ਖ਼ਬਰਾਂ |

ਤਾਜ਼ਾ |

ਮਾਓਵਾਦ ਖ਼ਿਲਾਫ਼ ਜੰਗ : ਬੇਵਕਤੀ ਹਨ ਸਰਕਾਰੀ ਜਿੱਤ ਦੇ ਜਸ਼ਨ 
Published : Apr 1, 2026, 7:11 am IST
Updated : Apr 1, 2026, 10:09 am IST
SHARE ARTICLE
photo
photo

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਦਾਅਵਾ ਹੈ ਕਿ ਛੱਤੀਸਗੜ੍ਹ ਦੇ ਬਸਤਰ ਖ਼ਿੱਤੇ ਵਿਚੋਂ ਮਾਓਵਾਦੀਆਂ ਦਾ ‘ਤਕਰੀਬਨ ਮੁਕੰਮਲ ਸਫ਼ਾਇਆ' ਕਰ ਦਿਤਾ ਗਿਆ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਦਾਅਵਾ ਹੈ ਕਿ ਛੱਤੀਸਗੜ੍ਹ ਦੇ ਬਸਤਰ ਖ਼ਿੱਤੇ ਵਿਚੋਂ ਮਾਓਵਾਦੀਆਂ ਦਾ ‘ਤਕਰੀਬਨ ਮੁਕੰਮਲ ਸਫ਼ਾਇਆ’ ਕਰ ਦਿਤਾ ਗਿਆ ਹੈ। ਦੂਜੇ ਪਾਸੇ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਸਰਕਾਰ ਨੂੰ ਅਜਿਹੇ ਦਾਅਵਿਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਲਹਿਰ ਦਾ ‘ਮੁਕੰਮਲ ਸਫ਼ਾਇਆ’ ਕਦੇ ਵੀ ਸੰਭਵ ਨਹੀਂ ਹੁੰਦਾ। ਉਂਜ ਵੀ ਦੇਸ਼ ਦੇ ਕਈ ਹਿੱਸਿਆਂ ਵਿਚ ਨਕਸਲੀ ਗਰੋਹ ਅਜੇ ਵੀ ਮੌਜੂਦ ਹਨ ਅਤੇ ਹਿੰਸਕ ਕਾਰਵਾਈਆਂ ਕਰਨ ਦੀ ਉਨ੍ਹਾਂ ਦੀ ਸਮਰਥਾ ਨੂੰ ਘਟਾ ਕੇ ਨਹੀਂ ਆਂਕਿਆ ਜਾਣਾ ਚਾਹੀਦਾ। 

ਸ਼ਾਹ ਨੇ ਉਪਰੋਕਤ ਦਾਅਵਾ ਸੋਮਵਾਰ ਨੂੰ ਲੋਕ ਸਭਾ ਵਿਚ ਖੱਬੇ-ਪੱਖੀ ਅਤਿਵਾਦ ਬਾਰੇ ਬਹਿਸ ਦੇ ਜਵਾਬ ਦੌਰਾਨ ਕੀਤਾ। ਉਨ੍ਹਾਂ ਨੇ ਇਸ ਦਾਅਵੇ ਦੇ ਚਾਰ ਆਧਾਰ ਪੇਸ਼ ਕੀਤੇ : 1. ਦੇਸ਼ ਵਿਚ 2014 ਵਿਚ ਮਾਓਵਾਦੀ ਜਾਂ ਨਕਸਲੀ ਹਿੰਸਾ ਤੋਂ ਗ੍ਰਸਤ 126 ਜ਼ਿਲ੍ਹੇ ਸਨ, ਹੁਣ ਸਿਰਫ਼ 2 ਅਜਿਹੇ ਜ਼ਿਲ੍ਹੇ ਹਨ ; 2. ਨਕਸਲੀ ਇੰਤਹਾਪਸੰਦੀ ਤੋਂ ਬੁਰੀ ਤਰ੍ਹਾਂ ਪੀੜਤ ਜ਼ਿਲ੍ਹਿਆਂ ਦੀ ਤੁਲਨਾ ਵਿਚ ਇਸ ਵੇਲੇ ਇਕ ਵੀ ਜ਼ਿਲ੍ਹਾ ਅਜਿਹਾ ਨਹੀਂ ਜਿਹੜਾ ‘ਬੁਰੀ ਤਰ੍ਹਾਂ ਪੀੜਤ’ ਸ਼ੇ੍ਰਣੀ ਵਿਚ ਆਉਂਦਾ ਹੋਵੇ; 3. ਨਕਸਲੀ ਹਿੰਸਾ ਤੋਂ ਪੀੜਤ ਜ਼ਿਲ੍ਹਿਆਂ ਵਿਚ ਕੇਂਦਰੀ ਪੁਲੀਸ ਬਲਾਂ ਦੇ ਕੈਂਪ ਸਥਾਪਿਤ ਕਰਨੇ 2014 ਵਿਚ ਬਹੁਤ ਮੁਸ਼ਕਿਲ ਜਾਪਦੇ ਸਨ। ਹੁਣ 406 ਅਜਿਹੇ ਕੈਂਪ ਹਨ; 4. ਉਦੋਂ ਕੇਂਦਰੀ ਪੁਲੀਸ ਬਲ ਰਾਤ ਵੇਲੇ ਬਹੁਤ ਘੱਟ ਗਸ਼ਤ ਕਰਦੇ ਸਨ।

