ਖ਼ਬਰਾਂ |

ਤਾਜ਼ਾ |

ਜਾਇਜ਼ ਨਹੀਂ ਹੈ ਹਿੰਸਾ ਤੇ ਬਦਲਾਖ਼ੋਰੀ ਦੀ ਰਾਜਨੀਤੀ
Published : Jun 3, 2026, 7:01 am IST
Updated : Jun 3, 2026, 7:17 am IST
SHARE ARTICLE
photo
photo

ਜਮਹੂਰੀਅਤ ਵਿਚ ਸਿਆਸੀ ਹਿੰਸਾ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ

ਪੱਛਮੀ ਬੰਗਾਲ ਵਿਚ ਜੋ ਕੁਝ ਹੁਣ ਵਾਪਰ ਰਿਹਾ ਹੈ, ਉਹ ਮਾਯੂਸਕੁਨ ਹੈ। ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਫ਼ੈਸਲਾਕੁਨ ਜਿੱਤ ਤੋਂ ਬਾਅਦ ਉਸ ਦੇ ਰਾਜਸੀ ਵਿਰੋਧੀਆਂ ਖ਼ਿਲਾਫ਼ ਹਿੰਸਕ ਘਟਨਾਵਾਂ ਲਗਾਤਾਰ ਜਾਰੀ ਹਨ। ਪਿਛਲੇ ਚਾਰ ਦਿਨਾਂ ਦੌਰਾਨ ਤ੍ਰਿਣਮੂਲ ਕਾਂਗਰਸ ਪਾਰਟੀ (ਟੀ.ਐਮ.ਸੀ.) ਦੇ ਸਕੱਤਰ ਜਨਰਲ ਅਭਿਸ਼ੇਕ ਬੈਨਰਜੀ ਅਤੇ ਲੋਕ ਸਭਾ ਵਿਚ ਇਸੇ ਪਾਰਟੀ ਦੇ ਚੀਫ਼ ਵਿ੍ਹਪ ਕਲਿਆਣ ਬੈਨਰਜੀ ਨੂੰ ਦੋ ਵੱਖ ਵੱਖ ਘਟਨਾਵਾਂ ਵਿਚ ਹਿੰਸਕ ਵਿਰੋਧ ਦਾ ਨਿਸ਼ਾਨਾ ਬਣਾਇਆ ਗਿਆ। ਅਭਿਸ਼ੇਕ ਬੈਨਰਜੀ ਉਪਰ ਹਮਲਾ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਕਸਬਾ ਸੋਨਾਰਪੁਰ ਵਿਚ ਹੋਇਆ ਜਿੱਥੇ ਉਹ ਪਿਛਲੇ ਮਹੀਨੇ ਦੀ ਰਾਜਸੀ ਹਿੰਸਾ ਵਿਚ ਮਾਰੇ ਗਏ ਇਕ ਪਾਰਟੀ ਆਗੂ ਦੇ ਪਰਿਵਾਰ ਕੋਲ ਅਫ਼ਸੋਸ ਕਰਨ ਗਿਆ ਸੀ।

ਉੱਥੇ ਉਸ ਖ਼ਿਲਾਫ਼ ਪਹਿਲਾਂ ਗਾਲੀ-ਗਲੋਚ ਵਾਲੀ ਨਾਅਰੇਬਾਜ਼ੀ ਹੋਈ, ਫਿਰ ਉਸ ਵਲ ਇੱਟਾਂ-ਰੋੜੇ ਵੀ ਵਰ੍ਹਾਏ ਗਏ ਅਤੇ ਗਲੀਆਂ-ਸੜੀਆਂ ਸਬਜ਼ੀਆਂ ਵੀ ਸੁੱਟੀਆਂ ਗਈਆਂ। ਇਸ ਘਟਨਾ ਤੋਂ ਇਕ ਦਿਨ ਬਾਅਦ ਕਲਿਆਣ ਬੈਨਰਜੀ ਉੱਤੇ ਹਮਲਾ ਹੋਇਆ। ਇਹ ਡੰਡਿਆਂ-ਲਾਠੀਆਂ ਨਾਲ ਸੀ। ਜ਼ਖ਼ਮੀ ਹੋਣ ਕਾਰਨ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਦੋਵਾਂ ਘਟਨਾਵਾਂ ਦੌਰਾਨ ਪੁਲੀਸ ਪਹਿਲਾਂ ਤਾਂ ਤਮਾਸ਼ਬੀਨ ਬਣੀ ਰਹੀ; ਫਿਰ ਸਰਗਰਮੀ ਉਦੋਂ ਦਿਖਾਈ ਜਦੋਂ ਦੋਵਾਂ ਆਗੂਆਂ ਦੀ ਖਿੱਚ-ਧੂਹ ਤੇ ਕੁੱਟ-ਮਾਰ ਦੀਆਂ ਰੀਲਾਂ ਬਣਾਉਣ ਵਾਲਿਆਂ ਦਾ ਕੰਮ ਪੂਰਾ ਹੋ ਗਿਆ।

