ਖ਼ਬਰਾਂ |

ਤਾਜ਼ਾ |

ਬੇਮਾਅਨਾ ਹੈ ‘ਸਤਲੁਜ' ਵਿਰੁੱਧ ਕਾਰਵਾਈ
Published : Jul 7, 2026, 6:47 am IST
Updated : Jul 7, 2026, 6:56 am IST
SHARE ARTICLE
Action against ‘Sutlej' is meaningless.
Action against ‘Sutlej' is meaningless.

ਬੇਮਾਅਨਾ ਹੈ ‘ਸਤਲੁਜ' ਵਿਰੁੱਧ ਕਾਰਵਾਈ

ਦਿਲਜੀਤ ਦੁਸਾਂਝ ਦੀ ਮੁੱਖ ਭੂਮਿਕਾ ਵਾਲੀ ਪੰਜਾਬੀ ਫ਼ਿਲਮ ‘ਸਤਲੁਜ’ ਨੂੰ ਓ.ਟੀ.ਟੀ. ਪਲੈਟਫ਼ਾਰਮ ਜ਼ੀ5 ਤੋਂ ਅਚਨਚੇਤੀ ਹਟਾਏ ਜਾਣਾ ਅਫ਼ਸੋਸਨਾਕ ਕਾਰਾ ਹੈ। ਦਿਲਜੀਤ ਨੇ ਇਸ ਫ਼ਿਲਮ ਦੇ ਓ.ਟੀ.ਟੀ. ’ਤੇ ਰਿਲੀਜ਼ ਹੋਣ ਤੋਂ ਬਾਅਦ ਇਹ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਇਹ ਬਹੁਤੀ ਦੇਰ ਤਕ ਡਿਜੀਟਲ ਪਲੈਟਫ਼ਾਰਮ ’ਤੇ ਨਹੀਂ ਰਹੇਗੀ। ਇਸੇ ਲਈ ਉਸ ਨੇ ਫ਼ਿਲਮ ਦੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਫ਼ਿਲਮ ਡਾਊਨਲੋਡ ਕਰ ਲੈਣ। ਇਹ ਖ਼ਦਸ਼ਾ ਸਹੀ ਸਾਬਤ ਹੋਇਆ। ਐਤਵਾਰ ਨੂੰ ਜ਼ੀ5 ਵਲੋਂ ਜਾਰੀ ਇਕ ਸੰਖੇਪ ਜਹੇ ਬਿਆਨ ਵਿਚ ਕਿਹਾ ਗਿਆ ਕਿ ਫ਼ਿਲਮ ਦੇ ਪ੍ਰਦਰਸ਼ਨ ਨੂੰ ਕੁਝ ‘ਖ਼ਾਸ ਹਾਲਾਤ’ ਕਾਰਨ ਰੋਕਿਆ ਜਾ ਰਿਹਾ ਹੈ। ਨਾਲ ਹੀ ਇਹ ਵੀ ਕਿਹਾ ਗਿਆ, ‘‘ਚੈਨਲ ਜ਼ੀ5 ਇਸ ਫ਼ਿਲਮ ਨਾਲ ਜੁੜੀਆਂ ਹਸਤੀਆਂ ਦੀ ਪ੍ਰਤਿਭਾ ਤੇ ਮਿਹਨਤ ਦੀ ਕਦਰਦਾਨ ਹੈ ਅਤੇ ਫ਼ਿਲਮ ਦੀ ਇਸ ਚੈਨਲ ਉੱਤੇ ਵਾਪਸੀ ਨਿਕਟ ਭਵਿੱਖ ਵਿਚ ਸੰਭਵ ਬਣਾਈ ਜਾਵੇਗੀ।’’ ਜਿਵੇਂ ਕਿ ਮੀਡੀਆ ਰਿਪੋਰਟਾਂ ਤੇ ਫ਼ਿਲਮ ਦੇ ਕਥਾਨਕ ਤੋਂ ਸਪਸ਼ਟ ਹੀ ਹੈ, ‘ਸਤਲੁਜ’ ਮਨੁੱਖੀ ਹੱਕਾਂ ਦੇ ਅਲੰਬਰਦਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਸ਼ਹਾਦਤ ਉੱਤੇ ਆਧਾਰਿਤ ਹੈ। ਐਡਵੋਕੇਟ ਖਾਲੜਾ ਨੇ ਪੰਜਾਬ ਵਿਚ ਖਾੜਕੂਵਾਦ ਨਾਲ ਜੁੜੇ ਸਿਆਹ ਦਿਨਾਂ ਦੌਰਾਨ ਪੁਲੀਸ ਤਸ਼ੱਦਦ, ਸ਼ੱਕੀ ਖਾੜਕੂਆਂ ਜਾਂ ਉਨ੍ਹਾਂ ਦੇ ਹਮਦਰਦਾਂ ਦਾ ਗ਼ੈਰਕਾਨੂੰਨੀ ਢੰਗਾਂ ਨਾਲ ਸਫ਼ਾਇਆ ਕਰਨ ਅਤੇ ਫਿਰ ਉਨ੍ਹਾਂ ਨੂੰ ‘ਅਣਪਛਾਤੀਆਂ ਲਾਸ਼ਾਂ’ ਕਰਾਰ ਦੇ ਕੇ ਸਾੜ-ਫ਼ੂਕ ਦੇਣ ਦੇ ਮਾਮਲਿਆਂ ਨੂੰ ਲਗਾਤਾਰ ਬੇਪਰਦ ਕੀਤਾ। ਇਸ ਸਿਰੜ ਦਾ ਖਮਿਆਜ਼ਾ ਉਨ੍ਹਾਂ ਨੂੰ ਅਪਣੀ ਸ਼ਹਾਦਤ ਦੇ ਰੂਪ ਵਿਚ ਚੁਕਾਉਣਾ ਪਿਆ ਸੀ।

ਫ਼ਿਲਮਸਾਜ਼ ਹਨੀ ਤ੍ਰੇਹਨ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਨੂੰ ਰਿਲੀਜ਼ ਹੋਣ ਤਕ ਚਾਰ ਵਰ੍ਹੇ ਜਦੋਜਹਿਦ ਕਰਨੀ ਪਈ। ਪਹਿਲਾਂ ਭਾਰਤੀ ਫ਼ਿਲਮ ਪ੍ਰਮਾਣਨ ਬੋਰਡ (ਆਮ ਜ਼ੁਬਾਨ ’ਚ ਸੈਂਸਰ ਬੋਰਡ) ਨੇ ਇਸ ਦੇ ਅਸਲ ਨਾਮ ‘ਘੱਲੂਘਾਰਾ’ ਉੱਤੇ ਇਤਰਾਜ਼ ਕਰ ਕੇ ਨਵਾਂ ਨਾਮ ‘ਪੰਜਾਬ 95’ ਰੱਖਣ ਦਾ ਸੁਝਾਅ ਦਿਤਾ ਅਤੇ 27 ਦ੍ਰਿਸ਼ ਕੱਟਣ ਲਈ ਕਿਹਾ। ਫ਼ਿਲਮ ਨਾਲ ਜੁੜੀਆਂ ਹਸਤੀਆਂ ਵਲੋਂ ਇਨ੍ਹਾਂ ‘ਕੱਟਾਂ’ ਪ੍ਰਤੀ ਅਸਹਿਮਤੀ ਪ੍ਰਗਟਾਏ ਜਾਣ ਅਤੇ ਅਪੀਲੀ ਟ੍ਰਾਈਬਿਊਨਲ ਕੋਲੋਂ ਨਿਆਂ ਮੰਗੇ ਜਾਣ ਉੱਤੇ ‘ਕੱਟਾਂ’ ਦੀ ਗਿਣਤੀ ਘਟਣ ਦੀ ਥਾਂ ਵਧਦੀ ਗਈ। ਮਾਮਲਾ ਬੰਬਈ ਹਾਈਕੋਰਟ ਕੋਲ ਜਾ ਪਹੁੰਚਿਆ। ਉਸ ਦੀ ਹਦਾਇਤ ’ਤੇ ਫ਼ਿਲਮ ਨੂੰ ਪ੍ਰਮਾਣ ਪੱਤਰ ਜਾਰੀ ਕਰਨ ਦਾ ਅਮਲ ਮੁੜ ਵਿਚਾਰੇ ਜਾਣ ਦੇ ਬਾਵਜੂਦ ‘ਕੱਟਾਂ’ ਦੀ ਸੰਖਿਆ 127 ਉੱਤੇ ਜਾ ਪਹੁੰਚੀ। ਫ਼ਿਲਮ ਨਿਰਮਾਤਾਵਾਂ ਨੇ ਇਸ ਨੂੰ ਨਾਇਨਸਾਫ਼ੀ ਮੰਨਦਿਆਂ ਫ਼ਿਲਮ ਨੂੰ ਵੱਡੇ ਪਰਦੇ ਉੱਤੇ ਰਿਲੀਜ਼ ਨਾ ਕਰਨ ਦਾ ਫ਼ੈਸਲਾ ਲਿਆ। ਇਸ ਲਈ ਓ.ਟੀ.ਟੀ. ਪਲੈਟਫ਼ਾਰਮ ਦੀ ਚੋਣ ਸ਼ਾਇਦ ਇਸ ਆਧਾਰ ਉੱਤੇ ਕੀਤੀ ਗਈ ਕਿ ਇਨ੍ਹਾਂ ਪਲੈਟਫ਼ਾਰਮਾਂ ਲਈ ਪ੍ਰੋਗਰਾਮਾਂ ਨੂੰ ਸੈਂਸਰ ਕਰਵਾਉਣ ਦੀ ਕਾਨੂੰਨੀ ਧਾਰਾ ਅਜੇ ਵਜੂਦ ਵਿਚ ਨਹੀਂ ਆਈ। ਫ਼ਿਲਮ ਨਿਰਮਾਤਾਵਾਂ ਨੂੰ ਡਰ ਸੀ ਕਿ ਜੇ ਫ਼ਿਲਮ ‘ਪੰਜਾਬ 95’ ਦੇ ਨਾਂਅ ਹੇਠ ਰਿਲੀਜ਼ ਕੀਤੀ ਗਈ ਤਾਂ ਇਸ ਰਿਲੀਜ਼ ਨੂੰ ਰੁਕਵਾਉਣ ਦੀਆਂ ਕੋਸ਼ਿਸ਼ਾਂ ਹੋਣਗੀਆਂ। ਇਸੇ ਲਈ ਨਾਮ ਬਦਲ ਕੇ ‘ਸਤਲੁਜ’ ਕੀਤਾ ਗਿਆ ਅਤੇ ਫਿਰ ਬਿਨਾਂ ਕਿਸੇ ਪ੍ਰਚਾਰ ਦੇ ਰਿਲੀਜ਼ ਕਰ ਦਿਤਾ ਗਿਆ। ਕਿਉਂਕਿ ਇਹ ਫ਼ਿਲਮ ਬਿਨਾਂ ਕਿਸੇ ਕੱਟ ਤੋਂ ਸੀ, ਇਸ ਨੂੰ ਹੁੰਗਾਰਾ ਵੀ ਬੇਮਿਸਾਲ ਮਿਲਿਆ। ਉਸ ਤੋਂ ਬਾਅਦ ਹਕੂਮਤ ਦਾ ਜੋ ਜਵਾਬ ਰਿਹਾ, ਉਹ ਸਾਡੇ ਸਾਹਮਣੇ ਹੀ ਹੈ। 

