ਖ਼ਬਰਾਂ |

ਤਾਜ਼ਾ |

ਭਾਜਪਾ ਲਈ ਚਿਤਾਵਨੀ ਹੈ ਬਾਂਕੀਪੁਰ ਦਾ ਚੋਣ ਨਤੀਜਾ
Published : Aug 5, 2026, 6:55 am IST
Updated : Aug 6, 2026, 7:25 am IST
SHARE ARTICLE
The Bankipur election result is a warning for the BJP.
The Bankipur election result is a warning for the BJP.

ਭਾਜਪਾ ਲਈ ਚਿਤਾਵਨੀ ਹੈ ਬਾਂਕੀਪੁਰ ਦਾ ਚੋਣ ਨਤੀਜਾ

ਅੰਗਰੇਜ਼ੀ ਦੀ ਇਕ ਕਹਾਵਤ ਹੈ ਕਿ ‘‘ਇਕ ਅਬਾਬੀਲ ਦਾ ਆਉਣਾ ਹੁਨਾਲਾਂ ਦੀ ਆਮਦ ਦੀ ਨਿਸ਼ਾਨੀ ਨਹੀਂ।’’ ਪਰ ਬਿਹਾਰ ਦੇ ਬਾਂਕੀਪੁਰ ਵਿਧਾਨ ਸਭਾ ਹਲਕੇ ਤੋਂ ਜਨ ਸੁਰਾਜ ਪਾਰਟੀ (ਜੇ.ਐਸ.ਪੀ.) ਦੇ ਨੇਤਾ ਪ੍ਰਸ਼ਾਂਤ ਕਿਸ਼ੋਰ ਦੀ ਜਿੱਤ ਉਪਰੋਕਤ ਮੁਹਾਵਰੇ ਦੇ ਅਰਥ ਬਦਲਣ ਵਾਲੀ ਸਾਬਤ ਹੋ ਸਕਦੀ ਹੈ। ਪੀ.ਕੇ. ਵਜੋਂ ਜਾਣੇ ਜਾਂਦੇ ਪ੍ਰਸ਼ਾਂਤ ਕਿਸ਼ੋਰ ਉਪਰੋਕਤ ਜਿੱਤ ਰਾਹੀਂ ਪੂਰੇ ਦੇਸ਼ ਵਿਚ ਜਨ ਸੁਰਾਜ ਪਾਰਟੀ ਦੇ ਪਲੇਠੇ ਵਿਧਾਇਕ ਬਣੇ ਹਨ। ਇਸ ਪਾਰਟੀ ਦੀਆਂ ਸ਼ਾਖਾਵਾਂ ਭਾਵੇਂ ਤਕਰੀਬਨ ਸਾਰੇ ਰਾਜਾਂ ਤੇ ਕੇਂਦਰੀ ਪ੍ਰਦੇਸ਼ਾਂ ਵਿਚ ਹਨ, ਫਿਰ ਵੀ ਚੁਣਾਵੀ ਅਖਾੜੇ ਵਿਚ ਪਹਿਲੀ ਵਾਰ ਇਸ ਨੇ ਪੈਰ ਅੱਠ ਮਹੀਨੇ ਪਹਿਲਾਂ ਬਿਹਾਰ ਵਿਧਾਨ ਸਭਾ ਚੋਣਾਂ ਵੇਲੇ ਪਾਇਆ ਸੀ। ਉਨ੍ਹਾਂ ਵਿਚ ਇਸ ਨੂੰ ਇਕ ਵੀ ਜਿੱਤ ਹਾਸਿਲ ਨਹੀਂ ਸੀ ਹੋਈ ਬਲਕਿ ਇਸ ਦੇ 90 ਫ਼ੀਸਦੀ ਉਮੀਦਵਾਰ ਜ਼ਮਾਨਤਾਂ ਜ਼ਬਤ ਕਰਵਾ ਬੈਠੇ ਸਨ। ਅਜਿਹੀ ਸ਼ੁਰੂਆਤ ਤੋਂ ਅੱਠ ਮਹੀਨਿਆਂ ਦੇ ਅੰਦਰ ਇਸ ਵਲੋਂ ਜ਼ਿਮਨੀ ਚੋਣ ਵਿਚ ਜਿੱਤ ਪ੍ਰਾਪਤ ਕਰਨੀ ਅਤੇ 35 ਵਰਿ੍ਹਆਂ ਤੋਂ ਭਾਜਪਾ ਦਾ ਗੜ੍ਹ ਮੰਨੇ ਜਾਂਦੇ ਹਲਕੇ ਵਿਚ ਉਸ ਪਾਰਟੀ ਨੂੰ ਫ਼ੈਸਲਾਕੁਲ ਢੰਗ ਨਾਲ ਹਰਾਉਣਾ ਹੁਕਮਰਾਨ ਭਾਰਤੀ ਜਨਤਾ ਪਾਰਟੀ ਲਈ ਤਾਂ ਇਕ ਸਬਕ ਹੈ ਹੀ, ਹੋਰਨਾਂ ਰਵਾਇਤੀ ਸਿਆਸੀ ਪਾਰਟੀਆਂ ਲਈ ਵੀ ਚਿੰਤਨ-ਮੰਥਨ ਦਾ ਗੰਭੀਰ ਵਿਸ਼ਾ ਹੈ। ਭਾਜਪਾ ਲਈ ਤਾਂ ਇਹ ਹਾਰ ਹੋਰ ਵੀ ਵੱਧ ਨਮੋਸ਼ੀਜਨਕ ਹੈ ਕਿਉਂਕਿ ਇਹ ਸੀਟ ਉਸ ਦੇ ਮੌਜੂਦਾ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਅਪਣੀਆਂ ਰਾਸ਼ਟਰ-ਵਿਆਪੀ ਜ਼ਿੰਮੇਵਾਰੀਆਂ ਬਿਹਤਰ ਢੰਗ ਨਾਲ ਨਿਭਾਉਣ ਦੇ ਉਦੇਸ਼ ਨਾਲ ਖ਼ਾਲੀ ਕੀਤੀ ਸੀ। ਉਹ ਵੀ ਇਸ ਵਿਸ਼ਵਾਸ ਨਾਲ ਕਿ ਇਹ ਹਲਕਾ ਭਾਜਪਾ ਦਾ ਗੜ੍ਹ ਬਣਿਆ ਰਹੇਗਾ। ਪਰ ਹੋਇਆ ਇਸ ਤੋਂ ਉਲਟ।

ਪ੍ਰਸ਼ਾਂਤ ਕਿਸ਼ੋਰ ਪੇਸ਼ੇ ਵਜੋਂ ਚੁਣਾਵੀ ਪੰਡਿਤ ਹਨ। ਛੇ ਵਰ੍ਹੇ ਪਹਿਲਾਂ ਤਕ ਉਹ ਜਨਤਾ ਦਲ (ਯੂਨਾਈਟਿਡ) ਦੇ ਨੇਤਾ ਨਿਤੀਸ਼ ਕੁਮਾਰ ਦੇ ਨਜ਼ਦੀਕੀ ਸਹਿਯੋਗੀ ਸਨ। ਉਹ ਰਾਜਸੀ ਦਲਾਂ ਦੀਆਂ ਚੋਣ ਰਣਨੀਤੀਆਂ ‘ਡਿਜ਼ਾਈਨ’ ਕਰਨ ਅਤੇ ਪ੍ਰਚਾਰ ਮੁਹਿੰਮਾਂ ਲਈ ਢੁਕਵੀਂ ਸੇਧ ਪ੍ਰਦਾਨ ਕਰਨ ਵਰਗੇ ਹੁਨਰਾਂ ਲਈ ਜਾਣੇ ਜਾਂਦੇ ਹਨ। ਨਿਤੀਸ਼ ਕੁਮਾਰ ਨਾਲੋਂ ਤੋੜ-ਵਿਛੋੜੇ ਮਗਰੋਂ ਉਨ੍ਹਾਂ ਨੇ ਕਾਂਗਰਸ, ਤ੍ਰਿਣਮੂਲ ਕਾਂਗਰਸ ਪਾਰਟੀ (ਟੀ.ਐਮ.ਸੀ.) ਅਤੇ ਡੀ.ਐਮ.ਕੇ. ਲਈ ਪ੍ਰਚਾਰ ਮੁਹਿੰਮਾਂ ਲਾਮਬੰਦ ਕੀਤੀਆਂ। ਇਕ ਸਮੇਂ ਪੰਜਾਬ ਕਾਂਗਰਸ ਨੇ ਵੀ ਉਨ੍ਹਾਂ ਦੀਆਂ ਸੇਵਾਵਾਂ ਦਾ ਲਾਭ ਲੈਣ ਦੀ ਕੋਸ਼ਿਸ਼ ਕੀਤੀ ਸੀ। ਇਹ ਹੁਣ ਵੀ ਮੰਨਿਆ ਜਾਂਦਾ ਹੈ ਕਿ ਧਰਤੀ ਉੱਤੇ ਕੰਨ ਧਰ ਕੇ ਜ਼ਮੀਨੀ ਹਕੀਕਤਾਂ ਦਾ ਜਾਇਜ਼ਾ ਲੈਣ ਦੀ ਜੋ ਕਲਾ ਉਨ੍ਹਾਂ ਕੋਲ ਹੈ, ਉਹ ਬਹੁਤ ਘੱਟ ਚੁਣਾਵੀ ਪੰਡਿਤਾਂ ਦੇ ਹਿੱਸੇ ਆਈ ਹੈ। ਬਾਂਕੀਪੁਰ ਤੋਂ ਚੋਣ ਲੜਨ ਦਾ ਫ਼ੈਸਲਾ ਵੀ ਉਪਰੋਕਤ ਕਲਾ ਦਾ ਹੀ ਨਤੀਜਾ ਸੀ। ਨਿਤੀਸ਼ ਕੁਮਾਰ ਦੀ ਥਾਂ ਭਾਜਪਾ ਦੇ ਸਮਰਾਟ ਚੌਧਰੀ ਨੂੰ ਮੁੱਖ ਮੰਤਰੀ ਬਣਾਏ ਜਾਣ ਤੋਂ ਜਨਤਾ ਦਲ (ਯੂਨਾਈਟਿਡ) ਦੇ ਕਾਡਰ ਅੰਦਰ ਉਪਜੀ ਨਾਖ਼ੁਸ਼ੀ ਨੂੰ ਉਨ੍ਹਾਂ ਨੇ ਭਾਂਪ ਲਿਆ ਸੀ। ਉਸ ਮਗਰੋਂ ‘ਨੀਟ’ ਪ੍ਰੀਖਿਆ ਦਾ ਪਰਚਾ ਲੀਕ ਹੋਣ ਤੋਂ ਨੌਜਵਾਨ ਪੀੜ੍ਹੀ, ਖ਼ਾਸ ਕਰ ਵਿਦਿਆਰਥੀ ਵਰਗ ਅੰਦਰ ਉਪਜੇ ਰੋਹ ਤੋਂ ਵੀ ਉਹ ਚੰਗੀ ਤਰ੍ਹਾਂ ਵਾਕਫ਼ ਸਨ। ਬਾਂਕੀਪੁਰ ਹਲਕਾ ਪਟਨਾ ਮਹਾਂਨਗਰ ਦਾ ਹੀ ਹਿੱਸਾ ਹੈ। ਇਹ ਸ਼ਹਿਰ ਕੋਚਿੰਗ ਸੈਂਟਰਾਂ ਦਾ ਗੜ੍ਹ ਹੈ। ‘ਨੀਟ’ ਦਾ ਪਰਚਾ ਰੱਦ ਕਰ ਕੇ ਪੁਨਰ-ਪ੍ਰੀਖਿਆ ਲੈਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਤੋਂ ਵਿਦਿਆਰਥੀ ਵਰਗ ਵਿਚ ਗੁੱਸਾ ਉਪਜਣਾ ਸੁਭਾਵਿਕ ਹੀ ਸੀ। ਬਾਂਕੀਪੁਰ ਜ਼ਿਮਨੀ ਚੋਣ, ਭਾਜਪਾ ਪ੍ਰਤੀ ਗੁੱਸੇ ਦੇ ਇਜ਼ਹਾਰ ਲਈ ਸੁਨਹਿਰੀ ਮੌਕਾ ਸੀ। ਅਜਿਹੇ ਜਜ਼ਬੇ ਨੂੰ ਪ੍ਰਸ਼ਾਂਤ ਕਿਸ਼ੋਰ ਨੇ ਝੱਟ ਪਛਾਣ ਲਿਆ ਅਤੇ ਇਸ ਹਲਕੇ ਤੋਂ ਨਾਮਜ਼ਦਗੀ ਭਰ ਕੇ ਸਾਧਾਰਨ ਜਾਪਣ ਵਾਲੀ ਜ਼ਿਮਨੀ ਚੋਣ ਨੂੰ ਅਸਾਧਾਰਨ ਤੇ ਵੱਕਾਰੀ ਰਾਜਸੀ ਟੱਕਰ ਵਿਚ ਬਦਲ ਦਿਤਾ। ਜੰਤਰ ਮੰਤਰ, ਨਵੀਂ ਦਿੱਲੀ ਵਿਚ ਸੀ.ਜੇ.ਪੀ. ਦੇ ਧਰਨੇ ਤੇ ਸਤਿਆਗ੍ਰਹਿ, ਇਨ੍ਹਾਂ ਸਤਿਆਗ੍ਰਹੀਆਂ ਖ਼ਿਲਾਫ਼ ਪੁਲੀਸ ਕਾਰਵਾਈ ਅਤੇ ਫਿਰ ਪਟਨਾ ਵਿਚ ਵੀ ਅਜਿਹੇ ਹੀ ਸਤਿਆਗ੍ਰਹੀਆਂ ਉੱਤੇ ਗੋਲੀ ਚਲਾਏ ਜਾਣ ਵਰਗੀਆਂ ਘਟਨਾਵਾਂ ਨੇ ਪੀ.ਕੇ. ਦੀ ਚੁਣਾਵੀ-ਮੁਹਿੰਮ ਨੂੰ ਭਾਜਪਾ-ਵਿਰੋਧੀ ਲਹਿਰ ਵਿਚ ਬਦਲ ਦਿਤਾ। ਉਪਰੋਂ ਭਾਜਪਾ ਲੀਡਰਸ਼ਿਪ ਦਾ ਹੁਕਮਰਾਨੀ ਹੈਂਕੜ! ਚੋਣ ਪ੍ਰਚਾਰ ਮੁਹਿੰਮ ਦੇ ਮੁੱਢ ਵਿਚ ਹੀ ਇਕ ਭਾਜਪਾਈ ਮੰਤਰੀ ਇਹ ਐਲਾਨ ਕਰ ਗਿਆ ਕਿ ਪਾਰਟੀ ਜੇਕਰ ਕੁੱਤੇ-ਬਿੱਲੇ ਨੂੰ ਵੀ ਟਿਕਟ ਦੇ ਦੇਵੇ ਤਾਂ ਬਾਂਕੀਪੁਰ ਵਿਚ ਜਿੱਤ ਉਸ ਦੀ ਹੀ ਹੋਵੇਗੀ। ਉਸ ਰਾਜਨੇਤਾ ਨੇ ਇਹ ਟਿੱਪਣੀ ਭਾਵੇਂ ਅਭਿਸ਼ੇਕ ਸਿਨਹਾ ਦੀ ਥਾਂ ਨੀਰਜ ਸਿਨਹਾ ਨੂੰ ਭਾਜਪਾ ਉਮੀਦਵਾਰ ਬਣਾਉਣ ਤੋਂ ਅਭਿਸ਼ੇਕ ਦੇ ਹਮਾਇਤੀਆਂ ਅੰਦਰ ਉਪਜੇ ਰੋਸ ਦੇ ਪ੍ਰਸੰਗ ਵਿਚ ਕੀਤੀ ਸੀ, ਫਿਰ ਵੀ ਇਸ ਨੂੰ ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਅੰਦਰਲੇ ਹੈਂਕੜ ਨੂੰ ਦਰਸਾਉਣ ਲਈ ਡੱਟ ਕੇ ਪ੍ਰਚਾਰਿਆ। ਅਜਿਹੇ ਪ੍ਰਚਾਰ ਤੇ ਇਸ ਨਾਲ ਜੁੜੇ ਹਾਲਾਤ ਨੇ ਜਿੱਥੇ ਭਾਜਪਾ ਦੇ ਰਵਾਇਤੀ ਵੋਟਰਾਂ ਅੰਦਰ ਉਦਾਸੀਨਤਾ ਉਪਜਾਈ, ਉੱਥੇ ਭਾਜਪਾ-ਵਿਰੋਧੀਆਂ ਨੂੰ ਪੀ.ਕੇ. ਦੇ ਹੱਕ ਵਿਚ ਡੱਟ ਕੇ ਭੁਗਤਣ ਵਾਸਤੇ ਲਾਮਬੰਦ ਕੀਤਾ।

ਬਾਂਕੀਪੁਰ ਦਾ ਨਤੀਜਾ ਇਸ ਅਸਲੀਅਤ ਵਲ ਸਿੱਧੀ ਸੈਨਤ ਹੈ ਕਿ ਭਾਜਪਾ ਦਾ ਰਵਾਇਤੀ ਵੋਟਰ, ਖ਼ਾਸ ਕਰ ਨੌਜਵਾਨ ਵਰਗ, ਸਿਰਫ਼ ਨਰਿੰਦਰ ਮੋਦੀ ਦੇ ਨਾਂਅ ’ਤੇ ਵੋਟਾਂ ਪਾਉਣ ਦੇ ਰੌਂਅ ਵਿਚ ਨਹੀਂ। ਨੌਜਵਾਨੀ ਪਿਛਲੇ 12 ਵਰਿ੍ਹਆਂ ਤੋਂ ਸ੍ਰੀ ਮੋਦੀ ਦੇ ਨਿੱਤ ਦੇ ਬਚਨ ਬਿਲਾਸ ਤੋਂ ਅਕੇਵਾਂ ਮਹਿਸੂਸ ਕਰਨ ਲੱਗੀ ਹੈ। ਉਹ ਸ਼ਬਦਾਂ ਵਾਲੇ ਭਰਮ-ਜਾਲ ਦੀ ਥਾਂ ਕਰਮ-ਜਾਲ ਦੇਖਣਾ ਲੋਚਣ ਲੱਗੀ ਹੈ। ਉਸ ਦੀਆਂ ਇੱਛਾਵਾਂ-ਉਮਾਹਾਂ ਨੂੰ ਇੰਸਟਾਗ੍ਰਾਮ ਜਾਂ ਹੋਰਨਾਂ ਸੋਸ਼ਲ ਮੀਡੀਆ ਮੰਚਾਂ ਉੱਤੇ ਪ੍ਰਚਾਰਕਨੁਮਾ ਭਾਸ਼ਨਬਾਜ਼ੀ ਰਾਹੀਂ ਸ਼ਾਂਤ ਨਹੀਂ ਕੀਤਾ ਜਾ ਸਕਦਾ। ਬਾਂਕੀਪੁਰ ਤੋਂ ਪੀ.ਕੇ. ਦੀ ਜਿੱਤ ਦੇ ਉਪਰੋਕਤ ਅਰਥ ਪੜ੍ਹਨੇ ਤੇ ਗੁੜ੍ਹਨੇ ਭਾਜਪਾ ਲਈ ਸਾਰਥਿਕ ਸਿੱਧ ਹੋ ਸਕਦੇ ਹਨ। ਪਰ ਕੀ ਇਹ ਪਾਰਟੀ ਜ਼ਮੀਨੀ ਹਕੀਕਤਾਂ ਜਾਣਨ ਦਾ ਸੰਜੀਦਾ ਯਤਨ ਕਰੇਗੀ?

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement