ਵਿਕਾਸ ਦਰ ਦੀ ਉਪਰੋਕਤ ਕਾਰਗੁਜ਼ਾਰੀ ਤੋਂ ਸਰਕਾਰੀ ਹਲਕਿਆਂ ਨੂੰ ਤਸੱਲੀ ਹੋਣੀ ਸੁਭਾਵਿਕ ਹੈ।
ਵਿੱਤੀ ਵਰ੍ਹੇ 2026-27 ਦੀ ਪਹਿਲੀ (ਅਪਰੈਲ-ਜੂਨ) ਤਿਮਾਹੀ ਦੌਰਾਨ ਕੌਮੀ ਵਿਕਾਸ ਦਰ (ਜੀ.ਡੀ.ਪੀ.) 7.8 ਫ਼ੀਸਦੀ ਰਹਿਣਾ ਇਕ ਖ਼ੁਸ਼ਗਵਾਰ ਪਰ ਹੈਰਾਨੀਜਨਕ ਅੰਕੜਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇਹ ਦਰ 7.0 ਫ਼ੀਸਦੀ ਅਤੇ ਬਹੁਤੇ ਆਰਥਿਕ ਮਾਹਿਰਾਂ ਨੇ 7.1 ਫ਼ੀਸਦੀ ਰਹਿਣ ਦੀ ਪੇਸ਼ੀਨਗੋਈ ਕੀਤੀ ਸੀ। ਪਰ ਕੌਮੀ ਅੰਕੜਾ ਸੰਗਠਨ (ਐੱਨ.ਐਸ.ਓ.) ਵਲੋਂ ਜਾਰੀ ਅੰਕੜੇ ਦਰਸਾਉਂਦੇ ਹਨ ਕਿ ਆਰਥਿਕ ਵਿਕਾਸ ਨਾਲ ਜੁੜੇ ਘੱਟੋਘੱਟ ਪੰਜ ਖੇਤਰਾਂ ਦੀ ਕਾਰਗੁਜ਼ਾਰੀ ਅਨੁਮਾਨਾਂ ਤੇ ਉਮੀਦਾਂ ਨਾਲੋਂ ਬਿਹਤਰ ਰਹੀ। ਇਸ ਨੇ ਹੀ ਜੀ.ਡੀ.ਪੀ. ਦੀ ਵਿਕਾਸ ਦਰ ਨੂੰ ਸਿਹਤਮੰਦ ਬਣਾਇਆ।
ਵਿਕਾਸ ਦਰ ਦੀ ਉਪਰੋਕਤ ਕਾਰਗੁਜ਼ਾਰੀ ਤੋਂ ਸਰਕਾਰੀ ਹਲਕਿਆਂ ਨੂੰ ਤਸੱਲੀ ਹੋਣੀ ਸੁਭਾਵਿਕ ਹੈ। ਇਹ ਖ਼ਦਸ਼ੇ ਨਿਰੰਤਰ ਪ੍ਰਗਟਾਏ ਜਾ ਰਹੇ ਸਨ ਕਿ ਪੱਛਮੀ ਏਸ਼ੀਆ ਵਿਚ ਜੰਗ ਦਾ ਜਾਰੀ ਰਹਿਣਾ ਅਤੇ ਇਸ ਜੰਗ ਕਾਰਨ ਕੱਚੇ ਤੇਲ ਦੇ ਬਾਜ਼ਾਰ ਅੰਦਰਲੀ ਖ਼ਲਬਲੀ ਵਰਗੇ ਕਾਰਨ ਭਾਰਤੀ ਅਰਥਚਾਰੇ ਵਾਸਤੇ ਵੱਡਾ ਬੋਝ ਸਾਬਤ ਹੋ ਸਕਦੇ ਹਨ। ਇਸੇ ਲਈ ਇਹ ਭਵਿੱਖਬਾਣੀਆਂ ਸ਼ੁਰੂ ਹੋ ਗਈਆਂ ਸਨ ਕਿ ਕੌਮੀ ਅਰਥਚਾਰੇ ਦਾ ਨਿਘਾਰ ਸ਼ੁਰੂ ਹੋ ਚੁੱਕਾ ਹੈ ਅਤੇ ਇਹ ਨਿਘਾਰ ਨਰਿੰਦਰ ਮੋਦੀ ਸਰਕਾਰ ਦੇ ਪਤਨ ਦਾ ਬਾਇਜ਼ ਬਣ ਸਕਦਾ ਹੈ। ਹੁਣ ਅਸਲ ਨਤੀਜੇ ਇਸ ਸੋਚ ਤੋਂ ਉਲਟ ਰਹਿਣ ਸਦਕਾ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਟਾਹਰਾਂ ਮਾਰਨ ਦਾ ਮੌਕਾ ਮਿਲ ਗਿਆ ਹੈ ਕਿ ‘‘ਨਿਘਾਰ ਦੇ ਮੁਰੀਦਾਂ ਨੂੰ ਅਰਥਚਾਰੇ ਦੀ ਮਜ਼ਬੂਤੀ ਨੇ ਕਰਾਰਾ ਜਵਾਬ’’ ਦੇ ਦਿਤਾ ਹੈ।
ਅਜਿਹੀ ਫ਼ਿਕਰੇਬਾਜ਼ੀ ਇਕ ਹੱਦ ਤਕ ਜਾਇਜ਼ ਹੋਣ ਦੇ ਬਾਵਜੂਦ ਇਹ ਹਕੀਕਤ ਵੀ ਭੁੱਲਣਯੋਗ ਨਹੀਂ ਕਿ ਪਿਛਲੇ ਵਿੱਤੀ ਵਰ੍ਹੇ (2025-26) ਦੌਰਾਨ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿਕਾਸ ਦਰ 7.7 ਫ਼ੀਸਦੀ ਸੀ ਜੋ ਕਿ ਬਹੁਤ ਪ੍ਰਭਾਵਸ਼ਾਲੀ ਮੰਨੀ ਗਈ ਸੀ। ਉਸ ਵਰ੍ਹੇ ਦੀ ਇਸ ਦਰ ਨੂੰ ਅਸਲ ਹੁਲਾਰਾ ਆਖ਼ਰੀ ਤਿਮਾਹੀ (ਜਨਵਰੀ-ਮਾਰਚ) ਦੀ 8.6 ਫ਼ੀਸਦੀ ਵਾਲੀ ਵਿਕਾਸ ਦਰ ਨੇ ਦਿਤਾ ਸੀ। ਲਿਹਾਜ਼ਾ, ਉਸ ਤੋਂ ਅਗਲੀ ਤਿਮਾਹੀ ਦੀ ਵਿਕਾਸ ਦਰ 7.8 ਫ਼ੀਸਦੀ ਹੋਣੀ ਅਸਲ ਵਿਚ ਨਿਘਾਰ ਦੀ ਸੂਚਕ ਹੀ ਮੰਨੀ ਜਾਣੀ ਚਾਹੀਦੀ ਹੈ।
ਉਂਜ, ਅਜਿਹੀ ਹਕੀਕਤ ਦੇ ਬਾਵਜੂਦ ਇਹ ਤੱਥ ਤਸਲੀਮ ਕਰਨਾ ਵੀ ਨਾਵਾਜਬ ਨਹੀਂ ਜਾਪਦਾ ਕਿ ਨਵੇਂ ਕੌਮੀ ਤੇ ਸੂਬਾਈ ਬਜਟਾਂ ਕਾਰਨ ਅਪਰੈਲ-ਜੂਨ ਦੌਰਾਨ ਆਰਥਿਕਤਾ ਅਪਣੇ ਤੋਂ ਪਹਿਲੀ ਤਿਮਾਹੀ ਦੀ ਤੁਲਨਾ ਵਿਚ ਸੁਸਤ ਪੈ ਜਾਂਦੀ ਹੈ। ਇਸੇ ਸੁਸਤੀ ਦੇ ਪ੍ਰਸੰਗ ਵਿਚ 7.8 ਵਾਲਾ ਅੰਕੜਾ, ਵਿੱਤੀ ਵਰ੍ਹੇ 2025-26 ਦੀ ਪਹਿਲੀ ਤਿਮਾਹੀ ਦੇ 6.5 ਫ਼ੀਸਦੀ ਵਾਲੇ ਅੰਕੜੇ ਨਾਲੋਂ ਵੱਧ ਪ੍ਰਭਾਵਸ਼ਾਲੀ ਜਾਪਦਾ ਹੈ। ਇਸ ਨੂੰ ਪ੍ਰਭਾਵਸ਼ਾਲੀ ਇਹ ਤੱਥ ਵੀ ਬਣਾਉਂਦਾ ਹੈ ਕਿ ਨਵੇਂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਦੌਰਾਨ ਵਸਤਾਂ ਤੇ ਸੇਵਾਵਾਂ ਦੀਆਂ ਬਰਾਮਦਾਂ ਵਿਚ 12 ਫ਼ੀਸਦੀ ਦਾ ਇਜ਼ਾਫ਼ਾ ਨਾਖ਼ੁਸ਼ਗਵਾਰ ਕੌਮਾਂਤਰੀ ਆਰਥਿਕ ਹਾਲਾਤ ਦੇ ਬਾਵਜੂਦ ਸੰਭਵ ਹੋਇਆ। ਇਹ, ਸੱਚਮੁੱਚ, ਜ਼ਿਕਰਯੋਗ ਪ੍ਰਾਪਤੀ ਹੈ।
ਅਰਥਚਾਰੇ ਦੇ ਜਿਨ੍ਹਾਂ ਖੇਤਰਾਂ ਨੇ ਪਹਿਲੀ ਤਿਮਾਹੀ ਦੌਰਾਨ ਸਚਮੁੱਚ ਹੀ ਬਿਹਤਰ ਕਾਰਗੁਜ਼ਾਰੀ ਦਿਖਾਈ, ਉਹ ਸਨ : 1. ਬਿਹਤਰ ਪੂੰਜੀ ਨਿਵੇਸ਼; 2. ਨਿਰਮਾਣ ਦੇ ਪਾਸਾਰ ਦੀ ਦਰ 9.2 ਫ਼ੀਸਦੀ ਰਹਿਣੀ; 3. ਸੇਵਾਵਾਂ ਦੇ ਸ਼ੋਅ੍ਹਬੇ ਦਾ ਤੇਜ਼ੀ ਨਾਲ ਵਿਸਥਾਰ ਅਤੇ 4. ਖ਼ਪਤਕਾਰਾਂ ਵਲੋਂ ਮਹਿੰਗੀਆਂ ਵਸਤਾਂ ਦੀ ਖ਼ਰੀਦ ਵਿਚ ਕਿਰਸ ਨਾ ਕੀਤੀ ਜਾਣੀ। ਅਜਿਹੇ ਰੁਝਾਨਾਂ ਤੋਂ ਉਲਟ ਜਿਹੜੇ ਆਰਥਿਕ ਖੇਤਰ ਮੁਖ ਤੌਰ ’ਤੇ ਪਛੜੇਵੇਂ ਦਾ ਸ਼ਿਕਾਰ ਹੋਏ, ਉਨ੍ਹਾਂ ਵਿਚ ਜ਼ਰਾਇਤ, ਖਣਨ, ਵਿਦੇਸ਼ੀ ਸਰਮਾਏ ਦੀ ਘੱਟ ਆਮਦ ਅਤੇ (ਪੱਛਮੀ ਏਸ਼ੀਆ ਵਿਚਲੀ ਜੰਗ ਕਾਰਨ) ਕੱਚੇ ਤੇਲ ਦੀਆਂ ਕੀਮਤਾਂ ਵਿਚ ਇਜ਼ਾਫ਼ੇ ਵਾਲੇ ਰੁਝਾਨ ਦੀ ਬਰਕਰਾਰੀ ਖ਼ਾਸ ਤੌਰ ’ਤੇ ਵਰਣਨਯੋਗ ਹਨ। ਮਹਿੰਗਾਈ ਵੀ ਅਪਣੇ ਆਪ ਵਿਚ ਬਹੁਤ ਵੱਡੀ ਚੁਣੌਤੀ ਹੈ। ਖ਼ਪਤਕਾਰੀ ਵਸਤਾਂ ਦੀ ਪਰਚੂਨ ਮਹਿੰਗਾਈ ਦਰ ਜੁਲਾਈ ਮਹੀਨੇ 4.45 ਫ਼ੀਸਦੀ ਸੀ ਜੋ ਅਗੱਸਤ ਮਹੀਨੇ ਹੋਰ ਵਧਣੀ ਯਕੀਨੀ ਹੈ। ਮਹਿੰਗਾਈ ਦਾ ਸਿੱਧਾ ਸੇਕ ਆਮ ਆਦਮੀ ਨੂੰ ਲਗਦਾ ਹੈ।
ਖੰਡ ਦੀਆਂ ਕੀਮਤਾਂ ਵਿਚ ਹਾਲੀਆ ਉਛਾਲੇ ਖ਼ਿਲਾਫ਼ ਲੋਕਾਂ ਵਿਚ ਰੋਸ ਆਮ ਹੀ ਦੇਖਣ ਨੂੰ ਮਿਲ ਰਿਹਾ ਹੈ। ਇਸੇ ਤਰ੍ਹਾਂ ਖ਼ੁਰਾਕੀ ਤੇਲਾਂ ਦੀਆਂ ਕੀਮਤਾਂ ਹਰ ਮਹੀਨੇ 5 ਫ਼ੀਸਦੀ ਵਧਣੀਆਂ ਵੀ ਆਮ ਆਦਮੀ ਦੇ ਖ਼ੁਰਾਕੀ ਬਜਟ ਨੂੰ ਲਗਾਤਾਰ ਅਸਥਿਰ ਕਰ ਰਹੀਆਂ ਹਨ। ਇਨ੍ਹਾਂ ਦੋਵਾਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਸਥਿਰ ਨਾ ਰੱਖ ਸਕਣਾ ਸਰਕਾਰੀ ਵਿਉਂਤਬੰਦੀ ਵਿਚਲੀਆਂ ਖ਼ਾਮੀਆਂ ਦੀ ਸਿੱਧੀ-ਸਪਸ਼ਟ ਨਿਸ਼ਾਨੀ ਹੈ। ਇਹ ਵੀ ਇਕ ਵਿਡੰਬਨਾ ਹੈ ਕਿ ਇਕ ਪਾਸੇ ਤਾਂ ਕਾਰਪੋਰੇਟ ਅਦਾਰਿਆਂ ਦਾ ਮੁਨਾਫ਼ਾ ਲਗਾਤਾਰ ਵੱਧ ਰਿਹਾ ਹੈ, ਦੂਜੇ ਪਾਸੇ ਆਮ ਆਦਮੀ ਉੱਤੇ ਆਰਥਿਕ ਭਾਰ ਘਟਣ ਦਾ ਨਾਮ ਨਹੀਂ ਲੈ ਰਿਹਾ। ਮਾਇਕ ਲਾਭਾਂ ਦੀ ਅਜਿਹੀ ਅਸਾਵੀਂ ਵੰਡ ਜੇਕਰ ਲੋਕਾਂ ਅੰਦਰ ਨਾਖ਼ੁਸ਼ੀ ਤੇ ਬੇਚੈਨੀ ਵਧਾ ਰਹੀ ਹੈ ਤਾਂ ਇਹ ਕੇਂਦਰ ਤੇ ਸੂਬਾਈ ਸਰਕਾਰਾਂ ਲਈ ਖ਼ਤਰੇ ਦੀ ਘੰਟੀ ਹੈ। ਜੀ.ਡੀ.ਪੀ. ਦੀ ਸੁਖਾਵੀਂ ਆਰਥਿਕ ਸਿਹਤ ਦੇਸ਼ ਦੇ ਭਲੇ ਲਈ ਚੰਗੀ ਹੈ, ਪਰ ਇਹ ਭਲਾ ਹਰ ਵਸੋਂ ਵਰਗ ਤਕ ਪੁੱਜਣਾ ਚਾਹੀਦਾ ਹੈ; ਸਿਰਫ਼ ਧਨ-ਕੁਬੇਰਾਂ ਤਕ ਸੀਮਤ ਨਹੀਂ ਰਹਿਣਾ ਚਾਹੀਦਾ।
