ਖ਼ਬਰਾਂ |

ਤਾਜ਼ਾ |

ਮਿਸ਼ਨ ਗਲਾਸਗੋ ਕਾਮਯਾਬ, ਅਗਲੀ ਪਰਖ਼ ਨਗੋਯਾ 'ਚ 
Published : Aug 4, 2026, 8:10 am IST
Updated : Aug 4, 2026, 9:51 am IST
SHARE ARTICLE
photo
photo

ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਕਾਰਗੁਜ਼ਾਰੀ ਉਮੀਦਾਂ ਨਾਲੋਂ ਕਿਤੇ ਬਿਹਤਰ ਰਹੀ

ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਕਾਰਗੁਜ਼ਾਰੀ ਉਮੀਦਾਂ ਨਾਲੋਂ ਕਿਤੇ ਬਿਹਤਰ ਰਹੀ ਹੈ, ਇਹ ਕੋਈ ਅਤਿਕਥਨੀ ਨਹੀਂ। ਭਾਰਤ ਨੇ ਇਸ ਖੇਡ ਕੁੰਭ ਵਿਚ ਮੈਡਲਾਂ ਦੀ ਗਿਣਤੀ ਪੱਖੋਂ ਚੌਥਾ ਸਥਾਨ ਪ੍ਰਾਪਤ ਕੀਤਾ। ਸਿਖ਼ਰਲੇ ਮੁਲਕ ਆਸਟਰੇਲੀਆ ਵਲੋਂ ਜਿੱਤੇ 171 ਮੈਡਲਾਂ ਦੇ ਮੁਕਾਬਲੇ ਭਾਰਤੀ ਮੈਡਲਾਂ ਦਾ ਕੁਲ ਜੋੜ (39) ਭਾਵੇਂ ਕਾਫ਼ੀ ਥੋੜ੍ਹਾ ਜਾਪਦਾ ਹੈ, ਪਰ ਅਸਲੀਅਤ ਇਹ ਵੀ ਹੈ ਕਿ ਇਸ ਖੇਡ ਕੁੰਭ ਵਿਚ ਕੁਸ਼ਤੀਆਂ, ਨਿਸ਼ਾਨੇਬਾਜ਼ੀ, ਹਾਕੀ, ਕ੍ਰਿਕਟ ਤੇ ਬੈਡਮਿੰਟਨ ਸਮੇਤ ਕੁੱਝ ਉਹ ਖੇਡ ਵੰਨਗੀਆਂ ਸ਼ਾਮਲ ਨਹੀਂ ਸਨ ਜਿਨ੍ਹਾਂ ਵਿਚ ਭਾਰਤ ਰਵਾਇਤੀ ਤੌਰ ’ਤੇ ਬਿਹਤਰ ਕਾਰਗੁਜ਼ਾਰੀ ਦਿਖਾਉਂਦਾ ਆਇਆ ਹੈ। ਆਸਟਰੇਲੀਅਨ ਅਥਲੀਟ ਤੈਰਾਕੀ ਵਰਗੀਆਂ ਜਲ ਖੇਡਾਂ ਵਿਚ ਬਹੁਤ ਪ੍ਰਵੀਣ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਦੇ ਬਹੁਤੇ ਮੈਡਲ ਜਲ ਖੇਡਾਂ ਅਤੇ ਸਾਈਕਲਿੰਗ ਮੁਕਾਬਲਿਆਂ ਵਿਚੋਂ ਹੀ ਆਉਂਦੇ ਰਹੇ ਹਨ। ਇਹੋ ਸਰਦਾਰੀ ਇਸ ਵਾਰ ਵੀ ਬਰਕਰਾਰ ਰਹੀ।

ਭਾਰਤ ਦੀ ਲਾਜ, ਦਰਅਸਲ, ਮੁੱਕੇਬਾਜ਼ੀ ਵਰਗੀ ਜੁਝਾਰੂ ਖੇਡ ਵੰਨਗੀ ਨੇ ਰੱਖੀ। ਇਸ ਦੇ ਮੈਡਲ ਵੰਡ ਸਮਾਰੋਹਾਂ ਦੌਰਾਨ ਸੱਤ ਵਾਰ ਭਾਰਤੀ ਰਾਸ਼ਟਰਗਾਨ ਵੱਜਣਾ ਗਲਾਸਗੋ ਵਿਚ ਮੌਜੂਦ ਭਾਰਤੀ ਦਰਸ਼ਕਾਂ ਲਈ ਗੌਰਵਮਈ ਤੋਹਫ਼ਾ ਤਾਂ ਸੀ ਹੀ, ਇਹ ਇਸ ਹਕੀਕਤ ਦਾ ਪ੍ਰਤੀਕ ਵੀ ਸੀ ਕਿ ਇਸ ਗ਼ੈਰ-ਰਵਾਇਤੀ ਖੇਡ ਵੰਨਗੀ ਨੂੰ ਪਿੰਡਾਂ-ਕਸਬਿਆਂ ਵਿਚ ਲਿਜਾਣ ਦਾ ਉਪਰਾਲਾ ਇਕ ਵੱਡੀ ਹੱਦ ਤਕ ਸਫ਼ਲ ਰਿਹਾ ਹੈ। ਇਕੱਲੀ ਮੁੱਕੇਬਾਜ਼ੀ ਵਿਚ ਭਾਰਤ ਨੇ 10 ਮੈਡਲ ਜਿੱਤੇ ਜਿਨ੍ਹਾਂ ਵਿਚੋਂ 7 ਸੁਨਹਿਰੀ ਤੇ ਬਾਕੀ ਤਿੰਨ ਚਾਂਦੀ ਦੇ ਸਨ। ਇਕ ਦਰਜਨ ਮੁੱਕੇਬਾਜ਼ਾਂ ਵਿਚੋਂ 10 ਦਾ ਮੈਡਲ-ਧਾਰਕ ਬਣਨਾ ਅਤੇ ਉਨ੍ਹਾਂ ਵਿਚੋਂ ਵੀ ਬਹੁਗਿਣਤੀ ਮੈਡਲ ਮਹਿਲਾ ਮੁੱਕੇਬਾਜ਼ਾਂ ਵਲੋਂ ਜਿੱਤਣਾ ਸਹੀ ਮਾਅਨਿਆਂ ਵਿਚ ਸ਼ਲਾਘਾਯੋਗ ਪ੍ਰਾਪਤੀ ਹੈ। ਇਸੇ ਤਰ੍ਹਾਂ 16 ਮੈਡਲ ਅਥਲੀਟਾਂ ਤੇ ਪੈਰਾਅਥਲੀਟਾਂ (ਅਪਾਹਜ ਅਥਲੀਟਾਂ) ਨੇ ਜਿੱਤੇ। ਇਨ੍ਹਾਂ ਵਿਚੋਂ ਕੁੱਝ ਨੇ ਤਾਂ ਨਵੇਂ ਕੌਮੀ ਰਿਕਾਰਡ ਬਣਾਏ। ਅੱਠ ਹੋਰ ਮੈਡਲ ਵੇਟਲਿਫਟਰਾਂ ਨੇ ਸੰਭਵ ਬਣਾਏ। ਇਨ੍ਹਾਂ ਵਿਚ ਕੇਵਲ ਇਕ ਗੋਲਡ ਮੈਡਲ ਸ਼ਾਮਲ ਸੀ ਜੋ ਓਲੰਪੀਅਨ ਮੀਰਾਬਾਈ ਚਾਨੂ ਨੇ ਜਿੱਤਿਆ। ਇਹ ਉਸ ਵਾਸਤੇ ਗੋਲਡ ਮੈਡਲਾਂ ਦੀ ਹੈਟ-ਟਰਿੱਕ ਸੀ। 2018 ਵਿਚ ਗੋਲਡ ਕੋਸਟ ਤੇ 2022 ਵਿਚ ਬਰਮਿੰਗ਼ਮ ਰਾਸ਼ਟਰਮੰਡਲ ਖੇਡਾਂ ਵਿਚ ਵੀ ਇਸ ਮਨੀਪੁਰੀ ਮੁਟਿਆਰ ਨੇ ਗੋਲਡ ਮੈਡਲ ਜਿੱਤੇ ਸਨ।