ਹੁਣ ਗਸ਼ਤ ਦਿਨੇ ਘੱਟ ਅਤੇ ਰਾਤ ਵੇਲੇ ਵੱਧ ਹੁੰਦੀ ਹੈ। ਗਸ਼ਤੀ ਪਾਰਟੀਆਂ ਦੀ ਮਦਦ ਨਾਲ ਹੈਲੀਕਾਪਟਰ ਵੀ ਵਰਤੇ ਜਾਂਦੇ ਹਨ ਜਿਨ੍ਹਾਂ ਨੂੰ ਰਾਤ ਵੇਲੇ ਉਤਾਰਨ ਲਈ 65 ਲੈਂਡਿੰਗ ਪੈਡ ਉਸਾਰੇ ਜਾ ਚੁੱਕੇ ਹਨ। ਗ੍ਰਹਿ ਮੰਤਰੀ ਨੇ ਮਈ 2024 ਤੋਂ ਲੈ ਕੇ 30 ਮਾਰਚ 2026 ਤਕ ਆਤਮ ਸਮਰਪਣ ਕਰਨ ਵਾਲੇ ਨਕਸਲੀਆਂ ਦੀ ਗਿਣਤੀ 4839 ਅਤੇ ਗ੍ਰਿਫ਼ਤਾਰਾਂ ਦੀ ਸੰਖਿਆ 2218 ਦੱਸੀ। ‘ਮੁਕਾਬਲਿਆਂ’ ਵਿਚ ਮਰਨ ਵਾਲੇ ਮਾਓਵਾਦੀਆਂ ਦੀ ਤਾਦਾਦ, ਉਨ੍ਹਾਂ ਦੇ ਦੱਸਣ ਮੁਤਾਬਿਕ, 706 ਰਹੀ। ਉਨ੍ਹਾਂ ਕਿਹਾ ਕਿ ਮਾਓਵਾਦੀ ਹਿੰਸਾ ਖ਼ਿਲਾਫ਼ ਲੜਾਈ ਵਿਚ ਜਿੱਤ ਲਈ ਜੇਕਰ ਮੋਦੀ ਸਰਕਾਰ ਅਪਣੀ ਪਿੱਠ ਥਾਪੜ ਰਹੀ ਹੈ ਤਾਂ ਇਸ ਉੱਤੇ ਕਿਸੇ ਵੀ ਧਿਰ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ।

