ਖ਼ਬਰਾਂ |

ਤਾਜ਼ਾ |

ਜਾਇਜ਼ ਨਹੀਂ ਹੈ ਹਾਕੀ ਇੰਡੀਆ ਦਾ ਭਗਵਾਕਰਨ
Published : Aug 1, 2026, 8:13 am IST
Updated : Aug 1, 2026, 8:31 am IST
SHARE ARTICLE
photo
photo

ਹਾਕੀ ਇੰਡੀਆ ਨੇ ਭਾਰਤੀ ਹਾਕੀ ਟੀਮ ਦੀ ਵਰਦੀ ਦਾ ਰੰਗ ਬਦਲ ਕੇ ਖ਼ੁਦ ਨੂੰ ਬੇਲੋੜੇ ਵਿਵਾਦਾਂ ਵਿਚ ਫਸਾ ਲਿਆ

ਹਾਕੀ ਇੰਡੀਆ ਨੇ ਭਾਰਤੀ ਹਾਕੀ ਟੀਮ ਦੀ ਵਰਦੀ ਦਾ ਰੰਗ ਬਦਲ ਕੇ ਖ਼ੁਦ ਨੂੰ ਬੇਲੋੜੇ ਵਿਵਾਦਾਂ ਵਿਚ ਫਸਾ ਲਿਆ ਹੈ। ਟੀਮ ਦੀ ਵਰਦੀ (ਜਰਸੀ) ਰਵਾਇਤੀ ਤੌਰ ’ਤੇ ਹਲਕੀ ਨੀਲੀ ਸੀ, ਪਰ ਹੁਣ ਇਹ ਭਗਵੇ ਰੰਗ ਦੀ ਹੋ ਗਈ ਹੈ। ਇਸ ਤਬਦੀਲੀ ਬਾਰੇ ਕੋਈ ਅਧਿਕਾਰਤ ਜਾਣਕਾਰੀ ਪਹਿਲਾਂ ਕਦੇ ਵੀ ਮੀਡੀਆ ਨਾਲ ਸਾਂਝੀ ਨਹੀਂ ਕੀਤੀ ਗਈ। ਅਚਾਨਕ ਕੌਮੀ ਹਾਕੀ ਫ਼ੈਡਰੇਸ਼ਨ ਦੇ ਵੈੱਬਸਾਈਟ ਉਪਰ ਭਗਵੀਂ ਵਰਦੀਧਾਰੀ ਟੀਮ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਨਾਲ ਹੀ ਇਹ ਐਲਾਨ ਵੀ ਦਰਜ ਸੀ ਕਿ ਹਾਲੈਂਡ ਤੇ ਬੈਲਜੀਅਮ ਵਿਚ 15 ਅਗੱਸਤ ਤੋਂ ਸ਼ੁਰੂ ਹੋਣ ਵਾਲੇ ਹਾਕੀ ਵਿਸ਼ਵ ਕੱਪ ਵਿਚ ਭਾਰਤੀ ਪੁਰਸ਼ਾਂ ਤੇ ਇਸਤਰੀਆਂ ਦੀਆਂ ਹਾਕੀ ਟੀਮਾਂ ਦੀ ਜਰਸੀ ਨੀਲੀ ਨਹੀਂ, ਭਗਵੀਂ ਹੋਵੇਗੀ।

ਹਾਕੀ ਇੰਡੀਆ ਦੇ ਪ੍ਰਧਾਨ ਡਾ. ਦਿਲੀਪ ਟਿਰਕੀ, ਜੋ ਕਿ ਭਾਰਤੀ ਟੀਮ ਦੇ ਸਾਬਕਾ ਕਪਤਾਨ ਹੋਣ ਤੋਂ ਇਲਾਵਾ ਉੜੀਸਾ ਤੋਂ ਬੀਜੂ ਜਨਤਾ ਦਲ (ਬੀ.ਜੇ.ਡੀ.) ਦੇ ਰਾਜ ਸਭਾ ਮੈਂਬਰ ਵੀ ਰਹਿ ਚੁੱਕੇ ਹਨ, ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਨੀਲੇ ਤੋਂ ਭਗਵੇ ਵਾਲੀ ਤਬਦੀਲੀ ਦੀ ਕੋਈ ਪੂਰਵ ਸੂਚਨਾ ਨਹੀਂ ਸੀ। ਦੂਜੇ ਪਾਸੇ, ਹਾਕੀ ਇੰਡੀਆ ਦੇ ਸਕੱਤਰ ਜਨਰਲ ਭੋਲਾ ਨਾਥ ਸਿੰਘ ਦਾ ਕਹਿਣਾ ਹੈ ਕਿ ਰੰਗ ਵਾਲੀ ਤਬਦੀਲੀ, ਸਾਰੀਆਂ ਸਬੰਧਿਤ ਧਿਰਾਂ ਅਤੇ ਖਿਡਾਰੀਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਕੀਤੀ ਗਈ। ਹਾਕੀ ਇੰਡੀਆ ਦਾ ਤਾਂ ਇਹ ਵੀ ਦਾਅਵਾ ਹੈ ਕਿ ਜੋ ਤਬਦੀਲੀ ਹੋਈ ਹੈ, ਉਹ ਖਿਡਾਰੀਆਂ ਨਾਲ ਮਸ਼ਵਰੇ ਅਤੇ ਉਨ੍ਹਾਂ ਦੀ ਮੰਗ ਦੇ ਆਧਾਰ ਉੱਤੇ ਕੀਤੀ ਗਈ।

ਇਸ ਫ਼ੈਡਰੇਸ਼ਨ ਦੇ ਬਿਆਨ ਮੁਤਾਬਿਕ ‘‘ਖਿਡਾਰੀਆਂ ਨੇ ਹੀ ਕਿਹਾ ਸੀ ਕਿ ਬਹੁਤੇ ਦੇਸ਼ਾਂ ਵਿਚ ਹਾਕੀ ਮੈਦਾਨਾਂ ਦੀਆਂ ਸਿੰਥੈਟਿਕ ਪਿੱਚਾਂ ਨੀਲੇ ਰੰਗ ਦੀਆਂ ਹੋਣ ਕਰ ਕੇ ਇਹ ਰੰਗ ਭਾਰਤੀ ਖਿਡਾਰੀਆਂ ਦੇ ਨੀਲੇ ਪਹਿਰਾਵੇ ਨਾਲ ਰੱਚ-ਮਿੱਚ ਜਾਂਦਾ ਸੀ ਜਿਸ ਕਾਰਨ ਮਿੱਸ-ਪਾਸ ਹੋਣ ਦਾ ਖ਼ਤਰਾ ਹਮੇਸ਼ਾ ਹੀ ਬਣਿਆ ਰਹਿੰਦਾ ਹੈ। ਵਿਸ਼ਵ ਕੱਪ ਲਈ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਦੀ ਪਸੰਦ ਮੁਤਾਬਿਕ ਉਨ੍ਹਾਂ ਟੀਮਾਂ ਨੂੰ ਜਰਸੀ ਦੇ ਰੰਗ ਕਿਉਂਕਿ ਪਹਿਲਾਂ ਹੀ ਅਲਾਟ ਹੋ ਚੁੱਕੇ ਸਨ, ਜਿਸ ਕਾਰਨ ਸਿਰਫ਼ ਦੋ ਰੰਗ - ਪੀਲਾ ਤੇ ਭਗਵਾ ਹੀ ਬੱਚੇ ਸਨ। ਇਸੇ ਕਰ ਕੇ ਧਾਰਮਿਕ ਆਭਾ ਵਾਲੇ ਭਗਵੇ ਰੰਗ ਦੀ ਚੋਣ ਨੂੰ ਤਰਜੀਹ ਦਿਤੀ ਗਈ।’’

