'ਗਾਰਡ ਆਫ਼ ਆਨਰ' ਨਾਲ ਭੇਟ ਕੀਤੀ ਸ਼ਰਧਾਂਜਲੀ, ਤਰੁਣ ਬਾਲੀ ਦੀ ਮੌਤ 9 ਜੂਨ ਨੂੰ ਉੱਤਰੀ ਓਂਟਾਰੀਓ ਦੇ ਹਰਸਟ ਇਲਾਕੇ ਵਿੱਚ ਡਿਊਟੀ ਦੌਰਾਨ ਹੋਈ ਸੀ
ਓਂਟਾਰੀਓ: ਕੈਨੇਡਾ ਵਿੱਚ ਭਾਰਤੀ ਮੂਲ ਦੇ ਤਰੁਣ ਬਾਲੀ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਅਤੇ ਗ੍ਰੇਟਰ ਟੋਰਾਂਟੋ ਏਰੀਆ (GTA) ਦੀਆਂ ਕਈ ਪੁਲਿਸ ਸੇਵਾਵਾਂ ਦੇ ਅਧਿਕਾਰੀਆਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੁੱਖ ਕੋਰੋਨਰ ਦਫ਼ਤਰ ਲਿਆਉਣ ਦੌਰਾਨ 'ਗਾਰਡ ਆਫ਼ ਆਨਰ' ਨਾਲ ਸ਼ਰਧਾਂਜਲੀ ਭੇਟ ਕੀਤੀ। ਇਸ ਸਨਮਾਨ ਸਮਾਰੋਹ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਆਪਣੇ ਸਾਥੀ ਨੂੰ ਅੰਤਿਮ ਸਲਾਮੀ ਦਿੰਦੇ ਨਜ਼ਰ ਆ ਰਹੇ ਹਨ।
ਤਰੁਣ ਬਾਲੀ ਦੀ ਮੌਤ 9 ਜੂਨ ਨੂੰ ਉੱਤਰੀ ਓਂਟਾਰੀਓ ਦੇ ਹਰਸਟ ਇਲਾਕੇ ਵਿੱਚ ਡਿਊਟੀ ਦੌਰਾਨ ਹੋਈ ਸੀ। ਪੁਲਿਸ ਅਨੁਸਾਰ, ਇੱਕ ਜਾਂਚ ਮੁਹਿੰਮ ਦੌਰਾਨ ਇੱਕ 18 ਸਾਲਾ ਸ਼ੱਕੀ ਨੇ ਕਥਿਤ ਤੌਰ 'ਤੇ ਆਪਣੀ ਗੱਡੀ ਨਾਲ ਪੁਲਿਸ ਦੇ ਘੇਰੇ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬਾਲੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਬਾਅਦ ਵਿੱਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕਤਲ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