ਸਰਕਾਰ ਨੇ ਫ਼ਿਲਹਾਲ ਅਪਣੇ ਤੌਰ ’ਤੇ ਇਸ ਫ਼ਿਲਮ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਪਰ ਸਰਕਾਰੀ ਹਲਕਿਆਂ ਵਲੋਂ ਅਸਿੱਧੇ ਤੌਰ ’ਤੇ ਇਹੋ ਕਿਹਾ ਗਿਆ ਹੈ ਕਿ ਫ਼ਿਲਮ ‘‘ਭਾਰਤ ਵਿਰੋਧੀ ਪ੍ਰਚਾਰ ਵਿਚ ਬਾਹਰੀ ਤੱਤਾਂ ਵਾਸਤੇ ਮਦਦਗਾਰ ਸਿੱਧ ਹੋ ਸਕਦੀ ਸੀ, ਇਸ ਕਰ ਕੇ ਇਸ ਦੇ ਭਾਰਤ ਅੰਦਰ ਪ੍ਰਦਰਸ਼ਨ ਨੂੰ ਰੋਕ ਦਿਤਾ ਗਿਆ ਹੈ।’’ ‘ਬਾਹਰੀ ਤੱਤਾਂ ਵਾਸਤੇ ਮਦਦਗਾਰ’ ਵਾਲਾ ਤਰਕ ਹਾਸੋਹੀਣਾ ਹੈ। ਜ਼ਾਹਿਰ ਹੈ ਕਿ ਭਾਰਤੀ ਹੱਦਾਂ ਤੋਂ ਬਾਹਰ ਇਹ ਫ਼ਿਲਮ, ਦਰਸ਼ਕਾਂ ਲਈ ਅਜੇ ਵੀ ਓ.ਟੀ.ਟੀ. ਪਲੈਟਫ਼ਾਰਮ ਉੱਤੇ ਉਪਲਬਧ ਹੈ। ਸਰਕਾਰੀ ਕਾਰਵਾਈ ਦੀਆਂ ਸੀਮਾਵਾਂ ਦਾ ਲਾਭ, ਓ.ਟੀ.ਟੀ ਚੈਨਲ ਕਿੰਨਾ ਕੁ ਲੈਂਦਾ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ। ਜ਼ੀ5 ਚੈਨਲ, ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਿਜ਼ ਲਿਮਟਿਡ (ਜ਼ੀਲ) ਗਰੁੱਪ ਦਾ ਹਿੱਸਾ ਹੈ। ਸੁਭਾਸ਼ ਚੰਦਰ ਗੋਇਨਕਾ ਵਲੋਂ ਪਰੋਮੋਟ ਕੀਤੇ ਇਸ ਗਰੁੱਪ ਦਾ ਸੀ.ਈ.ਓ. ਪੁਨੀਤ ਗੋਇਨਕਾ, ਸੁਭਾਸ਼ ਚੰਦਰ ਦਾ ਹੀ ਪੁੱਤਰ ਹੈ। ਸੁਭਾਸ਼ ਚੰਦਰ ਕਦੇ ਭਾਰਤੀ ਜਨਤਾ ਪਾਰਟੀ ਦਾ ਕੱਟੜ ਹਮਾਇਤੀ ਸੀ। ਉਸ ਨੂੰ ਇਕ ਦਹਾਕਾ ਪਹਿਲਾਂ ਭਾਜਪਾ ਨੇ ਹਰਿਆਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਵਿਵਾਦਿਤ ਢੰਗ ਨਾਲ ਰਾਜ ਸਭਾ ਦੀ ਚੋਣ ਜਿਤਾਈ ਸੀ। ਹੁਣ ਵੀ ਇਸ ਦੇ ਨਿਊਜ਼ ਚੈਨਲ ‘ਗੋਦੀ ਮੀਡੀਆ’ ਦਾ ਹਿੱਸਾ ਮੰਨੇ ਜਾਂਦੇ ਹਨ। ਵਿੱਤੀ ਤੌਰ ’ਤੇ ਇਹ ਗਰੁੱਪ ਸੰਕਟਾਂ ਨਾਲ ਜੂਝਦਾ ਆਇਆ ਹੈ। ਲਿਹਾਜ਼ਾ, ਇਸ ਵਲੋਂ ਸਰਕਾਰੀ ਦਬਾਅ ਅੱਗੇ ਝੱਟ ਝੁਕ ਜਾਣਾ ਸੁਭਾਵਿਕ ਹੀ ਹੈ। ਬਾਕੀ ਜੋ ਰਾਜਸੀ ਦ੍ਰਿਸ਼ਾਵਲੀ ਹੈ, ਉਸ ਵਿਚ ਭਾਜਪਾ ਇਸ ਮਾਮਲੇ ਬਾਰੇ ਖ਼ਾਮੋਸ਼ ਰਹੇਗੀ; ਇਹ ਵੀ ਸਾਨੂੰ ਪਤਾ ਹੈ। ਖਾਲੜਾ ਨਾਲ ਜੋ ਕੁਝ ਵਾਪਰਿਆ, ਉਹ ਕਾਂਗਰਸੀ ਹਕੂਮਤਾਂ ਵੇਲੇ ਵਾਪਰਿਆ। ਇਸ ਕਾਰਨ ਇਹ ਪਾਰਟੀ ਵੀ ‘ਸਤਲੁਜ’ ਦੀ ਹੋਣੀ ਬਾਰੇ ਕੁਝ ਨਹੀਂ ਬੋਲੇਗੀ। ਬਾਕੀ ਧਿਰਾਂ ਵੀ ਮੌਜੂਦਾ ਅੰਧਰਾਸ਼ਟਰਵਾਦੀ ਮਾਹੌਲ ਵਿਚ ਮੂੰਹ ਜ਼ਿਆਦਾ ਖੋਲ੍ਹਣ ਤੋਂ ਗੁਰੇਜ਼ ਕਰਨਗੀਆਂ। ਅਸਹਿਮਤੀ ਦੇ ਅਧਿਕਾਰ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਵੀ ਆਪ-ਵਿਰੋਧੀ ਆਉਂਦੇ ਰਹੇ ਹਨ। ਅਜਿਹੇ ਸਾਰੇ ਆਲਮ ਦੇ ਬਾਵਜੂਦ ਡਿਜੀਟਲ ਦੌਰ ਵਿਚ ਜੋ ਇਕ ਵਾਰ ਨਸ਼ਰ ਹੋ ਗਿਆ, ਉਹ ਸਰਕੁਲੇਟ ਹੋਣਾ ਬੰਦ ਨਹੀਂ ਹੁੰਦਾ। ਲਿਹਾਜ਼ਾ, ‘ਸਤਲੁਜ’ ਦੇ ਪ੍ਰਦਰਸ਼ਨ ਤੇ ਪ੍ਰਸਾਰਨ ਨੂੰ ਦਬਾਉਣ ਦੀ ਕਾਰਵਾਈ ਬੇਮਾਅਨਾ ਵੀ ਹੈ ਅਤੇ ਅਹਿਮਕਾਨਾ ਵੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੇਅੰਤ ਸਿੰਘ ਦੇ ਕਤਲ ਮਾਮਲੇ 'ਚ MHA ਦੇ Ex. ਅਧਿਕਾਰੀ ਦਾ ਵੱਡਾ ਖੁਲਾਸਾ

15 Jul 2026 2:55 PM

'ਸਤਲੁਜ' ਫਿਲਮ 'ਤੇ Ravneet Bittu LIVE | "ਖਾਲੜਾ ਸਾਬ੍ਹ ਨਾਲ ਕੋਈ ਦਿੱਕਤ ਨਹੀਂ, ਪਰ..." | Press Conference

13 Jul 2026 2:55 PM

ਕੈਬ ਐਸੋਸੀਏਸ਼ਨ ਵਾਲਿਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ, ਭਾਰੀ ਪੁਲਿਸ ਫੋਰਸ ਤਾਇਨਾਤ

13 Jul 2026 2:56 PM

ਫਿਲਮ 'ਸਤਲੁਜ' ਵਿਵਾਦ ਮਾਮਲੇ 'ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ

12 Jul 2026 2:49 PM

PM Modi ਦਾ New Zealand ਚ ਸਿੱਖ ਵਿਰੋਧੀ ਤੱਤਾ ਨੂੰ ਕਰਾਰਾ ਜਵਾਬ,ਸਿੱਖਾਂ ਦੀ ਸੇਵਾ ਅਤੇ ਸਾਹਸ ਪੂਰੀ ਦੁਨੀਆ ਲਈ ਮਿਸਾਲ

12 Jul 2026 2:48 PM
Advertisement