਨੀ ਮੀਡੀਆ ਭਾਰਤ-ਵਿਰੋਧੀ ਪ੍ਰਚਾਰ ਪੱਖੋਂ ਭਾਵੇਂ ਸਰਕਾਰੀ ਬੋਲੀ ਹੀ ਬੋਲਦਾ ਆਇਆ ਹੈ, ਫਿਰ ਵੀ ਉਹ ਅਪਣੀਆਂ ਸੰਪਾਦਕੀਆਂ ਤੇ ਤਬਸਰਿਆਂ ਰਾਹੀਂ ਸਰਕਾਰੀ ਦਾਅਵਿਆਂ ਅੱਗੇ ਸਵਾਲੀਆ ਨਿਸ਼ਾਨ ਅਵੱਸ਼ ਖੜ੍ਹੇ ਕਰਦਾ ਰਿਹਾ ਹੈ। ਹੁਣ ਵੀ ਪ੍ਰਮੁਖ ਅੰਗਰੇਜ਼ੀ ਅਖ਼ਬਾਰਾਂ ਤੇ ਤਬਸਰਾਨਿਗਾਰਾਂ ਨੇ ਦਹਿਸ਼ਤਗ਼ਰਦੀ ਖ਼ਿਲਾਫ਼ ਲੜਾਈ ਵਿਚ ਸੁਰੱਖਿਆ ਬਲਾਂ ਦੀ ਰਣਨੀਤੀ ਉੱਤੇ ਸਵਾਲ ਉਠਾਏ ਹਨ। ਦਹਿਸ਼ਤੀ ਕਾਰਵਾਈਆਂ ਦੇ ਹਮਾਇਤੀਆਂ ਵਿਰੁਧ ਸਖ਼ਤਾਈ ਦੀ ਪੈਰਵੀ ਕਰਨ ਦੇ ਨਾਲ-ਨਾਲ ਇਨ੍ਹਾਂ ਤਬਸਰਾਨਿਗਾਰਾਂ ਵਲੋਂ ਪਾਕਿਸਤਾਨੀ ਹੁਕਮਰਾਨਾਂ ਤੋਂ ਇਹ ਵੀ ਪੁੱਛਿਆ ਗਿਆ ਹੈ ਕਿ ਮੁਕਾਮੀ ਲੋਕਾਂ ਦੇ ਸ਼ਿਕਵੇ-ਸ਼ਿਕਾਇਤਾਂ ਦੂਰ ਕਰਨ ਪ੍ਰਤੀ ਇਮਾਨਦਾਰੀ ਕਿਉਂ ਨਹੀਂ ਦਿਖਾਈ ਜਾ ਰਹੀ?

ਜਾਂ ਇਹ ਜਾਨਣ ਦੀ ਸੰਜੀਦਾ ਕੋਸ਼ਿਸ਼ ਅਜੇ ਵੀ ਕਿਉਂ ਨਹੀਂ ਕੀਤੀ ਜਾ ਰਹੀ ਕਿ ‘ਖਵਾਰਿਜੀ ਦਹਿਸ਼ਤਗ਼ਰਦਾਂ’ ਨੂੰ ਆਮ ਲੋਕਾਂ ਦੀ ਹਮਾਇਤ ਕਿਉਂ ਬਰਕਰਾਰ ਹੈ? ਜ਼ਿਆਰਤ ਉਹ ਸਥਾਨ ਹੈ ਜਿੱਥੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਨੇ ਅਪਣੇ ਜੀਵਨ ਦੇ ਆਖ਼ਰੀ ਮਹੀਨੇ ਬਿਤਾਏ ਸਨ। ਪੰਜ ਹਜ਼ਾਰ ਫੁੱਟ ਦੀ ਉਚਾਈ ਵਾਲੇ ਇਸ ਜ਼ਿਲ੍ਹੇ ਨੂੰ ਬਲੋਚਿਸਤਾਨ ਦਾ ਸਭ ਤੋਂ ਰਮਣੀਕ ਇਲਾਕਾ ਮੰਨਿਆ ਜਾਂਦਾ ਹੈ। ਸਨੋਬਰ ਤੇ ਬਲੂਤ ਦੇ ਦਰਖ਼ਤਾਂ ਨਾਲ ਭਰਪੂਰ ਇਸ ਜ਼ਿਲ੍ਹੇ ਵਿਚ ਦਹਿਸ਼ਤਗ਼ਰਦੀ ਨੂੰ ਭਰਵੀਂ ਲੋਕ-ਹਮਾਇਤ ਪਾਕਿਸਤਾਨੀ ਹਕੂਮਤਾਂ ਦੀਆਂ ਗ਼ੈਰ-ਮੁਨਸਿਫ਼ਾਨਾ ਨੀਤੀਆਂ ਦੀ ਪੈਦਾਇਸ਼ ਹੈ; ਭਾਰਤੀ ਖ਼ੁਫ਼ੀਆ ਏਜੰਸੀਆਂ ਦੀਆਂ ਕਥਿਤ ਕੁਟਿਲ ਚਾਲਾਂ ਦੀ ਨਹੀਂ। ਇਸ ਹਕੀਕਤ ਨੂੰ ਤਸਲੀਮ ਕਰਨ ਵਿਚ ਪਾਕਿਸਤਾਨ ਦਾ ਵੀ ਭਲਾ ਹੈ ਅਤੇ ਬਲੋਚੀ ਕੌਮ ਦਾ ਵੀ। 


 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement