‘ਅਮਰੀਕਾ ਦਾ ਨਿਸ਼ਾਨਾ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਖਤਮ ਕਰਨਾ
ਤੇਹਰਾਨ : ਅਮਰੀਕਾ ਦੇ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਕਿਹਾ ਕਿ ਹੋਰਮੁਜ਼ ਸਟ੍ਰੇਟ ਨੂੰ ਖੋਲ੍ਹਣ ਨੂੰ ਲੈ ਕੇ ਅਮਰੀਕਾ ਅਤੇ ਇਰਾਨ ਵਿਚਾਲੇ ਅੱਜ ਬੁੱਧਵਾਰ ਤੱਕ ਸਮਝੌਤਾ ਹੋ ਸਕਦਾ ਹੈ। ਉੱਥੇ ਹੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦੱਸਿਆ ਕਿ ਮੌਜੂਦਾ ਗੱਲਬਾਤ ਸਿਰਫ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਹੈ । ਪਰਮਾਣੂ ਪ੍ਰੋਗਰਾਮ 'ਤੇ ਵੱਖਰਾ ਸਮਝੌਤਾ ਹੋਵੇਗਾ । ਅਮਰੀਕਾ ਦਾ ਅੰਤਿਮ ਨਿਸ਼ਾਨਾ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੀ ਹੈ।
ਦੂਜੇ ਪਾਸੇ ਇਰਾਨ ਨੇ ਕਿਹਾ ਕਿ ਉਹ ਓਮਾਨ ਨਾਲ ਮਿਲ ਕੇ ਹੋਰਮੁਜ਼ ਸਟ੍ਰੇਟ ਤੋਂ ਜਹਾਜ਼ਾਂ ਦੀ ਆਵਾਜਾਈ ਲਈ ਇੱਕ ਸੁਰੱਖਿਅਤ ਅਤੇ ਅਸਥਾਈ ਰਸਤਾ ਬਣਾਉਣ 'ਤੇ ਗੱਲਬਾਤ ਕਰ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਨਵੀਂ ਵਿਵਸਥਾ ਤਹਿਤ ਸਟ੍ਰੇਟ ਵਿੱਚ ਆਉਣ ਵਾਲੇ ਸਾਰੇ ਜਹਾਜ਼ਾਂ 'ਤੇ ਇਰਾਨ ਦਾ ਪੂਰਾ ਕੰਟਰੋਲ ਰਹੇਗਾ । ਉੱਥੇ ਹੀ ਸਟ੍ਰੇਟ ਤੋਂ ਬਾਹਰ ਜਾਣ ਵਾਲੇ ਜਹਾਜ਼ਾਂ ਨੂੰ ਓਮਾਨ ਵੱਖਰੇ ਰਸਤੇ ਤੋਂ ਕਲੀਅਰੈਂਸ ਦੇਵੇਗਾ । ਜਦਕਿ ਓਮਾਨ ਕਿਸੇ ਵੀ ਜਹਾਜ਼ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਇਸ ਦੀ ਜਾਣਕਾਰੀ ਇਰਾਨ ਨੂੰ ਦੇਵੇਗਾ।
