ਖ਼ਬਰਾਂ |

ਤਾਜ਼ਾ |

ਨਿੰਦਾਜਨਕ ਹੈ ਫਾਰੂਕਾਬਾਦ ਦੇ ਗੁਰੂ-ਘਰ 'ਤੇ ਹਮਲਾ
Published : Jul 1, 2026, 8:48 am IST
Updated : Jul 1, 2026, 9:00 am IST
SHARE ARTICLE
Gurudwara Farrukhabad news
Gurudwara Farrukhabad news

ਪਾਕਿਸਤਾਨੀ ਸ਼ਹਿਰ ਫਾਰੂਕਾਬਾਦ ਵਿਚ ਗੁਰਦੁਆਰਾ ਸਿੰਘ ਸਭਾ ਦੀ ਇਮਾਰਤ ਢਾਹੇ ਜਾਣ ਦੀ ਘਟਨਾ ਤੋਂ ਸਿੱਖ ਭਾਈਚਾਰੇ ਵਿਚ ਸਖ਼ਤ ਰੋਸ ਹੋਣਾ ਸੁਭਾਵਿਕ ਹੈ

ਪਾਕਿਸਤਾਨੀ ਸ਼ਹਿਰ ਫਾਰੂਕਾਬਾਦ ਵਿਚ ਗੁਰਦੁਆਰਾ ਸਿੰਘ ਸਭਾ ਦੀ ਇਮਾਰਤ ਢਾਹੇ ਜਾਣ ਦੀ ਘਟਨਾ ਤੋਂ ਸਿੱਖ ਭਾਈਚਾਰੇ ਵਿਚ ਸਖ਼ਤ ਰੋਸ ਹੋਣਾ ਸੁਭਾਵਿਕ ਹੈ। ਇਸ ਇਮਾਰਤ ਦੀ ਵਿਆਪਕ ਤੋੜ-ਫੋੜ 24 ਤੇ 25 ਜੂਨ ਦੀ ਦਰਮਿਆਨੀ ਰਾਤ ਨੂੰ ਕੀਤੀ ਗਈ। ਪਾਕਿਸਤਾਨੀ ਅਧਿਕਾਰੀਆਂ ਦਾ ਦਾਅਵਾ ਹੈ ਕਿ ‘ਸ਼ਰਾਰਤੀਆਂ’ ਨੇ ਗੁਰਦੁਆਰੇ ਦਾ ਸਿਰਫ਼ ਗੁੰਬਦ ਢਾਹਿਆ, ਪਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓਜ਼ 125 ਸਾਲ ਪੁਰਾਣੀ ਇਮਾਰਤ ਨੂੰ ਖੰਡਰਾਤ ਵਿਚ ਬਦਲਿਆ ਦਿਖਾਉਂਦੀਆਂ ਹਨ। ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਹਮਲੇ ਪਿੱਛੇ ਭੂ-ਮਾਫ਼ੀਆ ਦਾ ਹੱਥ ਹੈ। ਇਸੇ ਲਈ ਇਮਾਰਤ ਢਾਹੇ ਜਾਣ ਦੀ ਕਾਰਵਾਈ ਰੁਕਵਾ ਕੇ ਇਸ ਇਮਾਰਤ ਨੂੰ ਸੀਲ ਕਰ ਦਿਤਾ ਗਿਆ ਹੈ। ਪਾਕਿਸਤਾਨੀ ਸਿੱਖਾਂ ਦੇ ਨੁਮਾਇੰਦਿਆਂ ਨੇ ਇਸ ਸਬੰਧ ਵਿਚ ਸੂਬਾ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਤੋਂ ਮੰਗ ਕੀਤੀ ਹੈ ਕਿ ਸਮੁੱਚੇ ਮਾਮਲੇ ਦੀ ਉੱਚ-ਪੱਧਰੀ ਪੜਤਾਲ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਛੇਤੀ ਕਾਬੂ ਕੀਤਾ ਜਾਵੇ।

ਇਹ ਦੋਸ਼ ਵੀ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਏ ਹਨ ਕਿ ਫਾਰੂਕਾਬਾਦ ਦੇ ਕੁੱਝ ਮਿਉਂਸਿਪਲ ਅਫ਼ਸਰਾਨ ਨੇ ਇਕ ਕਰੋੜ ਰੁਪਏ ਦੀ ਕਥਿਤ ਰਿਸ਼ਵਤ ਬਦਲੇ ਗੁਰਦੁਆਰਾ ਢਾਹੇ ਜਾਣ ਦੀ ਇਜਾਜ਼ਤ ਦਿਤੀ। ਅਜਿਹੇ ਦੋਸ਼ਾਂ ਤੋਂ ਉਲਟ ਮਿਉਂਸਿਪਲ ਅਫ਼ਸਰਾਨ ਦਾ ਦਾਅਵਾ ਹੈ ਕਿ ਸਾਂਭ-ਸੰਭਾਲ ਦੀ ਅਣਹੋਂਦ ਕਾਰਨ ਗੁਰਦੁਆਰੇ ਦੀ ਇਮਾਰਤ ਪਹਿਲਾਂ ਹੀ ਜਰਜਰ ਹੋ ਚੁੱਕੀ ਸੀ। ਇਸ ਕਰ ਕੇ ਨੁਕਸਾਨ ਜ਼ਿਆਦਾ ਨਜ਼ਰ ਆਉਂਦਾ ਹੈ। ਉਂਜ, ਇਹ ਜ਼ਰੂਰ ਤਸਲੀਮ ਕੀਤਾ ਜਾ ਰਿਹਾ ਹੈ ਕਿ ਇਮਾਰਤ ਨੂੰ ਢਾਹੁਣ ਦਾ ਯਤਨ ਗ਼ੈਰਕਾਨੂੰਨੀ ਸੀ। ਅਜਿਹੀ ਤਸਲੀਮ ਦੇ ਬਾਵਜੂਦ ਕੋਈ ਗ੍ਰਿਫ਼ਤਾਰੀ ਨਾ ਹੋਣਾ ਜ਼ਾਹਰਾ ਤੌਰ ’ਤੇ ਦਿਆਨਤਦਾਰੀ ਦੀ ਘਾਟ ਵਲ ਸੈਨਤ ਕਰਦਾ ਹੈ।

ਫਾਰੂਕਾਬਾਦ ਦਾ ਅਸਲ ਨਾਮ ਚੂਹੜਕਾਣਾ ਸੀ। ਇਹ ਜਗ੍ਹਾ ਸਿੱਖ ਇਤਿਹਾਸ ਵਿਚ ਗੁਰਦੁਆਰਾ ਸੱਚਾ ਸੌਦਾ ਲਈ ਪ੍ਰਸਿੱਧ ਹੈ। ਭਾਰਤੀ ਸਿੱਖ ਸ਼ਰਧਾਲੂਆਂ ਦੇ ਜੱਥੇ ਨਨਕਾਣਾ ਸਾਹਿਬ ਜਾਂ ਗੁਰਦੁਆਰਾ ਪੰਜਾ ਸਾਹਿਬ, ਹਸਨ ਅਬਦਾਲ ਦੇ ਦਰਸ਼ਨ-ਦੀਦਾਰ ਲਈ ਜਦੋਂ ਵੀ ਪਾਕਿਸਤਾਨ ਜਾਂਦੇ ਹਨ ਤਾਂ ਗੁਰਦੁਆਰਾ ਸੱਚਾ ਸੌਦਾ ਦੇ ਦੀਦਾਰ ਵੀ ਉਨ੍ਹਾਂ ਦੀ ਤੀਰਥ-ਯਾਤਰਾ ਦਾ ਹਿੱਸਾ ਹੁੰਦੇ ਹਨ। ਗੁਰਦੁਆਰਾ ਸੱਚਾ ਸੌਦਾ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਫਾਰੂਕਾਬਾਦ ਦਰਮਿਆਨ ਫ਼ਾਸਲਾ ਸਿਰਫ਼ 3.1 ਕਿਲੋਮੀਟਰ ਦਾ ਹੈ।

ਇਸੇ ਲਈ ਇਸ ਗੁਰੂ-ਘਰ ਦੀ ਸਾਂਭ-ਸੰਭਾਲ ਨਾ ਹੋਣ ਦੇ ਸਰਕਾਰੀ ਦਾਅਵੇ ਦਰੁਸਤ ਨਹੀਂ ਜਾਪਦੇ। ਚੂਹਣਕਾਣਾ, ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਸਰਦਾਰ ਚੂਹੜ ਸਿੰਘ ਨੇ ਵਸਾਇਆ ਸੀ। ਇਸ ਦਾ ਨਾਮ ਫਾਰੂਕਾਬਾਦ 1983 ਵਿਚ ਜਨਰਲ ਜ਼ਿਆ-ਉਲ-ਹੱਕ ਦੀ ਹਕੂਮਤ ਸਮੇਂ ਬਦਲਿਆ ਗਿਆ। ਪਾਕਿਸਤਾਨੀ ਹਿੰਦੂ-ਸਿੱਖ ਭਾਈਚਾਰਿਆਂ ਨੇ ਉਦੋਂ ਇਸ ਨਾਮ-ਬਦਲੀ ਦਾ ਤਿੱਖਾ ਵਿਰੋਧ ਕੀਤਾ ਸੀ, ਪਰ ਜਨਰਲ ਜ਼ਿਆ ਦੀ ਤਾਨਾਸ਼ਾਹੀ ਅੱਗੇ ਉਨ੍ਹਾਂ ਦੀ ਪੇਸ਼ ਨਹੀਂ ਸੀ ਗਈ। ਹੁਣ ਗੁਰਦੁਆਰੇ ਦੀ ਇਮਾਰਤ ਦੀ ਵਿਆਪਕ ਭੰਨ-ਤੋੜ 1983 ਵਾਲੇ ਜ਼ਖ਼ਮਾਂ ਨੂੰ ਹਰਾ ਕਰਨ ਦੀ ਸਾਜ਼ਿਸ਼ ਹੋਣ ਦਾ ਪ੍ਰਭਾਵ ਦਿੰਦੀ ਹੈ।

ਪਾਕਿਸਤਾਨੀ ਹੁਕਮਰਾਨ ਸਿੱਖ ਭਾਈਚਾਰੇ ਦੇ ਖ਼ੈਰਖ੍ਵਾਹ ਹੋਣ ਦੇ ਦਾਅਵੇ ਹਮੇਸ਼ਾਂ ਹੀ ਕਰਦੇ ਆਏ ਹਨ। ਪਰ ਖ਼ੈਬਰ-ਪਖ਼ਤੂਨਖ਼ਵਾ ਸੂਬੇ ਦੇ ਸ਼ਹਿਰ ਮਰਦਾਨ ਦੇ ਗੁਰਦੁਆਰਾ ਬਾਬੂ ਮੁਹੱਲਾ ਵਿਚ ਲੁੱਟ-ਖੋਹ ਤੇ ਬਿਰਧ ਸੇਵਾਦਾਰ ਜੋੜੇ ਦੀ ਹੱਤਿਆ ਦੀ ਘਟਨਾ ਦੇ 10 ਦਿਨਾਂ ਅੰਦਰ ਇਕ ਹੋਰ ਗੁਰੂ ਘਰ ’ਤੇ ਹਮਲਾ ਉਪਰੋਕਤ ਦਾਅਵਿਆਂ ਅੱਗੇ ਪ੍ਰਸ਼ਨ-ਚਿੰਨ੍ਹ ਖੜ੍ਹਾ ਕਰਦੇ ਹਨ। ਪਾਕਿਸਤਾਨੀ ਪੰਜਾਬ ਦੀ ਸਰਕਾਰ ਇਹ ਕਬੂਲ ਕਰਦੀ ਆਈ ਹੈ ਕਿ ਇਤਿਹਾਸਕ ਤੇ ਹੋਰ ਗੁਰ-ਅਸਥਾਨਾਂ ਦੇ ਦਰਸ਼ਨਾਂ ਲਈ ਕੈਨੇਡਾ, ਅਮਰੀਕਾ, ਆਸਟਰੇਲੀਆ, ਬ੍ਰਿਟੇਨ ਤੇ ਯੂ.ਏ.ਈ. ਤੋਂ ਆਉਣ ਵਾਲੀ ਸਿੱਖ ਸੰਗਤ, ਧਾਰਮਿਕ ਟੂਰਿਜ਼ਮ ਨੂੰ ਪਰੋਮੋਟ ਕਰਨ ਅਤੇ ਵਿਦੇਸ਼ੀ ਸਿੱਕਾ ਕਮਾਉਣ ਦੇ ਉਸ ਦੇ ਯਤਨਾਂ ਵਿਚ ਚੰਗਾ-ਚੋਖਾ ਯੋਗਦਾਨ ਪਾਉਂਦੀ ਆਈ ਹੈ।

ਇਹ ਵੀ ਮੰਨਿਆ ਜਾਂਦਾ ਹੈ ਕਿ ਜੇ ਭਾਰਤ ਨਾਲ ਪਾਕਿਸਤਾਨ ਦੇ ਸਬੰਧ ਸੁਖਾਵੇਂ ਹੋ ਜਾਣ ਤਾਂ ਧਾਰਮਿਕ ਟੂਰਿਜ਼ਮ ਨੂੰ ਹੋਰ ਵੀ ਹੁਲਾਰਾ ਮਿਲ ਸਕਦਾ ਹੈ। ਅਜਿਹੀ ਸੋਚ ਦੇ ਬਾਵਜੂਦ ਪਾਕਿਸਤਾਨੀ ਔਕਾਫ਼ ਬੋਰਡ ਵਲੋਂ ਸਿੱਖ ਧਰਮ-ਅਸਥਾਨਾਂ ਦੀ ਸਾਂਭ-ਸੰਭਾਲ ਤੇ ਸੁਰੱਖਿਆ ਵਲ ਵਾਜਬ ਧਿਆਨ ਨਾ ਦੇਣਾ ਦੋਗਲੇਪਣ ਦਾ ਪ੍ਰਭਾਵ ਦਿੰਦਾ ਹੈ। ਗ੍ਰਿਫ਼ਤਾਰੀਆਂ ਦੀ ਅਣਹੋਂਦ ਇਸ ਦੋਗਲੇਪਣ ਨੂੰ ਹੋਰ ਵੀ ਗਹਿਰਾ ਬਣਾਉਂਦੀ ਹੈ। 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੇਅੰਤ ਸਿੰਘ ਦੇ ਕਤਲ ਮਾਮਲੇ 'ਚ MHA ਦੇ Ex. ਅਧਿਕਾਰੀ ਦਾ ਵੱਡਾ ਖੁਲਾਸਾ

15 Jul 2026 2:55 PM

'ਸਤਲੁਜ' ਫਿਲਮ 'ਤੇ Ravneet Bittu LIVE | "ਖਾਲੜਾ ਸਾਬ੍ਹ ਨਾਲ ਕੋਈ ਦਿੱਕਤ ਨਹੀਂ, ਪਰ..." | Press Conference

13 Jul 2026 2:55 PM

ਕੈਬ ਐਸੋਸੀਏਸ਼ਨ ਵਾਲਿਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ, ਭਾਰੀ ਪੁਲਿਸ ਫੋਰਸ ਤਾਇਨਾਤ

13 Jul 2026 2:56 PM

ਫਿਲਮ 'ਸਤਲੁਜ' ਵਿਵਾਦ ਮਾਮਲੇ 'ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ

12 Jul 2026 2:49 PM

PM Modi ਦਾ New Zealand ਚ ਸਿੱਖ ਵਿਰੋਧੀ ਤੱਤਾ ਨੂੰ ਕਰਾਰਾ ਜਵਾਬ,ਸਿੱਖਾਂ ਦੀ ਸੇਵਾ ਅਤੇ ਸਾਹਸ ਪੂਰੀ ਦੁਨੀਆ ਲਈ ਮਿਸਾਲ

12 Jul 2026 2:48 PM
Advertisement