ਪੁਲੀਸ ਦੀ ਅਜਿਹੀ ਕਾਰਜ-ਸ਼ੈਲੀ ਦੀ ਭਰਪੂਰ ਨਿੰਦਾ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਭਾਵੇਂ ਅਜਿਹੇ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਪੁਲੀਸ ਕੇਸ ਦਰਜ ਕੀਤੇ ਜਾਣ ਦੇ ਹੁਕਮ ਵੀ ਦਿੱਤੇ ਹਨ, ਫਿਰ ਵੀ ਉਨ੍ਹਾਂ ਦਾ ਅਜਿਹਾ ਰੱਦੇਅਮਲ ਬਾਸ਼ਰਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤ੍ਰਿਣਮੂਲ ਕਾਂਗਰਸ ‘ਅਪਣੀ ਬੀਜੀ ਫ਼ਸਲ ਹੀ ਕੱਟ ਰਹੀ ਹੈ।’ ਉਸ ਦੇ ਕਾਡਰ ਨੇ ਅਪਣੇ ਸਿਆਸੀ ਵਿਰੋਧੀਆਂ ਉਪਰ ਪਿਛਲੇ 15 ਵਰਿ੍ਹਆਂ ਦੌਰਾਨ ਜਿਸ ਕਿਸਮ ਦਾ ਜ਼ੁਲਮ-ਓ-ਤਸ਼ੱਦਦ ਢਾਹਿਆ, ਉਸ ਦੀ ਭਾਜੀ ਹੁਣ ਉਨ੍ਹਾਂ ਦੇ ਵਿਰੋਧੀਆਂ ਵਲੋਂ ਮੋੜੀ ਜਾ ਰਹੀ ਹੈ। ਉਂਜ, ਉਨ੍ਹਾਂ ਨੇ ਨਾਲ ਹੀ ਇਹ ਭਰੋਸਾ ਵੀ ਦਿਤਾ ਕਿ ‘ਲੋਕਾਂ ਦੇ ਮਨਾਂ ਅੰਦਰ ਟੀ.ਐਮ.ਸੀ. ਖ਼ਿਲਾਫ਼ ਅੰਤਾਂ ਦਾ ਰੋਹ’ ਹੋਣ ਦੇ ਬਾਵਜੂਦ ਕਿਸੇ ਨੂੰ ਵੀ ਅਮਨ-ਕਾਨੂੰਨ ਦੀ ਵਿਵਸਥਾ ਭੰਗ ਨਹੀਂ ਕਰਨ ਦਿਤੀ ਜਾਵੇਗੀ। ਅਜਿਹੇ ਭਰੋਸਿਆਂ ਨੂੰ ਕਿਸ ਹੱਦ ਤਕ ਅਮਲੀ ਰੂਪ ਦਿਤਾ ਜਾਂਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ। 

ਜਮਹੂਰੀਅਤ ਵਿਚ ਸਿਆਸੀ ਹਿੰਸਾ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ। ਵੋਟਤੰਤਰ ਸਾਨੂੰ ਸਿੱਧੇ ਤੌਰ ’ਤੇ ਇਹ ਹੱਕ ਦਿੰਦਾ ਹੈ ਕਿ ਅਸੀਂ ਅਪਣੀ ਪਸੰਦ ਮੁਤਾਬਿਕ ਅਪਣੇ ਨੁਮਾਇੰਦੇ ਚੁਣੀਏ। ਪੱਛਮੀ ਬੰਗਾਲ ਵਿਚ ਪਹਿਲਾਂ ਤਕਰੀਬਨ 34 ਵਰ੍ਹੇ ਖੱਬੇ-ਪੱਖੀਆਂ (ਕਮਿਊਨਿਸਟਾਂ) ਦੀ ਚੜ੍ਹਤ ਰਹੀ। ਉਨ੍ਹਾਂ ਨਾਲ ਕਈ ਵਿਦਵਾਨ ਤੇ ਸੂਝਵਾਨ ਲੋਕ ਜੁੜੇ ਰਹੇ। ਪਰ ਕਮਿਊਨਿਸਟ-ਤੰਤਰ ਅਪਣੀ ਅਖੌਤੀ ਬੌਧਿਕਤਾ ਦੇ ਬਾਵਜੂਦ ਬਦਲਾਖੋਰੀ ਤੇ ਤਸ਼ੱਦਦ ਵਰਗੀਆਂ ਰਾਜਸੀ ਰਵਾਇਤਾਂ ਦੀ ਪੁਸ਼ਤਪਨਾਹੀ ਦੇ ਰਾਹ ਤੁਰਦਾ ਰਿਹਾ। ਇਸ ਪੁਸ਼ਤਪਨਾਹੀ ਨੂੰ ਅਗਲੇ 15 ਵਰਿ੍ਹਆਂ ਦੇ ਤ੍ਰਿਣਮੂਲ ਕਾਂਗਰਸ ਦੇ ਰਾਜ ਦੌਰਾਨ ਠਲ੍ਹ ਪੈਣੀ ਚਾਹੀਦੀ ਸੀ, ਪਰ ਹੋਇਆ ਉਲਟ। ਕਾਮਰੇਡਾਂ ਦੇ ਦਿਨਾਂ ਦੇ ‘ਦਾਦਾ-ਲੋਕਾਂ’ ਦੀਆਂ ਗ਼ੈਰਕਾਨੂੰਨੀ ਸਰਗਰਮੀਆਂ ਦੇ ਦਾਇਰੇ ਵੱਧ ਵਸੀਹ ਹੁੰਦੇ ਗਏ। ਪਾਰਟੀ ਅਪਣੇ ‘ਸਿੰਡੀਕੇਟਾਂ’ ਦੇ ਦਬਦਬੇ ਤੇ ਜ਼ਿਆਦਤੀਆਂ ਕਾਰਨ ਲੋਕ ਮਨਾਂ ’ਚੋਂ ਉਤਰਦੀ ਚਲੀ ਗਈ। ਜਿਵੇਂ ਹੀ ਲੋਕਾਂ ਨੂੰ ਮੌਕਾ ਮਿਲਿਆ, ਉਨ੍ਹਾਂ ਨੇ ਸੁਸ਼੍ਰੀ ਮਮਤਾ ਬੈਨਰਜੀ ਪ੍ਰਤੀ ਵੀ ਮਮਤਾ ਨਹੀਂ ਦਿਖਾਈ। ਸੱਤਾ ’ਤੇ ਭਾਜਪਾ ਦੀ ਆਮਦ ਨੂੰ ਅਮਨ-ਚੈਨ ਦੀ ਵਾਪਸੀ ਦਾ ਪ੍ਰਤੀਕ ਮੰਨਿਆ ਜਾ ਰਿਹਾ ਸੀ, ਪਰ ਇਹ ਪਾਰਟੀ ਵੀ ਅਪਣੀ ਹੁਕਮਰਾਨੀ ਦੇ ਪਹਿਲੇ ਹੀ ਦਿਨ ਤੋਂ ਬਦਲਾਖ਼ੋਰੀ ਦੇ ਰਾਹ ਤੁਰੀ ਹੋਈ ਹੈ।

ਅਜਿਹੇ ਮੰਦਭਾਗੇ ਰੁਝਾਨ ਤੋਂ, ਦਰਅਸਲ ਦੇਸ਼ ਦਾ ਕੋਈ ਵੀ ਰਾਜ ਨਹੀਂ ਬਚਿਆ। ਪੰਜਾਬ ਦੀ ਹੀ ਗੱਲ ਲੈ ਲਉ : ‘ਝਾੜੂ’ ਦੀ ‘ਬੇਅਦਬੀ’ ਦੇ ਨਾਂਅ ’ਤੇ ਪੁਲੀਸ ਡੀ.ਡੀ.ਆਰ. ਦਰਜ ਹੋ ਰਹੀ ਹੈ ਅਤੇ ਫਿਰ ਰਾਜਸੀ ਵਿਰੋਧੀ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ! ਦਰਅਸਲ, ਮਿਉਂਸਿਪਲ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬਦਲਾਖੋਰੀ ਜਾਂ ਹਿੰਸਾ ਦੀਆਂ ਜੋ ਘਟਨਾਵਾਂ ਵਾਪਰੀਆਂ ਹਨ, ਉਹ ਲੋਕਤੰਤਰੀ ਮਾਨਤਾਵਾਂ ਦੀ ਸਿਹਤਮੰਦੀ ਦਾ ਪ੍ਰਤੀਕ ਨਹੀਂ ਮੰਨੀਆਂ ਜਾ ਸਕਦੀਆਂ। ਉਨ੍ਹਾਂ ਨੂੰ ਰੁਟੀਨ ਦੱਸ ਕੇ ਸਰਕਾਰੀ ਫ਼ਾਈਲਾਂ ਅੰਦਰ ਦਫ਼ਨ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੀਤਾ ਜਾਣਾ ਚਾਹੀਦਾ ਹੈ। ਇਸ ਅਖ਼ਬਾਰ ਨੇ ਮਿਉਂਸਿਪਲ ਚੋਣ ਨਤੀਜਿਆਂ ਉਪਰ ਸੰਪਾਦਕੀ ਟਿੱਪਣੀ ਦੌਰਾਨ ਜੇਤੂ ਧਿਰ ਨੂੰ ਫ਼ਰਾਖ਼ਦਿਲੀ ਤੇ ਫਰਜ਼ਸ਼ੱਨਾਸੀ ਨੂੰ ਮੁੱਖ ਤਰਜੀਹ ਦੇਣ ਦਾ ਮਸ਼ਵਰਾ ਦਿਤਾ ਸੀ। ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਰਾਜਸੀ-ਆਰਥਿਕ ਹਿਤਾਂ ਦੀ ਬਿਹਤਰੀ ਲਈ ਇਹੋ ਮਸ਼ਵਰਾ ਦੁਹਰਾਉਣਾ ਸਾਨੂੰ ਹੁਣ ਵੀ ਵਾਜਬ ਜਾਪਦਾ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM

ਹਿਮਾਚਲ 'ਚ ਹੋਈਆਂ ਹਿੰਸਕ ਘਟਨਾਵਾਂ ਦਾ ਗਰਮਾਇਆ ਮਾਮਲਾ, ਐਂਟਰੀ ਟੈਕਸ ਦੇ ਵਿਵਾਦ ਤੋਂ ਬਾਅਦ ਵਧਿਆ ਰੋਸ

06 Jun 2026 3:04 PM

ਔਰਤਾਂ 'ਤੇ ਅੱਤਿਆਚਾਰ ਕਦੋਂ ਰੁਕਣਗੇ? ਕੀ ਅੱਜ ਵੀ ਔਰਤਾ ਗੁਲਾਮੀ ਝੱਲ ਰਹੀਆਂ ਹਨ? ਘਰੇਲੂ ਹਿੰਸਾ ਤੇ ਮਹਿਲਾ ਕਮਿਸ਼ਨ ਸਖ਼ਤ

05 Jun 2026 3:04 PM

ਵੱਡੀ ਖ਼ਬਰ- BJP Ravneet Bittu ਦੇ ਚਿਹਰੇ ਉੱਤੇ ਖੇਡੇਗੀ ਦਾਅ, ਜਾਣੋ ਕੀ ਮਿਲ ਸਕਦੀ ਵੱਡੀ ਜ਼ਿੰਮੇਵਾਰੀ

05 Jun 2026 3:03 PM
Advertisement