ਖ਼ਬਰਾਂ |

ਤਾਜ਼ਾ |

ਹਰਮਨਪ੍ਰੀਤ ਕੌਰ ਦਾ ਦਰੁਸਤ ਫ਼ੈਸਲਾ
Published : Oct 7, 2026, 1:17 pm IST
Updated : Oct 7, 2026, 1:17 pm IST
SHARE ARTICLE
Harmanpreet Kaur's right decision
Harmanpreet Kaur's right decision

'ਕਪਤਾਨੀ ਖ਼ਤਮ, ਸਫ਼ਰ ਅਜੇ ਜਾਰੀ ਰਹੇਗਾ।'

Editorial: ਹਰਮਨਪ੍ਰੀਤ ਕੌਰ ਔਲਖ ਵਲੋਂ ਮੰਗਲਵਾਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਤਿਆਗਣਾ ਸਮੇਂ ਸਿਰ ਲਿਆ ਗਿਆ ਦਰੁਸਤ ਫ਼ੈਸਲਾ ਹੈ। 37 ਵਰਿ੍ਹਆਂ ਦੀ ਇਸ ਖਿਡਾਰਨ ਨੇ ਇਹ ਫ਼ੈਸਲਾ ਏਸ਼ਿਆਈ ਖੇਡਾਂ ਵਿਚ ਭਾਰਤੀ ਮਹਿਲਾ ਟੀਮ ਵਲੋਂ ਲਗਾਤਾਰ ਦੂਜੀ ਵਾਰ ਗੋਲਡ ਮੈਡਲ ਜਿੱਤਣ ਵਰਗੀ ਪ੍ਰਾਪਤੀ ਤੋਂ ਬਾਅਦ ਲਿਆ। ਕਪਤਾਨੀ ਖੋਹੇ ਜਾਣ ਦੀ ਥਾਂ ਇਹ ਅਹੁਦਾ ਸਿਖ਼ਰ ’ਤੇ ਰਹਿੰਦਿਆਂ ਖ਼ੁਦ ਤਿਆਗਣਾ ਹਮੇਸ਼ਾਂ ਸੂਝ-ਸਿਆਣਪ ਵਾਲਾ ਕਦਮ ਮੰਨਿਆ ਜਾਂਦਾ ਹੈ। ਅਜਿਹਾ ਤਿਆਗ ਭਾਵੇਂ ਮਨੋਵਿਗਿਆਨਕ ਤੌਰ ’ਤੇ ਆਸਾਨ ਨਹੀਂ ਹੁੰਦਾ, ਫਿਰ ਵੀ ਸੁਹਜ ਦਾ ਅਸਲ ਤਕਾਜ਼ਾ ਇਹੋ ਹੈ ਕਿ ਰੁਤਬਾ ਚੜ੍ਹਤ ਦੇ ਦਿਨਾਂ ਦੌਰਾਨ ਛੱਡਿਆ ਜਾਵੇ, ਨਿਘਾਰ ਦੇ ਸਮੇਂ ਵਿਚ ਨਹੀਂ। ਇੰਸਟਾਗ੍ਰਾਮ ਉੱਤੇ ਅਪਣੇ ਸੁਨੇਹੇ ਵਿਚ ਹਰਮਨ ਨੇ ਲਿਖਿਆ ਹੈ : ‘‘ਆਸਾਨ ਨਹੀਂ ਸੀ ਇਹ ਫ਼ੈਸਲਾ। ਵਰਿ੍ਹਆਂ ਦੀਆਂ ਯਾਦਾਂ, ਜਜ਼ਬਾਤ, ਮੁਸ਼ੱਕਤ ਤੇ ਕੁਰਬਾਨੀਆਂ ਜੁੜੀਆਂ ਹੋਈਆਂ ਸਨ ਕਪਤਾਨੀ ਨਾਲ। ...ਬਹੁਤ ਸਾਰੇ ਪਲ ਅਜਿਹੇ ਹਨ ਜਿਨ੍ਹਾਂ ਦੀ ਯਾਦ ਜ਼ਿੰਦਗੀ ਭਰ ਮੇਰੇ ਜ਼ਿਹਨ ਵਿਚ ਵਸੀ ਰਹੇਗੀ। ...ਅਜਿਹਾ ਸਭ ਕੁਝ ਹੋਣ ਦੇ ਬਾਵਜੂਦ ਹੁਣ ਵੇਲਾ ਆ ਗਿਆ ਸੀ ਕਪਤਾਨੀ ਤੋਂ ਲਾਂਭੇ ਹੋਣ ਦਾ।...ਕਪਤਾਨੀ ਖ਼ਤਮ, ਸਫ਼ਰ ਅਜੇ ਜਾਰੀ ਰਹੇਗਾ।’’ ਜਿਵੇਂ ਕਿ ਇਸ ਸੁਨੇਹੇ ਤੋਂ ਸਪਸ਼ਟ ਹੈ, ਉਸ ਨੇ ਪ੍ਰਤੀਯੋਗੀ ਕ੍ਰਿਕਟ ਨੂੰ ਅਲਵਿਦਾ ਨਹੀਂ ਕਹੀ। ਬਤੌਰ ਖਿਡਾਰਨ ਉਹ ਅਪਣਾ ਮੁਕਾਮ ਬਰਕਰਾਰ ਰੱਖੇਗੀ। ਭਾਰਤੀ ਟੀਮ ਅਤੇ ਮਹਿਲਾ ਕ੍ਰਿਕਟ ਲਈ ਇਹ, ਸੱਚਮੁੱਚ, ਸੁਖਾਵਾਂ ਨਿਰਣਾ ਹੈ। ਪੂਰੀ ਟੀਮ, ਬਲਕਿ ਭਾਰਤੀ ਮਹਿਲਾ ਕ੍ਰਿਕਟ ਵਿਚ ਉਹ ਇਕ ਦਸ਼ਕ ਤੋਂ ਖਿਡਾਰਨ ਨਾਲੋਂ ਜ਼ਿਆਦਾ ਸੇਧਗ਼ਾਰ ਵਾਲੀ ਭੂਮਿਕਾ ਨਿਭਾਉਂਦੀ ਆਈ ਹੈ। ਤਕਰੀਬਨ ਸਾਰੀਆਂ ਟੀਮ ਮੈਂਬਰਾਂ ਲਈ ਉਹ ਸਿਰਫ਼ ਹਰਮਨ ਜਾਂ ਸਕਿੱਪ (ਸਕਿੱਪਰ) ਦੀ ਥਾਂ ‘ਦੀਦੀ’ ਵੱਧ ਰਹੀ ਹੈ। ਇਸੇ ਲਈ ਹਰ ਖਿਡਾਰਨ, ਔਕੜ ਜਾਂ ਦੁਬਿਧਾ ਦੇ ਨਿਵਾਰਣ ਲਈ ‘ਹਰਮਨ-ਦੀ’ ਵਲ ਹੀ ਦੇਖਦੀ ਆਈ ਹੈ; ਮੈਦਾਨ ਦੇ ਅੰਦਰ ਵੀ ਅਤੇ ਮੈਦਾਨ ਤੋਂ ਬਾਹਰ ਵੀ। ਚੰਗਾ ਲੀਡਰ ਹੋਣ ਦੀ ਇਸ ਤੋਂ ਬਿਹਤਰ ਨਿਸ਼ਾਨੀ ਹੋਰ ਕੀ ਹੋ ਸਕਦੀ ਹੈ?

