ਸੱਭ ਕੁੱਝ ਹੜੱਪ ਲੈਣ ਵਾਲੇ ਅਮਰੀਕਾ ਦਾ ਢਿੱਡ ਖ਼ਾਲੀ,  75 ਸਾਲਾਂ ਵਿਚ ਪਹਿਲੀ ਵਾਰ ‘ਮਹਾਨ' ਅਰਥਵਿਵਸਥਾ ਕੋਲ ਭੋਜਨ ਦੀ ਕਮੀ

By : GAGANDEEP

Published : Feb 20, 2026, 6:22 am IST
Updated : Feb 20, 2026, 7:56 am IST
SHARE ARTICLE
photo
photo

50 ਸਾਲਾਂ ਵਿਚ ਸਾਢੇ ਚਾਰ ਕਰੋੜ ਪਾਲਤੂ ਪਸ਼ੂ ਘਟੇ, ਬੀਫ਼ ਦੀਆਂ ਕੀਮਤਾਂ ਵਿਚ ਤੇਜ਼ ਵਾਧਾ, ਆਮ ਲੋਕਾਂ 'ਤੇ ਬੋਝ

  • ਸੋਕਾ, ਮਹਿੰਗਾ ਚਾਰਾ ਅਤੇ ਵਧਦੀ ਲਾਗਤ ਮੁੱਖ ਕਾਰਨ 

ਚੰਡੀਗੜ੍ਹ (ਕਮਲ ਦੁਸਾਂਝ) : ਅਮਰੀਕਾ ਉਤੇ ਹਕੂਮਤ ਕਿਸੇ ਵੀ ਸਿਆਸੀ ਧਿਰ ਦੀ ਰਹੀ ਹੋਵੇ, ਉਹ ਖ਼ੁਦ ਨੂੰ ਦੁਨੀਆ ਦੇ ‘ਸਰਦਾਰ’ ਵਜੋਂ ਪੇਸ਼ ਕਰਦਾ ਰਿਹਾ ਹੈ। ਉਸ ਦੀ ਅਖੌਤੀ ਸਰਦਾਰੀ ਦੇ ਬੋਝ ਹੇਠ ਛੋਟੇ ਅਤੇ ਵਿਕਾਸਸ਼ੀਲ ਮੁਲਕ ਦਬਦੇ ਆਏ ਹਨ। ਪਰ ਜਦੋਂ ਅਮਰੀਕੀ ਸੱਤਾ ਉਤੇ ਦੂਜੀ ਵਾਰ ਡੋਨਾਲਡ ਟਰੰਪ ਕਾਬਜ਼ ਹੋਏ ਹਨ ਤਾਂ ਟੈਰਿਫ਼ਾਂ ਰਾਹੀਂ ਉਨ੍ਹਾਂ ਨੇ ਨਾ ਸਿਰਫ਼ ਪੂਰੀ ਦੁਨੀਆ ਦੀ ਅਰਥਵਿਵਸਥਾ ਦੀਆਂ ਚੂਲਾਂ ਹਿਲਾਈਆਂ, ਸਗੋਂ ਅਜੀਬ ਕਿਸਮ ਦੀ ਬੇਚੈਨੀ ਵੀ ਪੈਦਾ ਕੀਤੀ ਹੈ।

ਅਮਰੀਕਾ ਦੀਆਂ ਧੌਂਸਕਾਰੀ ਨੀਤੀਆਂ ਨੇ ਅਸ਼ਾਂਤੀ ਦਾ ਮਾਹੌਲ ਸਿਰਜ ਦਿਤਾ ਹੈ। ਸਾਰੇ ਮੁਲਕਾਂ ਉਤੇ ਟੈਰਿਫ਼ ਦਾ ਡਰਾਵਾ ਦੇ ਕੇ ਡੋਨਾਲਡ ਟਰੰਪ ਇਹ ਜਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਦੁਨੀਆ ਭਰ ਦੇ ਦੇਸ਼ਾਂ ’ਤੇ ਲਗਾਏ ਗਏ ਟੈਰਿਫ਼ ਅਮਰੀਕਾ ਦੇ ਖਜ਼ਾਨੇ ਭਰ ਰਹੇ ਹਨ ਅਤੇ ਇਸ ਦੇ ਵਪਾਰਕ ਘਾਟੇ ਨੂੰ 78 ਫ਼ੀਸਦ ਘਟਾ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਦੇਸ਼ ਇਸ ਸਾਲ ਵਪਾਰ ਸਰਪਲੱਸ ਤਕ ਪਹੁੰਚ ਜਾਵੇਗਾ।

ਹਾਲਾਂਕਿ ਟਰੰਪ ਵਲੋਂ ਜੋ ਦਿਖਾਇਆ ਜਾ ਰਿਹਾ ਹੈ ਜਾਂ ਪੇਸ਼ ਕੀਤਾ ਜਾ ਰਿਹਾ ਹੈ, ਸਥਿਤੀ ਉਸ ਦੇ ਉਲਟ ਹੈ। ਟਰੰਪ ਦੀਆਂ ਨੀਤੀਆਂ ਨੇ ਅਮਰੀਕਾ ਵਿਚ ਵੱਡਾ ਸੰਕਟ ਪੈਦਾ ਕਰ ਦਿਤਾ ਹੈ। ਅਮਰੀਕਾ ਦੇ ਖੇਤੀਬਾੜੀ ਵਿਭਾਗ (ਯੂ.ਐਸ.ਡੀ.ਏ.) ਅਨੁਸਾਰ ਦੇਸ਼ ਵਿਚ ਪਾਲਤੂ ਪਸ਼ੂਆਂ (ਮੱਝਾਂ, ਗਾਵਾਂ, ਭੇਡਾਂ, ਵਛੇਰੇ ਆਦਿ) ਦੀ ਗਿਣਤੀ ਘੱਟ ਕੇ 8.5 ਕਰੋੜ ਹੋ ਗਈ ਹੈ, ਜੋ ਕਿ 1951 ਤੋਂ ਬਾਅਦ ਸਭ ਤੋਂ ਘੱਟ ਹੈ। ਇਹ ਸਿਰਫ਼ ਆਮ ਗਿਰਾਵਟ ਨਹੀਂ, ਸਗੋਂ ਅਮਰੀਕਾ ਦੀ ਖੁਰਾਕ ਸੁਰੱਖਿਆ, ਮਾਸ ਉਦਯੋਗ ਅਤੇ ਖੇਤੀਬਾੜੀ ਪ੍ਰਣਾਲੀ ਲਈ ਗੰਭੀਰ ਚੇਤਾਵਨੀ ਹੈ।

ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਮਾਸ ਉਤਪਾਦਕ ਅਤੇ ਐਕਸਪੋਰਟ ਕਰਨ ਵਾਲੇ ਦੇਸ਼ਾਂ ਵਿਚੋਂ ਇਕ ਹੈ। ਇਸ ਲਈ ਉੱਥੇ ਉਤਪਾਦਨ ਘਟਣ ਦਾ ਪ੍ਰਭਾਵ ਸਿਰਫ਼ ਅਮਰੀਕਾ ਤਕ ਸੀਮਤ ਨਹੀਂ ਰਹੇਗਾ, ਸਗੋਂ ਵਿਸ਼ਵ ਬਾਜ਼ਾਰ ’ਤੇ ਵੀ ਪਵੇਗਾ। ਮਾਸ ਦੀਆਂ ਕੀਮਤਾਂ ਵਿਸ਼ਵ ਪੱਧਰ ’ਤੇ ਵਧ ਸਕਦੀਆਂ ਹਨ ਅਤੇ ਖੁਰਾਕੀ ਮਹਿੰਗਾਈ ਵਧਣ ਦਾ ਖਤਰਾ ਹੈ। ਅਮਰੀਕਾ ਦੀ ਤਿਜੋਰੀ ਭਾਵੇਂ ਟੈਰਿਫ਼ਾਂ ਨਾਲ ਭਰ ਰਹੀ ਹੋਵੇ, ਪਰ ਉਸ ਦੇ ਖੇਤ ਅਤੇ ਪਸ਼ੂਆਂ ਦੇ ਥਾਂ ਖਾਲੀ ਹੋ ਰਹੇ ਹਨ। ਇਹ ਸਪੱਸ਼ਟ ਸੰਕੇਤ ਹੈ ਕਿ ਸਿਰਫ਼ ਵਪਾਰਕ ਨੀਤੀਆਂ ਅਤੇ ਆਰਥਿਕ ਦਾਅਵਿਆਂ ਨਾਲ ਕਿਸੇ ਦੇਸ਼ ਦੀ ਅਸਲੀ ਤਾਕਤ ਨਹੀਂ ਬਣਦੀ। ਖੁਰਾਕੀ ਸੁਰੱਖਿਆ, ਖੇਤੀਬਾੜੀ ਅਤੇ ਪਸ਼ੂ ਪਾਲਣ ਦੀ ਮਜ਼ਬੂਤੀ ਹੀ ਕਿਸੇ ਵੀ ਅਰਥਵਿਵਸਥਾ ਦੀ ਅਸਲ ਨੀਂਹ ਹੁੰਦੀ ਹੈ। ਅਮਰੀਕਾ ਵਿਚ ਪੈਦਾ ਹੋਇਆ ਇਹ ਸੰਕਟ ਸਿਰਫ਼ ਇਕ ਦੇਸ਼ ਦੀ ਸਮੱਸਿਆ ਨਹੀਂ, ਸਗੋਂ ਪੂਰੀ ਦੁਨੀਆ ਲਈ ਇਕ ਗੰਭੀਰ ਸਬਕ ਹੈ।

ਵਿਭਾਗ ਅਨੁਸਾਰ ਅਮਰੀਕਾ ਵਿਚ ਪਾਲਤੂ ਪਸ਼ੂਆਂ ਦੀ ਤਦਾਦ 1975 ਵਿਚ 13 ਕਰੋੜ ’ਤੇ ਪਹੁੰਚ ਗਈ ਸੀ। ਇਸ ਨਾਲ ਤੁਲਨਾ ਕਰੀਏ ਤਾਂ ਅੱਜ ਇਹ ਗਿਣਤੀ ਲਗਭਗ 4.5 ਕਰੋੜ ਘੱਟ ਹੋ ਚੁੱਕੀ ਹੈ। ਸਿਰਫ਼ ਪਿਛਲੇ ਪੰਜ ਸਾਲਾਂ ਵਿਚ ਹੀ 1 ਕਰੋੜ ਤੋਂ ਵੱਧ ਪਸ਼ੂ ਘਟੇ ਹਨ। ਇਸ ਦਾ ਮਤਲਬ ਹੈ ਕਿ ਪਸ਼ੂ ਪਾਲਣ ਵਰਗਾ ਮਜ਼ਬੂਤ ਖੇਤਰ ਵੀ ਹੁਣ ਸੰਕਟ ਵਿਚ ਹੈ। ਇਸ ਗਿਰਾਵਟ ਦਾ ਸਿੱਧਾ ਪ੍ਰਭਾਵ ਖੁਰਾਕੀ ਕੀਮਤਾਂ ’ਤੇ ਪੈ ਰਿਹਾ ਹੈ। ਦੇਸ਼ ਵਿਚ ਬੀਫ਼ ਦੀ ਕੀਮਤ ਪਿਛਲੇ ਸਾਲ ਜਨਵਰੀ ਦੇ ਮੁਕਾਬਲੇ ਲਗਭਗ 15 ਫ਼ੀਸਦ ਵਧ ਗਈ ਹੈ।