ਕੇਂਦਰੀ ਗ੍ਰਹਿ ਮੰਤਰੀ ਦੇ ਇਨ੍ਹਾਂ ਕਥਨਾਂ ਵਿਚ ਵਜ਼ਨ ਹੈ, ਇਸ ਹਕੀਕਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਰ ਅਸਲੀਅਤ ਇਹ ਵੀ ਹੈ ਕਿ ਸਾਰੀ ਲੜਾਈ ਕੇਵਲ ਕੇਂਦਰ ਸਰਕਾਰ ਨੇ ਨਹੀਂ ਲੜੀ; ਇਸ ਵਿਚ ਸੂਬਾਈ ਸਰਕਾਰਾਂ ਦਾ ਵੀ ਯੋਗਦਾਨ ਰਿਹਾ ਹੈ। ਉਂਜ ਵੀ, ਟਾਹਰਾਂ ਮਾਰਨ ਜਾਂ ਬਕਰੇ ਬੁਲਾਉਣ ਦਾ ਅਜੇ ਸਮਾਂ ਨਹੀਂ ਆਇਆ। ਝਾਰਖੰਡ ਤੇ ਬਿਹਾਰ ਅਤੇ ਤਿਲੰਗਾਨਾ ਤੇ ਆਂਧਰਾ ਪ੍ਰਦੇਸ਼ ਵਿਚ ਮਾਓਵਾਦੀ ਅਨਸਰ ਦਿਹਾਤੀ ਇਲਾਕਿਆਂ ਵਿਚ ਅੱਜ ਵੀ ਮੌਜੂਦ ਹਨ। ਇਸ ਦਾ ਪ੍ਰਮਾਣ ਸੋਮਵਾਰ ਨੂੰ ਝਾਰਖੰਡ ਵਿਚ ਦੋ ਆਦਿਵਾਸੀਆਂ ਅਤੇ ਤਿਲੰਗਾਨਾ ਵਿਚ ਇਕ ਸਕੂਲ ਮਾਸਟਰ ਦੀਆਂ ਸੋਮਵਾਰ ਨੂੰ ਹੋਈਆਂ ਹੱਤਿਆਵਾਂ ਹਨ। ਇਸ ਤੋਂ ਇਲਾਵਾ (ਜਿਵੇਂ ਕਿ ਤ੍ਰਿਣਮੂਲ ਕਾਂਗਰਸ ਦੀ ਮੈਂਬਰ ਮਹੂਆ ਮੌਇਤਰਾ ਨੇ ਅਪਣੀ ਤਕਰੀਰ ਵਿਚ ਕਿਹਾ) ਖੱਬੇ-ਪੱਖੀ ਇੰਤਹਾਪਸੰਦੀ ਸਰਕਾਰੀ ਸਖ਼ਤੀ ਨਾਲ ਆਰਜ਼ੀ ਤੌਰ ’ਤੇ ਦਬਾਈ ਜ਼ਰੂਰ ਜਾ ਸਕਦੀ ਹੈ, ਮਿਟਾਈ ਨਹੀਂ ਜਾ ਸਕਦੀ। ਇਸ ਦੀ ਵਜ੍ਹਾ ਹੈ ਕਿ ਮਾਓਵਾਦ ਜਾਂ ਖੱਬੇ-ਪੱਖੀ ਅਤਿਵਾਦ ਮਹਿਜ਼ ਹਿੰਸਕ ਇਨਕਲਾਬ ਤਕ ਮਹਿਦੂਦ ਨਹੀਂ, ਬਲਕਿ ਅਪਣੇ ਆਪ ਵਿਚ ਅਹਿਮ ਰਾਜਸੀ ਵਿਚਾਰਧਾਰਾ ਹੈ। ਇਸ ਪਿੱਛੇ ਸਦੀਆਂ ਦੇ ਤਜਰਬਿਆਂ ਉੱਤੇ ਆਧਾਰਿਤ ਫ਼ਲਸਫ਼ਾ ਮੌਜੂਦ ਹੈ। ਅਜਿਹੀ ਵਿਚਾਰਧਾਰਾ ਨੂੰ ‘ਮਲੀਆਮੇਟ’ ਕਰਨ ਦੇ ਸੁਪਨੇ ਸੰਜੋਣ ਅਤੇ ‘ਜਿੱਤ ਦੇ ਜਸ਼ਨ’ ਮਨਾਉਣ ਦੀ ਥਾਂ ਸਰਕਾਰ ਨੂੰ ਹਲੀਮੀ ਤੇ ਸੇਵਾ-ਭਾਵਨਾ ਨਾਲ ਹਿੰਸਾਪੀੜਤ ਜ਼ਿਲ੍ਹਿਆਂ ਦੇ ਲੋਕਾਂ ਅੰਦਰ ਸਰਕਾਰੀ ਨਿਜ਼ਾਮਤ ਪ੍ਰਤੀ ਭਰੋਸਾ ਪੈਦਾ ਕਰਨ ਵਲ ਧਿਆਨ ਦੇਣਾ ਚਾਹੀਦਾ ਹੈ।

ਨਕਸਲਵਾਦ ਜਾਂ ਮਾਓਵਾਦ ਭਾਰਤ ਵਿਚ ਤਕਰੀਬਨ ਛੇ ਦਹਾਕੇ ਪੁਰਾਣਾ ਵਰਤਾਰਾ ਹੈ। ਇਹ ਮਈ 1967 ਵਿਚ ਪੱਛਮੀ ਬੰਗਾਲ ਦੇ ਨਕਸਲਬਾੜੀ ਇਲਾਕੇ ਤੋਂ ਸਮਾਜਿਕ ਨਾਬਰਾਬਰੀ ਖ਼ਿਲਾਫ਼ ਜਨ-ਅੰਦੋਲਨ ਦੇ ਰੂਪ ਵਿਚ ਸ਼ੁਰੂ ਹੋਇਆ ਸੀ। ਤੱਤਕਾਲੀ ਸੂਬਾਈ ਸਰਕਾਰ, ਜਿਸ ਵਿਚ ਖੱਬੇ-ਪੱਖੀ ਕਮਿਊਨਿਸਟ ਪਾਰਟੀਆਂ ਵੀ ਭਾਈਵਾਲ ਸਨ, ਨੇ ਇਸ ਅੰਦੋਲਨ ਨੂੰ ਸਖ਼ਤੀ ਨਾਲ ਦਬਾਉਣ ਦਾ ਯਤਨ ਕੀਤਾ ਜਿਸ ਕਾਰਨ ਇਹ ਹਿੰਸਕ ਰੂਪ ਧਾਰਨ ਕਰ ਗਿਆ। ਬਾਅਦ ਵਿਚ ਇਸ ਵਿਚ ਕਈ ਸਿਧਾਂਤਕ ਤੇ ਵਿਚਾਰਧਾਰਕ ਟਕਰਾਅ ਪੈਦਾ ਹੁੰਦੇ ਰਹੇ।

ਇਸ ਦੇ ਕਈ ਪ੍ਰਮੁੱਖ ਨੇਤਾ ਕੌਮੀ ਮੁੱਖ ਧਾਰਾ ਵਾਲੀ ਰਾਜਨੀਤੀ ਵਿਚ ਆ ਰਲੇ ਅਤੇ ਹੁਣ ਵੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀ.ਪੀ.ਐਮ.ਐਲ.) ਦੇ ਝੰਡੇ ਹੇਠ ਸੰਸਦੀ, ਵਿਧਾਨ ਸਭਾਈ ਤੇ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲੜਦੇ ਆ ਰਹੇ ਹਨ। 1970ਵਿਆਂ ਦੇ ਮੁੱਢ ਵਿਚ ਪੰਜਾਬ ਦੀ ਨੌਜਵਾਨੀ ਵੀ ਨਕਸਲੀ ਲਾਲ ਝੰਡੇ ਨੂੰ ਸਲਾਮਾਂ ਕਰਦੀ ਰਹੀ ਸੀ ਪਰ ਇਸ ਲਹਿਰ ਦਾ ਅਸਲ ਜ਼ੋਰ ਮੱਧ ਪ੍ਰਦੇਸ਼ (ਬਾਅਦ ਵਿਚ ਛਤੀਸਗੜ੍ਹ), ਝਾਰਖੰਡ ਤੇ ਬਿਹਾਰ ਅਤੇ ਤਿਲੰਗਾਨਾ ਤੇ ਪੂਰਬੀ ਮਹਾਰਾਸ਼ਟਰ ਵਿਚ ਬਣਿਆ ਰਿਹਾ। ਇਸ ਲਹਿਰ ਨੇ ਜਿੱਥੇ ਹਜ਼ਾਰਾਂ ਮਾਓਵਾਦੀਆਂ ਦੀਆਂ ਜਾਨਾਂ ਲਈਆਂ, ਉੱਥੇ ਇਹ ਕੇਂਦਰੀ ਤੇ ਸੂਬਾਈ ਪੁਲੀਸ ਬਲਾਂ ਦੇ ਸੈਂਕੜੇ ਜਵਾਨਾਂ ਦੀ ਵੀਰਗਤੀ ਦੀ ਵਜ੍ਹਾ ਵੀ ਬਣੀ।

ਇਸ ਵੇਲੇ ਇਸ ਦੀ ਸਿਖ਼ਰਲੀ ਲੀਡਰਸ਼ਿਪ ਦੀ ਬਹੁਗਿਣਤੀ ਜਾਂ ਤਾਂ ਮਾਰੀ ਜਾ ਚੁੱਕੀ ਹੈ ਅਤੇ ਜਾਂ ਫਿਰ ਆਤਮ-ਸਮਰਪਣ ਕਰ ਚੁੱਕੀ ਹੈ। ਸਿਰਫ਼ ਦੋ ਕਮਾਂਡਰ ਅਜਿਹੇ ਬਚੇ ਹਨ ਜੋ ਅਜੇ ਵੀ ਰੂਪੋਸ਼ ਹਨ ਅਤੇ ਰੂਪੋਸ਼ੀ ਦੌਰਾਨ ਵੀ ਬਚੇ-ਖੁਚੇ ਪਾਰਟੀ ਕਾਡਰ ਨੂੰ ਸੇਧਾਂ ਜਾਰੀ ਕਰਦੇ ਆ ਰਹੇ ਹਨ। ਅਮਿਤ ਸ਼ਾਹ ਨੂੰ ਯਕੀਨ ਹੈ ਕਿ ਇਨ੍ਹਾਂ ਦੋਵਾਂ ਦੀ ਰੂਪੋਸ਼ੀ, ਮਾਓਵਾਦ ਦੀ ਪੁਨਰ-ਸੁਰਜੀਤੀ ਵਿਚ ਮਦਦਗਾਰ ਨਹੀਂ ਹੋਵੇਗੀ। ਪਰ ਉਨ੍ਹਾਂ ਨੂੰ ਇਸ ਸਬੰਧੀ ਕਿਸੇ ਭਰਮ-ਭੁਲੇਖੇ ਵਿਚ ਵੀ ਨਹੀਂ ਰਹਿਣਾ ਚਾਹੀਦਾ ਕਿਉਂਕਿ ਜਿਨ੍ਹਾਂ ਹਾਲਾਤ ਨੇ ਦੇਸ਼ ਵਿਚ ਨਕਸਲਵਾਦੀ ਲਹਿਰ ਨੂੰ ਹੁਲਾਰਾ ਦਿਤਾ ਸੀ, ਉਹ ਹੁਣ ਵੀ ਦੇਸ਼ ਵਿਚ ਵਿੱਤੀ, ਵਿਦਿਅਕ ਤੇ ਸਮਾਜਿਕ ਨਾਬਰਾਬਰੀ ਦੇ ਰੂਪ ਵਿਚ ਵਿਆਪਕ ਤੌਰ ’ਤੇ ਮੌਜੂਦ ਹਨ। ਹੁਣ ਤਕ ਤਾਂ ਸਭ ਠੀਕ ਹੈ, ਪਰ ਹਲਕਾ ਜਿਹਾ ਅਵੇਸਲਾਪਣ ਜਾਂ ਹੈਂਕੜਬਾਜ਼ੀ ਵੀ ਨਕਸਲਵਾਦ ਦੇ ਉਭਾਰ ਵਾਲੇ ਹਾਲਾਤ ਮੁੜ ਪੈਦਾ ਕਰ ਸਕਦੀ ਹੈ।     

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM

ਕੇਂਦਰੀ ਖ਼ੁਰਾਕ ਮੰਤਰੀ ਨਾਲ਼ CM Mann ਦੀ ਬੈਠਕ ਹੋਈ ਖ਼ਤਮ, ਕਣਕ ਦੀ ਖਰੀਦ ਨੂੰ ਲੈ ਕੇ CM ਮਾਨ ਨੇ ਕੀਤੀ ਬੈਠਕ

10 Apr 2026 2:51 PM

Donald Trump ਦੀ Iran ਨੂੰ ਮੁੜ ਧਮਕੀ 'ਹੋਰਮੁਜ਼ ਸਟ੍ਰੇਟ ਨਾ ਖੋਲ੍ਹਿਆ ਤਾਂ ਕਰਾਂਗੇ ਹਮਲਾ...' Iran VS Israel War

09 Apr 2026 3:21 PM
Advertisement