ਮੋਗੇ ਦੀਆਂ ਧੂੜ-ਭਰੀਆਂ ਗਲੀਆਂ ਵਿਚ ਅਪਣੇ ਤੋਂ ਵੱਧ ਉਮਰ ਦੇ ਮੁੰਡਿਆਂ ਨਾਲ ਕ੍ਰਿਕਟ ਖੇਡ ਕੇ ਵੱਡੀ ਹੋਈ ਹਰਮਨ ਦਾ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਉਭਾਰ ਅੰਤਾਂ ਦੀ ਮਿਹਨਤ ਤੇ ਸਮਰਪਣ-ਭਾਵਨਾ ਦੀ ਉਪਜ ਹੈ। ਸਮਰਪਣ-ਭਾਵਨਾ ਦੀ ਬਦੌਲਤ ਹੀ ਉਹ ਆਲਮੀ ਟੀ-20 ਕ੍ਰਿਕਟ ਵਿਚ ਸਭ ਤੋਂ ਵੱਧ 210 ਮੈਚ ਖੇਡਣ ਵਾਲੀ ਖਿਡਾਰਨ ਬਣੀ। ਇਨ੍ਹਾਂ ਵਿਚੋਂ 150 ਮੈਚਾਂ ’ਚ ਉਸ ਨੇ ਕਪਤਾਨੀ ਵੀ ਕੀਤੀ। ਹਰਫ਼ਨਮੌਲਾ ਹੋਣ ਸਦਕਾ ਉਸ ਨੇ ਜਿੱਥੇ 4346 ਦੌੜਾਂ ਬਣਾਈਆਂ, ਉੱਥੇ ਆਫ਼-ਸਪਿੰਨ ਗੇਂਦਬਾਜ਼ੀ ਰਾਹੀਂ 32 ਵਿਕਟਾਂ ਵੀ ਲਈਆਂ। ਇਸੇ ਤਰ੍ਹਾਂ, 164 ਇਕ-ਰੋਜ਼ਾ ਮੈਚਾਂ ਵਿਚ 4541 ਦੌੜਾਂ ਬਣਾਉਣ ਤੋਂ ਇਲਾਵਾ 31 ਵਿਕਟਾਂ ਵੀ ਉਸ ਦੇ ਰਿਕਾਰਡ ਦਾ ਹਿੱਸਾ ਬਣੀਆਂ। ਇਸ ਵੰਨਗੀ ਵਿਚ ਉਸ ਵਲੋਂ ਬਣਾਏ 7 ਸੈਂਕੜਿਆਂ ਵਿਚੋਂ ਆਸਟ੍ਰੇਲੀਆ ਖ਼ਿਲਾਫ਼ ਵਿਸ਼ਵ ਕੱਪ ਮੈਚ ਦੌਰਾਨ 171 ਦੌੜਾਂ ਦੀ ਨਾਬਾਦ ਪਾਰੀ ਕਿਸੇ ਵੀ ਭਾਰਤੀ ਖਿਡਾਰਨ ਵਲੋਂ ਬਣਾਇਆ ਸਭ ਤੋਂ ਵੱਡਾ ਸਕੋਰ ਹੈ। ਉਸ ਨੇ 8 ਟੈਸਟ ਮੈਚ ਵੀ ਖੇਡੇ ਅਤੇ ਇਨ੍ਹਾਂ ਵਿਚ ਉਸ ਦਾ ਯੋਗਦਾਨ 304 ਦੌੜਾਂ ਤੇ 12 ਵਿਕਟਾਂ ਦਾ ਰਿਹਾ। ਉਸ ਦੀ ਅਗਵਾਈ ਵਾਲੀਆਂ ਟੀਮਾਂ ਨੇ ਮਹਿਲਾ ਏਸ਼ੀਆ ਕੱਪ ਚਾਰ ਵਾਰ ਜਿੱਤਿਆ। ਇਸੇ ਤਰ੍ਹਾਂ ਪਿਛਲੇ ਸਾਲ ਉਸ ਦੀ ਅਗਵਾਈ ਵਾਲੀ ਟੀਮ ਵਲੋਂ ਜਿੱਤਿਆ ਮਹਿਲਾ ਇਕ-ਰੋਜ਼ਾ ਵਿਸ਼ਵ ਕੱਪ ਭਾਰਤੀ ਕ੍ਰਿਕਟ ਦੀਆਂ ਇਤਿਹਾਸਕ ਪ੍ਰਾਪਤੀਆਂ ਵਿਚ ਸ਼ੁਮਾਰ ਹੈ। ਇਹ ਮੰਨਿਆ ਜਾਂਦਾ ਹੈ ਕਿ ਜੇਕਰ ਅੰਜੁਮ ਚੋਪੜਾ ਜਾਂ ਮਿਤਾਲੀ ਰਾਜ ਦੀਆਂ ਕਪਤਾਨੀ ਪਾਰੀਆਂ ਨੇ ਭਾਰਤੀ ਮਹਿਲਾ ਕ੍ਰਿਕਟ ਨੂੰ ‘ਗੋਰੀਆਂ ਸ਼ਕਤੀਆਂ’ (ਆਸਟ੍ਰੇਲੀਆ, ਇੰਗਲੈਂਡ, ਨਿਊਜ਼ੀਲੈਂਡ ਤੇ ਦੱਖਣੀ ਅਫ਼ਰੀਕਾ) ਦੇ ਹਾਣ ਦਾ ਬਣਾਇਆ ਤਾਂ ਹਰਮਨਪ੍ਰੀਤ ਦੀ ਕਪਤਾਨੀ ਪਾਰੀ ਨੇ ਭਾਰਤੀ ਖਿਡਾਰਨਾਂ ਨੂੰ ‘ਸ਼ੇਰਨੀਆਂ’ ਵਾਲਾ ਰੁਤਬਾ ਪ੍ਰਦਾਨ ਕਰਵਾਇਆ। ਕ੍ਰਿਕਟ ਦੀਆਂ ਤਿੰਨਾਂ ਵੰਨਗੀਆਂ (ਟੀ-20, ਇਕ-ਰੋਜ਼ਾ ਕੌਮਾਂਤਰੀ ਤੇ ਟੈਸਟ ਮੈਚ) ਵਿਚ ਪੱਛਮੀ ਟੀਮਾਂ ਹੁਣ ਭਾਰਤ ਤੋਂ ਭੈਅ ਖਾਂਦੀਆਂ ਹਨ। ਇਸੇ ਤਰ੍ਹਾਂ ਆਸਟ੍ਰੇਲੀਅਨ ਬਿਗ ਬੈਸ਼ ਲੀਗ ਜਾਂ ਇੰਗਲੈਂਡ ਦੀ ਹੰਡਰਡ (100) ਬਾਲ ਲੀਗ ਵਿਚ ਭਾਰਤੀ ਖਿਡਾਰਨਾਂ ‘ਮਹਿੰਗੀਆਂ’ (ਵੱਧ ਮੈਚ ਫ਼ੀਸ ਦੀਆਂ ਹੱਕਦਾਰ) ਮੰਨੀਆਂ ਜਾਂਦੀਆਂ ਹਨ। ਇਹ ਉਨ੍ਹਾਂ ਦੀ ਕਾਬਲੀਅਤ ਨੂੰ ਸਿਜਦਾ ਵੀ ਹੈ ਅਤੇ ਇਸ ਕਾਬਲੀਅਤ ਨੂੰ ਸਹੀ ਸੇਧ ਦੇਣ ਵਿਚ ਹਰਮਨਪ੍ਰੀਤ ਦੇ ਯੋਗਦਾਨ ਨੂੰ ਵੀ।