ਦਰਅਸਲ, ਮੀਰਾਬਾਈ ਚਾਨੂ ਵਲੋਂ ਉਲੀਕੇ ਸੁਨਹਿਰੀ ਹਾਸ਼ੀਏ ਦੇ ਬਾਵਜੂਦ ਭਾਰਤੀ ਵੇਟਲਿਫਟਰਾਂ ਦੀ ਕਾਰਗੁਜ਼ਾਰੀ ਸਮੁੱਚੇ ਤੌਰ ’ਤੇ ਮਾਯੂਸਕੁਨ ਹੀ ਰਹੀ। ਇਸ ਮਾਯੂਸੀ ਦੀ ਇਕ ਵਜ੍ਹਾ ਤਾਂ ਇਹ ਹੈ ਕਿ ਘੱਟੋਘੱਟ ਦੋ ਭਾਰਤੀ ਵੇਟਲਿਫਟਰਾਂ ਦੀਆਂ ਐਂਟਰੀਆਂ ਡੋਪਿੰਗ ਦੇ ਦੋਸ਼ਾਂ ਕਾਰਨ ਵਾਪਸ ਲੈਣੀਆਂ ਪਈਆਂ। 6 ਹੋਰ ਸਖ਼ਤ ਮੁਕਾਬਲੇ ਦੀ ਅਣਹੋਂਦ ਦੇ ਬਾਵਜੂਦ ਸੋਨ-ਤਗ਼ਮੇ ਜਿੱਤਣ ਦੇ ਮੌਕੇ ਜੁਝਾਰੂ ਭਾਵਨਾ ਦੀ ਕਮੀ ਜਾਂ ਤਕਨੀਕੀ ਗ਼ਲਤੀਆਂ ਕਾਰਨ ਗੁਆ ਬੈਠੇ। ਇਸੇ ਤਰ੍ਹਾਂ ਜੈਵਲਿਨ ਸੁਟਾਵੇ ਨੀਰਜ ਚੋਪੜਾ ਦਾ ਪ੍ਰਦਰਸ਼ਨ ਵੀ ਹੁਣ ਅਤੀਤ ਵਿਚਲੀਆਂ ਉਸ ਦੀਆਂ ਪ੍ਰਾਪਤੀਆਂ ਦੇ ਦੁਹਰਾਉ ਦੀ ਉਮੀਦ ਨਹੀਂ ਜਗਾਉਂਦਾ। ਇਹ ਸਹੀ ਹੈ ਕਿ ਸੱਟਾਂ-ਫੇਟਾਂ ਨਾਲ ਲੰਬਾ ਸੰਘਰਸ਼, ਨੀਰਜ ਦੀ ਕਾਰਗੁਜ਼ਾਰੀ ਲਈ ਗ੍ਰਹਿਣ ਵਾਂਗ ਸਾਬਤ ਹੁੰਦਾ ਆ ਰਿਹਾ ਹੈ, ਫਿਰ ਵੀ ਸ੍ਰੀਲੰਕਨ ਥਰੋਅਰ ਰੁਮੇਸ਼ ਪਾਥੀਰਾਗੇ ਅਤੇ ਨੀਰਜ ਦੀਆਂ ਬਿਹਤਰੀਨ ਥਰੋਅਜ਼ ਦਰਮਿਆਨ 4 ਮੀਟਰ ਦਾ ਵੱਡਾ ਅੰਤਰ ਦਰਸਾਉਂਦਾ ਹੈ ਕਿ ਪਾਕਿਸਤਾਨੀ ਅਰਸ਼ਦ ਨਦੀਮ ਹੀ ਨਹੀਂ, ਹੁਣ ਨਵੇਂ ਨਵੇਂ ਪ੍ਰਤੀਯੋਗੀ ਵੀ ਨੀਰਜ ਦੀ ਸਰਦਾਰੀ ਨੂੰ ਗੰਭੀਰ ਚੁਣੌਤੀ ਦੇਣ ਵਿਚ ਕਾਮਯਾਬ ਹੋਣ ਲੱਗੇ ਹਨ। ਇਤਫ਼ਾਕਵੱਸ, ਓਲੰਪਿਕ ਚੈਂਪੀਅਨ ਨਦੀਮ ਦਾ 9ਵੇਂ ਸਥਾਨ ’ਤੇ ਰਹਿਣਾ ਵੀ ਇਸ ਅਸਲੀਅਤ ਦਾ ਸਬੂਤ ਹੈ ਕਿ ਸੱਟਾਂ-ਫੇਟਾਂ ਕਿੰਨੀ ਛੇਤੀ ਨਾਮਵਰਾਂ ਨੂੰ ਅਰਸ਼ ਤੋਂ ਫਰਸ਼ ਉੱਤੇ ਲਿਆ ਪਟਕਦੀਆਂ ਹਨ।

ਰਾਸ਼ਟਰਮੰਡਲ ਖੇਡਾਂ ਵਿਚ ਜਿੱਤੇ ਮੈਡਲਾਂ ਦਾ ਮਹੱਤਵ ਭਾਵੇਂ ਘੱਟ ਨਹੀਂ ਆਂਕਿਆ ਜਾਣਾ ਚਾਹੀਦਾ, ਫਿਰ ਵੀ ਹਰ ਅਥਲੀਟ ਜਾਂ ਖਿਡਾਰੀ ਦੀ ਕਾਬਲੀਅਤ ਤੇ ਮਿਹਨਤ ਦੀ ਅਸਲ ਪਰਖ ਤਾਂ ਏਸ਼ਿਆਈ ਖੇਡਾਂ ਜਾਂ ਓਲੰਪਿਕਸ ਦੌਰਾਨ ਹੀ ਹੁੰਦੀ ਹੈ। ਸੂਝਵਾਨ ਕੋਚ ਤੇ ਖੇਡ ਪੰਡਿਤ ਇਹ ਜਾਣਦੇ ਹਨ ਕਿ ਮਹਾਂਦੀਪੀ ਜਾਂ ਆਲਮੀ ਪ੍ਰਤੀਯੋਗਿਤਾਵਾਂ ਵਿਚ ਮੁਕਾਬਲੇ ਦਾ ਪੱਧਰ ਬਹੁਤ ਉਚੇਰਾ ਹੁੰਦਾ ਹੈ। ਇਸੇ ਲਈ ਰਾਸ਼ਟਰਮੰਡਲ ਖੇਡਾਂ ਵਰਗੇ ਮੁਕਾਬਲਿਆਂ ਵਿਚਲੀ ਕਾਰਗੁਜ਼ਾਰੀ ਨੂੰ ਅਮੂਮਨ ਭਵਿੱਖੀ ਸੁਧਾਰ ਦੀਆਂ ਸੰਭਾਵਨਾਵਾਂ ਦਾ ਪੈਮਾਨਾ ਅਤੇ ਖ਼ੂਬੀਆਂ-ਖ਼ਾਮੀਆਂ ਦਾ ਜਾਇਜ਼ਾ ਹੀ ਮੰਨਿਆ ਜਾਂਦਾ ਹੈ।

ਇਸੇ ਲਈ ਭਾਰਤੀ ਮੁੱਕੇਬਾਜ਼ਾਂ ਨੂੰ ਆਪੋ-ਅਪਣੇ ਪ੍ਰਦਰਸ਼ਨ ਉੱਤੇ ਫ਼ਖ਼ਰ ਕਰਨ ਦੇ ਨਾਲ-ਨਾਲ ਉਜ਼ਬੇਕ, ਕੱਜ਼ਾਖ਼, ਚੀਨੀ ਤੇ ਜਾਪਾਨੀ ਮੁੱਕੇਬਾਜ਼ਾਂ ਨਾਲ ਵੀ ਸਫ਼ਲਤਾਪੂਰਬਕ ਜੂਝਣ ਦੀ ਤਿਆਰੀ ਹੁਣ ਤੋਂ ਹੀ ਆਰੰਭ ਕਰ ਦੇਣੀ ਚਾਹੀਦੀ ਹੈ। ਇਸੇ ਤਰ੍ਹਾਂ ਵੇਟਲਿਫਟਰਾਂ ਤੇ ਜੂਡੋਕਿਆਂ ਨੂੰ ਵੀ ਇਹ ਦੱਸ ਦਿਤਾ ਜਾਣਾ ਚਾਹੀਦਾ ਕਿ ਗਲਾਸਗੋ ਰਾਸ਼ਟਰਮੰਡਲ ਖੇਡਾਂ ਹੁਣ ਅਤੀਤ ਹਨ, ਤਿਆਰੀ ਏਸ਼ਿਆਈ ਖੇਡਾਂ ਲਈ ਆਰੰਭ ਹੋ ਜਾਣੀ ਚਾਹੀਦੀ ਹੈ। ਨਗੋਯਾ (ਜਾਪਾਨ) ਵਿਚ 19 ਸਤੰਬਰ ਤੋਂ ਆਰੰਭ ਹੋਣ ਵਾਲੀਆਂ ਇਹ ਖੇਡਾਂ ਹੁਣ ਜ਼ਿਆਦਾ ਦੂਰ ਨਹੀਂ। ਲਿਹਾਜ਼ਾ, ਇਨ੍ਹਾਂ ਲਈ ਹੁਣ ਤੋਂ ਹੀ ਕਮਰ ਕੱਸਣ ਵਿਚ ਰਾਸ਼ਟਰ ਦਾ ਭਲਾ ਵੀ ਹੈ ਅਤੇ ਇਨ੍ਹਾਂ ਅਥਲੀਟਾਂ ਦਾ ਵੀ। 

 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement