21 ਸਾਲ ਦੀ ਲੜਕੀ ਦੀ ਹੋਈ ਮੌਤ, ਪੁਲਿਸ ਨੇ 6 ਲੋਕਾਂ ਨੂੰ ਲਿਆ ਹਿਰਾਸਤ 'ਚ
ਸਾਓ ਪਾਉਲੋ: ਬ੍ਰਾਜ਼ੀਲ ਦੇ ਸਾਓ ਪਾਉਲੋ ਰਾਜ ਵਿੱਚ ਬੰਜੀ ਜੰਪਿੰਗ ਦੌਰਾਨ ਇੱਕ ਹਾਦਸੇ ਵਿੱਚ 21 ਸਾਲਾ ਮੁਟਿਆਰ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ, ਕਰਮਚਾਰੀਆਂ ਨੇ ਮੁਟਿਆਰ ਨੂੰ ਸੇਫਟੀ ਰੋਪ (ਸੁਰੱਖਿਆ ਰੱਸੀ) ਲਗਾਏ ਬਿਨਾਂ ਹੀ ਪੁਲ ਤੋਂ ਛਾਲ ਮਰਵਾ ਦਿੱਤੀ, ਜਿਸ ਕਾਰਨ ਉਹ 130 ਫੁੱਟ ਤੋਂ ਵੱਧ ਡੂੰਘਾਈ ਵਿੱਚ ਜਾ ਡਿੱਗੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਮੁਟਿਆਰ ਦੀ ਪਛਾਣ ਮਾਰੀਆ ਐਡੁਆਰਡਾ ਰੌਡਰਿਗਜ਼ ਡੀ ਫ੍ਰੇਟਾਸ ਵਜੋਂ ਹੋਈ ਹੈ। ਉਹ ਇੱਕ ਨਿੱਜੀ ਕੰਪਨੀ ਵੱਲੋਂ ਆਯੋਜਿਤ ਬੰਜੀ ਜੰਪਿੰਗ ਗਤੀਵਿਧੀ ਵਿੱਚ ਹਿੱਸਾ ਲੈਣ ਪਹੁੰਚੀ ਸੀ। ਇਹ ਹਾਦਸਾ ਸਕੈਲਟਨ ਬ੍ਰਿਜ 'ਤੇ ਵਾਪਰਿਆ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਰਮਚਾਰੀ ਮੁਟਿਆਰ ਨੂੰ ਪੁਲ ਦੇ ਕਿਨਾਰੇ ਲੈ ਕੇ ਜਾਂਦੇ ਹਨ ਅਤੇ ਉਸ ਨੂੰ ਹੇਠਾਂ ਛੱਡ ਦਿੰਦੇ ਹਨ। ਜਿਵੇਂ ਹੀ ਉਹ ਡਿੱਗਣ ਲੱਗਦੀ ਹੈ, ਉੱਥੇ ਮੌਜੂਦ ਲੋਕਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਦੀ ਸੇਫਟੀ ਰੋਪ ਨਹੀਂ ਬੱਝੀ ਹੋਈ ਹੈ।
ਵੀਡੀਓ ਵਿੱਚ ਕਈ ਲੋਕ ਜ਼ੋਰ-ਜ਼ੋਰ ਨਾਲ ਚੀਕਦੇ ਸੁਣਾਈ ਦਿੰਦੇ ਹਨ, "ਰੋਪ... ਰੋਪ..." ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਮੁਟਿਆਰ ਡੂੰਘੀ ਖੱਡ ਵਿੱਚ ਡਿੱਗ ਚੁੱਕੀ ਸੀ। ਪੁਲਿਸ ਨੇ ਘਟਨਾ ਤੋਂ ਬਾਅਦ ਮੌਕੇ ਤੋਂ ਛੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।