ਹਰਮਨ ਵਲੋਂ ਕਪਤਾਨੀ ਤਿਆਗਣ ਦੇ ਫ਼ੈਸਲੇ ਵਾਲੀ ਸਮੀਖਿਆ ਮੀਟਿੰਗ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਦੇ ਸਕੱਤਰ ਦੇਵਾਜੀਤ ਸੈਕੀਆ ਅਤੇ ਮੁੱਖ ਕੋਚ ਅਮੋਲ ਮਜ਼ੂਮਦਾਰ ਤੋਂ ਇਲਾਵਾ ਉਪ ਕਪਤਾਨ ਸਮ੍ਰਿਤੀ ਮੰਦਾਨਾ ਦੀ ਵੀ ਹਾਜ਼ਰੀ ਦਰਸਾਉਂਦੀ ਹੈ ਕਿ ਭਾਰਤੀ ਟੀਮ ਦੀ ਅਗਵਾਈ ਹੁਣ ਸਮ੍ਰਿਤੀ ਨੂੰ ਸੌਂਪੀ ਜਾ ਰਹੀ ਹੈ। ਸਮ੍ਰਿਤੀ ਕਾਫ਼ੀ ਸਮੇਂ ਤੋਂ ਹਰਮਨ ਦੀ ਡਿਪਟੀ ਰਹੀ ਹੈ ਅਤੇ ਇਸ ਵੇਲੇ ਅਪਣੀਆਂ ਪ੍ਰਾਪਤੀਆਂ ਸਦਕਾ ਭਾਰਤੀ ਮਹਿਲਾ ਕ੍ਰਿਕਟ ਦਾ ਸਭ ਤੋਂ ਮਕਬੂਲ ਚਿਹਰਾ ਮੰਨੀ ਜਾਂਦੀ ਹੈ। ਉਮੀਦ ਇਹੋ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਹਰਮਨ ਵਾਲੀ ਵਿਰਾਸਤ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗੀ। ਮਹਿਲਾ ਕ੍ਰਿਕਟ ਹੁਣ ਮਹਿਲਾ ਸ਼ਕਤੀਕਰਨ ਦਾ ਪ੍ਰਤੀਕ ਬਣ ਚੁੱਕੀ ਹੈ। ਇਸ ਜਜ਼ਬੇ ਨੂੰ ਹੋਰ ਹੁਲਾਰਾ ਮਿਲਣਾ ਨਿਹਾਇਤ ਜ਼ਰੂਰੀ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM

MLA ਅਮਨਦੀਪ ਅਰੋੜਾ ਦੇ ਘਰ 27 ਘੰਟਿਆਂ ਤੋਂ ED ਦੀ ਰੇਡ ਜਾਰੀ, ਕਈ ਥਾਵਾਂ 'ਤੇ ਛਾਪੇਮਾਰੀ!

05 Nov 2026 1:13 PM

ਗਿੱਲ ਰੋਡ 'ਤੇ ਦਰਦਨਾਕ ਹਾਦਸਾ, PRTC Bus ਦੇ ਟਾਇਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

04 Nov 2026 2:53 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਕੀ ਹੁਣ ਖਰੀਦਦਾਰੀ ਕਰਨ ਦਾ ਸਹੀ ਸਮਾਂ ?

03 Nov 2026 2:58 PM

BJP Joining | ਜੌੜਾਮਾਜਰਾ, ਪਠਾਨਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਨੇ ਫੜਿਆ BJP ਦਾ ਪੱਲਾ, ਦਿੱਲੀ 'ਚ ਹੋਏ ਸ਼ਾਮਿਲ

02 Nov 2026 1:23 PM
Advertisement