ਇਹ ਵਾਧਾ ਖੁਰਾਕੀ ਟੋਕਰੀ (ਫੂਡ ਬਾਸਕਟ) ਵਿਚ ਸਭ ਤੋਂ ਵੱਡੇ ਵਾਧਿਆਂ ਵਿਚੋਂ ਇਕ ਹੈ। ਇਸ ਦੇ ਮੁਕਾਬਲੇ ਚਿਕਨ ਦੀ ਕੀਮਤ ਵਿਚ ਸਿਰਫ਼ 1.1 ਫ਼ੀਸਦ ਦਾ ਵਾਧਾ ਹੋਇਆ ਹੈ, ਜਦੋਂ ਕਿ ਦੁੱਧ ਦੀ ਕੀਮਤ ਲਗਭਗ ਸਥਿਰ ਰਹੀ ਹੈ। ਇਹ ਦਰਸਾਉਂਦਾ ਹੈ ਕਿ ਮਾਸ ਉਤਪਾਦਨ ਸਿੱਧਾ ਪਸ਼ੂਆਂ ਦੀ ਗਿਣਤੀ ’ਤੇ ਨਿਰਭਰ ਕਰਦਾ ਹੈ ਅਤੇ ਜਿਵੇਂ ਹੀ ਇਹ ਗਿਣਤੀ ਘਟਦੀ ਹੈ, ਮਹਿੰਗਾਈ ਵਧਣ ਲਗਦੀ ਹੈ। ਇਸ ਸੰਕਟ ਦੇ ਪਿੱਛੇ ਕਈ ਕਾਰਨ ਹਨ। ਮਾਹਰਾਂ ਅਨੁਸਾਰ ਮੌਸਮੀ ਤਬਦੀਲੀ, ਲੰਬੇ ਸਮੇਂ ਤੱਕ ਪਿਆ ਸੋਕਾ, ਚਾਰੇ ਦੀਆਂ ਵਧਦੀਆਂ ਕੀਮਤਾਂ ਅਤੇ ਖੇਤੀਬਾੜੀ ਦੀ ਵਧਦੀ ਲਾਗਤ ਮੁੱਖ ਕਾਰਨ ਹਨ। ਟੈਕਸਾਸ, ਕੈਨਸਸ ਅਤੇ ਨੇਬਰਾਸਕਾ ਵਰਗੇ ਅਮਰੀਕੀ ਰਾਜ, ਜੋ ਪਸ਼ੂ ਪਾਲਣ ਦੇ ਕੇਂਦਰ ਮੰਨੇ ਜਾਂਦੇ ਹਨ, ਉੱਥੇ ਸੋਕੇ ਅਤੇ ਪਾਣੀ ਦੀ ਘਾਟ ਕਾਰਨ ਕਿਸਾਨਾਂ ਨੂੰ ਮਜਬੂਰੀ ਵਿਚ ਅਪਣੇ ਪਸ਼ੂ ਵੇਚਣ ਜਾਂ ਘਟਾਉਣੇ ਪਏ ਹਨ। ਚਾਰੇ ਦੀ ਕੀਮਤ ਵਿਚ ਪਿਛਲੇ ਕੁਝ ਸਾਲਾਂ ਵਿਚ 20 ਤੋਂ 25 ਫ਼ੀਸਦ ਤਕ ਵਾਧਾ ਹੋਇਆ ਹੈ, ਜਿਸ ਨਾਲ ਪਸ਼ੂ ਪਾਲਣ ਘੱਟ ਲਾਭਕਾਰੀ ਬਣ ਗਿਆ ਹੈ।

2028 ਤਕ ਰਹਿ ਸਕਦਾ ਹੈ ਸੰਕਟ ਹਾਲੇ ਰਾਹਤ ਦੀ ਕੋਈ ਉਮੀਦ ਨਹੀਂ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਡੇਅਰੀ ਅਤੇ ਪਸ਼ੂ ਪਾਲਣ ਕਰਨ ਵਾਲੇ ਕਿਸਾਨ ਹੁਣ ਗਿਣਤੀ ਵਧਾਉਣ ਵੀ ਸ਼ੁਰੂ ਕਰ ਦਿੰਦੇ ਹਨ ਤਾਂ ਵੀ ਇਸ ਦਾ ਅਸਰ ਤੁਰਤ ਨਹੀਂ ਵੇਖਿਆ ਜਾਵੇਗਾ। ਇਕ ਵਛੇਰੇ ਨੂੰ ਪੂਰੀ ਤਰ੍ਹਾਂ ਵੱਡਾ ਹੋ ਕੇ ਮਾਸ ਉਤਪਾਦਨ ਲਈ ਤਿਆਰ ਹੋਣ ਵਿਚ ਘੱਟੋ-ਘੱਟ 2 ਤੋਂ 3 ਸਾਲ ਲਗਦੇ ਹਨ। ਇਸ ਲਈ ਅਨੁਮਾਨ ਹੈ ਕਿ 2028 ਤੋਂ ਪਹਿਲਾਂ ਸਥਿਤੀ ਵਿਚ ਵੱਡਾ ਸੁਧਾਰ ਨਹੀਂ ਆਵੇਗਾ।

ਅਮਰੀਕਾ ਵਿਚ ਪ੍ਰਤੀ ਵਿਅਕਤੀ ਬੀਫ਼ ਦੀ ਖਪਤ ਲਗਭਗ 58.1 ਪੌਂਡ ਪ੍ਰਤੀ ਸਾਲ ਹੈ। ਹਾਲਾਂਕਿ 1970 ਦੇ ਦਹਾਕੇ ਵਿਚ ਇਹ ਅੰਕੜਾ 80 ਪੌਂਡ ਤੋਂ ਵੱਧ ਸੀ, ਪਰ ਫਿਰ ਵੀ ਅਮਰੀਕਾ ਦੁਨੀਆ ਦੇ ਸਭ ਤੋਂ ਵੱਡੇ ਬੀਫ਼ ਖਪਤਕਾਰਾਂ ਵਿਚੋਂ ਇਕ ਹੈ। ਇਸ ਉੱਚੀ ਮੰਗ ਅਤੇ ਘਟਦੀ ਸਪਲਾਈ ਨੇ ਖੁਰਾਕੀ ਪ੍ਰਣਾਲੀ ਉੱਤੇ ਦਬਾਅ ਵਧਾ ਦਿਤਾ ਹੈ। ਟਰੰਪ ਦੀ ਟੈਰਿਫ਼ ਨੀਤੀ ਨੇ ਵੀ ਇਸ ਸੰਕਟ ਨੂੰ ਸਿੱਧੇ ਤੌਰ ’ਤੇ ਪ੍ਰਭਾਵਤ ਕੀਤਾ ਹੈ। ਟੈਰਿਫ਼ ਲਗਾ ਕੇ ਅਮਰੀਕਾ ਨੇ ਵਿਦੇਸ਼ੀ ਉਤਪਾਦਾਂ ਨੂੰ ਮਹਿੰਗਾ ਕੀਤਾ ਹੈ, ਜਿਸ ਨਾਲ ਘਰੇਲੂ ਉਤਪਾਦਨ ਉੱਤੇ ਦਬਾਅ ਵਧਿਆ ਹੈ। ਹਾਲਾਂਕਿ ਸਰਕਾਰ ਇਸ ਨੂੰ ਆਰਥਕ ਸਫਲਤਾ ਵਜੋਂ ਪੇਸ਼ ਕਰ ਰਹੀ ਹੈ, ਪਰ ਹਕੀਕਤ ਇਹ ਹੈ ਕਿ ਖੇਤੀਬਾੜੀ ਅਤੇ ਪਸ਼ੂ ਪਾਲਣ ਖੇਤਰ ਵਿਚ ਕਮਜ਼ੋਰੀ ਵਧ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement