ਖ਼ਬਰਾਂ |

ਤਾਜ਼ਾ |

ਖਿੰਡਦੀ ਜਾ ਰਹੀ ਹੈ ਮਮਤਾ ਬੈਨਰਜੀ ਦੀ ਪਾਰਟੀ 

By : NIMRAT

Published : Jun 5, 2026, 7:27 am IST
Updated : Jun 5, 2026, 7:47 am IST
SHARE ARTICLE
Mamata Banerjee's party is falling apart.
Mamata Banerjee's party is falling apart.

ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਪਾਰਟੀ (ਟੀਐਮਸੀ) ਜਿੰਨੀ ਤੇਜ਼ੀ ਨਾਲ ਬਿਖਰੀ ਹੈ,

ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਪਾਰਟੀ (ਟੀਐਮਸੀ) ਜਿੰਨੀ ਤੇਜ਼ੀ ਨਾਲ ਬਿਖਰੀ ਹੈ, ਉਸ ਦਾ ਸਿਆਸੀ ਪੰਡਿਤਾਂ ਤੋਂ ਇਲਾਵਾ ਉਸ ਪਾਰਟੀ ਦੇ ਕਾਡਰ ਨੇ ਵੀ ਕਿਆਸ ਤੱਕ ਨਹੀਂ ਸੀ ਕੀਤਾ। ਕੋਲਕਾਤਾ ਦੇ ਮੇਅਰ ਸਮੇਤ 28 ਮਿਉਂਸਿਪਲ ਬਾਡੀਜ਼ ਦੇ ਮੁਖੀ 15 ਦਿਨ ਪਹਿਲਾਂ ਆਪੋ ਅਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਗਏ ਸਨ। ਉਨ੍ਹਾਂ ਤੋਂ ਬਾਅਦ ਦਰਜਨਾਂ ਮਿਉਂਸਿਪਲ ਕੌਂਸਲਰਾਂ ਤੇ ਕਾਰਪੋਰੇਟਰਾਂ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ ਸੀ। ਹੁਣ ਬੁੱਧਵਾਰ ਨੂੰ ਪਾਰਟੀ ਦੇ 78 ਵਿਚੋਂ 58 ਵਿਧਾਇਕਾਂ ਨੇ ਵੱਖਰਾ ਗੁੱਟ ਬਣਾ ਕੇ ਖ਼ੁਦ ਨੂੰ ‘ਅਸਲੀ’ ਟੀ.ਐਮ.ਸੀ. ਘੋਸ਼ਿਤ ਕਰ ਦਿਤਾ ਹੈ। ਉਨ੍ਹਾਂ ਨੇ ਵਖਰੇ ਗੁੱਟ ਵਜੋਂ ਵਿਧਾਨ ਸਭਾ ਸਪੀਕਰ ਪਾਸੋਂ ਮਾਨਤਾ ਵੀ ਹਾਸਲ ਕਰ ਲਈ ਹੈ।

ਇਨ੍ਹਾਂ 58 ਵਿਧਾਇਕਾਂ ਨੇ ਆਤਿਸ਼ਮਿਜ਼ਾਜ ਆਗੂ ਰੀਤਾਬ੍ਰਤ ਬੈਨਰਜੀ ਨੂੰ ਅਪਣਾ ਨੇਤਾ ਚੁਣਿਆ ਹੈ ਅਤੇ ਸਪੀਕਰ ਰਥਿੰਦ੍ਰ ਬੋਸ ਨੂੰ ਬੇਨਤੀ ਕੀਤੀ ਹੈ ਕਿ ਰੀਤਾਬ੍ਰਤ ਨੂੰ ਹੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਮਾਨਤਾ ਦਿਤੀ ਜਾਵੇ। ਉਨ੍ਹਾਂ ਦਾ ਦਾਅਵਾ ਹੈ ਕਿ ਸਪੀਕਰ ਨੇ ਉਨ੍ਹਾਂ ਦੀ ਦਰਖ਼ਾਸਤ ਪ੍ਰਵਾਨ ਕਰ ਲਈ ਹੈ। ਅਪਣੇ 28 ਵਰਿ੍ਹਆਂ ਦੇ ਇਤਿਹਾਸ ਦੌਰਾਨ ਇਹ ਪਹਿਲੀ ਵਾਰ ਹੈ ਜਦੋਂ ਤ੍ਰਿਣਮੂਲ ਕਾਂਗਰਸ ਦੀ ਇੰਨੇ ਵਿਆਪਕ ਪੱਧਰ ’ਤੇ ਟੁੱਟ-ਭੱਜ ਹੋਈ ਹੈ ਅਤੇ ਮਮਤਾ ਬੈਨਰਜੀ ਦੀ ਲੀਡਰਸ਼ਿਪ ਨੂੰ ਸਿੱਧੀ ਚੁਣੌਤੀ ਮਿਲੀ ਹੈ। ਇਹ ਵੀ ਕਿਆਸਆਰਾਈਆਂ ਚੱਲ ਰਹੀਆਂ ਹਨ ਕਿ ਇਸੇ ਤਰਜ਼ ਦਾ ਅਪਰੇਸ਼ਨ ਦਿੱਲੀ ਵਿਚ ਵੀ ਜਾਰੀ ਹੈ ਅਤੇ ਉੱਥੇ ਵੀ ਤ੍ਰਿਣਮੂਲ ਕਾਂਗਰਸ ਦੇ ਲੋਕ ਸਭਾ ਮੈਂਬਰਾਂ ਦਾ ਇਕ ਵੱਡਾ ਗੁੱਟ ਵੱਖਰੇ ਧੜੇ ਵਲੋਂ ਮਾਨਤਾ ਹਾਸਿਲ ਕਰਨ ਦੀਆਂ ਤਿਆਰੀਆਂ ਵਿਚ ਹੈ।

ਅਜਿਹਾ ਸਮੁੱਚਾ ਰਾਜਸੀ ਘਟਨਾਕ੍ਰਮ ਦਰਸਾਉਂਦਾ ਹੈ ਕਿ ਸਿਆਸੀ ਵਫ਼ਾਦਾਰੀਆਂ ਹੁਣ ਅਪਣੇ ਅਰਥ ਗੁਆ ਚੁੱਕੀਆਂ ਹਨ ਅਤੇ ਰਾਜਸੀ ਤੇ ਮਾਇਕ ਲੋਭ ਹੀ ਸਿਆਸੀ ਜੀਵਨ ਵਿਚ ਸਰਬ-ਪ੍ਰਮੁਖ ਹੋ ਚੁੱਕੇ ਹਨ। ਰੀਤਾਬ੍ਰਤ ਬੈਨਰਜੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧੜੇ ਦਾ ਭਾਜਪਾ ਦੇ ਖ਼ੇਮੇ ਨਾਲ ਵਜੋ-ਵਾਸਤਾ ਰੱਖਣ ਦਾ ਕੋਈ ਇਰਾਦਾ ਨਹੀਂ। ਫ਼ਿਲਹਾਲ, ਉਨ੍ਹਾਂ ਦੀ ਲੜਾਈ ਮਮਤਾ ਬੈਨਰਜੀ ਦੇ ‘ਲਾਡਲੇ’ ਭਤੀਜੇ ਅਭਿਸ਼ੇਕ ਬੈਨਰਜੀ ਵਲੋਂ ਪਾਰਟੀ ਵਿਚ ਪੈਦਾ ਕੀਤੀਆਂ ਕੁਰੀਤੀਆਂ ਨਾਲ ਹੈ। ਇਹ ਤਾਂ ਸਾਫ਼ ਹੈ ਕਿ ਅਭਿਸ਼ੇਕ ਦੀਆਂ ਜ਼ਿਆਦਤੀਆਂ ਤੇ ਹੈਂਕੜ ਤੋਂ ਪਾਰਟੀ ਕਾਡਰ ਖ਼ਫ਼ਾ ਸੀ।

ਮਮਤਾ ਬੈਨਰਜੀ ਨੇ ਪਾਰਟੀ ਸਫ਼ਾਂ ਅੰਦਰਲੀ ਨਾਖ਼ੁਸ਼ੀ ਨੂੰ ਸਮਝਣ ਦੀ ਕੋਸ਼ਿਸ਼ ਤਕ ਨਹੀਂ ਕੀਤੀ। ਇਸੇ ਕਾਰਨ ਹੁਣ ਪਾਰਟੀ ਵਰਕਰ ਆਪੋ ਅਪਣੇ ਮਨਾਂ ਅੰਦਰਲੀ ਭੜਾਸ ਬਾਹਰ ਕੱਢਣ ਦੇ ਰਾਹ ਤੁਰੇ ਹੋਏ ਹਨ। ਰੀਤਾਬ੍ਰਤ ਵਲੋਂ ਪੇਸ਼ ਪੱਖ ਤੋਂ ਉਲਟ ਮਮਤਾ ਬੈਨਰਜੀ ਅਪਣੀ ਪਾਰਟੀ ਦੇ ਦੋਫਾੜ ਹੋਣ ਦਾ ਦੋਸ਼ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਸਿਰ ਮੜ੍ਹ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਭਾਜਪਾ ਨੇ ਜਿਸ ਤਰ੍ਹਾਂ ਮਹਾਰਾਸ਼ਟਰ ਵਿਚ ਪਹਿਲਾਂ ਸ਼ਿਵ ਸੈਨਾ ਤੋੜੀ ਅਤੇ ਫਿਰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.), ਬਿਲਕੁਲ ਉਸੇ ਤਰਜ਼ ਦਾ ਅਪਰੇਸ਼ਨ ਬੰਗਾਲ ਵਿਚ ਚਲਾਇਆ ਜਾ ਰਿਹਾ ਹੈ।

ਅਜਿਹੀ ਸਿਆਸੀ ਬਦਇਖ਼ਲਾਕੀ ਦੇਸ਼ ਦੇ ਲੋਕ ਬਹੁਤੀ ਦੇਰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਵਲੋਂ ਲਾਏ ਜਾ ਰਹੇ ਅਜਿਹੇ ਦੂਸ਼ਨਾਂ ਦੇ ਬਾਵਜੂਦ ਅਸਲੀਅਤ ਇਹ ਵੀ ਹੈ ਕਿ ਮਮਤਾ ਬੈਨਰਜੀ ਨੂੰ 20 ਵਿਰੋਧੀ ਪਾਰਟੀਆਂ ਦੇ ਸਾਂਝੇ ਮੁਹਾਜ਼ (‘ਇੰਡੀਆ’ ਬਲਾਕ) ਤੋਂ ਸਿੱਧੀ-ਅਸਿੱਧੀ ਹਮਾਇਤ ਅਜੇ ਤਕ ਪ੍ਰਾਪਤ ਨਹੀਂ ਹੋਈ। ਜਾਪਦਾ ਹੈ ਕਿ ਉਹ ਸਾਰੀਆਂ ਪਾਰਟੀਆਂ ਵੀ ਇਹੋ ਤੋਲ ਰਹੀਆਂ ਹਨ ਕਿ ਤ੍ਰਿਣਮੂਲ ਕਾਂਗਰਸ ਦਾ ਕਿਹੜਾ ਗੁੱਟ ਵੱਧ ਵਜ਼ਨੀ ਸਾਬਤ ਹੁੰਦਾ ਹੈ। ਵਿਧਾਨ ਸਭਾ ਚੋਣਾਂ ਦੇ ਨਤੀਜੇ ਮਮਤਾ ਬੈਨਰਜੀ ਨੇ ਇਸ ਆਧਾਰ ’ਤੇ ‘ਅਪ੍ਰਵਾਨ’ ਕਰ ਦਿਤੇ ਸਨ ਕਿ ਉਹ ਹਾਰੇ ਨਹੀਂ, ਭਾਰਤੀ ਜਨਤਾ ਪਾਰਟੀ ਤੇ ਭਾਰਤੀ ਚੋਣ ਕਮਿਸ਼ਨ ਨੇ ਸਾਂਝੀ ਸਾਜ਼ਿਸ਼ ਦੇ ਤਹਿਤ ਉਨ੍ਹਾਂ ਦੀ ਪਾਰਟੀ ਨੂੰ ‘ਵੋਟ-ਚੋਰੀ’ ਰਾਹੀਂ ਹਰਾਇਆ ਹੈ।

ਇਸੇ ਬੁਨਿਆਦ ’ਤੇ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਵੀ ਨਹੀਂ ਸੀ ਦਿਤਾ। ਇਹ ਵੱਖਰੀ ਗੱਲ ਹੈ ਕਿ ਇਸ ਕਿਸਮ ਦੀਆਂ ਦਲੀਲਾਂ ਸੰਵਿਧਾਨ ਦੀ ਖ਼ਿਲਾਫ਼ਵਰਜ਼ੀ ਸਨ। ਇਨ੍ਹਾਂ ਨੇ ਉਨ੍ਹਾਂ ਦੀ ਸਿਆਸੀ ਹੋਣੀ ਪ੍ਰਤੀ ਲੋਕ ਮਨਾਂ ਵਿਚ ਹਮਦਰਦੀ ਨਹੀਂ ਪੈਦਾ ਕੀਤੀ। ਇਹੀ ਕਾਰਨ ਹੈ ਕਿ ਸੁਵੇਂਦੂ ਅਧਿਕਾਰੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਟੀ.ਐਮ.ਸੀ. ਵਰਕਰਾਂ ਉੱਤੇ ਪਹਿਲੇ ਹੀ ਦਿਨ ਤੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਆਮ ਲੋਕਾਂ ਵਲੋਂ ਵਿਰੋਧ ਨਹੀਂ ਹੋ ਰਿਹਾ। ਰੀਤਾਬ੍ਰਤ ਸਾਬਕਾ ਵਿਦਿਆਰਥੀ ਆਗੂ ਹਨ। ਉਹ ਸੀ.ਪੀ.ਐਮ. ਨਾਲ ਸਬੰਧਿਤ ਸਨ ਅਤੇ 2018 ਵਿਚ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋਏ। ਉਹ 34 ਸਾਲਾਂ ਦੇ ਸਨ ਜਦੋਂ 2014 ਵਿਚ ਸੀ.ਪੀ.ਐਮ. ਨੇ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਵਾਇਆ।

ਪਰ ਤਿੰਨ ਵਰਿ੍ਹਆਂ ਬਾਅਦ ਉਨ੍ਹਾਂ ਨੂੰ ਇਸ ਆਧਾਰ ’ਤੇ ਪਾਰਟੀ ਵਿਚੋਂ ਖਾਰਿਜ ਕਰ ਦਿਤਾ ਗਿਆ ਕਿ ਉਨ੍ਹਾਂ ਦੀ ‘‘ਜੀਵਨ ਸ਼ੈਲੀ ਸੀ.ਪੀ.ਐਮ. ਦੇ ਆਦਰਸ਼ਾਂ ਨਾਲ ਮੇਲ ਨਹੀਂ ਖਾਂਦੀ।’’ ਤ੍ਰਿਣਮੂਲ ਕਾਗਰਸ ਵਿਚ ਦਾਖ਼ਲੇ ਮਗਰੋਂ ਉਨ੍ਹਾਂ ਦਾ ਸਿਆਸੀ ਕੱਦ ਤੇਜ਼ੀ ਨਾਲ ਵਧਦਾ ਗਿਆ। ਇਹੋ ਸਿਆਸੀ ਕੱਦ ਹੀ ਹੁਣ ਮਮਤਾ ਬੈਨਰਜੀ ਲਈ ਸਭ ਤੋਂ ਵੱਡੀ ਸਿਰਦਰਦੀ ਬਣ ਗਿਆ ਹੈ। ਮਮਤਾ ਬੈਨਰਜੀ ਅਪਣੇ ਜੁਝਾਰੂ ਜਜ਼ਬੇ ਰਾਹੀਂ ਅਸੰਭਵ ਨੂੰ ਵੀ ਸੰਭਵ ਬਣਾਉਣ ਲਈ ਮਸ਼ਹੂਰ ਰਹੇ ਹਨ, ਪਰ ਅਭਿਸ਼ੇਕ ਬੈਨਰਜੀ ਨੂੰ ਲੋੜੋਂ ਵੱਧ ਲਾਡ-ਦੁਲਾਰ ਅਤੇ ਬੇਮੁਹਾਰੇ ਰਾਜਸੀ-ਪ੍ਰਸ਼ਾਸਨਿਕ ਅਖ਼ਤਿਆਰ ਹੁਣ ਉਨ੍ਹਾਂ ਨੂੰ ਬਹੁਤ ਮਹਿੰਗੇ ਪੈ ਰਹੇ ਹਨ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM

NEET UG 'ਚ Punjab ਦੇ ਪੁੱਤ Aryan Gupta ਨੇ ਕੀਤਾ Top | ਜਾਣੋ ਕਾਮਯਾਬੀ ਦਾ ਰਾਜ਼ | Exclusive Interview

17 Jul 2026 3:01 PM

ਬਹਿਬਲ ਕਲਾਂ ਗੋਲੀ ਕਾਂਡ ਦਾ ਗਵਾਹ ਪਹਿਲੀ ਵਾਰ ਆਇਆ ਸਾਹਮਣੇ, ਜਿਸ ਦੇ ਵੀ ਵੱਜੀਆਂ ਸੀ ਗੋਲੀਆਂ !

17 Jul 2026 3:02 PM
Advertisement