ਉਪਰੋਕਤ ਪੱਖ ਦਲੀਲ ਵਜੋਂ ਤਾਂ ਠੀਕ ਲੱਗਦਾ ਹੈ, ਪਰ ਰਵਾਇਤਾਂ ਤੇ ਹਕੀਕਤਾਂ ਦੇ ਪੈਮਾਨੇ ਉੱਤੇ ਖ਼ਰਾ ਨਹੀਂ ਉਤਰਦਾ। ਖਿਡਾਰੀ ਅਪਣੀ ਫ਼ੈਡਰੇਸ਼ਨ ਦੇ ਖ਼ਿਲਾਫ਼ ਬੋਲਣ ਤੋਂ ਹਮੇਸ਼ਾ ਹੀ ਝਿਜਕਦੇ ਹਨ। ਪਰ ਉਨ੍ਹਾਂ ਨੇ ਇਹ ਗੱਲ ਮੀਡੀਆ ਤਕ ਅਸਿੱਧੇ ਤੌਰ ’ਤੇ ਪਹੁੰਚਾ ਦਿਤੀ ਹੈ ਕਿ ਜਰਸੀਆਂ ਦਾ ਨਵਾਂ ਰੰਗ ਦੇਖ ਕੇ ਉਨ੍ਹਾਂ ਨੂੰ ਹੈਰਾਨੀ ਅਵੱਸ਼ ਹੋਈ ਹੈ। ਇਸ ਤੋਂ ਜ਼ਾਹਿਰ ਹੀ ਹੈ ਕਿ ਫ਼ੈਡਰੇਸ਼ਨ ਨੇ ਉਨ੍ਹਾਂ ਨਾਲ ਵੀ ਸਲਾਹ-ਮਸ਼ਵਰਾ ਕਰਨਾ ਵਾਜਬ ਨਹੀਂ ਸਮਝਿਆ। ਸਲਾਹ-ਮਸ਼ਵਰੇ ਬਾਰੇ ਜੋ ਦਾਅਵੇ ਕੀਤੇ ਜਾ ਰਹੇ ਹਨ, ਉਹ ਮਹਿਜ਼ ਇਸ ਹਕੀਕਤ ਦੇ ਆਧਾਰ ’ਤੇ ਕੀਤੇ ਜਾ ਰਹੇ ਹਨ ਕਿ ਖਿਡਾਰੀਆਂ ਜਾਂ ਹੋਰ ਅਮਲੇ ਨੇ ਤਾਂ ਅਜੇ ਮੂੰਹ ਨਹੀਂ ਖੋਲ੍ਹਣਾ। ਲਿਹਾਜ਼ਾ, ਜੋ ਵੀ ਸੱਚ-ਝੂਠ ਕਹਿਣਾ ਹੈ, ਉਹ ਇਸ ਵਕਤ ਬੇਝਿਜਕ ਹੋ ਕੇ ਕਿਹਾ ਜਾ ਸਕਦਾ ਹੈ। ਅਜਿਹਾ ਰਵੱਈਆ ਇਖ਼ਲਾਕ ਦੀ ਪਾਬੰਦਗੀ ਤੋਂ ਕਿੰਨਾ ਕੋਰਾ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। 

ਹਾਕੀ ਇੰਡੀਆ ਨੇ ਅਜੇ ਇਹ ਸਪਸ਼ਟ ਨਹੀਂ ਕੀਤਾ ਕਿ ਉਪਰੋਕਤ ਤਬਦੀਲੀ ਸਿਰਫ਼ ਵਿਸ਼ਵ ਕੱਪ ਟੂਰਨਾਮੈਂਟ ਲਈ ਹੈ ਜਾਂ ਏਸ਼ਿਆਈ ਖੇਡਾਂ (ਨਾਗੋਯਾ-ਜਾਪਾਨ; 19 ਸਤੰਬਰ-4 ਅਕਤੂਬਰ) ਵਿਚ ਵੀ ਭਾਰਤੀ ਹਾਕੀ ਟੀਮਾਂ ਭਗਵੇ ਵਸਤਰ ਪਹਿਨ ਕੇ ਮੈਦਾਨ ਵਿਚ ਉਤਰਨਗੀਆਂ। ਜੇਕਰ ਉੱਥੇ ਵੀ ਹਾਕੀ ਲਈ ਭਗਵਾ ਰੰਗ ਪ੍ਰਧਾਨ ਹੁੰਦਾ ਹੈ ਤਾਂ ਭਾਰਤੀ ਖਿਡਾਰੀ ਦਲ ਦੀਆਂ ਬਾਕੀ ਟੀਮਾਂ ਦੇ ਨੀਲੇ ਲਿਬਾਸ ਨਾਲ ਇਹ ਬਿਲਕੁਲ ਬੇਮੇਚ ਜਾਪੇਗਾ। ਕੀ ਹਾਕੀ ਇੰਡੀਆ ਨੇ ਸਥਿਤੀ ਦੇ ਇਸ ਪੱਖ ਉੱਤੇ ਗੌਰ ਕੀਤਾ ਹੈ? ਭਾਜਪਾ ਦੇ ਆਲੋਚਕਾਂ ਦਾ ਮੱਤ ਹੈ ਕਿ ਰੰਗ ਦੀ ਤਬਦੀਲੀ ਹਰ ਅਦਾਰੇ ਦੇ ਭਗਵੇਕਰਨ ਦੇ ਭਾਜਪਾਈ ਏਜੰਡੇ ਦਾ ਹਿੱਸਾ ਹੈ। ਭੋਲਾ ਨਾਥ ਸਿੰਘ ਕੱਟੜ ਮੋਦੀ-ਭਗਤ ਹਨ। ਸ਼ੱਕ ਦੀ ਇਹ ਇਕ ਮਜ਼ਬੂਤ ਵਜ੍ਹਾ ਹੈ।

ਬੀਜੂ ਜਨਤਾ ਦਲ ਦੇ ਮੁਖੀ ਤੇ ਉੜੀਸਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਦਾ ਕਹਿਣਾ ਹੈ ਕਿ ਪਹਿਰਾਵੇ ਦੀ ਤਬਦੀਲੀ ਉਸ ਰਾਜ ਦੀ ਭਾਜਪਾ ਸਰਕਾਰ ਨੇ ਭਾਰਤੀ ਟੀਮ ਦੇ ਸਪਾਂਸਰ ਵਜੋਂ ਅਪਣਾ ਦਬਾਅ ਵਰਤਦਿਆਂ ਸੰਭਵ ਬਣਾਈ ਹੈ। ਉਸ ਰਾਜ ਵਿਚ ਸਾਰੀਆਂ ਸਰਕਾਰੀ ਇਮਾਰਤਾਂ, ਸਰਕਾਰੀ ਵਿਦਿਅਕ ਅਦਾਰਿਆਂ ਅਤੇ ਬਸਾਂ ਉੱਤੇ ਭਗਵੀਂ ਕੂਚੀ ਬੜੀ ਤੇਜ਼ੀ ਨਾਲ ਫੇਰੀ ਜਾ ਰਹੀ ਹੈ। ਹਾਕੀ ਇੰਡੀਆ ਵੀ ਇਸੇ ਕੂਚੀ ਦੀ ਮਾਰ ਹੇਠ ਆ ਗਈ ਹੈ।

ਭਾਵੇਂ ਉੜੀਸਾ ਸਰਕਾਰ ਨੇ ਅਜਿਹੇ ਦੋਸ਼ਾਂ ਦਾ ਸਖ਼ਤੀ ਨਾਲ ਖੰਡਨ ਕੀਤਾ ਹੈ, ਫਿਰ ਵੀ ਭਾਜਪਾ ਦਾ ਰਿਕਾਰਡ ਅਜਿਹੀਆਂ ਸੰਭਾਵਨਾਵਾਂ ਦੀ ਅਣਹੋਂਦ ਦੀ ਹਾਮੀ ਨਹੀਂ ਭਰਦਾ। ਨੀਲਾ ਰੰਗ 1928 ਦੀਆਂ ਓਲੰਪਿਕ ਖੇਡਾਂ ਤੋਂ ਲੈ ਕੇ ਹੁਣ ਤਕ ਭਾਰਤੀ ਖੇਡ ਜਗਤ ਦੀ ਨਿਸ਼ਾਨੀ ਬਣਿਆ ਹੋਇਆ ਹੈ। ਇਸ ਨੂੰ ਅਚਨਚੇਤੀ ਤਿਲਾਂਜਲੀ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਹਾਕੀ ਇੰਡੀਆ ਨੂੰ ਪਹਿਰਾਵੇ (ਜਰਸੀ) ਬਾਰੇ ਅਪਣੇ ਫ਼ੈਸਲੇ ਉੱਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ। ਬੇਲੋੜਾ ਵਿਵਾਦ, ਕੌਮੀ ਟੀਮਾਂ ਦਾ ਫੋਕਸ ਵਿਗਾੜ ਸਕਦਾ ਹੈ। ਇਸ ਤੋਂ ਹਮੇਸ਼ਾਂ ਬਚਿਆ ਜਾਣਾ ਚਾਹੀਦਾ ਹੈ।  


 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement